ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਸੋਚਣ ਦੀ ਗੱਲ ਜੇਕਰ ਬੰਦਾ ਸੋਚ ਲਵੇ।
ਹੱਥਾਂ ਦੇ ਵਿੱਚ ਸਾਰਾ ਅੰਬਰ ਬੋਚ ਲਵੇ।
ਇੱਕ ਇਬਾਰਤ ਸੁੰਦਰਤਾ ਨੂੰ ਜਨਮ ਦਵੇ,
ਨਫ਼ਰਤ ਵਾਲੀ ਜੇਕਰ ਫੱਟੀ ਪੋਚ ਲਵੇ।
ਸਾਰੀ ਵਰਮੀ ਜ਼ਹਿਰ ਮੁਕਤ ਹੋ ਜਾਏਗੀ,
ਇੱਛਾਵਾਂ ਦਾ ਜੇਕਰ ਸੱਪ ਦਬੋਚ ਲਵੇ।
ਖ਼ੂਨ ਵਹੇ ਪਰ ਇੱਕ ਆਨੰਦ ਜਿਹਾ ਮਿਲਦਾ,
ਇਹ ਦਿਲ ਫੇਰ ਪੁਰਾਣਾ ਜ਼ਖ਼ਮ ਖਰੋਚ ਲਵੇ।
ਇੱਲ ਦੇ ਆਲ੍ਹਣੇ ਨੂੰ ਹੱਥ ਪਾਉਣਾ ਸੌਖਾ ਨਈਂ,
ਚੁੰਝਾਂ ਦੇ ਨਾਲ ਹਮਲਾਵਰ ਨੂੰ ਨੋਚ ਲਵੇ।
ਜੁਰਅਤ ਫਿਰ ਨਈਂ ਪੈਂਦੀ ਬੇਇਨਸਾਫ਼ੀ ਦੀ,
ਔਰਤ ਜੇਕਰ ਨਹੁੰਦਰਾਂ ਨਾਲ ਝਰੋਟ ਲਵੇ।
ਇੱਕ ਸਤਰੰਗੀ ਪੀਂਘ ਨੂੰ ਬਾਲਮ ਯਾਦ ਕਰੇ,
ਇੱਕ-ਇੱਕ ਲੜ ਦੇ ਨਾਲ ਜਦੋਂ ਪੱਗ ਪੋਚ ਲਵੇ।
ਸੰਪਰਕ: 98156-25409
ਡਾਲਰ
ਜਸਪਾਲ ਸਿੰਘ ਜੌਲੀ
ਮੱਲੋ ਮੱਲੀ ਬਾਹਰ ਜਾਣ ਦਾ ਚੜ੍ਹਿਆ ਖੁਮਾਰ
ਚੇਤੇ ਆਉਂਦੇ ਰਹਿੰਦੇ ਸੀ, ਜੁੰਡੀ ਦੇ ਉਹ ਯਾਰ
ਬਾਪੂ ਨੇ ਵੀ ਰੋਕਿਆ, ਬੇਬੇ ਨੇ ਵੀ ਰੋਕਿਆ
ਪਰ ਮੈਂ ਨਾ ਰੁਕਿਆ
ਡਾਲਰ ਕਮਾਉਣ ਲਈ ਕੈਨੇਡਾ ਜਾ ਢੁਕਿਆ
ਸਿਰ ਉੱਤੇ ਕਰਜ਼ੇ ਦੀ ਪੰਡ ਨਹੀਂ ਸੀ ਭਾਰੀ
ਫਿਰ ਵੀ ਮਾਰ ਗਿਆ ਬਾਹਰ ਉਡਾਰੀ
ਤੋਰਨ ਵੇਲੇ ਮਾਪਿਆਂ ਦਾ, ਕਿੰਨਾ ਮਨ ਦੁਖਿਆ
ਡਾਲਰ ਕਮਾਉਣ ਲਈ ਕੈਨੇਡਾ ਜਾ ਢੁਕਿਆ
ਸੋਚਿਆ ਸੀ ਭਰ ਲਾਂਗਾ ਵੱਡੀਆਂ ਤਜੋਰੀਆਂ
ਕਰਨੀ ਪੈ ਗਈਆਂ ਉੱਥੇ ਮਿਹਨਤ ਮਜੂਰੀਆਂ
