For the best experience, open
https://m.punjabitribuneonline.com
on your mobile browser.
Advertisement

ਗ਼ਜ਼ਲ

11:35 AM Jun 02, 2024 IST
ਗ਼ਜ਼ਲ
Advertisement

ਜਗਤਾਰ ਪੱਖੋ

ਸੋਚਾਂ ਨੂੰ ਆਜ਼ਾਦ ਕਰਾਂਗੇ ਸੱਜਣ ਜੀ।
ਹੁਣ ਨਾ ਬਹਿ ਫਰਿਆਦ ਕਰਾਂਗੇ ਸੱਜਣ ਜੀ।
ਲੈ ਕੇ ਸੁਰਖ਼ ਸਿਆਹੀ ਬਲਦੇ ਸਫ਼ਿਆਂ ’ਤੇ,
ਤੇਹਾਂ ਦਾ ਅਨੁਵਾਦ ਕਰਾਂਗੇ ਸੱਜਣ ਜੀ।
ਮਨ ਦੇ ਤਲ ਨੇ ਬਣ ਜਾਣਾ ਕੁਲਛੇਤਰ ਫਿਰ,
ਸ਼ਬਦਾਂ ਨਾਲ ਸੰਵਾਦ ਕਰਾਂਗੇ ਸੱਜਣ ਜੀ।
ਚਾਨਣ ਦੀ ਪਰਿਭਾਸ਼ਾ ਹਰ ਘਰ ਵੰਡਾਂਗੇ,
ਯੁੱਗ ਨਵੇਂ ਦਾ ਆਦਿ ਕਰਾਂਗੇ ਸੱਜਣ ਜੀ।
ਹੁਣ ਦਿਲ ਰਹਿਣਾ ਚਾਵਾਂ ਤੋਂ ਮਹਿਰੂਮ ਨਹੀਂ
ਅੰਤਰ ਮਨ ਵਿਸਮਾਦ ਕਰਾਂਗੇ ਸੱਜਣ ਜੀ।
ਬਰਬਾਦੀ ’ਤੇ ਬੰਸੀ ਨਿੱਤ ਵਜਾਉਂਦਾ ਜੋ,
ਨੀਰੋ ਨੂੰ ਬਰਬਾਦ ਕਰਾਂਗੇ ਸੱਜਣ ਜੀ।
ਸੰਪਰਕ: 94651-96946

Advertisement

ਨਜ਼ਮ

ਸੰਤਵੀਰ

ਹੋਂਠ ਸਿਊਂ ਕੇ ਵੀ
ਚੁੱਪ ਕਰ ਨਹੀਂ ਹੁੰਦਾ
ਅੱਖਾਂ ਮੀਟ ਕੇ ਵੀ
ਹਨੇਰਾ ਜਰ ਨਹੀਂ ਹੁੰਦਾ
ਬੁੱਧ ਵਿਵੇਕ ਨਾ ਹੁੰਦਾ
ਭੋਰਾ ਗਿਲਾ ਨਾ ਹੁੰਦਾ
ਏਦਾਂ ਸਿਰ ਵੀ ਆਪਣਾ
ਗਹਿਣੇ ਧਰ ਨਹੀਂ ਹੁੰਦਾ
ਅੱਗ ਕਿਸੇ ਦੇ ਹੋਵੇ
ਬਸੰਤਰ ਕਹਿ ਨਹੀਂ ਹੁੰਦਾ
ਪਿੰਡਾ ਕਿਸੇ ਦਾ ਹੋਵੇ
ਦਰਦ ਜਰ ਨਹੀਂ ਹੁੰਦਾ
ਬੁੱਲ੍ਹ ਮੀਟ ਕੇ ਵੀ
ਪੀੜ ਘੱਟ ਨਹੀਂ ਹੁੰਦੀ
ਰੱਬ ਜਾਣ ਪੱਥਰ ਨੂੰ
ਸਿਜਦਾ ਕਰ ਨਹੀਂ ਹੁੰਦਾ
ਮੌਤ ਜਦੋਂ ਵੀ ਆਵੇ
ਰਤਾ ਵੀ ਖ਼ੌਫ਼ ਨਹੀਂ ਹੋਣਾ
ਖ਼ੌਫ਼-ਏ-ਮੌਤ ਨਾਲ ਏਦਾਂ
ਪਲ ਪਲ ਮਰ ਨਹੀਂ ਹੁੰਦਾ
ਹਰਕਤ-ਏ-ਜਿਸਮ ਜਦ ਤਕ
ਬਾਹਵਾਂ ਉੱਠਦੀਆਂ ਹੀ ਰਹਿਸਣ
ਪਸਰੇ ਕੂੜ ਨਾਲ ਵੀ
ਸਮਝੌਤਾ ਕਰ ਨਹੀਂ ਹੁੰਦਾ।
ਸੰਪਰਕ: 98149-52967
* * *

ਪੰਜਾਬ ਦੀ ਆਵਾਜ਼ ਮੌਨ ਹੋ ਗਈ

ਸੁਰਿੰਦਰ ਗਿੱਲ

ਸੁਰਜੀਤ ਪੱਤੜ
ਕਦੇ ਸੁਰਜੀਤਮ
ਤੇ ਫਿਰ
ਸੁਰਜੀਤ ਪਾਤਰ
ਜਗਿਆ
ਮਘਿਆ
ਤੇ ਪੰਜਾਬੀ ਦਿਲਾਂ ’ਚ ਵਸ ਗਿਆ
ਓਸ ਚੰਦਰੀ ਸ਼ਾਮ ਥੱਕਿਆ ਟੁੱਟਿਆ
ਤੇ ਸੌਂ ਗਿਆ
ਅਗਲਾ ਦਿਨ ਚੜ੍ਹਿਆ
ਭੁਪਿੰਦਰ ਨੇ ਜਗਾਇਆ
ਪਰ ਕੋਈ ਉੱਤਰ ਨਾ ਆਇਆ
ਸੁੱਤਾ ਸੁੱਤਾ ਉਹ ਕਿਸੇ ਅਸਗਾਹ ਰਾਹ ’ਤੇ
ਤੁਰ ਗਿਆ।
‘‘ਪਾਤਰ ਕਦੇ ਰਾਹਾਂ ’ਤੇ ਨਹੀਂ ਤੁਰਿਆ
ਉਹ ਤੁਰਦਾ ਤਾਂ ਰਾਹ ਬਣਦੇ।
ਉਦੋਂ, ਉਸ ਰਾਤ ਉਹ ਜਿਸ ਰਾਹ ਤੁਰਿਆ
ਕੋਈ ਕਦੇ ਵਾਪਸ ਨਹੀਂ ਮੁੜਿਆ।
ਉਹ ’ਕਹਿਰਾ ਜਿਹਾ, ਸੰਖੇਪ ਜਿਹਾ ਬੰਦਾ
ਇਕੱਲਾ ਹੀ ਸਾਰੇ ਪੰਜਾਬ ਜਿੱਡਾ ਸੀ
ਉਹ ਜਦੋਂ ਵੀ ਬੋਲਦਾ, ਪੰਜਾਬ ਬੋਲਦਾ।

ਹੁਣ ਜਦੋਂ ਸੁਰਜੀਤ ਪਾਤਰ ਨਹੀਂ ਹੈ
ਪੰਜਾਬ ਸੁੰਨਾ ਹੋ ਗਿਐ
ਪੰਜਾਬ ਦੀ ਆਵਾਜ਼ ਮੌਨ ਹੋ ਗਈ ਹੈ।।

Advertisement
Author Image

sukhwinder singh

View all posts

Advertisement
Advertisement
×