For the best experience, open
https://m.punjabitribuneonline.com
on your mobile browser.
Advertisement

ਚੜ੍ਹਿਆ ਸਾਉਣ ਮਹੀਨਾ

07:50 AM Aug 01, 2024 IST
ਚੜ੍ਹਿਆ ਸਾਉਣ ਮਹੀਨਾ
Advertisement

ਰਾਜੇਸ਼ ਬੱਬੀ
ਚੜ੍ਹਿਆ ਸਾਉਣ ਮਹੀਨਾ ਬੱਦਲ ਛਾਏ ਨੇ।
ਇੰਝ ਲੱਗਦਾ ਮਹਿਮਾਨ ਨਵੇਂ ਘਰ ਆਏ ਨੇ।
ਪਿੱਪਲਾਂ ਉੱਤੇ ਪੀਂਘ ਨਾ ਕਿੱਧਰੇ ਲੱਭਦੀ ਏ।
ਬੇਸ਼ੱਕ ਕੋਇਲਾਂ ਮਿੱਠੇ ਗੀਤ ਸੁਣਾਏ ਨੇ।
ਨਵੀਆਂ ਕੁੜੀਆਂ ਤੀਆਂ ਨੂੰ ਤਾਂ ਭੁੱਲ ਗਈਆਂ।
ਪਰ ਸਟੇਟਸ ਸਭ ਨੇ ਸਾਉਣ ਦੇ ਲਾਏ ਨੇ।
ਅੰਬ ਸੰਧੂਰੀ ਰੇਹੜੀਆਂ ਉੱਤੇ ਮਿਲਦੇ ਨੇ।
ਫੁੱਲ ਵਸਲ ਦੇ ਬਸ ਬੈਠੇ ਕੁਮਲਾਏ ਨੇ।
ਮਾਲ ਪੂੜੇ ਨਾ ਖੀਰ ਕਿਸੇ ਘਰ ਬਣਦੀ ਏ।
ਪੀਜ਼ੇ ਬਰਗਰ ਸਭ ਨੇ ਘਰੇ ਬਣਾਏ ਨੇ।
ਪੈਲ ਮੋਰ ਨੇ ਵੀ ਜੰਗਲ ਵਿੱਚ ਪਾਈ ਏ।
ਕੁਦਰਤ ਨੇ ਸਭ ਆਪਣੇ ਰੰਗ ਵਿਖਾਏ ਨੇ।
ਉੱਠ ਕੇ ਵੇਖ ਤੇ ਕਹਿ ਸਭਨਾਂ ਨੂੰ ਜੀ ਆਇਆਂ।
ਇਹ ਮਹਿਮਾਨ ਜੋ ਤੇਰੇ ਘਰ ਵਿੱਚ ਆਏ ਨੇ।
ਬੱਬੀ ਉੱਠ ਕੇ ਵੇਖ ਨਜ਼ਾਰੇ ਕੁਦਰਤ ਦੇ।
ਇਹ ਸਾਰੇ ਹੀ ਕੁਦਰਤ ਮਾਂ ਦੇ ਜਾਏ ਨੇ।
ਸੰਪਰਕ: 78885-27094

Advertisement


ਗ਼ਜ਼ਲ

Advertisement

ਰਣਜੀਤ ਕੌਰ ਰਤਨ
ਲੋਕੀਂ ਆਖਣ ਸਾਵਣ ਚੜ੍ਹਿਆ।
ਸਾਡਾ ਮਨ ਯਾਦਾਂ ਵਿੱਚ ਹੜ੍ਹਿਆ।
ਠੰਢੇ ਠੰਢੇ ਪੈਣ ਛਰਾਟੇ,
ਐਪਰ ਮੇਰਾ ਤਨ ਮਨ ਸੜਿਆ।
ਇੱਕ ਬੱਦਲ ਦਾ ਟੋਟਾ ਕਾਹਤੋਂ,
ਮੇਰੇ ਨਾਂ ਨ੍ਹੀਂ ਕਰਦਾ ਅੜਿਆ।
ਦੇਖ ਅਸਾਡੀ ਰੂਹ ਨੂੰ ਸੱਜਣ,
ਬਿਰਹਾ ਵਾਲਾ ਬਿੱਛੂ ਲੜਿਆ।
ਮਹਿਰਮ ਨਾਂ ਦਾ ਸੁੱਚਾ ਮੋਤੀ,
ਕੁਦਰਤ ਸਾਡੇ ਮਸਤਕ ਜੜਿਆ।
ਮੇਟਣ ਵਾਲਾ ਮੇਟ ਸਕੇ ਨਾ
ਰਿਸ਼ਤਾ ਧੁਰ ਦਰਗਾਹੋਂ ਘੜਿਆ।


ਸਾਉਣ ਦਾ ਮਹੀਨਾ

ਚਰਨ ਸਿੰਘ ਮਾਹੀ
ਸਾਉਣ ਦਾ ਮਹੀਨਾ, ਘਟਾ ਅੰਬਰਾਂ ’ਤੇ ਛਾਈ ਆ।
ਤੀਆਂ ਦਾ ਤਿਉਹਾਰ, ਰੁੱਤ ਗਿੱਧਿਆਂ ਦੀ ਆਈ ਆ।
ਘਰ ਘਰ ਖੀਰਾਂ ਅਤੇ ਪੂੜੇ ਪਏ ਨੇ ਪੱਕਦੇ।
ਬੱਚੇ ਬੁੱਢੇ ਤੇ ਜਵਾਨ ਬੜੇ ਸ਼ੌਕ ਨਾਲ ਛਕਦੇ।
ਛੱਪੜਾਂ ’ਚ ਡੱਡੂਆਂ ਨੇ ਟਰ ਟਰ ਲਾਈ ਆ।
ਤੀਆਂ ਦਾ ਤਿਉਹਾਰ, ਰੁੱਤ ਗਿੱਧਿਆਂ ਦੀ ਆਈ ਆ।