ਮਸ਼ੀਨਾਂ ਵਾਂਗ ਕੰਮ ਕਰ ਹੋ ਜਾਂਦਾ ਏ ਥਕੇਵਾਂ
ਲੱਗੇ ਜ਼ਿੰਦਗੀ ਦਾ ਸੁਖ ਚੈਨ ਮੁੱਕਿਆ
ਡਾਲਰ ਕਮਾਉਣ ਲਈ ਕੈਨੇਡਾ ਜਾ ਢੁਕਿਆ
ਬੁੱਢੇ ਮਾਪਿਆਂ ਲਈ ਹੁੰਦੀ ਔਲਾਦ ਹੀ ਸਹਾਰਾ
ਆਪਣਿਆਂ ਤੋਂ ਬਿਨਾ, ਕੰਧਾਂ ਨੂੰ ਲਾਵੇ ਕੌਣ ਗਾਰਾ
ਸਿਵਾਏ ਖੱਜਲ ਖੁਆਰੀਆਂ ਖੱਟਿਆ ਨਾ ਕੁਝ
ਉਨ੍ਹਾਂ ਨੂੰ ਵੀ ਆਫ਼ਤਾਂ ’ਚ ਪਾ ਸੁੱਟਿਆ
ਡਾਲਰ ਕਮਾਉਣ ਲਈ ਕੈਨੇਡਾ ਜਾ ਢੁਕਿਆ
‘ਜੌਲੀ’ ਵਾਲੇ ਵਾਂਗ ਨਾ ਰੱਟ ਲਾਇਓ ਬਾਹਰ ਜਾਣ ਦੀ
ਲੋੜ ਕੀ ਜਿੰਦ ਨੂੰ ਝਮੇਲਿਆਂ ’ਚ ਪਾਉਣ ਦੀ
ਦੂਰ ਦੇ ਢੋਲ ਸੁਹਾਵਣੇ ਹੁੰਦੇ, ਦੇਖ ਅੱਖੀਂ ਡਿੱਠਾ ਹਾਲ
ਅੱਖਾਂ ਵਿੱਚੋਂ ਨੀਰ ਦਾ ਫੁਹਾਰਾ ਫੁੱਟਿਆ
ਡਾਲਰ ਕਮਾਉਣ ਲਈ ਕੈਨੇਡਾ ਜਾ ਢੁਕਿਆ
ਸੰਪਰਕ: 94647-40910
ਗ਼ਜ਼ਲਾਂ
ਰਣਜੀਤ ਆਜ਼ਾਦ ਕਾਂਝਲਾ
ਕਰੋ ਪਿਆਰ ਦੀ ਗੱਲ ਹਿਸਾਬ ਦੀ ਗੱਲ।
ਕਦੇ ਕੀਤੀ ਨਾ ਤੁਸਾਂ ਗੁਲਾਬ ਦੀ ਗੱਲ।
ਨੋਚ-ਨੋਚ ਮਾਸ ਵਿਹਲੜ ਖਾ ਰਹੇ,
ਖ਼ੁਸ਼ ਹੋ ਹੋ ਕਰਨ ਪੰਜਾਬ ਦੀ ਗੱਲ।
ਮਾਰ ਦਿਓ ਜਾਨੋ ਦਿਓ ਨਾ ਪਾਣੀ ਹੁਣ,
ਮਰ ਜਾਣ ਦਿਉ ਕਰੋ ਨਾ ਆਬ ਦੀ ਗੱਲ।
ਬਿੱਲੀਆਂ ਦਾ ਹਿੱਸਾ ਬਾਂਦਰ ਖਾ ਰਹੇ,
ਕਿਉਂ ਕਰਨਗੇ ਉਹ ਹਿਸਾਬ ਦੀ ਗੱਲ।
ਕਰ ਕਮਾਈ ਭੁੱਖੇ ਢਿੱਡ ਸੌਣ ਵਾਲੇ,
ਕਿੰਝ ਕਰਨਗੇ ਉਹ ਸ਼ਬਾਬ ਦੀ ਗੱਲ।
ਉਹ ਕੁਝ ਵੀ ਕਦੇ ਨਹੀਂ ਪਾ ਸਕਦੇ,
ਜੋ ਨਾ ਕਰਦੇ ਸਵਾਲ-ਜਵਾਬ ਦੀ ਗੱਲ।
ਹੱਕਾਂ ਲਈ ਡੱਟ ਜਾਉ ਹੱਕਾਂ ਵਾਲਿਓ,
ਅੱਜ ਦੁਹਰਾਓ ਸ਼ੇਰੇ-ਪੰਜਾਬ ਦੀ ਗੱਲ।
