ਗ਼ਜ਼ਲ
ਅਜੈ ਤਨਵੀਰ
ਜੋ ਸੁਨਾਮੀ ਸਾਹਮਣੇ ਸੀ ਤਾਣ ਸੀਨਾ ਖੜ੍ਹ ਗਿਆ।
ਉਹ ਪਤਾ ਨਹੀਂ ਕਿਉਂ ਤੇਰੇ ਇੱਕ ਅੱਥਰੂ ਵਿੱਚ ਹੜ੍ਹ ਗਿਆ।
ਪੁੱਛਦਾ ਸ਼ੀਸ਼ਾ ਮੇਰੇ ਤੋਂ ਕੌਣ ਆਇਆ ਸੀ ਮਿਲਣ,
ਜ਼ਰਦ ਚਿਹਰੇ ਤੇ ਜੋ ਐਨਾ ਰੰਗ ਸੂਹਾ ਚੜ੍ਹ ਗਿਆ।
ਮੰਨ ਲੈਂਦਾ ਈਨ ਜਿਹੜਾ, ਸਿਰਜਦਾ ਇਤਿਹਾਸ ਨਾ,
ਸਿਰਜ ਕੇ ਇਤਿਹਾਸ ਸਰਮਦ ਜ਼ੁਲਮ ਸਾਹਵੇਂ ਅੜ ਗਿਆ।
ਅਕਲ ਦਾ ਉਪਦੇਸ਼ ਸਾਨੂੰ ਦੇ ਰਿਹਾ ਹਰ ਗੱਲ ਤੇ,
ਸੋਚਦੇ ਮਾਂ ਬਾਪ ਸਾਡਾ ਪੁੱਤ ਕਿੰਨਾ ਪੜ੍ਹ ਗਿਆ।
ਕੱਦ ਉੱਚਾ ਹੋ ਗਿਆ ਉਸ ਦਾ ਕਿਤੇ ਅਸਮਾਨ ਤੋਂ,
ਮੁਸਕਰਾ ਕੇ ਉਹ ਜਦੋਂ ਸੂਲ਼ੀ ਦੇ ਉੱਤੇ ਚੜ੍ਹ ਗਿਆ।
ਰੁੱਖ ਲਾਵੋ, ਰੁੱਖ ਲਾਵੋ, ਆਖਦਾ ਸੀ ਵਾਰ ਵਾਰ,
ਪਰ ਹਵਾ ਦੇ ਖ਼ੌਫ਼ ਤੋਂ ਹੀ ਡਰ ਕੇ ਅੰਦਰ ਵੜ ਗਿਆ।
ਰੀੜ੍ਹ ਦੀ ਹੱਡੀ ਨਹੀਂ ਟੁੱਟੀ ‘ਅਜੈ ਤਨਵੀਰ’ ਦੀ,
ਕੁਰਸੀਆਂ ਅੱਗੇ ਤਦੇ ਲਿਫ਼ਿਆ ਨਾ, ਸਿੱਧਾ ਖੜ੍ਹ ਗਿਆ।
ਵੇਖ ਲੈ ‘ਤਨਵੀਰ’ ਕਿੱਦਾਂ ਅੱਜ ਵੀ ਹਨ ਲਿਸ਼ਕਦੇ,
ਜੋ ਗ਼ਜ਼ਲ ਦੇ ਵਿੱਚ ਹੈ ‘ਜਗਤਾਰ’ ਕੋਕੇ ਜੜ ਗਿਆ।
ਸੰਪਰਕ: 1-559-309-2031
ਚੁੱਲ੍ਹੇ ਜੋਗੀ
ਪੂਜਾ ਪੁੰਡਰਕ
ਸੂਟਾਂ ਵਿੱਚ ਜੇਬ ਲਗਵਾਏਗੀ,
ਆਪਣਾ ਆਪ ਕਮਾਏਗੀ,
ਟੱਬਰ ਨੂੰ ਖਵਾਏਗੀ।
ਇਹ ਚੁੱਲ੍ਹੇ ਜੋਗੀ...।
ਬੁਣੀਆਂ ਰੀਤਾਂ ਤੋੜੇਗੀ,
ਨਵੇਂ ਰਿਸ਼ਤੇ ਜੋੜੇਗੀ,
ਜਦ ਹੱਕ ਦੀ ਬਾਤ ਕੋਈ ਪਾਏਗੀ
ਇਹ ਚੁੱਲ੍ਹੇ ਜੋਗੀ...।
ਕਲਮਾਂ ਨੂੰ ਚਲਾਏਗੀ,
