ਗ਼ਜ਼ਲ
ਬਲਵਿੰਦਰ ‘ਬਾਲਮ’
ਰੁੱਸੇ ਹੋਏ ਯਾਰ ਮਨਾ ਕੇ ਆਇਆ ਹਾਂ।
ਦਰਿਆ ਉੱਪਰ ਪੁਲ ਬਣਾ ਕੇ ਆਇਆ ਹਾਂ।
ਲੱਖਾਂ ਹੀ ਸੱਪ ਉਸ ਦੇ ਆਲ ਦੁਆਲੇ ਸੀ,
ਆਲ੍ਹਣੇ ਵਿੱਚੋਂ ਬੋਟ ਬਚਾ ਕੇ ਆਇਆ ਹਾਂ।
ਗੁਲਸ਼ਨ ਨੂੰ ਹੈ ਮੇਰੇ ਤੇ ਇਤਰਾਜ਼ ਬੜਾ,
ਕੰਡਿਆਂ ਨੂੰ ਕਿਉਂ ਫੁੱਲ ਬਣਾ ਕੇ ਆਇਆ ਹਾਂ?
ਸਾਰੇ ਰੱਬ ਦੇ ਵਾਂਗੂੰ ਪੂਜੇ ਜਾਵਣਗੇ,
ਪੱਥਰਾਂ ਉੱਪਰ ਤਿਲਕ ਲਗਾ ਕੇ ਆਇਆ ਹਾਂ।
ਦੁੱਖਾਂ ਦੀ ਬੇਰੀ ਤੇ ਲੱਖਾਂ ਬੇਰ ਪਏ,
ਮਾਲੀ ਤੋਂ ਸਾਰੇ ਤੁੜਵਾ ਕੇ ਆਇਆ ਹਾਂ।
ਚੰਦਰਮਾ ਵੀ ਸੂਰਜ ਵਾਂਗੂੰ ਲੋਅ ਦਿੰਦਾ,
ਮੁੱਦਤਾਂ ਵਾਲੇ ਦਾਗ਼ ਮਿਟਾ ਕੇ ਆਇਆ ਹਾਂ।
ਮੰਨੋ ਜਾਂ ਨਾ ਮੰਨੋ ਮੈਂ ਸੱਚ ਕਹਿੰਦਾ ਹਾਂ,
ਅਪਣੀ ਅਰਥੀ ਆਪ ਉਠਾ ਕੇ ਆਇਆ ਹਾਂ।
ਮੇਰਾ ਚੌਥਾ ਕਰਕੇ ਲੋਕੀਂ ਪਰਤ ਰਹੇ,
ਮੈਂ ਜ਼ਿੰਦਾ ਹਾਂ, ਮੈਂ ਕੁਰਲਾ ਕੇ ਆਇਆ ਹਾਂ।
ਆਉ ਦੱਸਾਂ ਜੀਵਨ ਦਾ ਸਿਰਨਾਵਾਂ ਕੀ?
ਭੰਵਰ ਦੇ ਵਿੱਚ ਦੀਪ ਜਗਾ ਕੇ ਆਇਆ ਹਾਂ।
ਮੈਂ ਤਾਂ ਵੱਡਿਆਂ ਦੀ ਮੰਨਣੀ ਸੀ, ਮੰਨ ਲਈ,
‘ਬਾਲਮ’, ਦੁਸ਼ਮਣ ਯਾਰ ਬਣਾ ਕੇ ਆਇਆ ਹਾਂ।
ਸੰਪਰਕ: 98156-25409
ਗ਼ਜ਼ਲ
ਗੁਰਪਾਲ ਸਿੰਘ ਬਿਲਾਵਲ
ਹੱਸ ਕੇ ਨਕਲੀ ਜਿਹਾ ਨਿਭਦੇ ਬਥੇਰੇ ਮਿਲਣਗੇ
ਇੱਕ ਚਿਹਰੇ ਵਿੱਚ ਹੀ ਚਿਹਰੇ ਬਥੇਰੇ ਮਿਲਣਗੇ
ਇਸ ਸ਼ਹਿਰ ਵਿੱਚ ਨਾ ਕੋਈ ਜੋ ਦੁੱਖ ਤੇਰਾ ਸੁਣ ਸਕੇ
