ਘੜੰਮ ਚੌਧਰੀ
ਪ੍ਰੋ. ਜਸਵੰਤ ਸਿੰਘ ਗੰਡਮ
ਤੁਸੀਂ ਪੁੱਛੋਗੇ ਕਿ ਘੜੰੰਮ ਚੌਧਰੀ ਦਾ ਕੀ ਮਤਲਬ ਹੁੰਦਾ ਹੈ? ਮੇਰਾ ਜਵਾਬ ਹੋਵੇਗਾ ਜੋ ਖੜਪੰਚ ਦਾ ਮਤਲਬ ਹੁੰਦਾ ਹੈ। ਫਿਰ ਤੁਸੀਂ ਪੁੱਛ ਸਕਦੇ ਹੋ ਕਿ ਖੜਪੰਚ ਦਾ ਕੀ ਮਤਲਬ ਹੁੰਦਾ ਹੈ ਤਾਂ ਫਿਰ ਮੇਰਾ ਜਵਾਬ ਹੋਵੇਗਾ ਕਿ ਜੋ ਘੜੰੰਮ ਚੌਧਰੀ ਦਾ ਹੁੰਦਾ ਹੈ।
ਖ਼ੈਰ, ਯਭਲੀਆ ਮਾਰਨੋਂ ਹਟਦੇ ਹਾਂ, ਘਣੇ ਸਿਆਣੇ ਸਵਾਲਾਂ ਦੇ ਬਹੁਤੇ ਪਾਗਲਾਨਾ ਜਵਾਬ ਦੇਣੋਂ ਟਾਲਾ ਵਟਦੇ ਹਾਂ।
ਪਿੰਡਾਂ ਵਿੱਚ ਸਰਪੰਚ ਹੁੰਦੇ ਹਨ। ਇਹ ਪਿੰਡ ਦੇ ਵੋਟਰਾਂ ਰਾਹੀਂ ਜਾਂ ਸਰਬਸੰਮਤੀ ਨਾਲ ਚੁਣੇ ਜਾਂਦੇ ਹਨ। ਪਰ ਹਰ ਪਿੰਡ ਵਿੱਚ ਇੱਕ-ਅੱਧ ਜਾਂ ਇਸ ਤੋਂ ਵੀ ਵੱਧ ਖੜਪੰਚ ਹੁੰਦੇ ਹਨ ਜੋ ਨਾ ਤਾਂ ਵੋਟਾਂ ਨਾਲ ਚੁਣੇ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਆਪਣੀ ਵੋਟ ਤੋਂ ਬਿਨਾਂ ਉਨ੍ਹਾਂ ਨੂੰ ਹੋਰ ਕੋਈ ਵੋਟ ਨਹੀਂ ਪਾਉਂਦਾ ਅਤੇ ਅਜਿਹੀ ਸੂਰਤੇ ਹਾਲ ਵਿੱਚ ਸਰਬਸੰਮਤੀ ਨਾਲ ਚੁਣੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਇਹ ਪੈਦਾ ਕਿਧਰੋਂ ਹੋ ਜਾਂਦੇ ਹਨ? ਆਪਣੇ ਆਪ ਹੀ। ਇਨ੍ਹਾਂ ਨੂੰ ਕਿਸੇ ਦੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਇਹ ਸਵੈ-ਪੈਦਕ ਪ੍ਰਜਾਤੀ ਹੈ। ‘ਤੂੰ ਕੌਣ ਮੈਂ ਖਾਹ-ਮਖਾਹ’ ਸ਼੍ਰੇਣੀ ਵਾਲੀ।
ਘੜੰਮ ਚੌਧਰੀ ਵੀ ਇਸੇ ਹੀ ਪ੍ਰਜਾਤੀ ਵਿੱਚੋਂ ਹਨ।
