ਗ਼ਜ਼ਲ
ਅਮਨ ਦਾਤੇਵਾਸੀਆ
ਤੈਨੂੰ ਜੰਗ ਦਾ ਚਾਅ ਓਏ ਸੱਜਣਾ।
ਤੈਨੂੰ ਜੰਗ ਦਾ ਭਾਅ ਓਏ ਸੱਜਣਾ।
ਪੀੜਤ ਧਿਰ ਜੰਗਬੰਦੀ ਚਾਹੁੰਦੀ,
ਤੈਨੂੰ ਕਾਹਦਾ ਤਾਅ ਓਏ ਸੱਜਣਾ।
ਧੱਕੇ ਨਾਲ ਤੂੰ ਅਦਲ ਕਰੇਂਦਾ,
ਮੁੱਢੋਂ ਤੇਰਾ ਸੁਭਾਅ ਓਏ ਸੱਜਣਾ।
ਮੰਨਿਆ ਤੂੰ ਹੈਂ ਵਿਸ਼ਵ ਦੀ ਸ਼ਕਤੀ,
ਬਣਦਾ ਫ਼ਰਜ਼ ਨਿਭਾਅ ਓਏ ਸੱਜਣਾ।
ਹਰ ਥਾਂ ਰਹਿੰਦਾ ਟੰਗ ਅੜਾਉਂਦਾ,
ਕਿਤੇ ਤਾਂ ਠੰਢ ਵਰਤਾਅ ਓਏ ਸੱਜਣਾ
।
ਜੇ ਦੋ ਭਾਂਡੇ ਨੇ ਤਾਂ ਖੜਕਣਗੇ ਹੀ,
ਜੰਗ ’ਚ ਨਾ ਉਲਝਾਅ ਓਏ ਸੱਜਣਾ।
ਹਥਿਆਰਾਂ ਦਾ ਕੋਈ ਮੂੰਹ ਨਾ ਮੱਥਾ,
ਕਿੱਧਰ ਵੀ ਹੋ ਜਾਏ ਝੁਕਾਅ ਓਏ ਸੱਜਣਾ।
ਪਰਦਾ ਚਾਕ ਹੋਈ ਸੀਰਤ ਤੇਰੀ,
ਕੁਝ ਤੇ ਤੂੰ ਸ਼ਰਮਾਅ ਓਏ ਸੱਜਣਾ।
ਭੁੱਖਿਆਂ ਦੀ ਕਦੇ ਭੁੱਖ ਨਾ ਉਤਰੇ,
ਖ਼ੁਦ ਨੂੰ ਨਾ ਹਲਕਾਅ ਓਏ ਸੱਜਣਾ।
ਤੂੰ ਗੱਲ ‘ਅਮਨ’ ਦੀ ਜੇ ਮੰਨ ਜਾਵੇਂ,
ਤੇਰਾ ਹੋ ਜਾਊ ਬਚਾਅ ਓਏ ਸੱਜਣਾ।
ਸੰਪਰਕ: 94636-09540
ਆਓ ਰੱਖੀਏ ਵਰਤ
ਜਗਦੇਵ ਸ਼ਰਮਾ ਬੁਗਰਾ
ਆਓ ਰੱਖੀਏ ਵਰਤ ਓਏ ਮਿੱਤਰੋ, ਆਓ ਰੱਖੀਏ ਵਰਤ
ਏਸ ਵਰਤ ਦੇ ਵਾਸਤੇ ਮਿੱਤਰੋ, ਮੇਰੀ ਇੱਕੋ ਹੀ ਸ਼ਰਤ
ਮੇਰੀ ਇੱਕੋ ਹੀ ਸ਼ਰਤ ਓਏ ਮਿੱਤਰੋ,
ਮੇਰੀ ਇੱਕੋ ਹੀ ਸ਼ਰਤ।
ਮੇਰੇ ਵਾਲਾ ਵਰਤ ਓਏ ਮਿੱਤਰੋ, ਥੋੜ੍ਹਾ ਜਿਹਾ ਅਵੱਲਾ
ਬਿਨਾ ਫੋਨ ਦੇ ਇੱਕ ਦਿਨ ਯਾਰੋ, ਰਹਿਣਾ ਪੈਣਾ ਕੱਲਾ
ਜੇਕਰ ਮੇਰੀ ਨਹੀਓਂ ਮੰਨਦੇ, ਜ਼ਿੰਦਗੀ ਹੋ ਜਾਊ ਨਰਕ
ਜ਼ਿੰਦਗੀ ਹੋ ਜਾਊ ਨਰਕ ਓਏ ਮਿੱਤਰੋ,
ਭੋਗੀ ਜਾਇਓ ਨਰਕ।
ਵਟਸਅੱਪ ਤੇ ਫੇਸਬੁੱਕ ਨੇ ਮੱਤ ਸਭਨਾਂ ਦੀ ਮਾਰੀ
