ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗ਼ਜ਼ਲ

08:54 AM Jul 13, 2023 IST

ਰਣਜੀਤ ਆਜ਼ਾਦ ਕਾਂਝਲਾ
ਕੇਹੀ ਸੱਜਣਾ ਦੇ ਨਾਲ ਮੁਲਾਕਾਤ ਹੋ ਗਈ।
ਚਹੁੰ ਨੈਣਾਂ ਦੀ ਹੰਝੂ ਬਰਸਾਤ ਹੋ ਗਈ।
ਜਾਪਦਾ ਏ ਮੇਰਾ ਕੁਝ ਚੋਰੀ ਹੋ ਗਿਆ,
ਖਿੜੇ ਮੱਥੇ ’ਤੇ ਤਾਂ ਹੀ ਕਾਲ਼ੀ ਰਾਤ ਹੋ ਗਈ।
ਬੰਦਾ, ਬੰਦੇ ਨੂੰ ਕਿਸ ਤਰ੍ਹਾਂ ਖਾ ਜੋ ਰਿਹਾ,
ਕਿੰਨੀ ਮੰਦੀ ਤੇਰੀ ਦਾਤਾ ਕਾਇਨਾਤ ਹੋ ਗਈ।
ਸਦਾ ਯਾਦ ਰੱਖੋ ਸੱਚ ਨੂੰ ਛੁਪਾਉਣ ਵਾਲਿਉ,
ਖਿੰਡੇ ਕਾਮਿਆਂ ਦੀ ਇਕੱਤਰ ਜਮਾਤ ਹੋ ਗਈ।
ਅਗਾਂਹ ਟੁਰੇ ਚੱਲੋ ਹੌਸਲਾ ਬੁਲੰਦ ਕਰ ਕੇ,
ਨਾਲ ਖ਼ੁਸ਼ੀ ਦੇ ਚਹਿਕਦੀ ਪ੍ਰਭਾਤ ਹੋ ਗਈ।
ਵਿੱਚ ਸੁਪਨੇ ਦੇ ਇੱਕ ਉਹ ਨਿਸ਼ਾਨੀ ਦੇ ਗਿਆ,
ਅੱਖ ਖੁੱਲ੍ਹੀ ਤਾਂ ਚੋਰੀ ਉਹ ਸੌਗਾਤ ਹੋ ਗਈ।
ਕੰਨ ਫਰਕਦੈ ਨਿਮਾਣਾ ਕੋਈ ਯਾਦ ਕਰਦੈ,
ਕੇਹੀ ਸੁਪਨੇ ਦੇ ਵਿੱਚ ਮੁਲਾਕਾਤ ਹੋ ਗਈ।
ਲਾਏ ਪਿਆਰ ਵਾਲੇ ਬੂਟੇ ਤੋਂ ਜਿੰਦ ਵਾਰਦੇ,
ਆਏ ਬੂਰ ਉੱਤੇ ਕੇਹੀ ਬਰਸਾਤ ਹੋ ਗਈ।
ਹੁਣ ਕਰੇ ਕੀ ‘ਆਜ਼ਾਦ’ ਪਾਣੀ ਸਿਰੋਂ ਲੰਘਿਆ,
ਨਾਲ ਗ਼ਮਾਂ ਦੇ ਹਨੇਰੀ ਕਾਲ਼ੀ ਰਾਤ ਹੋ ਗਈ।
* * *