ਅੱਕ ਗਏ ਗਾ-ਗਾ ਸੋਹਲੇ ਪਿਆਰ ਦੇ,
ਰਾਸ ਆਵੇ ਨਾ ਹੁਣ ਰੁਬਾਬ ਦੀ ਗੱਲ।
ਕੀ ਤਿਰੀ ਮਿਹਨਤ ਦਾ ਮੁੱਲ ਦੇ ਦੇਣਗੇ।
ਮਨੋਂ ਭੁੱਲ ਜਾ ਇਹ ਖ਼ੁਆਬ ਦੀ ਗੱਲ।
ਤੇਰੇ ਘਰ ਤਾਂ ਦਿਨੇ ਹੀ ਹਨੇਰੇ ਓਏ,
ਫਿੱਕੀ ਪੈ ਗਈ ਤੇਰੀ ਨੁਹਾਰ ਦੀ ਗੱਲ।
ਬਿਨਾ ਰੋਏ ਤਾਂ ਮਾਂ ਨਾ ਦੁੱਧ ਦੇਵੇ,
ਪੱਲੇ ਬੰਨ੍ਹ ‘ਆਜ਼ਾਦ’ ਜਨਾਬ ਦੀ ਗੱਲ।
ਸੰਪਰਕ: 94646-97781
ਚੈਨ ਗੁਆਉਣਾ ਪੈਂਦਾ ਹੈ...
ਪੋਰਿੰਦਰ ਸਿੰਗਲਾ
ਧੁਰ ਸਮੁੰਦਰ ਅੰਦਰ ਜਾ ਕੇ, ਜਾ਼ਲ ਵਿਛਾਉਣਾ ਪੈਂਦਾ ਹੈ,
ਸ਼ੀਸ਼ੇ ਨੂੰ ਵੀ ਪੱਥਰਾਂ ’ਚੋਂ ਰਸਤਾ, ਕਦੇ ਬਣਾਉਣਾ ਪੈਂਦਾ ਹੈ।
ਦਿਲ ਦੇ ਦਰਵਾਜ਼ੇ ਭੀੜੇ ਰੱਖ ਕੇ, ਹੁੰਦਾ ਕਦੇ ਗੁਜ਼ਾਰਾ ਨਹੀਂ,
ਵਕਤ ਖ਼ਰਾਬ ਕਦੇ ਆ ਜਾਏ ਤਾਂ ਵੀ, ਦਮ ਦਿਖਾਉਣਾ ਪੈਂਦਾ ਹੈ।
ਮੰਜ਼ਿਲ ਪਹੁੰਚਣ ਖ਼ਾਤਰ ਹੌਸਲਾ ਅਤੇ ਉਮੀਦ ਜ਼ਰੂਰੀ ਹੈ,
ਔਖਾ ਸੌਖਾ ਪੈਂਡਾ ਗਲ ਦਾ, ਹਾਰ ਬਣਾਉਣਾ ਪੈਂਦਾ ਹੈ ।
ਅੱਖਾਂ ਦੀ ਘੂਰੀ ਹੀ ਕਾਫ਼ੀ ਹੈ, ਸਮਝਦਾਰ ਨੂੰ ਸਮਝਣ ਲਈ,
ਐਵੇਂ ਕਲਹ ਕਲੇਸ਼ ਵਧਾ ਕੇ, ਫਿਰ ਪਛਤਾਉਣਾ ਪੈਂਦਾ ਹੈ।
ਬੜੇ ਆਡੰਬਰ ਰਚ ਕੇ ਮੋਮਨ, ਉੱਚੀ ਉੱਚੀ ਗਾਉਂਦਾ ਹੈ,
ਘਰ ਖ਼ਸਮ ਦਾ ਲੱਭਦਾ ਨਹੀਂ ਪਰ ਚੈਨ ਗਵਾਉਣਾ ਪੈਂਦਾ ਹੈ।
ਸੰਪਰਕ: 95010-00276
ਤੇਰੀਆਂ ਗੱਲਾਂ ਚੇਤੇ ਕਰਕੇ
ਹਰੀ ਕ੍ਰਿਸ਼ਨ ਮਾਇਰ
ਤੇਰੀਆਂ ਗੱਲਾਂ ਚੇਤੇ ਕਰਕੇ
ਕੰਧਾਂ ਗਲ ਲੱਗ ਰੋਈਦਾ
ਨੈਣੋਂ ਨੀਰ ਵਹਾ ਕੇ ਹੌਲ਼ੇ
ਫੁੱਲਾਂ ਵਰਗੇ ਹੋਈਦਾ...