ਗ੍ਰਾਮ ਇੰਸਟਾ ਅਤੇ ਟਵਿੱਟਰ, ਸਾਰਿਆਂ ਉੱਤੇ ਭਾਰੀ
ਕੋਈ ਸ਼ੱਕ ਨਹੀਂ ਏਸ ਫੋਨ ਨੇ, ਛੋਟੀ ਕਰਤੀ ਧਰਤ
ਛੋਟੀ ਕਰਤੀ ਧਰਤ ਓਏ ਮਿੱਤਰੋ,
ਸੁੰਗੜੀ ਸਾਡੀ ਧਰਤ।
ਟਿਕ ਟਿਕ ਕਰੇਂ ਮੋਬਾਇਲ ਦੇ ਉੱਤੇ, ਗਰਦਨ ਨਹੀਂ ਘੁੰਮਾਉਂਦਾ
ਖੱਟ ਲੈਂਦਾ ਸਰਵਾਈਕਲ ਨਾਲੇ ਛੇ ਬਾਈ ਛੇ ਤੋਂ ਜਾਂਦਾ
ਜਿਸ ਨੇ ਹੈ ਮੋਬਾਈਲ ਬਣਾਇਆ, ਉਸਦਾ ਬੇੜਾ ਗਰਕ
ਉਸਦਾ ਬੇੜਾ ਗਰਕ ਓਏ ਮਿੱਤਰੋ,
ਉਸਦਾ ਬੇੜਾ ਗਰਕ।
ਹੈਲੋ ਕੌਣ ਹੈ, ਹਾਂ ਜੀ ਮੈਂ ਹਾਂ, ਇਸ ਲਈ ਫੋਨ ਬਣਾਇਆ
ਭੁੱਲ ਕੇ ਸਾਰੇ ਰਿਸ਼ਤੇ ਨਾਤੇ, ਬੱਸ ਫੋਨ ਅਪਣਾਇਆ
ਬੱਚੇ ਬੁੱਢੇ ਚੋਬਰ ਨੱਢੀਆਂ, ਸਾਰੇ ਹੀ ਭੋਰਨ ਠਰਕ
ਸਾਰੇ ਹੀ ਭੋਰਨ ਠਰਕ ਓਏ ਮਿੱਤਰੋ,
ਸਾਰੇ ਭੋਰਦੇ ਠਰਕ।
ਧਰਮ ਆਸਥਾ ਪਿੱਛੇ ਲੱਗ ਕੇ, ਸਾਰਾ ਦਿਨ ਨਾ ਖਾਂਦੇ
ਆਰਾਮ ਦਿਵਾ ਕੇ ਅੰਤੜੀਆਂ ਨੂੰ, ਲੰਮੀਆਂ ਉਮਰਾਂ ਪਾਉਂਦੇ
ਓਹ ਪਾਛੇ ਪਛਤਾਉਂਦੇ, ਜਿਹੜੇ ਕਰਦੇ ਰਹਿੰਦੇ ਚਰਤ
ਛੱਡ ਦਿਓ ਕਰਨਾ ਚਰਤ ਓਏ ਮਿੱਤਰੋ,
ਆਓ ਰੱਖੀਏ ਵਰਤ।
ਵਿੱਚ ਮਹੀਨੇ ਅੱਠ ਪਹਿਰ ਲਈ, ਬੱਸ ਫੋਨ ਠੁਕਰਾ ਦਿਓ
ਹੌਲੀ ਹੌਲੀ ਵਿੱਚ ਹਫ਼ਤੇ ਦੇ ਇੱਕ ਵਰਤ ’ਤੇ ਆ ਜਿਓ
ਸਿਹਤਮੰਦ ਜੇ ਜਿਉਣੀ ਜ਼ਿੰਦਗੀ, ਫੋਨ ਨੂੰ ਪਾਈਏ ਖੜ੍ਹਤ
ਆਓ ਰੱਖੀਏ ਵਰਤ ਓਏ ਮਿੱਤਰੋ,
ਆਓ ਰੱਖੀਏ ਵਰਤ।
ਸੰਪਰਕ: 98727-87243
ਮਾਂ
ਸ਼ਕੁੰਤਲਾ ਚਿੱਬੜਾਂ ਵਾਲੀ
ਬੀਤੇ ਦਿਨ, ਮਾਂ ਨੂੰ ਯਾਦ ਹਾਂ ਕਰਦੀ
ਗੀਰ੍ਹਿਆਂ ’ਤੇ ਸੀ ਥੋਬੇ ਮੜ੍ਹਦੀ
ਗੇੜ ਗੁਆਂਢੋਂ ਘੜੇ ਸੀ ਭਰਦੀ
ਤਿੱਖੀ ਧੁੱਪੇ ਕਣਕਾਂ ਵੱਢਦੀ
ਕਦੇ ਨਾ ਅੱਕੀ ਕਦੇ ਨਾ ਥੱਕੀ
ਹੁਣ ਕਿਉਂ ਬਾਜ਼ੀ ਹਾਰੀ ਮਾਂ?
