ਘੱਗਰ ਦਾ ਪਾਣੀ ਸਰਦੂਲਗੜ੍ਹ ਸ਼ਹਿਰ ’ਚ ਦਾਖਲ: ਐੱਫਸੀਆਈ ਦੇ ਗੁਦਾਮ ’ਚ ਕਣਕ ਤੇ ਝੋਨੇ ਦਾ ਪੌਣੇ ਦੋ ਲੱਖ ਗੱਟਾ ਡੁੱਬਿਆ
ਬਲਜੀਤ ਸਿੰਘ
ਸਰਦੂਲਗੜ੍ਹ, 19 ਜੁਲਾਈ
ਸਰਦੂਲਗੜ੍ਹ ’ਚ ਘੱਗਰ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਅੱਜ ਘੱਗਰ ਦਾ ਪਾਣੀ ਸ਼ਹਿਰ ’ਚ ਪਹੁੰਚ ਗਿਆ। ਫੂਸ ਮੰਡੀ ਤੇ ਸਾਧੂਵਾਲਾ ਨੂੰ ਆਪਣੀ ਲਪੇਟ ’ਚ ਲੈਣ ਤੋਂ ਬਾਅਦ ਪਾਣੀ ਨੇ ਆਪਣਾ ਰੁਖ ਸ਼ਹਿਰ ਵੱਲ ਕਰ ਲਿਆ ਹੈ। ਬੇਸ਼ੱਕ ਸ਼ਹਿਰ ਨੂੰ ਬਚਾਉਣ ਲਈ ਸਿਰਸਾ-ਸਰਦੂਲਗੜ੍ਹ ਕੌਮੀ ਮਾਰਗ ’ਤੇ ਬੰਨ੍ਹ ਮਾਰ ਦਿੱਤਾ ਗਿਆ ਹੈ ਪਰ ਫਿਰ ਵੀ ਤੇਜ਼ ਵਹਾਅ ਨਾਲ ਆ ਰਹੇ ਬੇਕਾਬੂ ਪਾਣੀ ਨੇ ਅਨਾਜ ਮੰਡੀ ਦੀ ਕੰਧ ਤੋੜਕੇ ਕੌਮੀ ਮਾਰਗ ਤੋਂ ਪਹਿਲਾਂ ਆਉਂਦੇ ਖੇਤਰ ’ਚ ਪਾਣੀ ਨੇ ਆਪਣਾ ਕਹਿਰ ਮਚਾਉਂਦੇ ਹੋਏ ਐਫਸੀਆਈ ਦੇ ਗੁਦਾਮ ਨੂੰ ਆਪਣੀ ਗ੍ਰਿਫ਼ਤ ਚ ਲੈ ਲਿਆ ਹੈ। ਗੁਦਾਮ ’ਚ ਖੜ੍ਹੇ ਵਾਹਨ ਵੀ ਪਾਣੀ ਚ ਡੁੱਬ ਗਏ।
ਐਫਸੀਆਈ ਦੇ ਮੈਨੇਜਰ ਪਵਨ ਸ਼ਰਮਾ ਨੇ ਦੱਸਿਆ ਕਿ ਗੁਦਾਮ ’ਚ ਰੱਖੇ ਪੌਣੇ ਦੋ ਲੱਖ ਦੇ ਕਰੀਬ ਕਣਕ ਅਤੇ ਝੋਨੇ ਦੇ ਗੱਟੇ ਵੀ ਪਾਣੀ ’ਚ ਡੁੱਬ ਗਏ ਹਨ। ਹੜ੍ਹ ਦੇ ਪਾਣੀ ’ਚ ਘਿਰੇ ਪਿੰਡ ਸਾਧੂਵਾਲਾ, ਫੂਸ ਮੰਡੀ ਅਤੇ ਰੋੜਕੀ ’ਚ ਲੋੜਵੰਦਾ ਲਈ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ। ਦੁੂਸਰੇ ਜ਼ਿਲ੍ਹਿਆਂ ’ਚੋ ਵੱਡੀ ਗਿਣਤੀ ’ਚ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਅਤੇ ਆਮ ਲੋਕਾਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਸ਼ਨ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।