ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਸੁਰਖ਼ ਨਿਗਾਹਾਂ ਦੇ ਵਿਚ ਡੋਰੇ ਲਗਦੇ ਨੇ ਕਮਜ਼ੋਰ ਜਿਹੇ।
ਅੰਬਰ ਵਿੱਚੋਂ ਟੁੱਟੀ ਗੁੱਡੀ ਦੀ ਲਹਿਰਾਉਂਦੀ ਡੋਰ ਜਿਹੇ।
ਚੰਨ ਦੇ ਚਾਨਣ ਤਾਰੇ ਲੈ ਕੇ ਚੁੱਪ ਚੁਪੀਤੀ ਰਲ ਮਿਲ ਕੇ,
ਸੰਨ੍ਹ ਲਗਾ ਕੇ ਰਾਤਾਂ ਅੰਦਰ ਚੋਰੀ ਕਰਦੇ ਚੋਰ ਜਿਹੇ।
ਮੇਰੀ ਹੋਂਦ ’ਚ ਨਿਕਲੇ ਨੇ ਜੋ ਹੋਂਦ ਮਿਰੀ ਦੇ ਪਰਛਾਵੇਂ,
ਸ਼ਾਮ ਢਲੇ ਨੂੰ ਦਿਸਦੇ ਨੇ ਜੋ ਹੋਰਾਂ ਵਰਗੇ ਹੋਰ ਜਿਹੇ।
ਤੇਰੀਆਂ ਯਾਦਾਂ ਵਾਲੇ ਝੁਰਮਟ ਏਦਾਂ ਫੇਰਾ ਪਾਉਂਦੇ ਨੇ,
ਜੰਗਲ ਦੇ ਵਿਚ ਖੰਭ ਫਿਲਾ ਕੇ ਬੈਠੇ ਨੇ ਜਿਉਂ ਮੋਰ ਜਿਹੇ।
ਬੀਤੇ ਸਮਿਆਂ ਦੇ ਜੰਗਲ ਵਿਚ ਮੇਰੀ ਜੰਨਤ ਵਿਚ ਨਜ਼ਾਰੇ,
ਹਿਰਨ ਕੁਲਾਚੇ ਭਰਦੇ ਵੇਖੇ ਬਿਲਕੁਲ ਤੇਰੀ ਤੋਰ ਜਿਹੇ।
ਮਾਰੂਥਲ ਦੇ ਚਿਹਰੇ ਉੱਤੇ ਮਾਯੂਸੀ ਦਾ ਆਲਮ ਸੀ,
ਬਿਨ ਬਾਰਿਸ਼ ਦੇ ਚੜ੍ਹ ਕੇ ਆਏ ਬੱਦਲ ਸੀ ਘਨਘੋਰ ਜਿਹੇ।
ਨਾ ਕੋਈ ਮੇਰੇ ਲਾਗੇ ਚਾਗੇ ਨਾ ਕੋਈ ਦੂਰ ਦੁਰਾਡੇ,
ਖ਼ਬਰੇ ਕਿੰਝ ਸੁਣਾਈ ਦੇਵਣ ਕੰਨਾਂ ਦੇ ਵਿੱਚ ਸ਼ੋਰ ਜਿਹੇ।
ਏਕੇ ਵਾਲੀ ਬਰਕਤ ਕਰਕੇ ਭਾਰੀ ਬੋਝ ਉਠਾ ਲੈਂਦੇ,
ਵੇਖਣ ਨੂੰ ਤਾਂ ਲਗਦੇ ਸੀ ਕੀੜੀ ਦੇ ਝੁੰਡ ਕਮਜ਼ੋਰ ਜਿਹੇ।
ਫਿਰ ਵਿੱਚ ਬਹਾਰਾਂ ਅਪਣੇ ਰੰਗ ਰੂਪ ਚ ਵੱਖਰੇ ਨੇ,