ਕਿਣਮਿਣ ਹੁੰਦੀ ਕਿਤੇ ਪੌਣ ਪਈ ਏ ਸ਼ੂਕਦੀ।
ਅੰਬਾਂ ਦਿਆਂ ਬੂਟਿਆਂ ’ਤੇ ਕੋਇਲ ਪਈ ਏ ਕੂਕਦੀ।
ਖ਼ੁਸ਼ੀ ਵਿੱਚ ਮੋਰਾਂ ਨੇ ਵੀ ਰੁਣ-ਝੁਣ ਲਾਈ ਆ।
ਤੀਆਂ ਦਾ ਤਿਉਹਾਰ, ਰੁੱਤ ਗਿੱਧਿਆਂ ਦੀ ਆਈ ਆ।

ਰਲਮਿਲ ਕੁੜੀਆਂ ਨੇ ਖ਼ੁਸ਼ੀਆਂ ਮਨਾਉਂਦੀਆਂ।
ਝੂਟਦੀਆਂ ਪੀਘਾਂ ਨਾਲੇ ਗੀਤ ਪਈਆਂ ਗਾਉਂਦੀਆਂ।
ਨੱਚ ਨੱਚ ਕੁੜੀਆਂ ਨੇ ਧਰਤੀ ਹਿਲਾਈ ਆ।
ਤੀਆਂ ਦਾ ਤਿਉਹਾਰ, ਰੁੱਤ ਗਿੱਧਿਆਂ ਦੀ ਆਈ ਆ।

ਹੁੰਦੀ ਨਹੀਂ ਰੀਸ ਕਿਤੇ ਰੰਗਲੇ ਪੰਜਾਬ ਦੀ।
ਆਉਂਦੀ ਰਹੇ ਮਹਿਕ ਸਦਾ ਸੱਜਰੇ ਗੁਲਾਬ ਦੀ।
ਮੰਗਦਾ ਦੁਆਵਾਂ ਸਦਾ ਲੰਮਿਆ ਦਾ ਮਾਹੀ ਆ।
ਤੀਆਂ ਦਾ ਤਿਉਹਾਰ, ਰੁੱਤ ਗਿੱਧਿਆਂ ਦੀ ਆਈ ਆ।
ਸੰਪਰਕ: 99143-64728


ਮਹਿਕ ਸਾਉਣ ਦੀ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਸਾਉਣ ਮਹੀਨਾ ਦਿਨ ਖ਼ੁਸ਼ੀਆਂ ਦਾ
ਭੈਣਾਂ ਵੀਰਾਂ ਤੇ ਸਖੀਆਂ ਦਾ
ਇਹ ਪਲ ਨਾ ਵਿਸਰ ਜਾਵੇ
ਪਲ ਉਹ ਵੀ ਜਲਦੀ ਆਵੇ ਨੀ
ਜਦ ਵੀਰ ਸੰਧਾਰਾ ਲਿਆਵੇ ਨੀ।

ਘਟਾ ਕਾਲੀਆਂ ਅੰਬਰੀ ਛਾਈਆਂ
ਰਿਮਝਿਮ ਰਿਮਝਿਮ ਕਣੀਆਂ ਆਈਆਂ
ਰਲ ਮਿਲ ਕੁੜੀਆਂ ਤੀਆਂ ਲਾਈਆਂ
ਭਾਬੋ ਕਿਉਂ ਪਿੱਛੇ ਰਹਿੰਦੀ
ਨਿੰਮ ਦੇ ਟਾਹਣੇ ’ਤੇ ਪੀਂਘ ਹੁਲਾਰੇ ਲੈਂਦੀ
ਨੂੰਹਾਂ ਸੱਜਣ ਫੱਬਣ ਵਿੱਚ ਰੁੱਝੀਆਂ
ਕਰਨ ਸ਼ਰਾਰਤ ਉਮਰੋਂ ਗੁੱਝੀਆਂ
ਭੂਆ ਕਿਉਂ ਰੁੱਸ-ਰੁੱਸ ਬਹਿੰਦੀ
ਜ਼ਿੰਦਗੀ ਦੀਆਂ ਮੌਜਾਂ ਮਾਣ ਲਓ
ਇਹ ਉਮਰ ਸਦਾ ਨਹੀਂ ਰਹਿਣੀ
ਖੀਰ ਪੂੜੇ ਨਾਲੇ ਤਲਣ ਪਕੌੜੇ
’ਕੱਲੀ ਮਾਂ ਚੌਕੇ ਬੈਠੀ ਝੂਰੇ
ਉਪਰੋਂ ਖਾਣੇ ਲਈ ਬਾਪੂ ਘੂਰੇ
ਨਾ ਰਤਾ, ਸਮਝ ਕਿਸੇ ਨੂੰ ਪੈਂਦੀ
ਸੱਚੀਆਂ ਗੱਲਾਂ ਨੇ, ਰੌਣਕ ਚੰਗੀ ਰਹਿੰਦੀ
ਧਾਲੀਵਾਲ ਇਹ ਰੰਗ ਪੰਜਾਬ ਦੇ
ਇਨ੍ਹਾਂ ਬਾਝ ਨਾ ਪੂਰੀ ਪੈਂਦੀ
ਰਹਿੰਦੇ ਭਾਵੇਂ ਵਿੱਚ ਕੈਨੇਡਾ
ਰੂਹ ਪਿੰਡ ਦੀ ਜੂਹ ਵਿੱਚ ਰਹਿੰਦੀ
ਵਿਰਸੇ ਦੇ ਰੰਗ ਮਾਣੀਏ
ਇਹ ਮਹਿਕ ਸਾਉਣ ਦੀ ਕਹਿੰਦੀ।
ਸੰਪਰਕ: 78374-90309


