ਗ਼ਜ਼ਲ
ਰਣਜੀਤ ਆਜ਼ਾਦ ਕਾਂਝਲਾ
ਦਿਲ ਦੇ ਦਰਦ ਛੁਪਾ ਉੱਤੋਂ ਉੱਤੋਂ ਹੱਸਦੇ ਹਾਂ।
ਦੁੱਖ ਸੁੱਖ ਦਾ ਸੰਤੁਲਨ ਬਣਾ ਕੇ ਰੱਖਦੇ ਹਾਂ।
ਜਿਹਦਾ ਵਿਹੜਾ ਖ਼ੁਸ਼ੀਆਂ ਸੰਗ ਭਰਿਆ ਹੈ,
ਉਸ ਘਰ ਦੀ ਖ਼ੈਰ ਮਨਾ ਦਿਲੋਂ ਨੱਚਦੇ ਹਾਂ।
ਨਾਲ ਗੱਦਾਰਾਂ ਯਾਰੀ ਬਹੁਤੀ ਪੁਗਦੀ ਨਾ,
ਐਸੇ ਸੱਜਣਾਂ ਤੋਂ ਦੂਰੀ ਬਣਾ ਕੇ ਰੱਖਦੇ ਹਾਂ।
ਸਿਆਣੇ ਦਾ ਕਿਹਾ ਅਉਲੇ ਦਾ ਖਾਧਾ ਜੀ,
ਪਿੱਛੋਂ ਸੁਆਦ ਚੱਖ ਮਿੰਨਾ ਮਿੰਨਾ ਹੱਸਦੇ ਹਾਂ।
ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾਂ ਹੁੰਦੈ ਕਿ,
ਸਮੇਂ ਸੰਗ ਸਦਾ ਸੁਰਤਾਲ ਮਿਲਾ ਕੇ ਰੱਖਦੇ ਹਾਂ।
ਜ਼ਿੰਦਗੀ ਦੀ ਢਲੀ ਦੁਪਹਿਰ ਮਹਿਸੂਸ ਕਰਕੇ ਹੀ,
ਅਪਣੇ ਆਪ ਨੂੰ ਬਚਾਅ ਬਚਾਅ ਕੇ ਰੱਖਦੇ ਹਾਂ।
ਇਹ ਮੇਲਾ ਦੁਨੀਆ ਦਾ ਹੈ ਚਾਰ ਦਿਹਾੜੇ ਜੀ,
ਰੈਣ ਗੁਜ਼ਾਰ ਟੁਰ ਜਾਣ ਦੀ ਲੋਚਾ ਰੱਖਦੇ ਹਾਂ।
‘ਆਜ਼ਾਦ’ ਏਸ ਦੁਨੀਆ ’ਤੇ ਪੈੜਾਂ ਕਰ ਜਾਣੈ,
ਰਿਸਦੇ ਜ਼ਖ਼ਮਾਂ ’ਤੇ ਮੱਲ੍ਹਮ ਲਗਾ ਕੇ ਰੱਖਦੇ ਹਾਂ।
ਸੰਪਰਕ: 95019-77814
ਗ਼ਜ਼ਲ
ਜਗਤਾਰ ਪੱਖੋ
ਪਾਟੀ ਕੰਨੀ ਆਇਆ ਪੱਤਰ, ਕੀ ਬੋਲਾਂ?
ਪੌਣਾਂ ਦੇ ਹੱਥੀਂ ਨੇ ਪੱਥਰ, ਕੀ ਬੋਲਾਂ?
ਰੰਜ਼ਿਸ਼ ਕਿੰਨੀ ਸ਼ਿੱਦਤ ਨਾਲ ਨਿਭਾਈ ਏ,
ਦੋਸਤ ਨਾਲੋਂ ਦੁਸ਼ਮਣ ਬਿਹਤਰ ਕੀ ਬੋਲਾਂ?
ਜੋਬਨ ਰੱਤੇ ਜੇਵਰ, ਸੱਭੇ ਲੱਥੇ ਨੇ,
ਨ ਬੋਰਾਂ ਜਿਉਂ ਸੁੰਨੀ ਝਾਂਜਰ, ਕੀ ਬੋਲਾਂ?
ਇੱਛਾ ਮਨ ਦੀ ਬੀਜਾਂ ਬੀਜ ਮੁਹੱਬਤ ਦੇ,
ਐਪਰ ਦਿਲ ਨਾ ਹੋਇਆ ਵੱਤਰ ਕੀ ਬੋਲਾਂ?
ਖੁਸ਼ਬੂ ਅੰਦਰ ਤੀਕਰ ਘੁਲ ਗਈ ਬੋਲਾਂ ਦੀ,
ਅੱਖਰ ਅੱਖਰ ਜਾਪੇ ਕੇਸਰ, ਕੀ ਬੋਲਾਂ?
ਜਾਣ ਗਿਆ ਸਭ ਨਬਜ਼ ਮਿਰੀ ਨੂੰ ਫੜਕੇ ਉਹ,
ਪੱਖੋ ਮਿਲਿਆ ਵੈਦ ਧਨੰਤਰ, ਕੀ ਬੋਲਾਂ?
ਸੰਪਰਕ: 94651-96946
* * *
ਜ਼ਖ਼ਮ ਅਵੱਲੇ
ਅਨੂਪਮਦੀਪ
ਸਦੀਆਂ ਨੇ ਹੁਣ ਤਾਂ ਬੀਤ ਗਈਆਂ,
ਟੁੱਟੀਆਂ ਭੱਜੀਆਂ ਹੱਡਬੀਤੀਆਂ ਨੂੰ।
ਸੀਨੇ ਵਿਚ ਉੱਠਦੀ ਹੂਕ ਨੂੰ ,
ਤੇ ਕਤਲ ਹੋਏ ਅਰਮਾਨਾਂ ਨੂੰ।
ਦਿਲ ਜ਼ਾਰ-ਜ਼ਾਰ ਇਹ ਰੋਂਦਾ ਸੀ,
ਨਿੱਤ ਖੱਟ ਨਵੇਂ ਘਸਮਾਨਾਂ ਨੂੰ।
ਇਕ ਯਾਦ ਪਲਾਂ ਦੀ ਰਹਿ ਗਈ ਹੈ,
ਰੂਹ ਅਜੇ ਵੀ ਹਾਉਕੇ ਭਰਦੀ ਹੈ।
ਲੱਗਦਾ ਸੀ ਭੁੱਲ ਗਈ ਹਾਂ ਸਭ,
ਜਿੰਦ ਨਵੇਂ ਰਾਹ ਨੂੰ ਪੈ ਗਈ ਹੈ।
ਇਹ ਵਲ-ਵਲੇਂਵੇਂ ਜੀਵਨ ਦੇ,
ਕਦੇ ਮੋੜ ਅਜਿਹਾ ਦੇ ਜਾਂਦੇ ਨੇ।
ਅਵਾਕ ਖੜ੍ਹੀ ਰਹਿ ਜਾਂਦੀ ਹਾਂ,
ਤੇ ਸੋਚਾਂ ਵਿਚ ਡੁੱਬ ਜਾਂਦੀ ਹਾਂ।
ਦੇਹਾਂ ਤੋਂ ਅੱਗੇ ਪੁੱਜੇ ਹੋਏ,
ਫੈਲੇ ਹੋਏ ਮਨ ਦੀਆਂ ਕਤਰਾਂ ਵਿੱਚ।
ਕਦੇ ਭਰ ਸਕਣਗੇ
ਇਹ ਜ਼ਖਮ ਅਵੱਲੇ!
ਸੰਪਰਕ: 90413-61321