ਮੈਂ ਤਿਤਲੀਆਂ ਸੰਗ ਖੇਡਣ ਗਈ ਸਾਂ
ਲੋਕਾਂ ਦੀਆਂ ਨਜ਼ਰਾਂ ਖਾ ਗਈਆਂ
ਮਾਂ ਝਿੜਕੇ ਨਹੀਂ ਵਣਜ ਕਰੀਦਾ
ਫੁੱਲਾਂ ਦੀ ਖੁਸ਼ਬੋਈ ਦਾ...
ਸਿਖ਼ਰ ਦੁਪਹਿਰੇ ਕੀ ਕੰਘੀ ਵਾਹ ਲਈ
ਇੱਲ ਬਲਾ ਸੌ ਪਿੱਛੇ ਲਾ ਲਈ
ਤਨ ਆਪਣੇ ਦੀਆਂ ਮਹਿਕਾਂ ਨੂੰ
ਪੁੜੀਆਂ ਬੰਨ੍ਹ ਲਕੋਈਦਾ...
ਦੁੱਧ ਦੰਦਾਂ ਦੇ ਫੁੱਲਾਂ ਜਿਹੇ ਹਾਸੇ
ਬਣ ਗਏ ਤੋਲ਼ਿਓ ਰੱਤੀਆਂ ਮਾਸੇ
ਹੁਣ ਜੇ ਫੁੱਲਾਂ ਵਾਂਗੂੰ ਹੱਸੀਏ
ਜ਼ਖ਼ਮ ਮਿਲੇ ਬਦਖ਼ੋਈ ਦਾ...
ਬਾਹਰੋਂ ਧੁੱਪ ਲੁਕੋਈਏ ਅੰਦਰੋਂ ਵੱਢ ਖਾਵੇ
ਧੁੱਪ ਅਗਨੀ ਦੀ ਭੈਣ, ਸੇਕਦੀ ਲੂੰਹਦੀ ਜਾਵੇ
ਇਹ ਮੂੰਹਜ਼ੋਰ ਨਦੀ ਬਰਸਾਤੀ
ਡਰ ਡਰ ਦੂਰ ਖਲੋਈਦਾ...
ਰੱਬਾ! ਸਾਡੇ ਵਿਹੜੇ ਕੋਈ ਫੁੱਲ ਖਿੜੇ
ਸਾਡੇ ਘਰ ਵੀ ਖੁਸ਼ਬੂਆਂ ਦੀ ਗੱਲ ਛਿੜੇ
ਸ਼ਰਮਾਂ ਮਾਰੀ ਕਿੰਝ ਗੱਲ ਛੇੜਾਂ
ਡਰ ਬਾਬਲ ਦੀ ਲੋਈ ਦਾ...
ਰਾਤੀ ਮੈਨੂੰ ਰੋਜ਼ ਤੇਰਾ ਸੁਪਨਾ ਆਵੇ
ਹੱਥੀਂ ਮਹਿੰਦੀ ਕੁੜੀਆਂ ਦਾ ਝੁਰਮਟ ਲਾਵੇ
ਦਿਨ ਚੜ੍ਹਦਾ ਰੀਝਾਂ ਦੇ ਨੈਣੀ
ਅੱਕਾਂ ਦਾ ਦੁੱਧ ਚੋਈਦਾ...