ਸੋਹਣਾ ਸਾਵਣ ਆਇਆ
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਸੋਹਣਾ ਸਾਵਣ ਆਇਆ ਭੈਣੇ।
ਰੱਬ ਨੇ ਮੀਂਹ ਵਰਸਾਇਆ ਭੈਣੇ।
ਸ਼ਾਂਤ ਹੋਣ ਤਿਰਹਾਈਆਂ ਰੂਹਾਂ,
ਧਰਤੀ ਮੰਗਲ ਗਾਇਆ ਭੈਣੇ।
ਖਿੜ ਉੱਠੇ ਫੁੱਲ ਰੁੱਖ ਤੇ ਬੂਟੇ,
ਅੰਬਰੀਂ ਬੱਦਲ ਛਾਇਆ ਭੈਣੇ।
ਮੋਰ ਬੋਲਦੇ ਕੋਇਲਾਂ ਕੂਕਣ,
ਹਰ ਪੰਛੀ ਚਹਿਕਾਇਆ ਭੈਣੇ।
ਮੁਰਝਾਇਆਂ ਵਿੱਚ ਜਾਨ ਪੈ ਗਈ,
ਇੰਦਰ ਕਰਮ ਕਮਾਇਆ ਭੈਣੇ।
ਕਈ ਥਾਵਾਂ ਤੇ ਭਾਨ ਦੇਵਤੇ,
ਆਪਣਾ ਰੰਗ ਦਿਖਾਇਆ ਭੈਣੇ।
ਕੁੜੀਆਂ ਪਿੱਪਲਾਂ ਬੋਹੜਾਂ ਨੂੰ ਹੈ,
ਪੀਘਾਂ ਨਾਲ ਸਜਾਇਆ ਭੈਣੇ।
ਸਾਵਣ ਦਿਆਂ ਛਰਾਟਿਆਂ ਤੱਕ ਲੈ,
ਹਰ ਇੱਕ ਦਿਲ ਮਹਿਕਾਇਆ ਭੈਣੇ।
ਤੈਨੂੰ ਚੌਂਕੇ ਬੈਠੀਏ ਕਿਉਂ ਨਹੀਂ,
ਹੁਣ ਤੱਕ ਚੇਤਾ ਆਇਆ ਭੈਣੇ।
ਉੱਠ ਤੀਆਂ ਤਿਉਹਾਰ ਮਨਾ ਲੈ,
ਲੱਖੇ ਯਾਦ ਕਰਾਇਆ ਭੈਣੇ।
ਸੰਪਰਕ: 98552-27530


ਪੁੰਗਰਦੇ ਪੱਤ ਜੇ...
ਮਦਨੀਪੁਰੀਆ ਸਿੰਘ ਗੁਰਮੀਤ
ਪੁੰਗਰਦੇ ਪੱਤ ਜੇ ਨਾ ਦੇਣ ਖ਼ੁਸ਼ੀ ਤੈਨੂੰ
ਨਜ਼ਰ ਨਹੀਂ ਮਾਨਸ ਨਜ਼ਰੀਆ ਪੜਤਾਲ ਆਪਣਾ
ਮੌਲਦੀ ਬਨਸਪਤੀ ਜੇ ਨਾ ਭਰੇ ਮਨ ਅੰਦਰ ਤੇਰੇ ਖੇੜਾ
ਸਮਝ ਦੀ ਨਹੀਂ ਭੋਲ਼ਿਆ ਗੁਆਚਾ ਮਨ ਭਾਲ ਆਪਣਾ

ਇਹ ਜੋ ਤ੍ਰਿਵੇਣੀ ਹੈ ਮਹਿਜ਼ ਪਿੱਪਲ, ਬੋਹੜ ਤੇ ਨਿੰਮ ਨਾ ਜਾਣ
ਪਰਉਪਕਾਰ, ਮਿਲਵਰਤਣ ਤੇ ਸਹਿਯੋਗ ਸਿੱਖ ਇਨ੍ਹਾਂ ਤੋਂ ਭੋਰਾ
ਦੇਖ ਕਿੱਦਾਂ ਉਪਜਦੇ ਵਧਦੇ ਬਿਰਖ ਵੀ ਮਿਲ ਕੇ ਸੰਗ ਹੋਰਾਂ


ਮੁਹੱਬਤ
ਸਤਨਾਮ ਕੌਰ ਚੌਹਾਨ
ਅੱਗ ਵਰਗੀ ਉਹ ਕੁੜੀ
ਪਤਾ ਨਹੀਂ ਕਰਦੀ
ਕਿਸ ਕਿਸ ਨੂੰ,
ਮੁਹੱਬਤ
ਗੀਤਾਂ ਨੂੰ, ਕਹਾਣੀਆਂ ਨੂੰ
ਗੀਤਾਂ ਦੇ ਵਣਜਾਰਿਆਂ ਨੂੰ
ਕਵਿਤਾ ਤੇ ਗ਼ਜ਼ਲ ਦੇ
ਸਿਰਜਣਹਾਰਿਆਂ ਨੂੰ
ਭੱਜ ਪਈ ਵੇਖ ਇੱਕ ਸੁਰ ਦੇ ਬਾਦਸ਼ਾਹ ਨੂੰ
ਸੱਸੀ ਵਾਂਗ
ਭਖਦੀ ਦੁਪਹਿਰ, ਸੜਦੀ, ਮਚਦੀ
ਪੈਰ ਲੂੰਹਦੀ, ਕੰਬਦੀਆਂ, ਲਰਜ਼ਦੀਆਂ
ਹਵਾਵਾਂ ਸੰਗ