Advertisement

ਸਿਰਨਾਵਾਂ

ਗੁਰਦੀਪ ਢੁੱਡੀ
ਕਦੇ ਕਦੇ ਭੁੱਲ ਜਾਂਦਾ ਹਾਂ
ਟੂਟੀ ਛੱਡ ਵਹਿੰਦਾ ਪਾਣੀ
ਉਵੇਂ ਹੀ
ਜਿਵੇਂ ਭੁੱਲਦਾ ਹੈ ਆਪਣਾ ਹੀ
ਸਿਰਨਾਵਾਂ,
ਪਿੰਡ ਦੀ ਜੂਹ
ਆਪਣੀ ਔਕਾਤ
ਤੇ ਆਪਣੀ ਜ਼ਾਤ।
ਮਜਲਿਸ ਸਜਦੀ,
ਪੰਚ ਬੈਠਦੇ ਤੇ ਯਾਦ ਕਰਦੇ
ਸੰਤ ਜੀ ਦੀ ਉਚਾਰੀ ਬਾਣੀ।
ਇਹੀ ਕੁਝ ਤਾਂ ਲਿਖਿਐ,
ਭਾਰ ਢੋਹਣਾ ਤੇ ਸਤਿ-ਬਚਨ ਕਹਿਣਾ।
ਇਹੋ ਤਾਂ ਪਹਿਲੀ ਫੂਕ ਵੱਜੀ ਸੀ
ਕੰਨ ਵਿੱਚ
ਬਾਪੂ ਦੇ ਬਾਂਦਰਾਂ ਦੀ ਵਾਣੀ
ਆਪਣੇ ਹੀ ਅਰਥਾਂ ਵਿੱਚ।
ਜੁੱਗਾਂ-ਜੁਗਾਂਤਰਾਂ ਤੋਂ ਲਿਖੇ ਹੋਏ
ਵਿਹੁ ਮਾਤਾ ਦੇ ਅੱਖਰ।
‘ਲੈ ਭਲਾ ਇਹ ਵੀ ਕੋਈ ਬਦਲ ਸਕਦੈ!’
ਅੱਖਾਂ ਸਾਹਵੇਂ ਆ ਜਾਂਦੈ
ਨ੍ਹੇਰ ਗ਼ੁਬਾਰ।
ਤੇ ਕੰਨਾਂ ਵਿੱਚ ਭਰ ਜਾਂਦੈ
ਆਵੇ ’ਚੋਂ ਕੱਢਿਆ ਪਾਰਾ
ਤੇ ਜੀਭ ਨੂੰ ਹੋ ਜਾਂਦੈ
ਅਧਰੰਗ।
ਉਸ ਦੇ ਤਿਲ੍ਹਕਦੇ ਬੋਲ
ਤੇ ਪੈਰਾਂ ਦਾ ਖੜਾਕ ਸੁਣਕੇ
ਅੱਖਾਂ ਖੋਲ੍ਹਦਾ ਹਾਂ
ਤੇ ਕੁਝ ਅਕਸ ਉਭਰਦੇ ਹਨ
ਮੇਰੇ ਪਿਓ ਦੀ ਮਟਮੈਲ਼ੀ ਪੱਗ ਦੇ
ਵੱਟਾਂ ਵਰਗੇ।
ਮਾਂ ਦੇ ਪੈਰਾਂ ਦੀਆਂ ਪਾਟੀਆਂ
ਤੇ ਮੈਲ਼ ਨਾਲ ਭਰੀਆਂ
ਬਿਆਈਆਂ ਵਰਗੇ।
ਭੈਣ ਦੇ ਸਿਰ ’ਤੇ ਰੱਖੀ ਘਾਹ
ਦੀ ਪੰਡ ਵਰਗੇ।
ਭਾਈਆਂ ਦੇ ਦਿੱਤੇ
ਜੂਲ਼ੇ ਹੇਠਾਂ ਸਿਰ ਵਰਗੇ।
ਅੱਖ ਖੁੱਲ੍ਹਦੀ ਹੈ
ਤੇ ਮੇਰੇ ਪੈਰ
ਪੁੱਟੇ ਜਾਂਦੇ ਹਨ
ਆਪਮੁਹਾਰੇ
ਅੰਨ੍ਹੀ ਖੂਹੀ ਦੀ ਮੌਣ ਵੱਲ,
ਡਿਗੂੰ ਡਿਗੂੰ ਕਰਦੇ ਖੰਡਰ ਬਣੇ ਘਰ ਵੱਲ।
ਸਹਿਵਨ ਹੀ ਯਾਦ ਆਉਂਦਾ ਹੈ
ਗੁੰਮ ਹੋਇਆ ਮੇਰਾ ਸਿਰਨਾਵਾਂ।
ਸੰਪਰਕ: 95010-20731
* * *