ਸੰਪਰਕ: 97806-67686
ਖੌਰੇ ਕੀ ਕੀ ਕਰਦਾ ਬੰਦਾ
ਹਰਦੀਪ ਬਿਰਦੀ
ਰੋਟੀ ਖ਼ਾਤਿਰ ਖੌਰੇ ਕੀ ਕੀ ਕਰਦਾ ਬੰਦਾ।
ਬੱਸ ਇੱਕ ਜੀਵਣ ਖ਼ਾਤਰ ਨਿੱਤ ਹੈ ਮਰਦਾ ਬੰਦਾ।
ਮਿਲਦਾ ਉਹ ਹੀ ਜਿਹੜਾ ਕਿਸਮਤ ਵਿੱਚ ਲਿਖਿਆ
ਕਿਸਮਤ ਅੱਗੇ ਬਾਜ਼ੀ ਹਰ ਹੈ ਹਰਦਾ ਬੰਦਾ।
ਵਕਤਾਂ ਦੀ ਇਸ ਬਾਰਿਸ਼ ਅੰਦਰ ਖੜ੍ਹਨਾ ਔਖਾ
ਕੰਢੇ ਲੱਗੀ ਮਿੱਟੀ ਵਾਂਗੂੰ ਖਰਦਾ ਬੰਦਾ।
ਸਭ ਨੂੰ ਆਪੋ ਧਾਪੀ ਹੈ ਬਸ ਕੀ ਕਰੀਏ ਜੀ
ਚਾਹੇ ਹੋਵੇ ਬਾਹਰੀ ਚਾਹੇ ਘਰ ਦਾ ਬੰਦਾ।
ਕਰਦਾ ਨਿੱਤ ਘੁਟਾਲੇ ਤਕੜੇ ਵਿੱਚ ਕਰੋੜਾਂ
ਕਫ਼ਨਾਂ ਵਿੱਚੋਂ ਖਾਵੇ, ਚਾਰਾ ਚਰਦਾ ਬੰਦਾ।
ਉਸਦੀ ਗੱਡੀ ਵੱਡੀ ਮੇਰੀ ਛੋਟੀ ਕਾਹਤੋਂ
ਉੱਨੀ ਇੱਕੀ ਦਾ ਵੀ ਫ਼ਰਕ ਨਾ ਜਰਦਾ ਬੰਦਾ।
ਕੋਈ ਏਸੀ ਹੀਟਰ ਦੇ ਵਿੱਚ ਮੌਜਾਂ ਮਾਣੇ
ਕੋਈ ਧੁੱਪੇ ਨੰਗੇ ਪਿੰਡੇ ਮਰਦਾ ਬੰਦਾ।
ਬੇਸ਼ਰਮੀ ਦੇ ਵੱਸ ਪਿਆ ਹੈ ਕਾਮੁਕ ਹੋਕੇ
ਰੱਖੇ ਨਾ ਹੁਣ ਧੀਆਂ ਅੱਗੇ ਪਰਦਾ ਬੰਦਾ।
ਨਸ਼ਿਆਂ ਵਾਲੀ ਖਾਕੇ ਫੱਕੀ ਬਣਦਾ ਹੀਰੋ
ਖਾਂਦਾ ਰੱਜਕੇ ਚਿੱਟਾ, ਡੋਡੇ, ਜਰਦਾ ਬੰਦਾ।
ਸੰਪਰਕ: 90416-00900
ਲਹਿੰਦੇ ਹੋ ਗਏ...
