ਗ਼ਜ਼ਲ
ਵਿੱਚ ਸਮੁੰਦਰ ਯਾਰ, ਪਿਆਸਾ ਮੋਇਆ ਹਾਂ।
ਮੈਂ ਪਾਣੀ ਪਥਰਾ ਕੇ, ਪੱਥਰ ਹੋਇਆ ਹਾਂ।
ਮਿੱਟੀ ਹੋਣਾ, ਹਰ ਮਿੱਟੀ ਦੀ ਖ਼ਸਲਤ ਹੈ,
ਜਾਣਦਿਆਂ ਸਭ ਫਿਰ ਵੀ, ਭੁੱਬੀਂ ਰੋਇਆ ਹਾਂ।
ਪੁੰਗਰਨਾ ਕੀ, ਦਮ ਘੁੱਟ ਕੇ ਹੀ ਮਿਟ ਜਾਣਾ,
ਮੈਂ ਗੁਰਬਤ ਵਿੱਚ ਐਨਾ, ਡੂੰਘਾ ਬੋਇਆ ਹਾਂ।
ਜੋ ਮਾਨਵ ਦਾ, ਮਾਰਗ ਦਰਸ਼ਨ ਕਰਦੇ ਨੇ,
ਮੈਂ ਉਨ੍ਹਾਂ ਰਾਹਾਂ ਦੇ, ਅੰਦਰ ਖੋਇਆ ਹਾਂ।
ਭ੍ਰਮਣ ਕਰ ਕਰ, ਮੰਜ਼ਿਲ ਪਾਈ ਪੱਖੋ ਨੇ,
ਜ਼ੀਰੋ ਬਿੰਦੂ ’ਤੇ, ਮੁੜ ਆਣ ਖਲੋਇਆ ਹਾਂ।
ਸੰਪਰਕ: 94651-96946
* * *
ਗ਼ਜ਼ਲ
ਆਪੇ ਰੁਸਦੇ ਆਪੇ ਮੰਨਦੇ ਆਪੇ ਦੇਣ ਦਿਲਾਸੇ।
ਕਿੰਨਾ ਕੁ ਚਿਰ ਰਹਿ ਸਕਦੇ ਨੇ ਪਾਣੀ ਵਿੱਚ ਪਤਾਸੇ।
ਲੱਖਾਂ ਹੀ ਸਤਰੰਗੀਆਂ ਪੀਂਘਾਂ ਅੰਬਰ ਦੇ ਵਿੱਚ ਪਈਆਂ,
ਨਿੱਕੀ ਨਿੱਕੀ ਬਾਰਿਸ਼ ਦੇ ਵਿੱਚ ਘੁਲ ਗਏ ਤੇਰੇ ਹਾਸੇ।
ਮੰਗਣ ਦੀ ਮਰਿਆਦਾ ਦਾ ਵੀ ਨਿਯਮ ਬਣਾ ਕੇ ਰੱਖੀਂ,
ਉਧਾਰ ਕਿਸੇ ਤੋਂ ਮੰਗੀਦੇ ਨਈਂ ਟੁੱਟੇ ਹੋਏ ਕਾਸੇ।
ਉਸ ਦੇ ਚੱਜ ਆਚਾਰ ’ਚ ਚੜ੍ਹਦੇ ਸੂਰਜ ਚੰਨ ਸਿਤਾਰੇ,
ਜਿਹੜਾ ਬੰਦਾ ਸੱਚੇ ਦਿਲ ਤੋਂ ਖੜ੍ਹ ਜਾਂਦਾ ਇੱਕ ਪਾਸੇ।
ਮੁੰਦਰੀ ਦੇ ਨਗ ਵਾਂਗੂੰ ਸਾਡੇ ਕੋਲ ਕਦੀ ਸੀ ਰਹਿੰਦਾ,
ਕਿੱਥੇ ਅੱਜਕੱਲ੍ਹ ਰਹਿੰਦਾ ਏਂ ਤੂੰ ਕਿੱਥੇ ਤੇਰੇ ਵਾਸੇ।
ਰਿਸ਼ਤੇਦਾਰੀ ਸੱਜਣਤਾਈ ਸੁਖ ਵਿੱਚ ਸਾਥ ਨਿਭਾਉਂਦੇ,
ਅਪਣੇ ਘਰ ਦੇ ਜੀਆਂ ਬਾਝੋਂ ਦਿੰਦਾ ਕੌਣ ਦਿਲਾਸੇ।