ਅਧੂਰੇ ਲੋਕ

ਮੁਹੰਮਦ ਅੱਬਾਸ ਧਾਲੀਵਾਲ
ਦੂਹਰੇ ਮਿਆਰ, ਕਿਰਦਾਰ ਨਾ ਪੂਰੇ ਨੇ
ਝੂਠੜੇ ਪਿਆਰ, ਸਤਿਕਾਰ ਨਾ ਪੂਰੇ ਨੇ
ਮੂੰਹਾਂ ਤੇ ਸ਼ਹਿਦ, ਦਿਲਾਂ ’ਚ ਜ਼ਹਿਰ ਨੇ
ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ...

Advertisement

ਲਿਖਦੇ ਨੇ ਕੁਝ, ਪੜ੍ਹਦੇ ਨੇ ਕੁਝ
ਕਹਿੰਦੇ ਨੇ ਕੁਝ, ਕਮਾਉਂਦੇ ਨੇ ਕੁਝ
ਸੋਚਦੇ ਨੇ ਕੁਝ, ਭਾਸਰਦੇ ਨੇ ਕੁਝ
ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ...

ਝੂਠੇ ਇਹ ਹਾਸੇ ਨੇ ਤੇ ਹਉਕੇ ਵੀ ਝੂਠੇ ਨੇ
ਝੂਠੇ ਇਹ ਤਾਅਨੇ ਤੇ ਮਿਹਣੇ ਵੀ ਝੂਠੇ ਨੇ
ਝੂਠੇ ਇਹ ਬੋਲ ਨੇ ਤੇ ਰੋਲ ਵੀ ਝੂਠੇ ਨੇ
ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ...

ਝੂਠੀਆਂ ਇਹ ਆਨਾਂ ਨੇ ਤੇ ਝੂਠੀਆਂ ਈ ਸ਼ਾਨਾਂ ਨੇ
ਝੂਠੀਆਂ ਇਹ ਉਸਤਤਾਂ ਨੇ ਤੇ ਝੂਠੀਆਂ ਆਲੋਚਨਾ ਨੇ
ਕੱਦ ਦੇ ਉੱਚੇ ਤੇ ਸੋਚਾਂ ਦੇ ਬੌਣੇ ਨੇ
ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ...

ਲੋੜ ਪੈਣ ’ਤੇ ਨੇੜੇ ਇਹ ਲੱਗਦੇ ਨੇ
ਜ਼ਰੂਰਤ ਕਿਸੇ ਦੀ ਤੋਂ ਪਾਸਾ ਇਹ ਵੱਟਦੇ ਨੇ
ਕਿਸੇ ਦੇ ਵੀ ਇਹ ਸਕੇ ਨਾ ਲੱਗਦੇ ਨੇ
ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ...

ਅਹਿਸਾਨ ਕਿਸੇ ਦਾ ਜ਼ਰਾ ਨਾ ਮੰਨਦੇ ਨੇ
ਸ਼ੁਕਰਾਨਾ ਕਿਸੇ ਦਾ ਭੋਰਾ ਨਾ ਕਰਦੇ ਨੇ
ਕਿਸੇ ਦੀ ਤਰੱਕੀ ਨੂੰ ਜ਼ਰਾ ਨਾ ਜਰਦੇ ਨੇ
ਕੁਝ ਲੋਕ ਪੂਰੇ ਨ੍ਹੀਂ, ਅਸਲੋਂ ਅਧੂਰੇ ਨੇ...
ਸੰਪਰਕ: 98552-59650
* * *