ਪਰ... ਪਰ ਉਹ ਤਾਂ ਪੌਣ ਵਾਂਗ
ਤੱਤੇ ਬੁੱਲ੍ਹੇ ਦੀ ਤਰ੍ਹਾਂ
ਅਲੋਪ ਹੋ ਗਿਆ

ਉਹ ਅੱਗ ਵਰਗੀ ਕੁੜੀ
ਹੁਣ ਖ਼ਾਮੋਸ਼ ਹੈ ਤੇ ਉਡੀਕ ਭਰੀ
ਖੜ੍ਹੀ ਹੈ ਅੱਖਾਂ ਵਿੱਚ
ਕੀ ਪਤਾ, ਉਹ ਫੇਰ
ਹਵਾ ਵਾਂਗ ਆ ਹੀ ਜਾਵੇ
ਸੰਪਰਕ: 98886-15531


ਪਿੱਪਲ ਬੋਲਿਆ
ਰਾਜਿੰਦਰ ਜੈਦਕਾ
ਸਾਵਣ ਦਾ ਮਹੀਨਾ ਆਇਆ
ਕੁੜੀਆਂ ਪੀਂਘਾਂ ਪਾਈਆਂ
ਪਿੱਪਲ ਖ਼ੁਸ਼ੀ ਵਿੱਚ ਝੂੰਮੇ
ਧੰਨਭਾਗ ਮਿਲਣ ਕੁੜੀਆਂ ਆਈਆਂ
ਸਾਵਨ ਦਾ ਮਹੀਨਾ ਖ਼ੁਸ਼ੀ ਲਿਆਉਂਦਾ
ਮੇਲੇ ਲੱਗਦੇ ਰਹਿੰਦੇ
ਝੂਮ ਉੱਠੇ ਮਨ ਮੇਰਾ ਜਦ
ਹੱਸ ਹੱਸ ਗੱਲਾਂ ਹੁੰਦੀਆਂ
ਜਦ ਕੋਈ ਉੱਚੀ ਪੀਂਘ ਝੜਾਵੇ
ਸਾਰੇ ਟਾਹਣੇ ਹਿੱਲਦੇ
ਪੱਤਿਆਂ ਨੂੰ ਰੂਪ ਚੜ੍ਹ ਜਾਂਦਾ
ਹੱਥ ਜਿਨ੍ਹਾਂ ਨੂੰ ਕੋਈ ਲਾਵੇ
ਹਵਾ ਚੱਲਦੀ ਤਾਂ ਸਾਰੇ ਪੱਤੇ
ਖੜ ਖੜ ਕਰਦੇ ਰਹਿੰਦੇ
ਯਾਰ ਨੂੰ ਮਿਲਾਉਣ ਦਾ
ਸੱਦਾ ਦਿੰਦੇ ਰਹਿੰਦੇ
ਥੱਲੇ ਬੈਠੇ ਸੱਜਣਾ ਨੂੰ
ਠੰਢੀ ਛਾਂ ਆਨੰਦ ਲਿਆਉਂਦੀ
ਧੁੱਪੇ ਰਹਿ ਕੇ ਠੰਢੀ ਛਾਂ ਹਾਂ ਦਿੰਦਾ
ਉਹ ਸ਼ਾਂਤ ਮੈਂ ਖ਼ੁਸ਼ ਹੋ ਜਾਂਦਾ
ਮੈਂ ਤਾਂ ਹੁਣ ਬੁੱਢਾ ਹੋਇਆ
ਜ਼ਿਆਦਾ ਦੇਰ ਨਹੀਂ ਰਹਿਣਾ
ਇਹ ਚੰਦਰੇ ਲੋਕਾਂ ਨੇ
ਸੀਨਾ ਚੀਰ ਹੈ ਦੇਣਾ
ਕੋਈ ਮੇਰੀਆਂ ਬਾਹਾਂ ਵੱਢੂ
ਸਮਝ ਨਹੀਂ ਮੈਨੂੰ ਕੋਈ ਆਉਂਦੀ
ਏ.ਸੀ. ਨਾਲੋਂ ਵੱਧ ਠੰਢ ਹਾਂ ਦਿੰਦਾ
ਫਿਰ ਮੇਰੇ ਨਾਲ ਅਣਹੋਣੀ ਕਿਉਂ ਹੋਊ?
ਸੰਪਰਕ: 98729-42175


ਮਸਲੇ ਵਿਦੇਸ਼ ਜਾਣ ਦੇ
ਰੁਪਿੰਦਰ ਰੂਪੀ ਸਿੱਧੂ
ਪੜ੍ਹ ਲਿਖ ਸਭ ਹੀ ਵਿਦੇਸ਼ ਉੱਠ ਜਾਈ ਜਾਂਦੇ
ਲੱਭਦੇ ਨਾ ਹੁਣ ਹਾਣੀਆਂ ਨੂੰ ਹਾਣ ਦੇ।
ਘਰ-ਘਰ, ਪਿੰਡ-ਪਿੰਡ ਉੱਠੀ ਏ ਲਹਿਰ ਕੋਈ
ਮਸਲੇ ਜਿਹੇ ਹੋ ਗਏ ਵਿਦੇਸ਼ ਜਾਣ ਦੇ।