ਉਂਜ, ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਵਿੱਚ ‘ਚਉਧਰੀ’ (ਚੌਧਰੀ) ਦਾ ਅਰਥ ਹੈ: ਸੰਗਯਾ: ਚਊ ਧਾਰਨ ਵਾਲਾ, ਹਲਧਰ, ਕਾਸ਼ਤਕਾਰ। ‘ਚਊ’ ਦਾ ਅਰਥ ਹੈ: ਹਲ ਦਾ ਉਹ ਭਾਗ ਜਿਸ ਵਿੱਚ ਲੋਹੇ ਦਾ ਫਾਲਾ ਜੜਿਆ ਹੁੰਦਾ ਹੈ ਜੋ ਜ਼ਮੀਨ ਪਾੜਦਾ ਹੈ।
ਸੰਸਕ੍ਰਿਤ ਦੇ ਸ਼ਬਦ ‘ਚਤ-ਧੁੰਰੀਣ’ ਦਾ ਅਰਥ ਚਾਰ ਆਦਮੀਆਂ ਵਿੱਚ ਮੁਖੀਆ ਹੈ। ਚਉਧਰੀ ਰਾਉ ਸਦਾਈਐ ਦੀ ਉਦਾਹਰਣ ਵੀ ਦਿੱਤੀ ਗਈ ਹੈ। ਗੁਰਬਾਣੀ ਦੀ ਇਸ ਤੁਕ ਦਾ ਅਗਲਾ ਹਿੱਸਾ ਇਹ ਸਪਸ਼ਟ ਕਰਦਾ ਹੈ ਕਿ ਚਉਧਰੀ ਨੂੰ ਵੀ ਆਪਣੀ ਚੌਧਰ ਉਪਰ ਘੁਮੰਡ ਹੋ ਜਾਂਦਾ ਹੈ ਜਿਸ ਵਿੱਚ ਉਹ ਜਲ ਮਰਦਾ ਹੈ। ਪੂਰੀ ਤੁਕ ਹੁੈ ‘ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ।।
ਕੋਸ਼ ਵਿੱਚ ਘੜੰੰਮ ਚੌਧਰੀ ਦਾ ਅਰਥ ਨਹੀਂ ਮਿਲਦਾ। ਮਿਲਣਾ ਵੀ ਕਿੱਥੋਂ ਸੀ? ਇਹ ਆਪੂੰ ਬਣੇ ਚੌਧਰੀ ਹੁੰਦੇ ਹਨ। ਇਨ੍ਹਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੁੰਦਾ ਹੈ: ਕੰੰਮ ਵਿੱਚ ਘੜੰੰਮ ਪਾਉਣਾ, ਯਾਨੀ ਟਿੰਡ ’ਚ ਕਾਨਾ ਫਸਾਉਣਾ। ਇਹ ਹਰ ਕੀਤੇ ਜਾਣ ਵਾਲੇ ਕੰੰਮ ਵਿੱਚ ਟੰਗ ਅੜਾਉਣਗੇ, ਹੋ ਰਹੇ ਕੰੰਮ ’ਤੇ ਨੱਕ-ਬੁੱਲ੍ਹ ਚੜ੍ਹਾਉਣਗੇ ਅਤੇ ਹੋ ਚੁੱਕੇ ਕੰੰਮ ਵਿੱਚ ਘੁਣਤਰਾਂ ਕੱਢਣਗੇ। ਇਹ ਰੱਜ ਕੇ ਨਘੋਚੀ ਤੇ ਖੁਣਸੀਆਂ ਡਿਪਾਰਟਮੈਂਟ ਦੇ ਮੁਖੀ ਹੁੰਦੇ ਹਨ।