ਗ਼ਜ਼ਲ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਮੰਜ਼ਿਲ ਅਕਸਰ ਮਿਲਦੀ ਹੁੰਦੀ ਜਾ ਔਕੜ ਤੋਂ ਪਾਰ ਹੀ।
ਜਿੱਤ ਦਾ ਸਿਹਰਾ ਪਰ ਬੰਨ੍ਹਦੀ ਹੈ ਬੰਦੇ ਦੀ ਰਫ਼ਤਾਰ ਹੀ।

ਹਮਾਤੜ ਲੋਕ ਸਿਆਣੇ ਹੁੰਦੇ ਇਸ ਗੱਲ ਦਾ ਇਹ ਉੱਤਰ ਹੈ,
ਸਦਾ ਸਿਆਣੇ ਕਰਦੀ ਵੇਖੀ ਇਹ ਸਮਿਆਂ ਦੀ ਮਾਰ ਹੀ।

ਕਦੇ ਮੁਸਾਫ਼ਿਰ ਉਹ ਨਹੀਂ ਵੇਖੇ ਜਾ ਟੀਸੀ ’ਤੇ ਪੁੱਜਦੇ ਮੈਂ,
ਚੱਲਦੇ ਜਿਹੜੇ ਅਰਦਲੀਆਂ ਨੂੰ ਆਪਣਾ ਦੇ ਕੇ ਭਾਰ ਹੀ।

ਬੰਦਾ ਵੱਡਾ ਉਹ ਨਹੀਂ ਹੁੰਦਾ ਜਿਸ ਕੋਲ ਵੱਡੀ ਦੌਲਤ ਏ,
ਬੰਦੇ ਨੂੰ ਹੈ ਵੱਡਾ ਕਰਦਾ ਇੱਕ ਉਸ ਦਾ ਕਿਰਦਾਰ ਹੀ।

ਹੱਕ-ਸੱਚ ਦੀ ਰਾਹ ’ਤੇ ਚੱਲੀਂ ਛੱਡਦੇ ਫ਼ਿਕਰ ਜ਼ਮਾਨੇ ਦਾ,
ਮਤਲਬਖੋਰ ਹਜ਼ਾਰਾਂ ਨਾਲੋਂ ਸੱਚੇ ਬਿਹਤਰ ਚਾਰ ਹੀ।

ਰਹਬਿਰ, ਮੁਰਸ਼ਿਦ ਹੋ ਨਹੀਂ ਸਕਦਾ ਜੋ ਦੂਜੇ ਤੋਂ ਸੜਦਾ ਏ,
ਰੱਬ ਦੇ ਬੰਦੇ ਤਾਂ ਵੇਂਹਦੇ ਨੇ ਸਭ ਦੁਨੀਆਂ ਇਕਸਾਰ ਹੀ।
ਆਪਣਾ-ਆਪ ਛੁਪਾ ਲੈਂਦਾ ਹੈ ਬੇਸ਼ੱਕ ਬੰਦਾ ਪਰਦੇ ’ਨਾ,
ਬੰਦੇ ਬਾਰੇ ਦੱਸ ਦਿੰਦਾ ਹੈ ਪਰ ਉਸ ਦਾ ਵਿਵਹਾਰ ਹੀ।
ਐਰਾ-ਗੈਰਾ ਟਿਕ ਨਹੀਂ ਸਕਦਾ ਸੌ ਦਾਅਵਾ ਉਹ ਕਰਦਾ ਏ,
‘ਪਾਰਸ’ ਖੜ੍ਹਨ ਤੂਫ਼ਾਨਾਂ ਅੱਗੇ ਬੰਦੇ ਜੋ ਦਮਦਾਰ ਹੀ।
ਸੰਪਰਕ: 99888-11681
* * *

ਅਣਗੌਲੇ ਮੁੱਦੇ

ਅਮਰਜੀਤ ਸਿੰਘ ਫ਼ੌਜੀ
ਇਹ ਸਭ ਦੇ ਨੇ ਸਾਂਝੇ ਹੁੰਦੇ
ਛੱਪੜ ਥੜ੍ਹੇ ਤੇ ਪਿੰਡ ਦੀਆਂ ਸੱਥਾਂ
ਜੋ ਇਨ੍ਹਾਂ ’ਤੇ ਕਾਬਜ਼ ਹੋ ਜਾਏ
ਰੁਲ ਜਾਂਦਾ ਏ ਉਹ ਵਿੱਚ ਕੱਖਾਂ!