ਔਖੇ ਸੌਖੇ ਹੋ ਕੇ ਮਾਪੇ ਤੋਰੀ ਜਾਂਦੇ ਬੱਚਿਆਂ ਨੂੰ
ਘਰ ਗਹਿਣੇ ਰੱਖ ਜਾਂ ਜ਼ਮੀਨ ਵੇਚ ਕੇ।
ਮੁਲਕ ਬਿਗਾਨੇ ਜਾ ਕੇ ਰਹਿਣਾ ਸਹਿਣਾ ਔਖਾ ਬੜਾ
ਜਿਨ੍ਹਾਂ ਉੱਤੇ ਬੀਤੇ ਇਹ ਤਾਂ ਉਹੀ ਨੇ ਜਾਣਦੇ।
ਘਰ-ਘਰ, ਪਿੰਡ-ਪਿੰਡ ਉੱਠੀ ਏ ਲਹਿਰ ਕੋਈ
ਮਸਲੇ ਜਿਹੇ ਹੋ ਗਏ ਵਿਦੇਸ਼ ਜਾਣ ਦੇ।
ਸ਼ਿਫਟਾਂ ’ਚ ਕੰਮ ਮਿਲੇ, ਸੜਕਾਂ ’ਤੇ ਸੌਣ ਬੱਚੇ
ਉੱਠਦੇ ਨਾ ਹੁੰਦੇ ਸੀ ਘੜੀ ਨੂੰ ਵੇਖ ਕੇ
ਮਾਪਿਆਂ ਤੋਂ ਦੂਰ ਬੈਠੇ ਇੰਨੇ ਮਜਬੂਰ ਬੈਠੇ
ਖਰਚੇ ਨੇ ਬਹੁਤ ਨਿੱਤ ਆਉਣ ਜਾਣ ਦੇ।
ਘਰ-ਘਰ, ਪਿੰਡ-ਪਿੰਡ ਉੱਠੀ ਏ ਲਹਿਰ ਕੋਈ
ਮਸਲੇ ਜਿਹੇ ਹੋ ਗਏ ਵਿਦੇਸ਼ ਜਾਣ ਦੇ।
ਬਰਫ਼ਾਂ ਦੇ ਦੇਸ਼ ਵਿੱਚ ,ਓਥੇ ਪਰਦੇਸ ਵਿੱਚ,
ਊਬਰਾਂ ਚਲਾਉਂਦੇ, ਡਾਲਰ ਕਮਾਉਣ ਨੂੰ।
ਬੀਤਦੀ ਉਮਰ ਸਾਰੀ, ਬਣਦੇ ਨਾ ਘਰ ਓਥੇ
ਦਿਨ ਰਾਤ ਚਾਹੇ ਉੱਥੇ ਘੱਟਾ ਛਾਣਦੇ।
ਘਰ-ਘਰ ਪਿੰਡ-ਪਿੰਡ ਉੱਠੀ ਏ ਲਹਿਰ ਕੋਈ
ਮਸਲੇ ਜਿਹੇ ਹੋ ਗਏ ਵਿਦੇਸ਼ ਜਾਣ ਦੇ।
ਇੱਕ ਮੇਰੀ ਅਰਜ਼ ਹੈ ਦੇਸ਼ ਦਿਆਂ ਰਾਜਿਆਂ ਨੂੰ
ਦਿਓ ਰੁਜ਼ਗਾਰ ਏਥੇ ਹਰ ਇੱਕ ਨੂੰ, ਨਹੀਂ ਤਾਂ
ਹੋ ਜਾਊ ਮੁਲਕ ਖਾਲੀ, ਤੇ ਹੋ ਜਾਊ ਮੰਦਹਾਲੀ
ਇਹ ਗੱਲ ਉਹ ਨੇ ਚੰਗੀ ਤਰ੍ਹਾਂ ਜਾਣਦੇ,
ਘਰ-ਘਰ, ਪਿੰਡ-ਪਿੰਡ ਉੱਠੀ ਏ ਲਹਿਰ ਕੋਈ
ਮਸਲੇ ਜਿਹੇ ਹੋ ਗਏ ਵਿਦੇਸ਼ ਜਾਣ ਦੇ।
‘ਰੂਪੀ ਸਿੱਧੂ’ ਆਖੇ ਮੈਨੂੰ ਤਰਸ ਜਿਹਾ ਆਉਂਦਾ
ਜਿਹੜੇ ’ਕੱਲੇ ’ਕੱਲੇ ਬੱਚਿਆਂ ਨੂੰ ਮਾਪੇ ਤੋਰਦੇ
ਬੁੱਢੇ ਹੋਏ ਮਾਪਿਆਂ ਦਾ ਇੱਕੋ ਸੀ ਸਹਾਰਾ,
ਜਿਹੜੇ ਕਈ ਕਈ ਸਾਲਾਂ ਪਿੱਛੋਂ ਗੇੜਾ ਮਾਰਦੇ
ਘਰ-ਘਰ ਪਿੰਡ-ਪਿੰਡ ਉੱਠੀ ਏ ਲਹਿਰ ਕੋਈ
ਮਸਲੇ ਜਿਹੇ ਹੋ ਗਏ ਵਿਦੇਸ਼ ਜਾਣ ਦੇ।


ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਆਪਣੀ ਖ਼ੁਦ ਤਕਦੀਰ ਰਿਹਾ ਹਾਂ।
ਅਰਜੁਨ ਦਾ ਮੈਂ ਤੀਰ ਰਿਹਾ ਹਾਂ।
ਘੁੰਗਰੂ ਬਣਿਆ ਝਾਂਜਰ ਬਣਿਆ,
ਪੈਰਾਂ ਦੀ ਜ਼ੰਜੀਰ ਰਿਹਾ ਹਾਂ।
ਜੀਵਨ ਦੇ ਨਾਲ ਲੜਦੇ ਲੜਦੇ,
ਟੁੱਟ ਚੁੱਕੀ ਸ਼ਮਸ਼ੀਰ ਰਿਹਾ ਹਾਂ।
ਕੀ ਹੋਇਆ ਜੇ ਭੁੱਲ ਗਿਆ ਸਾਨੂੰ,
ਮਾਂਗ ਤਿਰੀ ਦਾ ਚੀਰ ਰਿਹਾ ਹਾਂ।
ਹੰਝੂ ਬਣ ਕੇ ਡੁੱਲ੍ਹਿਆ ਨਹੀਂ ਸਾਂ,
ਤੇਰੀ ਅੱਖ ਦਾ ਨੀਰ ਰਿਹਾ ਹਾਂ।
ਵੇਖਣ ਨੂੰ ਮੈਂ ਸਬਰ ਸਬੂਤਾਂ,
ਅੰਦਰੋਂ ਲੀਰੋ-ਲੀਰ ਰਿਹਾ ਹਾਂ।
ਝੂਠ ਦੇ ਅੱਗੇ ਝੁਕਿਆ ਨਾ ਮੈਂ,
ਸੱਚ ਦਾ ਪੀਰ ਫ਼ਕੀਰ ਰਿਹਾ ਹਾਂ।
ਜੋ ਨਹੀਂ ਹੁੰਦਾ ਉਹ ਵੀ ਕੀਤਾ,
ਪਾਣੀ ਉਪਰ ਲਕੀਰ ਰਿਹਾ ਹਾਂ।
ਘਰ ਦੀ ਛੱਤ ਨੂੰ ਢਹਿਣ ਨਾ ਦਿੱਤਾ,
ਇੱਕ ਮਜ਼ਬੂਤ ਸ਼ਤੀਰ ਰਿਹਾ ਹਾਂ।
ਸੋਚ ਮਿਰੀ ਵਿੱਚ ਇੱਕ ਕ੍ਰਾਂਤੀ,
ਵੇਖਣ ਨੂੰ ਗੰਭੀਰ ਰਿਹਾ ਹਾਂ।
ਘਰ ਦੇ ਫ਼ਰਜ਼ ਨਿਭਾ ਕੇ ਵੀ ਮੈਂ,
ਘਰ ਦੇ ਵਿੱਚ ਆਖ਼ੀਰ ਰਿਹਾ ਹਾਂ।
ਬੇਸ਼ੱਕ ਕਿਸਮਤ ਦੇ ਵਿੱਚ ਨੇਰ੍ਹਾ,
ਚਾਨਣ ਦਾ ਦਿਲਗੀਰ ਰਿਹਾ ਹਾਂ।
ਨਾ ਗੁਰੂ ਨਾ ਚੇਲਾ ਨਾ ਦਰਗਾਹ,
ਅਪਣਾ ਆਪ ਫ਼ਕੀਰ ਰਿਹਾ ਹਾਂ।
ਫਿਰ ਵੀ ਕੋਈ ਦੁੱਖ ਨਹੀਂ ਬਾਲਮ,
ਰਾਹੀਆਂ ਲਈ ਰਾਹਗੀਰ ਰਿਹਾ ਹਾਂ।
ਸੰਪਰਕ: 98156-25409


ਯਾਰੀ
ਸ਼ਿਵਾਲੀ
ਕਿੰਨਾ ਕੁਝ ਦਬਾ ਕੇ ਰੱਖੇਂ
ਦਿਲ ਦੀ ਰਮਜ਼ ਕਿਸੇ ਨਾ ਦੱਸੇਂ
ਨਾ ਤੂੰ ਬੋਲੇਂ ਨਾ ਤੂੰ ਹੱਸੇਂ
ਕਿਹੜੀ ਦੁਨੀਆ ਵਿੱਚ ਤੂੰ ਵੱਸੇਂ
ਘੁਟਿਆ ਘੁਟਿਆ ਰਹਿੰਦੈਂ ਕਾਹਤੋਂ
ਦਰਦ ਇਕੱਲਾ ਸਹਿੰਦੈਂ ਕਾਹਤੋਂ
ਕੋਈ ਤਾਂ ਕਮਲਿਆ ਯਾਰ ਬਣਾ ਲੈ
ਕਿਸੇ ਨਾਲ ਤਾਂ ਪਿਆਰ ਤੂੰ ਪਾ ਲੈ
ਦਿਲ ਦੀ ਪੀੜ ਮਿਟਾਵਣ ਖ਼ਾਤਰ
ਲਫ਼ਜ਼ਾਂ ਸੰਗ ਹੀ ਯਾਰੀ ਲਾ ਲੈ
ਕਾਗ਼ਜ਼ ਕਲਮ ਨੇ ਸੱਚੇ ਸਾਥੀ
ਤੇਰੇ ਦਰਦ ਵੰਡਾ ਲੈਣਗੇ
ਤੂੰ ਦਿਲ ਦਾ ਮਾਜਰਾ ਲਿਖ ਤਾਂ ਸਹੀ
ਤੈਨੂੰ ਜਿਉਣ ਦਾ ਵੱਲ ਸਿਖਾ ਦੇਣਗੇ
ਸੰਪਰਕ: 82890-20303


ਗ਼ਜ਼ਲ
ਹਰਜੀਤ ਕਾਤਿਲ ਸ਼ੇਰਪੁਰ
ਇੱਕ ਇੱਕ ਕਰਕੇ ਸਾਰੇ ਤੁਰ ਗਏ।
ਜਾਨ ਤੋਂ ਵੱਧ ਪਿਆਰੇ ਤੁਰ ਗਏ।

ਗਈ ਜਵਾਨੀ ਆਇਆ ਬੁਢਾਪਾ,
ਪੀਂਘਾਂ ਨਾਲ ਹੁਲਾਰੇ ਤੁਰ ਗਏ।

ਪਿਆਰ ਦੀ ਬਾਜ਼ੀ ਜਿੱਤਕੇ ਕਈ,
ਸੱਜਣ ਯਾਰ ਕੁਆਰੇ ਤੁਰ ਗਏ।

ਆਪੋ ਆਪਣੀਆਂ ਸੇਕ ਰੋਟੀਆਂ,
ਵੱਖ-ਵੱਖ ਦੇਖ ਬੁਲਾਰੇ ਤੁਰ ਗਏ।

ਕਿਸਮਤ ਨੂੰ ਦਿੰਦੇ ਦੋਸ਼ ਜੋ ਬਹਿਕੇ,
ਅੱਖਾਂ ਸਾਹਵੇਂ ਦੁਲਾਰੇ ਤੁਰ ਗਏ।

ਚੱਜ ਦਾ ਕੰਮ ਤੂੰ ਇੱਕ ਨਾ ਕਰਿਆ ,
ਅੱਜ ਅੱਖਾਂ ਨਾਲ ਨਜ਼ਾਰੇ ਤੁਰ ਗਏ।

ਕਾਤਿਲ ਤੂੰ ਕੋਈ ਗਜ਼ਲ ਹੀ ਕਹਿ ਲੈ,
ਕਿਸ ਨੇ ਸੁਣਨੀ ਜੇ ਸਾਰੇ ਤੁਰ ਗਏ।
ਸੰਪਰਕ: 96807-95479


ਇਲਜ਼ਾਮ ਕਿਉਂ
ਮਨਜੀਤ ਪਾਲ ਸਿੰਘ
ਸਜਾ ਕੇ ਰੱਖਦਾਂ ਖ਼ਿਜ਼ਾਵਾਂ ਨੂੰ, ਸਦਾ ਆਪਣੇ ਰੁਖ਼ਸਾਰ ’ਤੇ।
ਬਹਿਣਾ ਹੈ ਕਦ ਤੀਕ ਆਖ਼ਰ, ਬਣ ਤਿੱਤਲੀ ਬਹਾਰ ’ਤੇ।

ਪਤਝੜ ਦੀ ਹਿੱਕ ਅੰਦਰ, ਗੂੰਜੇ ਨੇ ਇਹ ਕਿਹੜੇ ਨਗ਼ਮੇਂ
ਥਰਥਰਾਇਆ ਏ ਕੋਈ ਜ਼ਰੂਰ, ਮੇਰੀ ਰੂਹ ਦੀ ਸਿਤਾਰ ’ਤੇ।

ਟਿਮਕਣਾ ਤਾਰਿਆਂ ਦਾ, ਗਿਆ ਝੰਜੋੜਿਆ ਇੱਕ ਵਾਰ ਤਾਂ
ਕੜਕ ਗਈ ਅੰਬਰ ਤੋਂ ਬਿਜਲੀ, ਜਦੋਂ ਨ੍ਹੇਰੇ ਦੇ ਨਿਖਾਰ ’ਤੇ।

ਅਦਭੁੱਤ ਨੇ ਸਵਰ, ਤੇ ਬੇਪਛਾਣ ਨੇ ਨਕਸ਼ ਤੇ ਨੁਹਾਰ
ਦੇ ਬੈਠਾਂ ਦਸਤਕ ਮੈਂ ਸ਼ਾਇਦ, ਕਿਸੇ ਅਜਨਬੀ ਦੁਆਰ ’ਤੇ।

ਕੀਤੇ ਜਾਂਦੇ ਰਾਜ਼ ਨੇ ਦਫ਼ਨ, ਧਰਤ-ਆਸਮਾਨ ਤੇ ਪੌਣਾਂ ’ਚ ਵੀ
ਧਰੇ ਜਾਂਦੇ ਇਲਜ਼ਾਮ ਕਿਉਂ ਫਿਰ, ਕੇਵਲ ਮਾਸੂਮ ਦੀਵਾਰ ’ਤੇ।
ਸੰਪਰਕ: 96467-13135


ਗ਼ਜ਼ਲ
ਜਗਜੀਤ ਗੁਰਮ
ਬੁਰਾ ਹੈ ਰੋਗ ਇਸ਼ਕੇ ਦਾ ਕਦੋਂ ਹਟਦਾ ਦਵਾ ਦੇ ਕੇ
ਵਧੇ ਜ਼ਿਆਦਾ ਸਜ਼ਾ ਦੇ ਕੇ ਘਟੇ ਨਾ ਇਹ ਦੁਆ ਦੇ ਕੇ।

ਕਲੀ ਕੋਮਲ ਕਿਵੇਂ ਸਹਿੰਦੀ ਭਲਾ ਉਹ ਇਸ਼ਕ ਪੀੜਾਂ ਨੂੰ
ਬੜਾ ਚੰਗਾ ਤੂੰ ਕੀਤਾ ਐ ਖ਼ੁਦਾ ਮੈਨੂੰ ਵਫ਼ਾ ਦੇ ਕੇ।

ਦਿਖਾਵਾ ਕਰ ਰਹੇ ਜੋ ਅੱਗ ਨੂੰ ਆ ਕੇ ਬੁਝਾਵਣ ਦਾ
ਉਨ੍ਹਾਂ ਹੀ ਘਰ ਜਲਾਏ ਸੀ ਅਗਨ ਨੂੰ ਖ਼ੁਦ ਹਵਾ ਦੇ ਕੇ।

ਬੜੇ ਸੰਸਾਰ ਵਿੱਚ ਸੋਹਣੇ ਨਾ ਪਰ ਉਸ ਦੇ ਜਿਹਾ ਕੋਈ
ਖ਼ੁਦਾ ਨੇ ਵੱਖ ਕੀਤਾ ਵੱਖਰੀ ਉਸ ਨੂੰ ਅਦਾ ਦੇ ਕੇ।

ਗ਼ੁਲਾਮਾਂ ਵਾਂਗ ਸੱਜਣ ਨੂੰ ਸਮਰਪਤ ਕੌਣ ਹੋਵੇਗਾ
ਰਹੂ ਬੇਚੈਨ ਉਹ ਵੀ ਉਮਰ ਭਰ ਮੈਨੂੰ ਦਗ਼ਾ ਦੇ ਕੇ।

ਲਗਾਅ ਹੈ ਨਾਲ ਮੇਰੇ ਜਾਂ ਅਜੇ ਵੀ ਪਰਖ਼ਦਾ ਜਜ਼ਬਾ
ਤਮੰਨਾ ਆਖ਼ਰੀ ਪੁੱਛੇ ਐਪਰ ਪੁੱਛੇ ਸਜ਼ਾ ਦੇ ਕੇ।

ਕਿਸੇ ਗਹਿਣੇ ਦੇ ਵਾਂਗੂੰ ‘ਗੁਰਮ’ ਨੂੰ ਤੂੰ ਸਾਂਭ ਕੇ ਰੱਖੀਂ
ਜਦੋਂ ਵੀ ਜਾਊਗਾ ਉਹ ਜਾਊਗਾ ਪੂਰਾ ਨਫ਼ਾ ਦੇ ਕੇ।
ਸੰਪਰਕ: 99152-64836


ਪੈਸਾ
ਪ੍ਰੋ. ਨਵ ਸੰਗੀਤ ਸਿੰਘ
ਨਿਰਧਨ ਕੋਲ ਪੈਸਾ ਨਹੀਂ ਹੁੰਦਾ, ਔਖ ’ਚ ਸਮਾਂ ਬਿਤਾਉਂਦਾ।
ਧਨੀ ਬੰਦਾ ਹੋਰ ਪੈਸੇ ਲਈ, ਰਾਤੀਂ ਉੱਠ-ਉੱਠ ਬਹਿੰਦਾ।

ਜੀਵਨ ਕੱਟਣ ਦੇ ਲਈ ਹੋਵੇ, ਪੈਸਾ ਬਹੁਤ ਜ਼ਰੂਰੀ।
ਜੇਬ ’ਚ ਜੇ ਪੈਸਾ ਨਾ ਹੋਵੇ, ਗੱਲ ਨਾ ਹੁੰਦੀ ਪੂਰੀ।

ਨਾ ਤਾਂ ਪੈਸਾ ਏਨਾ ਹੋਵੇ, ਪਾਣੀ ਵਾਂਗ ਵਹਾਈਏ।
ਏਨਾ ਵੀ ਇਹ ਘੱਟ ਨਾ ਹੋਵੇ, ਹਰ ਵੇਲੇ ਪਛਤਾਈਏ।

ਚੋਰਾਂ, ਰਿਸ਼ਵਤਖੋਰਾਂ ਕੋਲ਼ੇ, ਧਨ ਦੀ ਕਮੀ ਨਾ ਹੋਵੇ।
ਮਾਇਆਧਾਰੀ ਬੰਦਾ ਹਰਦਮ, ਚੈਨ-ਆਰਾਮ ਨੂੰ ਖੋਵੇ।

ਧਨ ਤੇ ਦੌਲਤ ਵਾਲੇ ਬੰਦੇ, ਹੁੰਦੇ ਅੰਨ੍ਹੇ ਬੋਲ਼ੇ।
ਅਕਸਰ ਮਾਇਆਧਾਰੀ ਪਾਉਂਦੇ, ਤਨ ਤੇ ਚਿੱਟੇ ਚੋਲ਼ੇ।

ਨਿਰਧਨ ਅਤੇ ਅਮੀਰ ਦੋਵੇਂ ਹੀ, ਸੋਚਣ ਪੈਸੇ ਬਾਰੇ।
ਦੋਵੇਂ ਦੁਨੀਆ ਵਿੱਚ ਆ ਕੇ ਵੀ, ਲੈ ਨਾ ਸਕਣ ਨਜ਼ਾਰੇ।

ਧਰਮ-ਜਗਤ ਵਿੱਚ ਪੈਸੇ ਨੂੰ, ਆਖਣ ਮੋਹ ਤੇ ਮਾਇਆ।
ਇਹਦੇ ਵੱਸ ’ਚ ਸਭ ਨੇ ਆ ਕੇ, ਦੀਨ ਤੇ ਦੁਨੀਂ ਗਵਾਇਆ।

ਨਾ ਧਨ ਥੋੜ੍ਹਾ ਚੰਗਾ ਹੋਵੇ, ਨਾ ਚੰਗਾ ਹੈ ਬਹੁਤਾ।
ਜੋ ਇਹਤੋਂ ਨਿਰਲੇਪ ਹੈ ਰਹਿੰਦਾ, ਉਹ ਹੀ ਪਾਂਧੀ ਪਹੁਤਾ।

Advertisement
Author Image

Advertisement