ਰਵਿੰਦਰ ਲਾਲਪੁਰੀ
ਭਾਵਨਾਵਾਂ ਵਿੱਚ ਵਹਿੰਦੇ ਰਹੇ ਹਾਂ
ਸਭ ਨੂੰ ਦਿਲ ਦੀ ਕਹਿੰਦੇ ਰਹੇ ਹਾਂ
ਗ਼ਮ ਸ਼ਰੀਕ ਇਹ ਦਰਦ ਗਵਾਂਢੀ
ਵਾਰ ਪਿੱਠ ’ਤੇ ਸਹਿੰਦੇ ਰਹੇ ਹਾਂ
ਰਾਤ ਖ਼ਾਮੋਸ਼ੀ ਇਹ ਘੁੱਪ ਹਨੇਰਾ
ਤਾਰਿਆਂ ਛਾਵੇਂ ਬਹਿੰਦੇ ਰਹੇ ਹਾਂ
ਮਿਲ ਕੇ ਵੀ ਨਾ ਮਿਲੀ ਮੁਹੱਬਤ
ਮੁਹੱਬਤ ਗ਼ਜ਼ਲਾਂ ਕਹਿੰਦੇ ਰਹੇ ਹਾਂ
ਮਤਲਬ ਵੱਟੇ ਇਹ ਦੌਰ ਕਸੂਤਾ
ਯਕੀਨ ਕਰ ਕੇ ਢਹਿੰਦੇ ਰਹੇ ਹਾਂ
ਰਗੜੇ ਨੱਕ ਕਰ ਕਰ ਫ਼ਰਿਆਦਾਂ
ਰੱਬ ਨਾਲ ਵੀ ਹੁਣ ਖਹਿੰਦੇ ਰਹੇ ਹਾਂ
ਖਿੱਚ ਲਕੀਰ ਉਹ ਚੜ੍ਹਦੇ ਹੋ ਗਏ
ਲਾਲਪੁਰੀ ਅਸਾਂ ਲਹਿੰਦੇ ਰਹੇ ਹਾਂ
ਸੰਪਰਕ: 94634-52261
ਸ਼ਹਿਰ ਤੇਰੇ ਦਾ ਹਾਲ ਬੁਰਾ ਏ
ਭੁਪਿੰਦਰ ਸਿੰਘ ਪੰਛੀ
ਸ਼ਹਿਰ ਤੇਰੇ ਦਾ ਹਾਲ ਬੁਰਾ ਏ
ਹਰ ਇੱਕ ਹੱਥ ਦੇ ਵਿੱਚ ਛੁਰਾ ਏ
ਵਿੱਚ ਸ਼ਹਿਰ ਜੋ ਦੰਗਾ ਹੋਇਆ
ਪਤਾ ਕਰੋ ਕੌਣ ਕੌਣ ਧੁਰਾ ਏ
ਸੱਚੀ ਗੱਲ ਜੋ ਮੂੰਹ ’ਤੇ ਆਖੇ
ਲੱਗਦਾ ਸਭਨਾਂ ਨੂੰ ਬੁਰਾ ਏ
ਖ਼ਿਆਲਾਂ ਦੀ ਬੁਣਤੀ ਚੰਗੀ ਨਹੀਂ
ਪਾਇਆ ਉਸ ਨੇ ਗ਼ਲਤ ਘੁਰਾ ਏ
ਉਸ ਦਾ ਤਨ ਮਨ ਸਾਫ਼ ਨਾ ਹੋਣਾ
ਜਿਸ ਦਾ ਆਪਣਾ ਗੰਦਾ ਖੁਰਾ ਏ
ਪੰਛੀ ਨੇ ਕੀ ਸਿੱਖਣਾ ਯਾਰੋ
ਇਹ ਤਾਂ ਹਾਲੇ ਆਪ ਨਿਗੁਰਾ ਏ
ਸੰਪਰਕ: 98559-91055
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਆਪਣੇ ਹੀ ਜਦ ਆਪਣਿਆਂ ਨੂੰ ਲੁੱਟਦੇ ਨੇ
ਇੱਕ ਇੱਕ ਕਰਕੇ ਸਾਰੇ ਰਿਸ਼ਤੇ ਟੁੱਟਦੇ ਨੇ।
ਲੋਕਾਂ ਦੀ ਕੀ, ਲੋਕ ਤਮਾਸ਼ਾ ਵੇਖਣਗੇ