ਹਾਕਮਾਂ ਤੀਕਰ ਜਾਏਗੀ,
ਸਭ ਨੂੰ ਹੱਕ ਦਿਵਾਏਗੀ...।
ਇਹ ਚੁੱਲ੍ਹੇ ਜੋਗੀ...।
ਰਾਤ ਦੇ ਘੋਰ ਹਨੇਰੇ ਵਿੱਚ ਵੀ ,
ਜੁਗਨੂੰ ਬਣ ਕੇ ਛਾਏਗੀ
ਸੂਰਜ ਦੀ ਕਿਰਨਾਂ ਨੂੰ ਫੜ ਕੇ,
ਕਿਰਤੀਆਂ ਤੱਕ ਪਹੁੰਚਾਏਗੀ,
ਇਹ ਚੁੱਲ੍ਹੇ ਜੋਗੀ...।
ਅਗਨੀ ਪ੍ਰੀਖਿਆ ਨੂੰ ਠੇਡਾ ਮਾਰੇਗੀ,
ਸੀਤਾ ਰੂਪ ਸੰਵਾਰੇਗੀ,
ਰਾਣੀ ਬਣਨ ਤੋਂ ਅੱਕੀ ਇਹ,
ਕਿਰਤੀ ਰਾਜ ਚਲਾਏਗੀ
ਇਹ ਚੁੱਲ੍ਹੇ ਜੋਗੀ...।
ਜਦ ਇਸ ਨੂੰ ਆਪਣੀ
ਅਸਲੀ ਹੋਂਦ ਦਾ ਅਹਿਸਾਸ ਹੋਇਆ
ਆਪਣਾ ਹਰ ਰੋਲ ਨਿਭਾਏਗੀ
ਇਹ ਚੁੱਲ੍ਹੇ ਜੋਗੀ...।
ਸੰਪਰਕ: 83604-81106
ਕਿਸੇ ਲਈ
ਹਰਦੀਪ ਅਹਿਮਦਪੁਰ
ਕਿਸੇ ਲਈ ਸੂਰਜ ਚੜ੍ਹਿਆ ਹੋਇਆ
ਕਿਸੇ ਲਈ ਸੂਰਜ ਛਿਪਿਆ
ਕਿਸੇ ਲਈ ਅੰਬਰ ਸੁੰਗੜਿਆ ਹੋਇਆ
ਕਿਸੇ ਲਈ ਅੰਬਰ ਲਿਫਿਆ
ਕਿਸੇ ਦੇ ਹੱਥ ਬੱਸ ਦਾਨ ਕਰਨ ਲਈ
ਕਿਸੇ ਦੇ ਮੰਗਣ ਭਿਖਿਆ
ਕਿਸੇ ਨੂੰ ਕਣ ’ਚੋਂ ਕਾਦਰ ਮਿਲਿਆ
ਕਿਸੇ ਨੂੰ ਕੁਝ ਨੀ ਦਿਸਿਆ
ਕਿਸੇ ਲਈ ਵੇਦ ਕਤੇਬ ਅਰਥਹੀਣ
ਕਿਸੇ ਲਈ ‘ਅੱਖਰ’ ਸਿੱਖਿਆ
ਕਿਸੇ ਦੇ ਮੱਥੇ ’ਨ੍ਹੇਰ ਸਾਈਂ ਦਾ
ਕਿਸੇ ਦੇ ਚਾਨਣ ਲਿਖਿਆ
ਕਿਸੇ ਨੇ ਸੁਣਿਆ ਜੁਆਬ ਦੇਣ ਲਈ
ਢੱਠੇ ਖੂਹ ਗਈ ਵਿੱਥਿਆ
ਕਿਸੇ ਨੇ ਸੁਣਿਆ ਗ਼ੌਰ ਕਰਨ ਲਈ
ਅੱਖਰ ਅੱਖਰ ਚਿੱਥਿਆ।
ਕਿਸੇ ਨੇ ਕੱਤ ਕੇ ਸਿਰ ’ਤੇ ਧਰਿਆ
ਵਾਹ ਵਾਹ ਦੇ ਵਿੱਚ ਫਸਿਆ
ਕਿਸੇ ਨੇ ਅਗਲੀ ਪੂਣੀ ਚੁੱਕੀ
ਕੱਤਣ ਦੇ ਵਿੱਚ ਰਸਿਆ।
ਸੰਪਰਕ: 81958-70014