ਜਨਤਕ ਰਾਹ ਖਾਲ਼ ਤੇ ਪਹੀਆਂ
ਸ਼ਾਮਲਾਟ ਵੀ ਰੋਕੀ ਕਈਆਂ
ਲੈਣੇ ਦੇ ਸੀ ਦੇਣੇ ਪੈ ਗਏ
ਫੜੇ ਦੇਖੇ ਮੈਂ ਸਿਰ ਵਿੱਚ ਹੱਥਾਂ!

ਪਿੱਪਲ ਬੋਹੜ ਤੂਤ ਟਾਹਲੀਆਂ
ਕਿੱਕਰਾਂ ਨਿੰਮਾਂ ਡੇਕ ਬਰੋਟੇ
ਚੋਰੀ ਜੋ ਰੁੱਖਾਂ ਨੂੰ ਵੱਢਦੇ
ਰੁਲਦੇ ਫਿਰਦੇ ਦੇਖੇ ਲੱਖਾਂ!

ਆਓ ਸਾਰੇ ਹਾਮੀ ਭਰੀਏ
ਇਨ੍ਹਾਂ ਦੀ ਹੁਣ ਰਾਖੀ ਕਰੀਏ
ਖੂਹ ਟੋਭੇ ਤੇ ਚਰਾਂਦ ਬਚਾਕੇ
ਹੁਣ ਤੋਂ ਚਲੀਏ ਵੱਖਰੇ ਪੱਥਾਂ!

ਫ਼ੌਜੀਆ ਤੂੰ ਵੀ ਬਣਜਾ ਸਿਆਣਾ
ਨਾਲ ਨ੍ਹੀਂ ਕੁਝ ਵੀ ਲੈ ਕੇ ਜਾਣਾ
ਹੱਕ ਪਰਾਇਆ ਖਾਣੋ ਹਟ ਜਾ
ਮਾੜਾ ਹੁੰਦੈ ਤੈਨੂੰ ਦੱਸਾਂ।
* * *

ਮੈਂ ਭਾਸ਼ਾ ਬੋਲਦੀ ਹਾਂ

ਨਰਿੰਦਰ ਪਾਲ ਸਿੰਘ
ਮੈਂ ਭਾਸ਼ਾ ਬੋਲਦੀ ਹਾਂ
ਗਿਆਨ ਮੇਰੇ ਗਰਭ ਦਾ ਸੂਰਜ
ਕਿਣਕਾ ਕਿਣਕਾ ਧੁਨੀ ਚਿਤਰ ਜੋੜ ਕੇ
ਮੈਂ ਆਪਣਾ ਪਰਿਵਾਰ ਸਜਾਇਆ

ਨੀਰਸ ਖਰਵੇ ਉਚਾਰਾਂ ਵਿੱਚ
ਨਾਦ ਬਿੰਬ ਤੇ ਰਾਗ ਰਮਾਇਆ
ਮੇਰੇ ਮਾਪੇ ਧਰਤੀ ਜਾਏ
ਵਣ ਤ੍ਰਿਣ ਮਉਲੇ
ਭਾਂਤ ਭਾਂਤ ਦੇ ਸਾਜ ਬਣਾਏ
ਜਦ ਵੀ ਇਹ ਧਰਤੀ ਹਿੱਲੀ
ਜਰਵਾਣਿਆਂ ਅੰਗਾਰ ਬਰਸਾਏ

ਨਿਰਮਲ ਪਾਣੀ ਦੀਆਂ ਛੱਲਾਂ
ਮੇਰੇ ਪੁੱਤਾਂ ਭੰਡਾਰ ਲਗਾਏ
ਅਗੰਮੀ ਬੋਲਾਂ ਵਿੱਚ
ਰੂਹ ਦਾ ਕੱਜਣ ਭਰਕੇ
ਬੇਰੂਹੇ ਝੰਜੋੜ ਜਗਾਏ