ਖਵਰੇ ਕਿੱਥੇ ਜਾ ਬੈਠਾ ਏਂ ਡੁੱਬੇ ਸੂਰਜ ਵਾਂਗੂੰ,
ਦੀਦ ਤਿਰੀ ਲਈ ਇਕ ਮੁੱਦਤ ਤੋਂ ਸਾਡੇ ਨੈਣ ਪਿਆਸੇ।
ਮਾਰੂਥਲ ਦੀ ਨੀਅਤ ਦੇ ਵਿੱਚ ਕੋਈ ਨਾ ਹੋਈ ਤਬਦੀਲੀ,
ਸ਼ਾਇਦ ਕੋਈ ਫੁੱਲ ਖਿੜ ਜਾਏ ਲਾਏ ਰੋਜ਼ ਕਿਆਸੇ।
ਮਾਝੀ ਨਾਲੋਂ ਕਿਧਰੇ ਚੰਗੇ ਸਾਹਿਲ ਤਕ ਪਹੁੰਚਾਇਆ,
ਬੇੜੀ ਆਪਾਂ ਠੇਲੀ ਸੀ ਤੂਫ਼ਾਨਾਂ ਦੇ ਭਰਵਾਸੇ।
ਜਦ ਵੀ ਪੱਤੇ ਸੁੱਕੇ ਇਨ੍ਹਾਂ ਪਾਸਾ ਝੱਟ ਵੱਟ ਲੈਣਾ,
ਠੰਢੀਆਂ ਛਾਵਾਂ ਦੇ ਤੂੰ ਕਿਧਰੇ ਆ ਨਾ ਜਾਵੀਂ ਝਾਸੇ।
ਸੁਣਿਆ ਹੈ ਅੱਜ ਬਾਰਿਸ਼ ਦੇ ਵਿੱਚ ਰਸਦਾਰ ਮਸਾਲੇ ਡਿਗਣੇਂ,
ਬਾਰਿਸ਼ ਨਾ ਆਵਣ ਦੇ ‘ਬਾਲਮ’ ਝੂਠੇ ਹੋਣ ਖੁਲਾਸੇ।
ਸੰਪਰਕ: 98156-25409
* * *
ਗਾਚਣੀ ਖਾਣ ਵਾਲੀ ਔਰਤ!
ਕਮਲਜੀਤ ਕੌਰ
ਹਾਂ ਉਹ ਅਨਪੜ੍ਹ ਸੀ, ਉੱਕਾ ਹੀ ਅਨਪੜ੍ਹ,
ਆਹੋ ਉਹ ਮਿੱਟੀ ਖਾਂਦੀ ਹੁੰਦੀ ਸੀ।
ਮੈਂ ਉਸ ਨੂੰ ਹਮੇਸ਼ਾ ਗਹੁ ਨਾਲ ਵੇਖਦੀ ਸੀ,
ਪੀਲੇ ਸਰੀਰ ਵਾਲੀ ਔਰਤ, ਮੁਰਝਾਇਆ ਚਿਹਰਾ,
ਖਿਲਰੇ ਹੋਏ ਵਾਲ, ਹਮੇਸ਼ਾ ਹੀ ਗੋਹਾ-ਕੂੜਾ ਕਰਦੀ, ਝਾੜੂ ਲਾਉਂਦੀ।
ਕਦੇ ਰੋਟੀਆਂ ਪਕਾਉਂਦੀ ਤੇ ਕਦੇ ਜੋਤ ਜਗਾਉਂਦੀ।
ਆਲੇ-ਦੁਆਲਿਉਂ ਚਾਰ ਕੁੜੀਆਂ ਨਾਲ ਘਿਰੀ ਹੋਈ।
ਫਿਰ ਵੀ ਰੱਬ ਕੋਲੋਂ ਸਾਰਾ ਦਿਨ ਪੁੱਤਰ ਦੀ ਮੰਗ ਕਰਦੀ।
ਅਰਦਾਸਾਂ ਕਰਦੀ ਕਿ ਉਸ ਨੂੰ ਪੁੱਤਰ ਦੀ ਦਾਤ ਮਿਲ ਜਾਵੇ।
ਕਿਉਂਕਿ ਡਰਦੀ ਸੀ ਆਪਣੀ ਸਹੁਰਿਆਂ ਵਾਲੀ ਮੰਮੀ ਜੀ ਤੋਂ ,
ਜੋ ਸਾਨੂੰ ਉਸ ਸਮੇਂ ਹਮੇਸ਼ਾ ਹੀ ਬਘਿਆੜੀ ਦਾ ਰੂਪ ਜਾਪਦੀ ਸੀ।
ਹਰ ਸਮੇਂ ਉਸਨੂੰ ਖਾਣ ਨੂੰ ਪੈਂਦੀ, ਮੰਜੇ ’ਤੇ ਬੈਠੀ, ਬਸ ਹੁਕਮ ਚਲਾਉਂਦੀ।
ਉਸ ਬਘਿਆੜੀ ਨੂੰ ਪੋਤਾ ਦੇਣ ਲਈ,
ਉਸ ਨੇ ਘਰ ਵਿੱਚ ਧੀਆਂ ਦੀ ਲਾਈਨ ਲਗਾ ਦਿੱਤੀ।
ਸਵੇਰੇ-ਸਵੇਰੇ ਉੱਠ ਕੇ ਕਦੇ ਕਿਸੇ ਨੂੰ ਸਕੂਲ ਤੋਰ ਰਹੀ ਹੁੰਦੀ,
ਕਦੇ ਕੱਪੜੇ ਬਦਲ ਰਹੀ ਹੁੰਦੀ ਤੇ ਕਦੇ ਪੋਤੜੇ।
ਸਾਡੀ ਸਮਝ ਤੋਂ ਬਾਹਰ
ਪਰ ਫਿਰ ਵੀ ਉਸ ਦੇ ਘਰ ਵਿੱਚ ਹਮੇਸ਼ਾ ਸਭ ਨੇ ਖੇਡਣ ਜਾਣਾ।
ਉਸ ਨੂੰ ਰੋਂਦਿਆਂ-ਕਲਪਦਿਆਂ ਤੇ ਸਾਰਾ-ਸਾਰਾ ਦਿਨ ਕੰਮ ਕਰਦਿਆਂ
ਦੇਖਣ ਵਿੱਚ ਸ਼ਾਇਦ ਸਾਨੂੰ ਵੀ ਕੋਈ ਸੁਆਦ ਜਿਹਾ ਆਉਂਦਾ ਸੀ।
ਕਿਉਂਕਿ ਬਾਲਪਨ ਅਣਜਾਣ ਹੁੰਦਾ ਹੈ।
ਉਸ ਨੇ ਚੁੱਲ੍ਹੇ ਵਿੱਚ ਰੋਟੀਆਂ ਲਾਹੁਣ ਤੋਂ ਬਾਅਦ
ਜਦੋਂ ਗਾਚਣੀ ਭੁੰਨ-ਭੁੰਨ ਕੇ ਖਾਣੀ,
ਅਸੀਂ ਕੋਲ ਬੈਠੇ ਉਸਨੂੰ ਬੜੀ ਨੀਝ ਨਾਲ ਵੇਖਣਾ ਤੇ ਖ਼ੁਸ਼ ਹੋਣਾ।
ਉਸ ਸਮੇਂ ਅਣਜਾਣ ਸਾਂ ਇਨ੍ਹਾਂ ਗੱਲਾਂ ਤੋਂ
ਕਿ ਕਿਹੜੇ ਵਿਟਾਮਿਨ ਦੀ ਕਮੀ ਹੁੰਦੀ ਹੈ
ਜਿਸ ਕਰਕੇ ਔਰਤ ਗਾਚਣੀ ਤੇ ਮਿੱਟੀ ਖਾਣ ਲਈ ਵੀ ਤਿਆਰ ਹੋ ਜਾਂਦੀ ਹੈ।
ਹਾਂ! ਉਹ ਬਹੁਤ ਚੰਗੀ ਸੀ,
ਤਾਂ ਹੀ ਸਾਰੇ ਬੱਚੇ ਉਸ ਦੀ ਸਾਰੇ ਦਿਨ ਦੀ
ਹਰ ਹਰਕਤ ’ਤੇ ਨਜ਼ਰਾਂ ਟਿਕਾ ਕੇ ਬੈਠੇ ਰਹਿੰਦੇ ਸਾਂ।
ਅਸੀਂ ਉਸ ਨੂੰ ਹਮੇਸ਼ਾ ਘਰ ਦੇ ਬਾਕੀ ਜੀਆਂ ਨੂੰ ਰੋਟੀ ਖਵਾਉਂਦਿਆਂ ਦੇਖਿਆ,