ਬੇਸ਼ਕ ਇਹ ਖ਼ੁਸ਼ਬੂ ਨਈਂ ਰੱਖਦੇ ਚਾਅ ਮੇਰੇ ਇਹ ਥੋਰ੍ਹ ਜਿਹੇ।
ਰਾਤੀਂ ਕਿੱਥੋਂ ਆਇਆ ਸੀ ਤੂੰ ਗੱਲਾਂ ਕਿੰਝ ਦੀਆਂ ਕਰਦਾ ਸੀ,
ਬਾਲਮ ਤੇਰੇ ਕਦਮ ਇਵੇਂ ਸੀ ਮੈਖ਼ਾਨੇ ਦੀ ਲੋਰ ਜਿਹੇ।
ਸੰਪਰਕ: 98156-25409
* * *
ਗ਼ਜ਼ਲ
ਜਗਜੀਤ ਗੁਰਮ
ਚੁਣੌਤੀਆਂ ਖਿੜੇ ਮੱਥੇ ਨਾ ਹੁਣ ਸਵੀਕਾਰ ਕਰਦੇ ਨੇ
ਮਿਲੇ ਮੌਕਾ ਜਦੋਂ ਵੀ ਲੋਕ ਪਿੱਠ ’ਤੇ ਵਾਰ ਕਰਦੇ ਨੇ।
ਸ਼ੁਕਰ ਰੱਬ ਦਾ ਮੈਂ ਕੰਡਾ ਹਾਂ ਬੜਾ ਬਦਨਾਮ ਹਾਂ ਤਾਂ ਕੀ
ਉਰ੍ਹੇ ਤਾਂ ਲੋਕ ਫੁੱਲਾਂ ਦਾ ਵੀ ਬਹੁਤ ਵਪਾਰ ਕਰਦੇ ਨੇ।
ਜਦੋਂ ਡੁੱਬਣ, ਜਦੋਂ ਭੁੱਜਣ ਉਲਾਂਭੇ ਦੇਣ ਅੰਤਾਂ ਦੇ
ਖ਼ੁਦਾ ਕਦ ਯਾਦ ਹੁੰਦਾ ਲੋਕ ਜਦ ਵੀ ਪਿਆਰ ਕਰਦੇ ਨੇ।
ਤਲ਼ੀ ਤੇ ਸੀਸ ਨੂੰ ਧਰ ਕੇ ਪਵੇਗਾ ਆਪ ਸਭ ਕਹਿਣਾ
ਨਾ ਸੋਹਣੇ ਪਿਆਰ ਦਾ ਪਹਿਲਾਂ ਕਦੇ ਇਜ਼ਹਾਰ ਕਰਦੇ ਨੇ।
ਮੈਂ ਦੁਸ਼ਮਣ ਨੂੰ ਹਰਾ ਦਿੰਨਾ ਅਸਾਨੀ ਨਾਲ ਹਰ ਵਾਰੀ
ਮੈਂ ਹਰ ਜਾਵਾਂ ਜਦੋਂ ਦੁਸ਼ਮਣ ਦੇ ਵਾਂਗੂੰ ਯਾਰ ਕਰਦੇ ਨੇ।
ਕਈ ਵਾਰੀ ਮੈਂ ਅੱਖੀਂ ਤੱਕਿਆ ਇਜ਼ਹਾਰ ਸੋਹਣੇ ਦੇ
ਬੜੇ ਵਿਸ਼ਵਾਸ ਵਿੱਚ ਲਬਾਂ ਤੋਂ ਪਰ ਇਨਕਾਰ ਕਰਦੇ ਨੇ।
ਤੇਰੇ ਲਾਰੇ, ਤੇਰੇ ਵਾਅਦੇ, ਮੁੜੇ ਤੋਹਫ਼ੇ, ਪੁਰਾਣੇ ਖ਼ਤ
‘ਗੁਰਮ’ ਨੂੰ ਸਭ ਇਕੱਠੇ ਹੋ ਕੇ ਖੱਜਲ਼ ਖੁਆਰ ਕਰਦੇ ਨੇ।
ਸੰਪਰਕ: 99152-64836
* * *
ਗ਼ਜ਼ਲ
ਕੇ.ਐੱਸ. ਅਮਰ
ਸਾਂਝ ਸਦੀਵੀਂ ਜੱਚਦੀ ਸੋਹਣੇ ਯਾਰਾਂ ਦੀ
ਜੋੜੀ ਬੜੀ ਹੀ ਫੱਬਦੀ ਏ ਦਿਲਦਾਰਾਂ ਦੀ।
ਪ੍ਰੀਤ ਸੁਨੇਹਾ ਦਿੰਦੀ ਸਭ ਨੂੰ ਕਹਿੰਦੀ ਏ
ਮਹਿਫ਼ਲ ਤੇਰੀ ਲੱਗਦੀ ਮੌਜ ਬਹਾਰਾਂ ਦੀ।
ਜੋਬਨ ਰੁੱਤੇ ਫੁੱਲਾਂ ਦੀ ਫੁੱਲਵਾੜੀ ਵਿੱਚ
ਮਹਿਕ ਬੜੀ ਹੀ ਜੱਚਦੀ ਏ ਗੁਲਨਾਰਾਂ ਦੀ।
ਦੁੱਖ ਵੇਲੇ ਜੇ ਸਾਂਝ ਜਤਾਵੇਂ ਮਿੱਤਰਾ ਵੇ
ਸਾਂਝ ਹੀ ਦੱਸਦੀ ਯਾਰੀ ਏ ਸਰਦਾਰਾਂ ਦੀ।
ਵਿੱਚ ਇਸ਼ਕ ਦੇ ਹੀਰ ਸਲੇਟੀ ਹੋ ਗਈ ਜਦ
ਨਾਲ ਚਾਕ ਦੇ ਬਣ ਗਈ ਹੀਰ ਹਜ਼ਾਰਾਂ ਦੀ।
ਇਸ਼ਕ ਮੂਲ ਵਿੱਚ ਪਿੱਛੇ ਮੁੜਦੇ ਆਸ਼ਕ ਨਾ
ਦੁਨੀਆ ਭੁੱਖੀ ਉਨ੍ਹਾਂ ਦੇ ਦੀਦਾਰਾਂ ਦੀ।
ਮੁਹੱਬਤ ਵਿੱਚ ਹੀ ਜ਼ਿੰਦਗੀ ਨੂੰ ਰੁਸ਼ਨਾ ਲੈਣਾ ਤੂੰ
ਅਮਰ ਹੈ ਲੱਗਦੀ ਚੰਗੀ ਖੇਡ ਪਿਆਰਾਂ ਦੀ।
* * *
ਇਤਫ਼ਾਕ
ਸੁਖਦੇਵ ਸਿੰਘ ਭੁੱਲੜ
ਜਿਸ ਘਰ ਵਿੱਚ ਪਿਆਰ ਇਤਫ਼ਾਕ ਹੋਵੇ,
ਉਸ ਘਰ ਦੀ ਉੱਚੀ ਸ਼ਾਨ ਹੁੰਦੀ।
ਉੱਥੇ ਬਰਕਤਾਂ ਦਾ ਸਦਾ ਮੀਂਹ ਵੱਸੇ,
ਵੱਸਣ ਵਾਲਿਆਂ ਦੀ ਮਿੱਠੀ ਜ਼ੁਬਾਨ ਹੁੰਦੀ।
ਗ਼ਲਤੀ ਨਾਲ ਜੇ ਕੰਮ ਕੋਈ ਵਿਗੜ ਜਾਵੇ,
ਉਹ ਵੀ ਲਾਭ ਦਿੰਦਾ, ਨਹੀਂ ਹਾਨ ਹੁੰਦੀ।
ਭੈੜੇ ਚੁਗਲ ਤੇ ਨਿੰਦਕ ਵੀ ਖ਼ੌਫ਼ ਖਾਂਦੇ,
ਸ਼ਕਤੀ ਇਤਫ਼ਾਕ ਦੀ ਏਨੀ ਬਲਵਾਨ ਹੁੰਦੀ।