ਲਾਹੌਰ ਜਾਵਾਂ ਜਾਂ ਗੰਗਸਰ ਜਾਵਾਂ
ਕਿੱਥੋਂ ਤੈਨੂੰ ਢੂੰਡ ਲਿਆਵਾਂ?
ਸੁਪਨੇ ਵਿੱਚ ਹੀ ਮਿਲ ਲੈ ਹੱਸ ਕੇ
ਆਪਣਾ ਪਤਾ ਟਿਕਾਣਾ ਦੱਸ ਦੇ
ਅੱਲੇ ਜ਼ਖ਼ਮ ਦੀ ਪੀੜਾ ਲਿਖ ਕੇ
ਮੁੜਦੀ ਡਾਕ ’ਚ ਪਾਵਾਂ ਮਾਂ!
ਬਾਹਰੋਂ ਸੜੇ ਤਾਂ ਮੱਲ੍ਹਮ ਲਾਵਾਂ
ਉੱਬਲੇ ਦਿਲ ਤਾਂ ਕੀ ਸਮਝਾਵਾਂ
’ਕੇਰਾਂ ’ਵਾਜ਼ ਮਾਰ ਕੇ ਸੱਦੀਂ
ਸਹੁੰ ਤੇਰੀ ਨਾ ਜੁੱਤੀ ਪਾਵਾਂ
ਲੌਬੀ ਵਿੱਚ ਤੇਰੀ ਫੋਟੋ ਤੱਕੀ
ਅੱਡੀਆਂ ਰਹਿਗੀਆਂ ਬਾਹਾਂ ਮਾਂ!
ਗਿਆਰਾਂ-ਗਿਆਰਾਂ ਚਾਰ ਤਰੀਕਾਂ
ਤੇਰਾ ਮੂੰਹ ਦੇਖਣ ਨੂੰ ਤਰਸਾਂ
ਲੱਗਦਾ ਜਿਵੇਂ ਹੋ ਗਏ ਬਰਸਾਂ
ਚਾਅ ਅਧੂਰੇ ਕਿਵੇਂ ਮੈਂ ਜਰਸਾਂ
ਪਾ ਗਲ਼ਵੱਕੜੀ ਛੱਡਦੇ ਹਰਖਾਂ
ਕਿਉਂ ਨਿਰਮੋਹੀ ਹੋਈ ਮਾਂ?
ਲੰਬੀ ਜਾਪੇ ਮੁਕਤਸਰ ਦੂਰੀ
ਤੇਰੀ ਕਮੀ ਨਾ ਹੋਵੇ ਪੂਰੀ
ਬੁੱਕਲ ਵਿੱਚ ਲੁਕੋ ਨੀ ਅੰਮੀਏ
ਨਿਰਖਾਂ ਤੇਰਾ ਸੂਟ ਅੰਗੂਰੀ
ਸੰਘਣੀ ਛਾਂ ਜਦੋਂ ਸਿਰ ਤੋਂ ਉੱਠ ਜੇ
ਚੁੱਭਦਾ ਰੰਗ ਸੰਧੂਰੀ ਮਾਂ!
ਅੱਜ ਮੈਂ ਸਾਗ ਬਣਾਇਆ ਦੇਸੀ
ਪਾਇਆ ਪਾਲਕ, ਧਨੀਆ, ਮੇਥੀ
ਜਿਵੇਂ ਤੂੰ ਦੱਸਿਆ ਉਵੇਂ ਬਣਾਇਆ
ਕਿਸੇ ਨਾ ਆਖਿਆ ਬਹੁਤ ਕਰਾਰਾ
ਕਿਸੇ ਨਾ ਆਖਿਆ ਖ਼ੂਬ ਪਕਾਇਆ
ਤੇਰੀ ‘ਪਾਲੋ’ ਕੁੱਢਰ ਹੋਈ ਮਾਂ!
ਸੰਪਰਕ: 95015-01133
ਅੰਡਰਲਾਈਨ
ਰੂਪ ਸਤਵੰਤ ਸਿੰਘ
ਕਾਸ਼...
ਮੈਂ ਤੇਰੀ ਕਿਤਾਬ ਹੁੰਦੀ...!
ਤੂੰ ਪੜ੍ਹਦਾ... ਮੇਰਾ ਅੱਖਰ-ਅੱਖਰ
ਹਰਫ਼-ਹਰਫ਼ ਤੇ ਨੀਝ ਨਾਲ ਕਰਦਾ ਅੰਡਰਲਾਈਨ
ਮੇਰੀਆਂ ਸੱਧਰਾਂ ਦੇ ਅਰਥਾਂ ਨੂੰ।
ਨਾ ਗੁੰਝਲਦਾਰ ਫ਼ਲਸਫ਼ੇ,
ਨਾ ਤਿਰਛੇ ਫ਼ਿਕਰੇ ਤੇ ਡੂੰਘੇ ਅਲਫਾਜ਼ ਤਾਂ ਬਿਲਕੁਲ ਹੀ ਨਾ ਹੁੰਦੇ।
ਬੱਸ ...ਹੁੰਦੇ
ਕਿਸੇ ਇੱਲਤੀ ਜਵਾਕ ਦੇ ਹਾਸੇ ਵਰਗੇ
ਤੇਰੇ ਸਿੱਧੇ ਤੇ ਸਾਦੇ ਬੋਲ,
ਜੋ ਘੁਲ ਜਾਂਦੇ ਪਤਾਸਿਆਂ ਵਾਂਗ ਮੇਰੀ ‘ਆਰਜਾ’ ਦੇ ਨੀਰ ਵਿੱਚ
ਸਦਾ ਲਈ ...ਹਮੇਸ਼ਾ ਲਈ
ਜੇ ਇੰਜ ਹੁੰਦਾ ਤਾਂ ਸਹੁੰ ਤੇਰੀ...
ਮੈਂ ਉੱਥੇ ਹੀ ‘ਪੂਰੀ’ ਹੋ ਜਾਂਦੀ
ਤੂੰ ਜਿਹੜਾ ਵਰਕਾ ਮੋੜ ਦਿੰਦਾ।
ਸੰਪਰਕ: 81968-21300
ਕਹਿਣਾ ਸੌਖਾ
ਜਗਜੀਤ ਗੁਰਮ
ਕਹਿਣਾ ਸੌਖਾ ਦਿਲ ’ਤੇ ਪੱਥਰ ਧਰਿਆ ਨਹੀਂ ਜਾਂਦਾ
ਗੁਜ਼ਰ ਗਿਆਂ ਦੇ ਨਾਲ ਕਦੇ ਪਰ ਮਰਿਆ ਨਹੀਂ ਜਾਂਦਾ।
ਅਣਸਰਦੇ ਨੂੰ ਪੱਥਰ ਵੀ ਤਾਂ ਹੋਣਾ ਪੈਂਦਾ ਏ
ਹਰ ਵੇਲ਼ੇ ਹੀ ਲੂਣ ਦੇ ਵਾਂਗੂੰ ਖਰਿਆ ਨਹੀਂ ਜਾਂਦਾ।
ਤੁਪਕੇ ਤੁਪਕੇ ਨਾਲ ਸਮੁੰਦਰ ਭਰਦੇ ਹੋਣੇ ਆਂ
ਤੇਰਾ ਖੱਪਾ ਮੇਰੇ ਕੋਲੋਂ ਭਰਿਆ ਨਹੀਂ ਜਾਂਦਾ।
ਹੱਕਾਂ ਖ਼ਾਤਰ ਆਖ਼ਰ ਲੋਕੀਂ ਉੱਠ ਹੀ ਖੜ੍ਹਦੇ ਨੇ
ਹਰ ਵੇਲ਼ੇ ਤਾਂ ਧੱਕਾ ਵੀ ਫਿਰ ਜਰਿਆ ਨਹੀਂ ਜਾਂਦਾ।
ਇਸ਼ਕ ਸਮੁੰਦਰ ਵਿੱਚ ਇੱਕ ਵਾਰੀ ਡੁੱਬਣਾ ਪੈਂਦਾ ਹੈ
ਐਵੇਂ ਤਾਂ ਫਿਰ ਕੱਚੇ ਉੱਤੇ ਤਰਿਆ ਨਹੀਂ ਜਾਂਦਾ।
ਮੰਜ਼ਿਲ ਪਾਉਣ ਲਈ ਤਾਂ ਹਰ ਪਲ ਵਹਿਣਾ ਪੈਂਦਾ ਹੈ