ਪਰ ਉਸ ਨੂੰ ਅਸੀਂ ਸਿਰਫ਼ ਗਾਚਣੀ ਖਾਂਦੇ ਹੀ ਵੇਖਿਆ।
ਪਤਾ ਨਹੀਂ ਉਹ ਕਿਹੜੇ ਸਮੇਂ ਰੋਟੀ ਖਾਂਦੀ ਸੀ,
ਪਤਾ ਨਹੀਂ ਕਿਹੜੇ ਸਮੇਂ ਆਪਣੇ-ਆਪ ਦਾ ਧਿਆਨ ਰੱਖਦੀ ਸੀ
ਵਾਲ ਵਾਹੁੰਦੀ ਸੀ, ਸ਼ਿੰਗਾਰ ਕਰਦੀ ਸੀ।
ਅਸੀਂ ਉਸ ਨੂੰ ਅਜਿਹੇ ਕੰਮ ਕਰਦਿਆਂ ਕਦੀ ਵੇਖਿਆ ਹੀ ਨਹੀਂ।
ਉਸ ਦੀ ਸੱਸ ਦੇ ਮਿਹਣੇ ਸੁਣਨ ਲਈ
ਅਸੀਂ ਹਮੇਸ਼ਾ ਉਸਦੇ ਕੋਲ ਬੈਠੇ ਰਹਿੰਦੇ।
ਪਰ ਉਸ ਔਰਤ ਨੇ ਕਦੇ ਮੱਥੇ ਵੱਟ ਨਹੀਂ ਪਾਇਆ।
ਕੰਜਕਾਂ ਵਾਲੇ ਦਿਨ ਸਾਨੂੰ ਘਰੋਂ ਸੱਦਣਾ, ਸਾਡੀ ਸੇਵਾ ਕਰਨੀ।
ਸਾਡੇ ਤੋਂ ਅਰਦਾਸ ਕਰਵਾਉਣੀ ਕਿ ਉਸ ਦੀਆਂ ਧੀਆਂ ਨੂੰ ਭਰਾ ਮਿਲ ਜਾਵੇ।
ਅੰਤ ਇੱਕ ਦਿਨ ਸਾਨੂੰ ਉਹ ਬੜੀ ਖ਼ੁਸ਼ ਨਜ਼ਰ ਆਈ,
ਸਾਰੇ ਬੱਚਿਆਂ ਨਾਲ ਖ਼ੁਸ਼ ਹੋ-ਹੋ ਕੇ ਬੋਲਦੀ, ਹੱਸਦੀ,
ਤੇ ਬੜੀ ਗਲਤਾਨ ਨਜ਼ਰ ਆਈ।
ਇੱਕ ਦਿਨ ਉਸ ਨੂੰ ਹਸਪਤਾਲ ਲਿਜਾਇਆ ਗਿਆ,
ਇੱਕ ਹੋਰ ਜੀਵ ਜੰਮਣ ਦਾ ਬੋਝ ਪਾਇਆ ਗਿਆ।
ਉਸ ਦਿਨ ਤੋਂ ਬਾਅਦ ਉਸ ਔਰਤ ਨੂੰ ਅਸੀਂ ਕਦੇ ਵੀ ਨਹੀਂ ਵੇਖਿਆ।
ਬਸ ਕੁਝ ਦਿਨਾਂ ਬਾਅਦ ਇੱਕ ਚਿੱਟੇ ਕੱਪੜੇ ਵਿੱਚ
ਲਿਪਟੀ ਹੋਈ ਕੋਈ ਸ਼ੈਅ ਜਿਹੀ ਨਜ਼ਰੀ ਆਈ ਸੀ,
ਜਿਸ ਦਾ ਅਰਥ ਉਸ ਸਮੇਂ ਸਮਝ ਨਹੀਂ ਸੀ ਆਇਆ।
ਪਰ ਹੁਣ ਸਮਝ ਆਇਆ ਹੈ।
ਹਾਂ! ਉਹ ਉਹੀ ਗਾਚਣੀ ਖਾਣ ਵਾਲੀ ਔਰਤ ਸੀ।
ਹਾਂ! ਉਹ ਉਹੀ ਮਿੱਟੀ ਖਾਣ ਵਾਲੀ ਔਰਤ ਸੀ।
ਸੰਪਰਕ: 94786-22696