ਜਿਸ ਘਰ ਵਿੱਚ ਏਕਾ ਇਤਫ਼ਾਕ ਹੋਵੇ,
ਵੱਸਣ ਵਾਲਿਆਂ ਦੀ ਜੈ-ਜੈ ਕਾਰ ਹੋਵੇ।
ਸੱਥ, ਪਰੇ-ਪੰਚਾਇਤ ਵਿੱਚ ਮਾਣ ਮਿਲਦਾ,
ਧੀਆਂ ਪੁੱਤ ਪਤਨੀ ਆਗਿਆਕਾਰ ਹੋਵੇ।
ਉੱਥੇ ਵਾਸ ਹੋਵੇ ਨਿਧੀਆਂ ਸਿੱਧੀਆਂ ਦਾ,
ਚਾਰਾਂ ਕੂੰਟਾਂ ਦੇ ਵਿੱਚ ਸਤਿਕਾਰ ਹੋਵੇ।
ਜਿਨ੍ਹਾਂ ਘਰਾਂ ’ਚ ਨਾ ਹੋਏ ਇਤਫ਼ਾਕ ‘ਭੁੱਲੜਾ’
ਉੱਥੇ ਸਦਾ ਕਲੇਸ਼ ਤਕਰਾਰ ਹੋਵੇ।
ਸੰਪਰਕ: 94170-46117
* * *
ਅਕਾਸ਼ ਅਤੇ ਅਸੀਂ
ਪ੍ਰਸ਼ੋਤਮ ਪੱਤੋ
ਚੁਬਾਰੇ ਦੀ ਖੁੱਲ੍ਹੀ ਬਾਰੀ ’ਚੋਂ,
ਮੈਂ ਦੇਖਦਾ ਹਾਂ ਅਕਾਸ਼,
ਉਹ ਦਿੰਦਾ ਹੈ
ਮੈਨੂੰ ਸੱਦਾ ਪੱਤਰ
ਪਰ
ਮੈਂ ਬੇਵੱਸ ਹਾਂ,
ਮੈਂ ਦੇਖਦਾ ਹਾਂ
ਸ਼ਾਮ ਨੂੰ ਡੁੱਬਦੇ ਸੂਰਜ ਨੂੰ,
ਹੱਸਦੇ ਆਉਂਦੇ ਚੰਦ ਨੂੰ,
ਕਿਲਕਾਰੀਆਂ ਮਾਰਦੇ ਤਾਰਿਆਂ ਨੂੰ
ਕਿੰਨਾ ਸੁੰਦਰ ਹੈ ਅਕਾਸ਼।
ਇਸ ਸਾਰੇ ਵਰਤਾਰੇ ਨੂੰ
ਵੇਖਦਾ-ਵੇਖਦਾ ਮੈਂ
ਸੋਚੀਂ ਪੈ ਜਾਂਦਾ ਹਾਂ
ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ
ਕਸਰ ਨਹੀਂ ਛੱਡੀ
ਗੰਧਲਾ ਕਰਨ ਤੇ ਵਿਗਾੜਨ ਦੀ।
ਸਾਡੇ ਸ਼ਹਿਰ ਸੁੰਦਰ
ਸਾਡੇ ਪਿੰਡ ਸੁੰਦਰ ਤੇ
ਅਸੀਂ ਸੋਹਣੇ ਕੱਪੜਿਆਂ ’ਚ
ਦਿਸਦੇ ਅਤਿ ਸੁੰਦਰ,
ਪਰ ਸਾਡਾ ਆਲਾ-ਦੁਆਲਾ,
ਪਾਣੀ, ਹਵਾ ਨੇ ਪ੍ਰਦੂਸ਼ਿਤ,
ਸਾਡੇ ਦਿਲ-ਦਿਮਾਗ਼
ਭਰੇ ਪਏ ਨੇ ਹਉਮੈਂ
