ਗ਼ਜ਼ਲ
ਜਗਜੀਤ ਗੁਰਮ
ਸਾਜ਼ਿਸ਼ ਨਾਲ ਬੜਾ ਕੁਝ ਉਨ੍ਹਾਂ ਦੇ ਮਨ ਵਿੱਚ ਭਰ ਦਿੰਦਾ ਹੈ
ਹੁਣ ਬਾਜ਼ਾਰ ਮੇਰੇ ਵਿਰੁੱਧ ਮੇਰੇ ਹੀ ਬੱਚੇ ਕਰ ਦਿੰਦਾ ਹੈ।
ਕਿੰਨਾ ਉੱਚਾ ਉਡਣਾ ਇਹ ਤਾਂ ਪੰਛੀ ਨੇ ਹੈ ਤੈਅ ਕਰਨਾ
ਮੌਲਾ ਹਰ ਪੰਛੀ ਨੂੰ ਅੰਬਰ ਦਿੰਦਾ ਹੈ, ਪਰ ਦਿੰਦਾ ਹੈ।
ਰਾਜ ਗੁਆ ਬੈਠਾ ਹੈ ਲੋਕ ਭਲਾਈ ਦੇ ਹੁਣ ਸਭ ਦਾਅਵੇ
ਲੋਕਾਂ ਨੂੰ ਇਹ ਨਿੱਤ ਨਵਾਂ ਦੁੱਖ ਦਿੰਦਾ ਹੈ, ਡਰ ਦਿੰਦਾ ਹੈ।
ਉਹ ਅਮੀਰਾਂ ਦੀ ਝੋਲ਼ੀ ਪਾ ਦਿੰਦਾ ਸਭ ਸੁੱਖ ਦੁਨੀਆਂ ਦੇ
ਸਭ ਦੁੱਖ ਸਹਿਣ ਲਈ ਉਹ ਗ਼ਰੀਬਾਂ ਨੂੰ ਕਿੱਡਾ ਸਬਰ ਦਿੰਦਾ ਹੈ।
ਪੂਰੀ ਕਾਇਨਾਤ ਕਦੇ ਸਾਡੇ ਪਿਆਰ ’ਚ ਸੀ ਰੰਗੀ ਹੋਈ
ਪਰ ਹੁਣ ਕੋਈ ਵੀ ਨਾ ਸੋਹਣੇ ਦੀ ਕੋਈ ਖ਼ਬਰ ਦਿੰਦਾ ਹੈ।
ਅਪਣਾ ਨਜ਼ਰੀਆ ਤਾਂ ਆਪ ਬਣਾਉਣਾ ਪੈਂਦਾ ਹੈ ਸਭ ਨੂੰ
ਉਹ ਇੱਕ ਵਾਰੀ ਤਾਂ ਸਭ ਨੂੰ ਜ਼ਿਹਨ ਦਿੰਦਾ ਹੈ, ਨਜ਼ਰ ਦਿੰਦਾ ਹੈ।
‘ਜਗਜੀਤ ਗੁਰਮ’ ਨੂੰ ਜੀਵਨ ਦੇ ਅਰਥ ਸਮਝ ਆ ਜਾਣ ਉਦੋਂ
ਸੁੱਕਦਾ ਹੋਇਆ ਰੁੱਖ ਜਦੋਂ ਵੀ ਟੀਸੀ ਨੂੰ ਲਗਰ ਦਿੰਦਾ ਹੈ।
ਸੰਪਰਕ: 99152-64836
ਦਿਵਸਾਂ ਤੋਂ ਪਾਰ
ਰਘੁਵੀਰ ਸਿੰਘ ਕਲੋਆ
ਚਿਰਾਂ ਤੋਂ ਹੈ ਪਰੰਪਰਾ
ਪੌਣ, ਪਾਣੀ, ਬੈਸੰਤਰ
ਧਰਤ ਤੇ ਅੰਬਰ
ਸਭ ਨੂੰ, ਦੇਵਤੇ ਬਣਾ ਪੂਜਣ ਦੀ।
ਉਂਜ ਇਨ੍ਹਾਂ ਦਾ ਸਤਿਕਾਰ
ਮੈਂ ਕਦੋਂ ਦਾ ਛੱਡ ਚੁੱਕਾ ਹਾਂ
ਮਾਤਾ, ਪਿਤਾ, ਔਰਤ, ਅਧਿਆਪਕ
ਆਦਿ-ਆਦਿ
ਇਸੇ ਲੜੀ ’ਚ ਜੋੜੇ ਅਗਲੇ ਕੁਝ ਨਾਮ ਨੇ।
ਬੜਾ ਸ਼ਾਤਰ ਹਾਂ ਮੈਂ
ਮਨਾਉਂਦਾ ਹਾਂ ਨਿੱਤ ਹੀ, ਵੱਖ-ਵੱਖ ਦਿਵਸ
ਵੱਖੋ-ਵੱਖਰੇ ਰੰਗ ’ਚ ਰੰਗ ਕੇ
ਕਿ ਬਣਿਆ ਰਹੇ ਭੁਲੇਖਾ
ਮੇਰੇ ਸਦਾਚਾਰੀ, ਸੱਭਿਆਚਾਰੀ ਹੋਣ ਦਾ।
ਲਾ ਦਿੰਦਾ ਹਾਂ ਮੈਂ ਟਿੱਕਾ ਰੰਗ-ਬਿਰੰਗਾ
ਆਪਣੇ ਨਿੱਤ ਦੇ ਕਰਮਾਂ ਦੀ ਕਾਲਖ਼ ਦੇ ਮੱਥੇ
ਕਿਸੇ ਨਾ ਕਿਸੇ ਇੱਕ ਦਿਵਸ ਦੇ ਰੂਪ ਵਿੱਚ
ਪਰ ਪਤਾ ਨਹੀਂ ਕਿਉਂ
ਇਹ ਸੂਰਜ ਦੀਆਂ ਕਿਰਨਾਂ ਮੈਨੂੰ ਰੋਜ਼ ਚਿੜਾਉਂਦੀਆਂ
ਚਾਨਣ ਰਿਸ਼ਮਾਂ ਵੰਡਦੀਆਂ, ਕਿੰਨੇ ਰੰਗਾਂ ’ਚ ਖਿੰਡਦੀਆਂ
ਐਪਰ ਕਦੇ ਕਾਲਖ਼ ਨਹੀਂ ਬਣਦੀਆਂ
ਤੇ ਮੈਨੂੰ ਪੁੱਛਦੀਆਂ,
‘ਤੇਰੇ ਇਹ ਵੱਖ-ਵੱਖ ਰੰਗ, ਵੱਖ-ਵੱਖ ਦਿਵਸ
ਚਿੱਟੇ ਚਾਨਣ ਜਹੇ ਸੱਚੇ ਕਿਉਂ ਨਹੀਂ?
ਇਹ ਮਾਤਾ, ਪਿਤਾ, ਔਰਤ, ਅਧਿਆਪਕ
ਪੌਣ, ਪਾਣੀ, ਬੈਸੰਤਰ, ਧਰਤ ਤੇ ਅੰਬਰ
ਇਹ ਸਾਰੇ
ਤੈਨੂੰ ਹਰ ਦਿਨ ਚੇਤੇ ਕਿਉਂ ਨਹੀਂ?
ਸੰਪਰਕ: 98550-24495