ਇੱਕ ਕਹਾਵਤ ਹੈ ਕਿ ਜਿੱਥੇ ਨਾ ਪਹੁੰਚੇ ਰਵੀ, ਓਥੇ ਪਹੁੰਚੇ ਕਵੀ ਅਤੇ ਜਿੱਥੇ ਨਾ ਪਹੁੰਚੇ ਕਵੀ, ਓਥੇ ਪਹੁੰਚੇ ਅਨੁਭਵੀ। ਘੜੰੰਮ ਚੌਧਰੀਆਂ ਜਾਂ ਖੜਪੰਚਾਂ ਬਾਰੇ ਵੀ ਇਹ ਕਹਾਵਤ ਢੁਕਦੀ ਹੈ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ। ਇਹ ਹਰ ਥਾਂ, ਹਰ ਗਲੀ, ਹਰ ਸੱਥ, ਹਰ ਸਥਲੀ ’ਚ ਹਾਜ਼ਰ ਮਿਲਣਗੇ। ਬਿਨ ਬੁਲਾਏ ਮਹਿਮਾਨ ਵਾਂਗ ਢੀਠਤਾਈ ਦਾ ਸਿਰਾ ਹੁੰਦੇ ਹਨ; ਬੇਸ਼ਰਮੀ ਦੀ ਹੱਦ ਅਤੇ ਕਲੇਸ਼ ਦੀ ਬੇਹੱਦ ਹੁੰਦੇ ਹਨ। ਇਹ ਉਸ ਸ਼੍ਰੇਣੀ ਦੇ ਮੈਂਬਰ ਹੁੰਦੇ ਹਨ ਜਿਸ ਬਾਰੇ ਕਿਹਾ ਜਾਂਦਾ ਹੈ ਕਿ ‘ਬੇਸ਼ਰਮ ਦੀ ਡੁੱਲ੍ਹ ਗਈ ਦਾਲ, ਅਖੇ ਅਸੀਂ ਐਦਾਂ ਹੀ ਖਾਂਦੇ ਹੁੰਦੇ ਹਾਂ’।
ਇਹ ਵਲਾਂਵੇਦਾਰ ਜਲੇਬੀ ਵਾਂਗ ਹੁੰਦੇ ਹਨ। ਆਪਾਂ ਇਨ੍ਹਾਂ ਨੂੰ ਇਮਰਤੀ ਵੀ ਕਹਿ ਸਕਦੇ ਹਾਂ। ਵੀਹ ਰੋਟੀਆਂ ਪਾੜ ਕੇ, ਦੋ ਬਾਟੇ ਦਾਲ ਦੇ ਚਾੜ੍ਹ ਕੇ ਅਤੇ ਕਿਲੋ ਲੱਡੂ ਡਕਾਰ ਕੇ ਵੀ ਪਰੋਸੇ ਗਏ ਖਾਣੇ ਵਿੱਚੋਂ ਨੁਕਸ ਕੱਢਣਗੇ। ਅਖੇ, ‘ਇੱਕ ਟੁੱਟਾ ਜਿਹਾ ਭੁਰਿਆ ਹੋਇਆ ਲੱਡੂ ਹੀ ਨਸੀਬ ਹੋਇਆ, ਜਲੇਬੀ ਤਾਂ ਕਿਤੇ ਦਿਸੀ ਹੀ ਨਹੀਂ’; ‘ਨਾ ਦਾਲ ਜੁੜੀ ਅਤੇ ਨਾ ਹੀ ਕਿਧਰੇ ਰੋਟੀ ਲੱਭੀ’।
ਕਿਸੇ ਬਜ਼ੁਰਗ ਦੇ ਚਲਾਣੇ ਮਗਰੋਂ ਜੇ ਘਰ ਦੇ ਉਸ ਨੂੰ ‘ਵੱਡਾ’ ਕਰਦੇ ਹਨ ਤਾਂ ਬੁੱਲ੍ਹ ਟੇਰਦਿਆਂ ਆਖਣਗੇ: ‘‘... ਪਹਿਲਾਂ ਨੰਗ ਹੁੰਦੇ ਸੀ। ਹੁਣ ਚਾਰ ਛਿੱਲੜ ਆ ਗਏ ਤਾਂ ਨਾਸਾਂ ’ਚੋਂ ਠੂੰਹੇਂ ਕੇਰਦੇ ਐ। ਬੇਈਮਾਨੀ ਦੀ ਕਮਾਈ ਐ ਸਾਰੀ।’’
ਪਰ ਜੇ ਵਿਚਾਰੇ ਜਾਣੂੰ ਆਪਣੇ ਘਰ ਦੇ ਬਜ਼ੁਰਗ ਨੂੰ ‘ਵੱਡਾ’ ਨਹੀਂ ਕਰਦੇ ਤਾਂ ਵੀ ਇਹ ਜਿਊਣ ਨਹੀਂ ਦੇਣਗੇ, ‘‘ਲਉ ਜੀ, ਸਾਰੀ ਉਮਰ ਹੱਡ ਰਗੜਦਾ ਰਿਹਾ ਇਸ ਗੰਦੀ ਔਲਾਦ ਲਈ। ਸਹੁਰੀ ਦੇ ਬੁੜ੍ਹੇ ਨੂੰ ਘੜੀਸ ਕੇ ਸਿਵਿਆਂ ਵਿੱਚ ਸੁੱਟ ਆਏ। ਲਾਲ ਲੀੜਾ ਵੀ ਨਹੀਂ ਪਾ ਸਕੇ ਵਿਚਾਰੇ ਦੀ ਦੇਹ ’ਤੇ।’’