ਆਪਣੇ ਹੀ ਜਦ ਪਰਦੇ ਲਾਹ ਕੇ ਸੁੱਟਦੇ ਨੇ।
ਜਦ ਪੁੱਤ ਨਸ਼ੇੜੀ, ਧੀ ਬਦਕਾਰ ਹੈ ਹੋ ਜਾਂਦੀ
ਕਰਮ ਵਿਚਾਰੇ ਮਾਪਿਆਂ ਦੇ ਤਾਂ ਫੁੱਟਦੇ ਨੇ।
ਬੱਚਿਆਂ ਖ਼ਾਤਿਰ ਮਾਂ ਹੈ ਭੁੱਖੀ ਸੌਂ ਜਾਂਦੀ
ਨਾਸ਼ੁਕਰੇ ਜੋ ਪੈਰ ਨਾ ਮਾਂ ਦੇ ਘੁੱਟਦੇ ਨੇ।
ਛੱਡ ਬਦੀਆਂ ਤੇ ਸੰਤ ਚਾਹੇ ਕੋਈ ਬਣ ਜਾਵੇਂ
ਬਦਨਾਮੀ ਦੇ ਦਾਗ਼ ਨਹੀਂ ਫਿਰ ਛੁੱਟਦੇ ਨੇ।
ਛੱਡ ਦਿਲਬਰ, ਛੱਡ ਲੋਕਾਂ ਪਿੱਛੇ ਕੀ ਲੱਗਣਾ
ਲੋਕ ਤਾਂ ਬੂਟਾ ਜੜ੍ਹ ਤੋਂ ਫੜ੍ਹ ਕੇ ਪੁੱਟਦੇ ਨੇ।
ਸੰਪਰਕ: 97816-46008
ਜ਼ਿੰਮੇਵਾਰੀਆਂ
ਪ੍ਰੋ. ਨਵ ਸੰਗੀਤ ਸਿੰਘ
ਸਿਰ ਉੱਤੇ ਪੈਣ ਜਦੋਂ ਜ਼ਿੰਮੇਵਾਰੀਆਂ।
ਪੈਰ-ਪੈਰ ਉੱਤੇ ਆਉਣ ਦੁਸ਼ਵਾਰੀਆਂ।
ਹੌਸਲੇ ਦੇ ਨਾਲ ਹੋਣ ਹੱਲ ਮਸਲੇ।
ਹਿੰਮਤਾਂ ਦੇ ਨਾਲ ਘਟ ਜਾਣ ਫ਼ਾਸਲੇ।
ਔਕੜਾਂ ਨੂੰ ਵੇਖ ਕਦੇ ਨਹੀਂਓਂ ਡਰਨਾ।
ਹੱਥ ਉੱਤੇ ਹੱਥ ਰੱਖ ਨਹੀਂਓਂ ਸਰਨਾ।
ਐਸੇ ਮੌਕਿਆਂ ’ਤੇ ਕੰਮ ਆਉਣ ਯਾਰੀਆਂ।
ਹੌਲੀਆਂ ਹੋ ਜਾਣ ਦਿੱਕਤਾਂ ਜੋ ਭਾਰੀਆਂ।
ਲੱਕ ਬੰਨ੍ਹ ਮੂਹਰੇ ਲਾ ਲੈਣਾ ਹੈ ਕੰਮ ਨੂੰ।
ਮਿੱਟੀ ਘੱਟੇ ਵਿੱਚ ਝੋਕ ਦੇਣਾ ਤਨ ਨੂੰ।
ਜਾਨ ਹੂਲ ਕੇ ਹੀ ਪੈਂਦੀ ਥਾਂਏ ਘਾਲ ਜੀ।
ਜ਼ਿੰਦਗੀ ਮਿਲਾਵੇ ਤਾਲ ਨਾਲ ਤਾਲ ਜੀ।
ਜ਼ਿੰਮੇਵਾਰੀਆਂ ਨੂੰ ਸਮਝੋ ਨਾ ਭਾਰ ਹੈ।
ਇਹਦੇ ਨਾਲ ਬੰਦਾ ਬਣੇ ਜ਼ਿੰਮੇਵਾਰ ਹੈ।
ਹੌਸਲੇ ’ਚ ਹਨ ਸਾਰੇ ਨਰ-ਨਾਰੀਆਂ।
ਪਾਰ ਹੁੰਦੇ ਜਿਨ੍ਹਾਂ ਹਿੰਮਤਾਂ ਨਾ ਹਾਰੀਆਂ।
ਸੰਪਰਕ: 94176-92015