ਮੇਰੇ ਅੱਖਰਾਂ ਵਿੱਚ ਪ੍ਰਚੰਡ ਜਵਾਲਾ
ਤੱਤੀਆਂ ਤਵੀਆਂ ਸੂਲਾਂ ਸਲੀਬਾਂ
ਗਲੀ ਮੇਰੀ ਦੇ ਮੀਲ ਪੱਥਰ

ਵੱਗਦੇ ਵੱਗਦੇ ਅੱਖਰਾਂ ਵਿੱਚੋਂ ਯੁੱਗ ਪਲਟਿਆ
ਮੇਰਿਆਂ ਜਾਇਆਂ

ਇੱਕ ਅੱਖਰ ਜਾਤ ਬਣਾਈ
ਕੜਿਆਂ ਕੇਸਾਂ ਤੇ ਤ੍ਰਿਸ਼ੂਲਾਂ ਦਾ ਸ਼ਿੰਗਾਰ ਕਰਾਕੇ
ਅੱਖਰ ਵਣਜ ਦੀ ਪਤ ਲਾਕੇ
ਰੋਹ ਦੀ ਚਿਣਗ ਭਖਾ ਕੇ
ਬੋਲਣਹਾਰੇ ਵੰਡੇ

ਫਿਰ ਚੱਲੀ ਜ਼ਰਖ਼ੇਜ਼ ਧਰਤੀਆਂ ਦੀ
ਸੁਨਹਿਰੀ ਝਾਲ
ਊੜੇ ਐੜੇ ਹੋਣ ਲੱਗੇ ਲੋਪ
ਭੁੱਖ ਭਾਸ਼ਾ ਤੇ ਰੋਟੀ ਦੀ ਵਿਆਕਰਣ ਉਲਝੀ
ਮੇਰਿਆਂ ਜਾਇਆਂ ਮੇਰੇ ਵੱਲ ਪਿੱਠ ਕੀਤੀ
ਮੈਂ ਚੁੱਪਚਾਪ ਠੰਢਾ ਹਉਕਾ ਭਰਿਆ
ਮੇਰੇ ਆਪਣੇ ਇਹ ਬੇਦਾਵਾ
ਕਿਹੜੀ ਭਾਸ਼ਾ ਵਿੱਚ ਲਿਖ ਗਏ?
ਈ-ਮੇਲ: nps.gnkc@gmail.com
* * *

ਜੇ ਨਾ ਵਕਤ ਸਾਂਭਿਆ

ਗੁਰਮੀਤ ਸਿੰਘ ਹਮੀਰਗੜ੍ਹ
ਨਾ ਸਾਹ ਲੈਣ ਲਈ ਹਵਾ ਬਚੀ, ਨਾ ਪੀਣ ਲਈ ਪਾਣੀ,
ਜੇ ਨਾ ਵਕਤ ਸਾਂਭਿਆ ਲੋਕੋ, ਹੋ ਜਾਊ ਖ਼ਤਮ ਕਹਾਣੀ।

ਬਾਪੂ ਫਿਰਦਾ ਲੀਡਰਾਂ ਖਾਤਰ ਉੱਚੀ ਨਾਹਰੇ ਲਾਉਂਦਾ,
ਇੱਥੇ ਕੁਝ ਨਹੀਂ ਜਾਓ ਕਨੇਡਾ, ਬੱਚਿਆਂ ਨੂੰ ਸਮਝਾਉਂਦਾ,
ਵਿੱਚ ਵਿਦੇਸ਼ਾਂ ਡਾਲਰਾਂ ਖਾਤਰ, ਰੁਲਦੀ ਫਿਰੇ ਜਵਾਨੀ।
ਜੇ ਨਾ ਵਕਤ ਸਾਂਭਿਆ ਲੋਕੋ...