ਇਨ੍ਹਾਂ ਅਨੁਸਾਰ ‘ਚਿਤ ਵੀ ਮੇਰੀ, ਪਟ ਵੀ ਮੇਰੀ’। ਅਖੇ, ‘ਜੇ ਤੂੰ ਸਾਡੇ ਆਵੇਂਗਾ ਤਾਂ ਕੀ ਲਿਆਵੇਂਗਾ ਤੇ ਜੇ ਅਸੀਂ ਤੇਰੇ ਆਈਏ ਤਾਂ ਤੂੰ ਸਾਨੂੰ ਕੀ ਦੇਵੇਂਗਾ’। ਜਾਣੀ ਕਦੇ ਮੈਂ ਉੱਤੇ ਤੇ ਤੂੰ ਥੱਲ਼ੇ ਅਤੇ ਕਦੇ ਤੂੰ ਥੱਲੇ ਤੇ ਮੈਂ ਉੱਤੇ।
ਇਨ੍ਹਾਂ ਦਾ ਹਾਲ ਤਾਂ ‘ਆਟਾ ਗੁੰਨ੍ਹਦੀ ਹਿਲਦੀ ਕਿਉਂ ਐਂ’ ਵਾਲਾ ਹੁੰਦਾ ਹੈ। ਰੱਬ ਵੀ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। ਇਸ ਕਰਕੇ ਹੀ ਤਾਂ ਕਹਿੰਦੇ ਹਨ ਕਿ ਰੱਬ ਚੰਗੇ ਬੰਦਿਆਂ ਨੂੰ ਜਲਦੀ ਆਪਣੇ ਕੋਲ ਬੁਲਾ ਲੈਂਦਾ ਹੈ ਅਤੇ ਘੜੰਮ ਚੌਧਰੀਆਂ ਤੇ ਖੜਪੰਚਾਂ ਨੂੰ ਸ਼ਰੀਫ਼ ਬੰਦਿਆਂ ਦਾ ਸਿਰ ਖਾਣ ਲਈ ਖੁੱਲ੍ਹਾ ਛੱਡੀ ਰੱਖਦਾ ਹੈ। ਇਸ ‘ਸ਼੍ਰੇਣੀ’ ਦੇ ਮੈਂਬਰ ਆਨੇੇ-ਬਹਾਨੇ ਝਿੰਜ ਛੇੜਨ ਲਈ ਉਤਾਵਲੇ ਰਹਿਣਗੇ। ਗੱਲ ਗੱਲ ’ਤੇ ਗਲ ਪੈਣਗੇ। ਮੱਝ ਦੀ ਪੂਛ ਮਰੋੜਨ ਦੀ ਤਾਕ ’ਚ ਰਹਿਣਗੇ।
ਇਨ੍ਹਾਂ ਨੂੰ ਹਰ ਵੇਲੇ ਇਹੀ ਲੱਗਦਾ ਹੈ ਕਿ ‘ਗਈ ਭੈਂਸ ਪਾਨੀ ਮੇਂ’। ਸਾਨੂੰ ਇੱਥੇ 1970 ਦੀ ਬੌਲੀਵੁੱਡ ਫਿਲਮ ‘ਪਗਲਾ ਕਹੀਂ ਕਾ’ ਦਾ ਮਜ਼ਾਹੀਆ ਗੀਤ ਯਾਦ ਆ ਗਿਆ ਜਿਸ ਦੇ ਕੁਝ ਅੰਸ਼ ਇੰਝ ਹਨ: ਮੇਰੀ ਭੈਂਸ ਕੋ ਡੰਡਾ ਕਯੂੰ ਮਾਰਾ/ ਵਹ ਖੇਤ ਮੇਂ ਚਾਰਾ ਚਰਤੀ ਥੀ/ ਤੇਰੇ ਬਾਪ ਕਾ ਵੋਹ ਕਯਾ ਕਰਤੀ ਥੀ...।
ਸੰਪਰਕ: 98766-55055