* * *
ਗ਼ਜ਼ਲ
ਰੋਜ਼ੀ ਸਿੰਘ
ਇਮਤਿਹਾਂ ਮੰਨਿਆ ਆਸਾਨ ਵੀ ਏ,
ਮਗਰ ਮੁੱਠੀ ’ਚ ਮੇਰੀ ਜਾਨ ਵੀ ਏ।
ਜੇ ਪੈਰਾਂ ਹੇਠ ਸੜਦੀ ਧਰਤ ਹੈ ਤਾਂ,
ਸਿਰ ਦੇ ਉੱਤੇ ਖੁੱਲ੍ਹਾ ਆਸਮਾਨ ਵੀ ਏ।
ਮੇਰੇ ਸੀਨੇ ’ਚ ਮਹਿਜ਼ ਦਿਲ ਨਹੀਂ ਏ,
ਇਸ ਵਿੱਚ ਸੂਲੀ ਵੀ ਤੇ ਜਾਨ ਵੀ ਏ।
ਮੈਂ ਇੱਕ ਡਾਕੀਆ ਝੋਲੇ ’ਚ ਜਿਸਦੇ,
ਭਰੇ ਹੋਏ ਹੰਝੂ ਤੇ ਮੁਸਕਾਨ ਵੀ ਏ।
ਸਿਰਫ਼ ਇੱਕ ਤੀਰ ਹੀ ਮੁੱਕੇ ਨੇ ਮੇਰੇ,
ਬਾਕੀ ਤਰਕਸ਼ ਅਤੇ ਕਮਾਨ ਵੀ ਏ।
ਚੁਫ਼ੇਰੇ ਰਸਮਾਂ ਦੇ ਪਹਿਰੇ ਹੀ ਨੇ ਬਸ,
ਪਰ੍ਹੇ ਵਲਗਣ ਤੋਂ ਇੱਕ ਜਹਾਨ ਵੀ ਏ।
ਪਤਾ ਨਈਂ ਲੋਕ ਗੂੰਗੇ ਹੋ ਗਏ ਕਿਉਂ,
ਜਦੋਂਕਿ ਮੂੰਹ ਵਿੱਚ ਇੱਕ ਜ਼ੁਬਾਨ ਵੀ ਏ।
ਸੰਪਰਕ: 99889-64633
* * *
ਕੋਈ-ਕੋਈ ਪਿਉ...
ਕੁਲਵਿੰਦਰ ਵਿਰਕ
ਕੋਈ-ਕੋਈ ਪਿਉ
ਵਕਤ ਦੇ ਕੰਡਿਆਂ ਨਾਲ ਖਹਿੰਦਾ
ਉਮਰ ਗਾਲ ਦਿੰਦਾ
ਨਿੱਕੇ ਭੈਣ-ਭਰਾਵਾਂ
ਤੇ ਬੱਚਿਆਂ ਦੀ ਖ਼ਾਤਰ
ਮਿੱਟੀ ਨਾਲ ਮਿੱਟੀ ਹੁੰਦਾ
ਸਭ ਐਸ਼-ਆਰਾਮ
ਤਿਆਗ ਦਿੰਦਾ...
ਤੇ ਜਦ
ਮਿਹਨਤਾਂ ਨੂੰ ਪਏ ਬੂਰ
ਪੱਕਣ ਲੱਗਦੇ
ਸੁਖ ਭਰੇ ਦਿਨਾਂ ਵਿੱਚ
ਬੱਚੇ ਵਸਣ ਲੱਗਦੇ
ਤਾਂ ਹੱਥ-ਪੱਲਾ ਝਾੜ
ਸਦਾ ਲਈ ਪਿਉ
ਤੁਰ ਜਾਂਦਾ...
ਪੰਜਾਂ ਤੱਤਾਂ ਦਾ ਪੁਤਲਾ
ਪੰਜਾਂ ਤੱਤਾਂ ’ਚ ਘੁਲ ਜਾਂਦਾ
ਖੁਰ ਜਾਂਦਾ...
ਕੋਈ-ਕੋਈ ਪਿਉ
ਵਿਧ ਮਾਤਾ ਤੋਂ
ਖੌਰੋ ਕੇਹੇ ਲੇਖ
ਲਿਖਾ ਕੇ ਲਿਆਉਂਦਾ ...
ਸੰਪਰਕ: 78146-54133