ਲੀਡਰ ਮੁੱਕਰੇ ਵਾਅਦੇ ਕਰਕੇ, ਝੂਠੀਆਂ ਸਹੁੰਆਂ ਖਾ ਕੇ,
ਪੰਜ ਸਾਲਾਂ ਬਾਅਦ ਲੁੱਟ ਲੈਂਦੇ ਨੇ, ਸੁਪਨੇ ਨਵੇਂ ਦਿਖਾ ਕੇ,
ਤਾਂ ਹੀ ਹੱਕ ਲੈਣ ਲਈ ਸੜਕਾਂ ’ਤੇ ਆ ਬੈਠੀ ਕਿਰਸਾਨੀ।
ਜੇ ਨਾ ਵਕਤ ਸਾਂਭਿਆਂ ਲੋਕੋ...

ਧੀ ਬਚਾਓ-ਧੀ ਪੜ੍ਹਾਓ, ਨਾਹਰੇ ਕੰਧਾਂ ਉੱਤੇ ਰਹਿ ਗਏ,
ਰੂੜ੍ਹੀਆਂ ’ਤੇ ਭਰੂਣ ਮਿਲਦੇ, ਲੋਕੀਂ ਕਿਹੜੇ ਰਾਹੀਂ ਪੈ ਗਏ।
ਕੁੱਖਾਂ ਵਿੱਚ ਹੀ ਮਾਰ ਕੇ, ਕਰ ਦਿੰਦੇ ਖ਼ਤਮ ਕਹਾਣੀ।
ਜੇ ਨਾ ਵਕਤ ਸਾਂਭਿਆ ਲੋਕੋ...

ਥਾਂ-ਥਾਂ ਬੈਠੇ ਬਾਬੇ, ਜਾਂਦੇ ਕਾਵਾਂ-ਰੌਲੀ ਪਾਈ,
ਧਰਮ ਕਰਮ ਰਿਹਾ ਨਾ ਇੱਥੇ, ਜਾਂਦੇ ਕਰੀ ਕਮਾਈ,
ਕੋਈ ਸੱਚ ਆਖੇ ਨਾ, ਜੋ ਲਿਖਿਆ ਵਿੱਚ ਗੁਰਬਾਣੀ।
ਜੇ ਨਾ ਵਕਤ ਸਾਂਭਿਆ ਲੋਕੋ...

ਗੱਭਰੂ ਪੁੱਤ ਨਸ਼ਿਆਂ ਨੇ ਖਾ ਲਏ, ਬਾਕੀ ਜਹਾਜ਼ੀਂ ਚੜ੍ਹ ਗਏ,
ਬੁੱਢੇ ਮਾਪੇ ਪਏ ਕਰਨ ਉਡੀਕਾਂ, ਸਭ ਸੁੰਨੇ ਕਰ ਕੇ ਘਰ ਗਏ,
ਚੁੱਲ੍ਹਿਆਂ ਦੇ ਵਿੱਚ ਘਾਹ ਉੱਗੇ, ਘਰਾਂ ’ਤੇ ਛਾਈ ਵੀਰਾਨੀ।
ਜੇ ਨਾ ਵਕਤ ਸਾਂਭਿਆ ਲੋਕੋ...

ਅਜੇ ਵੀ ਸੰਭਲੋ ਲੋਕੋ, ਹੱਥ ਅਕਲ ਨੂੰ ਮਾਰੋ,
ਕੀ ਕੁਝ ਗਵਾ ਲਿਆ, ਬਹਿ ਕੇ ਸੋਚ ਵਿਚਾਰੋ।
ਅਜਾਈਂ ਚਲੀ ਨਾ ਜਾਵੇ ਭਗਤ-ਸਰਾਭੇ ਦੀ ਕੁਰਬਾਨੀ।
ਜੇ ਨਾ ਵਕਤ ਸਾਂਭਿਆ ਲੋਕੋ...
ਸੰਪਰਕ: 98723-57814

Advertisement