ਬੈਠ ’ਕੱਲੇ ਸੁਲਗਦੇ ਬੰਦੇ ਬਥੇਰੇ ਮਿਲਣਗੇ
ਅੱਜ ਭਾਵੇਂ ਪਤਝੜਾਂ ਦੀ ਹੈ ਹਕੂਮਤ ਦੋਸਤੋ
ਬਹੁਤ ਜਲਦੀ ਪੁੰਗਰਦੇ ਪੱਤੇ ਬਥੇਰੇ ਮਿਲਣਗੇ
ਦਿਲ ਮੇਰੇ ਦੀਆਂ ਸੁੰਨੀਆਂ ਗਲ਼ੀਆਂ ’ਚ ਆ ਕੇ ਦੇਖ ਤੂੰ
ਸਹਿਮ ਕੇ ਹਉਕਾ ਬਣੇ ਹਾਸੇ ਬਥੇਰੇ ਮਿਲਣਗੇ
ਮਿਲਣਗੇ ਸਭ ਨੈਣ ਸੋਗੀ ਨਾ ਅਦਾਵਾਂ ਮਿਲਣੀਆਂ
ਹੰਝੂਆਂ ’ਨਾ ਖੁਰ ਰਹੇ ਕਜਲੇ ਬਥੇਰੇ ਮਿਲਣਗੇ
ਨਗਰ ਵਿੱਚ ਨਾ ਪਿਆਰ ਹੈ ਇਨਸਾਨੀਅਤ ਨਾ ਰੱਬ ਨਾ
ਪੱਥਰਾਂ ਨੂੰ ਝੁਕ ਰਹੇ ਮੱਥੇ ਬਥੇਰੇ ਮਿਲਣਗੇ
ਸੰਪਰਕ: 98728-30846
* * *
ਗ਼ਜ਼ਲ
ਰਜਿੰਦਰ ਸਿੰਘ ਰਾਜਨ
ਜਦ ਵੀ ਨੇੜੇ ਆਉਂਦੀਆਂ ਵੋਟਾਂ।
ਆਪਣਾ ਰੰਗ ਦਿਖਾਉਂਦੀਆਂ ਵੋਟਾਂ।
ਲੋਕਾਂ ਨੂੰ ਤੜਫ਼ਾਉਂਦੀਆਂ ਵੋਟਾਂ ।
ਅੱਭੜਵਾਹੇ ਜਗਾਉਂਦੀਆਂ ਵੋਟਾਂ।
ਦਸਤਕ ਅੱਗ ਦੀ ਲਾਟਾਂ ਭਾਂਬੜ,
ਕਸਬੇ ਸ਼ਹਿਰ ਲਿਆਉਂਦੀਆਂ ਵੋਟਾਂ।
ਮਿੱਤਰ ਪਿਆਰਿਆਂ ਘਰ ਅੰਗਿਆਰੇ,
ਸੁੱਟ ਕੇ ਖ਼ੂਬ ਲੜਾਉਂਦੀਆਂ ਵੋਟਾਂ।
ਆਪਣੀ ਮਸਤੀ ਜਿਉਂਦੇ ਲੋਕੀਂ,
ਘਰ ਘਰ ਸੱਥਰ ਵਿਛਾਉਂਦੀਆਂ ਵੋਟਾਂ।
ਬੌਣਾ ਲੱਗਦਾ ਭਾਈਚਾਰਾ,
ਮਾਤਮ ਧਾਹ ਮਰਵਾਉਂਦੀਆਂ ਵੋਟਾਂ।
ਰੀਝਾਂ ਮੰਗਾਂ ਵਲਵਲੇ ਲੋੜਾਂ,
ਦਿਲ ਦੇ ਅੰਦਰ ਦਬਾਉਂਦੀਆਂ ਵੋਟਾਂ।
ਚੁੱਪ ਸਿਆਸੀ ਆਲਮ ਤੱਕਦੈ,
ਖ਼ੂਨੀ ਤੋਹਫ਼ੇ ਵੰਡਾਉਂਦੀਆਂ ਵੋਟਾਂ।
ਚੌਵੀ ਨੇੜੇ ਵੇਖੀਂ ‘ਰਾਜਨ’,
ਰਾਜ ਭਾਗ ਬਦਲਾਉਂਦੀਆਂ ਵੋਟਾਂ।
ਸੰਪਰਕ: 98761-84954