ਤੂੰ ਕੀ ਜਾਣੇ ਤੇਰੇ ਪਿੰਡ ’ਚੋਂ ਦਰਿਆ ਨਹੀਂ ਜਾਂਦਾ।
ਠੇਡੇ ਖਾ ਕੇ ਆਖ਼ਰ ਜਦ ਸੰਭਲ ਕੋਈ ਜਾਵੇ
ਜਿੱਤਿਆ ਨਹੀਂ ਜਾਂਦਾ ਉਸ ਤੋਂ ਕੁਝ ਹਰਿਆ ਨਹੀਂ ਜਾਂਦਾ।
ਇੱਕ ਬੱਦਲੀ ਮੰਡਰਾਉਂਦੀ ਫਿਰਦੀ ਮਾਰੂਥਲ ਉੱਤੇ
ਉਸ ਤੋਂ ਵੀ ਲੱਗਦਾ ਹੈ ਏਥੇ ਵਰ੍ਹਿਆ ਨਹੀਂ ਜਾਂਦਾ।
ਇੱਕ ਵਾਰੀ ਜਦ ਸਾਂਝ ਦਿਲਾਂ ਵਿੱਚ ਪੈ ਜਾਵੇ ਕਿਧਰੇ
‘ਜਗਜੀਤ ਗੁਰਮ’ ਫੇਰ ਕਨਿਾਰਾ ਕਰਿਆ ਨਹੀਂ ਜਾਂਦਾ।
ਸੰਪਰਕ: 99152-64836
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਸਾਰੀ ਦੁਨੀਆਂ ਘੁੰਮ ਕੇ ਵੇਖੀ ਅਪਣੇ ਸ਼ਹਿਰ ਜਿਹਾ ਨਾ ਕੋਈ।
ਪਿੱਪਲ ਬੋਹੜ ਦੀ ਠੰਢੀ ਛਾਂ ਸਿਖਰ ਦੁਪਹਿਰ ਜਿਹਾ ਨਾ ਕੋਈ।
ਮੱਝਾਂ ਦੀਆਂ ਪੂਛਾਂ ਫੜ ਕੇ ਤਰਨਾ ਯਾਰਾਂ ਦੇ ਨਾਲ ਮਸਤੀ,
ਜੰਨਤ ਵਰਗੀ ਮਾਵਾਂ ਵਰਗੀ ਪਿੰਡ ਦੀ ਨਹਿਰ ਜਿਹਾ ਨਾ ਕੋਈ।
ਨਿਰ ਸਵਾਰਥ ਮੱਥਾ ਚੁੰਮਦੀ ਅਠਖੇਲੀ ਸਰਗੋਸ਼ੀ ਕਰਦੀ,
ਝਾਂਜਰ ਵਾਂਗੂੰ ਛਣ-ਛਣ ਕਰਦੀ ਸਜਰੀ ਲਹਿਰ ਜਿਹਾ ਨਾ ਕੋਈ।
ਇੱਕ ਬੁਲੰਦੀ ਅੰਬਰ ਵਾਲੀ ਮੇਰੀ ਹਰ ਇਕ ਗ਼ਜ਼ਲ ’ਚ ਦਿਸਦੀ,
ਇਸ ਵਿਚ ਸੱਤ ਸਮੁੰਦਰਾਂ ਨਾਲੋਂ ਡੂੰਘੀ ਗਹਿਰ ਜਿਹਾ ਨਾ ਕੋਈ।
ਸੰਤ ਫ਼ਕੀਰ ਵਲੀ ਸ਼ਾਇਰ ਆਸ਼ਕ ਅਪਣੇ ਕਰਦੇ ਨੇ ਕਾਰਜ,
ਅਧਿਆਤਮ ਦੀ ਸ਼ਕਤੀ ਵਾਲੇ ਪਹਿਲੇ ਪਹਿਰ ਜਿਹਾ ਨਾ ਕੋਈ।
‘ਬਾਲਮ’ ਇਸ ਵਿਚ ਲੋਅ ਦੀ ਸ਼ੁੱਧਤਾ ਤੇ ਰਾਗ ਸਮੁੰਦਰ ਗਹਿਰੇ,
ਸੋਲ੍ਹਾਂ ਰੁਕਣੀਂ ਗ਼ਜ਼ਲਾਂ ਵਿਚ ਮੁਤਦਾਰਿਕ ਬਹਿਰ ਜਿਹਾ ਨਾ ਕੋਈ।
ਸੰਪਰਕ: 98156-25409