ਤੇ ਈਰਖਾ ਦੇ ਨਾਲ।
ਸੰਪਰਕ: 98550-38775
* * *
ਹੌਸਲੇ ਬੁਲੰਦ ਰੱਖਿਓ
ਜਸਪਾਲ ਸਿੰਘ
ਕਈ ਗਾਉਂਦੇ ਤੇ ਪੜ੍ਹਾਉਂਦੇ ਦੇਖੇ ਅੱਖਾਂ ਤੋਂ ਬਗੈਰ
ਲੋਕੀਂ ਅੰਬਰਾਂ ’ਤੇ ਪਹੁੰਚ ਗਏ ਨੇ ਪੌੜੀਆਂ ਬਗੈਰ
ਹੋਵੇ ਐਸਾ ਜਨੂਨ, ਮੰਜ਼ਿਲ ਤੋਂ ਬਿਨਾਂ ਆਵੇ ਨਾ ਸਕੂਨ
ਇਹੋ ਜਿਹੇ ਸੱਜਣੋ ਇਰਾਦੇ ਰੱਖਿਓ
ਕਾਮਯਾਬ ਹੋਵਾਂਗੇ ਜ਼ਰੂਰ, ਹੌਸਲੇ ਬੁਲੰਦ ਰੱਖਿਓ
ਪਤਾ ਨਹੀਂ ਅੱਜ ਕੀ ਹੋਣਾ ਕੱਲ੍ਹ ਕੀ ਹੋਣਾ
ਜ਼ਿੰਦਗੀ ਗੁਜ਼ਰ ਜਾਂਦੀ, ਮੁੱਕਦਾ ਨਾ ਰੋਣਾ ਧੋਣਾ
ਛੱਡ ਮਾੜੀ ਸੋਚ, ਅਗਾਂਹ ਕਦਮ ਪੁੱਟਣੇ ਦੀ ਸੋਚ ਰੱਖਿਓ
ਕਾਮਯਾਬ ਹੋਵਾਂਗੇ ਜ਼ਰੂਰ, ਹੌਸਲੇ ਬੁਲੰਦ ਰੱਖਿਓ
ਸ਼ੇਰ ਦੀ ਸਵਾਰੀ ਦਾ ਮਾਦਾ ਰੱਖਦੇ ਜੋ ਲੋਕੀਂ
ਉਨ੍ਹਾਂ ਸੂਰਬੀਰਾਂ ਨੂੰ ਸਜਦਾ ਕਰਦੇ ਨੇ ਲੋਕੀਂ
ਇਹੋ ਜਿਹੇ ਜਜ਼ਬੇ ਮਨਾਂ ’ਚ ਰੱਖਿਓ
ਕਾਮਯਾਬ ਹੋਵਾਂਗੇ ਜ਼ਰੂਰ, ਹੌਸਲੇ ਬੁਲੰਦ ਰੱਖਿਓ
ਸੁਲਗਣ ਲੱਗੇ ਜਦ ਕੁਝ ਕਰਨੇ ਦੀ ਚੰਗਿਆੜੀ
ਵਾਰ-ਵਾਰ ਕਰ ਕੋਸ਼ਿਸ਼, ਕਦੇ ਹਿੰਮਤ ਨਾ ਹਾਰੀਂ
ਖੂਹ ਪੁੱਟ ਪਿਆਸ ਬੁਝਾਉਣ ਦੇ ਹੰਭਲੇ ਮਾਰੀ ਰੱਖਿਓ
ਕਾਮਯਾਬ ਹੋਵਾਂਗੇ ਜ਼ਰੂਰ, ਹੌਸਲੇ ਬੁਲੰਦ ਰੱਖਿਓ
ਸੰਪਰਕ: 94647-40910
* * *
ਗ਼ਜ਼ਲ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਨੇ
ਅੱਖੀਆਂ ਸਭ ਕੁਝ ਕਹਿ ਗਈਆਂ ਨੇ।
ਚੋਰੀ ਚੋਰੀ ਤੱਕਦੀਆਂ ਤੱਕਦੀਆਂ
ਚੰਚਲ ਨਜ਼ਰਾਂ ਖਹਿ ਗਈਆਂ ਨੇ।
ਉਸ ਸੋਹਣੀ ਦੀਆਂ ਮਿੱਠੀਆਂ ਗੱਲਾਂ
ਧੁਰ ਅੰਦਰ ਤੱਕ ਲਹਿ ਗਈਆਂ ਨੇ।
ਸਬਰ ਸ਼ੁਕਰ ਦੀਆਂ ਸਾਰੀਆਂ ਕੰਧਾਂ
ਇੱਕ ਇੱਕ ਕਰ ਕੇ, ਢਹਿ ਗਈਆਂ ਨੇ।
ਦਿਲ ਮਿਲਣੇ ਦੀਆਂ ਸੱਧਰਾਂ ਹੁਣ ਤਾਂ
ਅਰਸ਼ੋਂ ਫ਼ਰਸ਼ੀਂ ਬਹਿ ਗਈਆਂ ਨੇ।
ਚੱਲ ਦਿਲਾ ਹੁਣ ਤੂੰ ਵੀ ਵਗ ਜਾ
ਜਿਧਰ ਲਹਿਰਾਂ ਵਹਿ ਗਈਆਂ ਨੇ।
ਸੰਪਰਕ: 97816-46008
* * *
ਗ਼ਜ਼ਲ
ਰਣਜੀਤ ਰਤਨ
ਵਿੱਚ ਕਲਬੂਤ ਜੁ ਪੰਛੀ ਵੱਸੇ, ਜਾਣਾ ਮਾਰ ਉਡਾਰੀ ਹੂ
ਰੱਖ ਪਰ੍ਹਾਂ ਜੋ ਸਿਰ ’ਤੇ ਚੁੱਕੀ, ਹਉਮੈ ਵਾਲੀ ਖਾਰੀ ਹੂ
ਸੂਹੇ ਵਸਤਰ ਨਾਲ ਨਹੀਂ ਜਾਣੇ, ਕਿਉਂ ਭਰਮਾਂ ਵਿੱਚ ਫਿਰਦਾ ਏਂ,
ਮਿੱਟੀ ਆਖਰ ਮਿੱਟੀ ਹੋਣਾ, ਫਿਰਦਾ ਤਨ ਸ਼ਿੰਗਾਰੀ ਹੂ।
ਮੈਂ ਸੁਹਣਾ ਤੇ ਮੈਂ ਹੀ ਸੁਹਣਾ, ਇੱਕੋ ਰਾਗ ਅਲਾਪੇਂ ਤੂੰ,
ਤੈਥੋਂ ਸੁਹਣੀ ਕੁਦਰਤ ਬੰਦੇ, ਮਨ ਦੇ ਨਾਲ ਨਿਹਾਰੀ ਹੂ।
ਵਿੱਚ ਦੁਨੀ ਦੇ ਪਾਪ ਕਮਾਵੇਂ, ਕਿਸ ਤੋਂ ਉਹਲਾ ਰੱਖੇਂ ਤੂੰ,
ਦੋ ਅੱਖਾਂ ਤਾਂ ਹਰ ਪਲ ਤੱਕਣ, ਕਾਤੋਂ ਗੱਲ ਵਿਸਾਰੀ ਹੂ।
ਰਿਸ਼ਤੇ-ਨਾਤੇ, ਮਹਿਲ-ਮੁਨਾਰੇ, ਸੱਭੇ ਭਰਮ-ਭੁਲੇਖੇ ਨੇ,
ਇਹ ਜਗ ਚੱਲਣਹਾਰ ਪਿਆਰੇ, ਜਾਣਾ ਵਾਰੋ ਵਾਰੀ ਹੂ।