For the best experience, open
https://m.punjabitribuneonline.com
on your mobile browser.
Advertisement

ਘੱਗਰ ਦੀ ਮਾਰ: ਹੜ੍ਹ ਕਾਰਨ ਟਿਊਬਵੈੱਲਾਂ ਵਿੱਚ ਗਾਰ ਭਰੀ

08:38 AM Aug 09, 2023 IST
ਘੱਗਰ ਦੀ ਮਾਰ  ਹੜ੍ਹ ਕਾਰਨ ਟਿਊਬਵੈੱਲਾਂ ਵਿੱਚ ਗਾਰ ਭਰੀ
ਪਾਤੜਾਂ ਵਿੱਚ ਇਕ ਟਿਊਬਵੈੱਲ ਨੇੜਿਓਂ ਧਸੀ ਹੋਈ ਮਿੱਟੀ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਅਗਸਤ
ਘੱਗਰ ਦੀ ਮਾਰ ਹੇਠ ਆਉਣ ਕਾਰਨ ਫ਼ਸਲਾਂ ਦੀ ਹੋਈ ਤਬਾਹੀ ਦੇ ਨਾਲ-ਨਾਲ ਟਿਊਬਵੈੱਲ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਤੜਾਂ ਖੇਤਰ ਦੇ ਕਈ ਪਿੰਡਾਂ ਵਿੱਚ ਟਿਊਬਵੈੱਲਾਂ ‘ਚ ਗਾਰ ਵਾਲਾ ਪਾਣੀ ਭਰਨ ਅਤੇ ਬੋਰਵੈਲਾਂ ਦੁਆਲਿਓਂ ਮਿੱਟੀ ਧਸਣ ਨਾਲ ਵੱਡੀ ਪੱਧਰ ‘ਤੇ ਟਿਊਬਵੈੱਲ ਖਰਾਬ ਹੋ ਗਏ ਹਨ। ਜਾਣਕਾਰੀ ਅਨੁਸਾਰ ਖੇਤਰ ਦੇ ਪਿੰਡ ਅਰਨੇਟੂ ਵਿੱਚ 15 ਟਿਊਬਵੈੱਲ, ਸ਼ੁਤਰਾਣਾ ਵਿੱਚ ਲਗਪਗ ਚਾਰ, ਬਾਦਸ਼ਾਹਪੁਰ ਵਿੱਚ ਤਿੰਨ, ਕਾਠ ’ਚ ਤਿੰਨ, ਡੇਰਾ ਝੀਲ ਵਿੱਚ ਤਿੰਨ, ਰਾਮਪੁਰ ਪੜਤਾ ’ਚ ਤਿੰਨ ਦੇ ਕਰੀਬ ਟਿਊਬਵੈੱਲ ਖਰਾਬ ਹੋਏ ਹਨ। ਫਿਲਹਾਲ ਪ੍ਰਸ਼ਾਸਨ ਵੱਲੋਂ ਟਿਊਬਵੈੱਲਾਂ ਦਾ ਨੁਕਸਾਨ ਹਾਲੇ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਟਿਊਬਵੈੱਲਾਂ ’ਚ ਗਾਰ ਵਾਲਾ ਪਾਣੀ ਭਰਨ ਮਗਰੋਂ ਡਰਾਈਵਰੀ (ਪਾਈਪਾਂ) ਵਿੱਚ ਫਸੀ ਮੋਟਰ ਤੇ ਤਾਰ ਆਦਿ ਨੂੰ ਕਢਵਾਉਣ ਤੋਂ ਇਲਾਵਾ ਸਟਾਟਰ ਤੇ ਨਵੀਂ ਮੋਟਰ ਪਵਾਉਣੀ ਪੈ ਰਹੀ ਹੈ। ਕਈ ਥਾਈਂ ਕਿਸਾਨਾਂ ਨੂੰ ਨਵੇਂ ਬੋਰ ਹੀ ਕਰਾਉਣੇ ਪੈ ਰਹੇ ਹਨ। ਇਸ ਤੋਂ ਇਲਾਵਾ ਝੋਨਾ ਲਾਉਣ ਲਈ ਮਹਿੰਗੇ ਭਾਅ ਦੀਆਂ ਦਵਾਈਆਂ, ਖਾਦਾਂ, ਡੀਜ਼ਲ ਅਤੇ ਲੇਵਰ ਦੀ ਵੱਖਰੀ ਡੂੰਘੀ ਚਿੰਤਾ ਹੈ। ਪਿੰਡ ਅਰਨੇਟੂ ਦੇ ਚੌਕੀਦਾਰ ਸੇਵਾ ਰਾਮ ਤੇ ਅਮਨ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿੰਡ ਦੇ 15 ਦੇ ਕਰੀਬ ਟਿਊਬਵੈੱਲ ਖ਼ਰਾਬ ਤੇ ਪੰਜ ਭਰਾਵਾਂ ਦੀ 40 ਏਕੜ ਜ਼ਮੀਨ ਦੇ ਵਾਧੂ ਰਕਬੇ ’ਚ ਪੰਜ ਤੋਂ ਦੱਸ ਫੁੱਟ ਡੂੰਘੇ ਟੋਏ ਪੈ ਚੁੱਕੇ ਹਨ, ਜਿਨ੍ਹਾਂ ਨੂੰ ਪੱਧਰ ਕਰਕੇ ਹੁਣ ਫ਼ਸਲ ਬੀਜਣੀ ਮੁਸ਼ਕਲ ਹੈ।
ਇਸੇ ਦੌਰਾਨ ਅਕਾਲੀ ਦਲ ਦੇ ਨੌਜਵਾਨ ਆਗੂ ਜਗਮੀਤ ਸਿੰਘ, ਅਜਾਇਬ ਸਿੰਘ ਮੱਲ੍ਹੀ, ਗੁਰਬਚਨ ਸਿੰਘ ਮੌਲਵੀ ਵਾਲਾ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਕੁਦਰਤੀ ਆਫ਼ਤ (ਹੜ੍ਹਾਂ) ਵਿੱਚ ਨੁਕਸਾਨੀਆਂ ਫ਼ਸਲਾਂ ਦੇ ਨਾਲ ਲੇਬਰ, ਕੱਦੂ, ਮੋਟਰਾਂ ਦੇ ਕੋਠੇ ਤੇ ਦੁਬਾਰਾ ਹੋਣ ਵਾਲੀ ਬਿਜਾਈ ਆਦਿ ਦਾ ਮੁਆਵਜ਼ਾ ਦੇਣਾ ਮੰਨਿਆ ਹੈ ਪਰ ਉਨ੍ਹਾਂ ਵੱਲੋਂ ਖ਼ਰਾਬ ਟਿਊਬਵੈੱਲਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਜਦੋਂ ਕਿ ਫਸਲਾਂ ਦੇ ਨੁਕਸਾਨ ਵਾਂਗ ਟਿਊਬਵੈਲਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਬਲਵਿੰਦਰ ਸਿੰਘ ਸ਼ੁਤਰਾਣਾ ਨੇ ਦੱਸਿਆ ਹੈ ਕਿ ਉਸ ਕੋਲ ਸਿਰਫ ਚਾਰ ਏਕੜ ਵਾਹੀਯੋਗ ਜ਼ਮੀਨ ’ਚ ਇੱਕ ਬੋਰ ਹੈ ਜੋ ਕਿ ਹੜ੍ਹ ਦੌਰਾਨ ਖਰਾਬ ਹੋ ਗਿਆ ਹੈ ਹੁਣ ਉਸ ਨੂੰ ਨਵਾਂ ਬੋਰ ਕਰਾਉਣ ਲਈ 4 ਲੱਖ ਰੁਪਏ ਖਰਚ ਕਰਨੇ ਪੈਣਗੇ।
ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਵਿੱਚੋਂ ਲੰਘਦੀ ਕਿਰਸਾਨੀ ਨੂੰ ਹੜ੍ਹਾਂ ਨੇ ਵੱਡੀ ਸੱਟ ਮਾਰੀ ਹੈ। ਕਿਸਾਨਾਂ ਨੂੰ ਮੁੜ ਪੈਰਾਂ ਤੇ ਖੜ੍ਹੇ ਹੋਣ ਲਈ ਵੱਡੀ ਭਾਰੀ ਮੁਸ਼ੱਕਤ ਕਰਨੀ ਪਵੇਗੀ। ਇਸ ਦੌਰਾਨ ਤਹਿਸੀਲਦਾਰ ਪਾਤੜਾਂ ਕਰਮਜੀਤ ਸਿੰਘ ਨੇ ਦੱਸਿਆ ਕਿ ਫਸਲਾਂ ਅਤੇ ਹੋਰ ਨੁਕਸਾਨ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ। ਸਰਵੇ ਮੁਕੰਮਲ ਹੋਣ ਉਪਰੰਤ ਖਰਾਬ ਬੋਰਵੈੱਲਾਂ ਦਾ ਅੰਕੜਾ ਦੱਸਿਆ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement