ਗ਼ਦਰੀ ਤੇਜਾ ਸਿੰਘ ਸਫਰੀ ਸਰਾਭਾ
ਜਸਦੇਵ ਸਿੰਘ ਲਲਤੋਂ
ਗ਼ਦਰੀ ਸੂਰਮੇ ਤੇਜਾ ਸਿੰਘ ਸਫਰੀ ਦਾ ਜਨਮ 1900 ਵਿਚ ਜੀਵਾ ਸਿੰਘ ਅਤੇ ਜਿਉਣ ਕੌਰ ਦੇ ਘਰ ਹੋਇਆ। ਮੁਢਲੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਤੇਜਾ ਸਿੰਘ ਆਪਣੇ ਪਿਤਾ ਨਾਲ ਖੇਤੀਬਾੜੀ ਕਰਵਾਉਣ ਲੱਗਿਆ। ਇਕ ਦਿਨ ਗੁਪਤਵਾਸ ਜੀਵਨ ਦੌਰਾਨ ਕਰਤਾਰ ਸਿੰਘ ਸਰਾਭਾ ਤੇਜਾ ਸਿੰਘ ਨੂੰ ਉਸ ਦੇ ਖੇਤ `ਚ ਜਾ ਮਿਲਿਆ। ਸਰਾਭਾ ਨੇ ਆਪਣੇ ਦਾਦਾ ਜੀ ਬਦਨ ਸਿੰਘ ਨੂੰ ਬੁਲਾਉਣ ਲਈ ਤੇਜਾ ਸਿੰਘ ਨੂੰ ਘਰੇ ਭੇਜਿਆ। ਦਾਦੇ-ਪੋਤੇ ਦੀ ਮਿਲਣੀ ਦਾ ਆਪ ਜੀ ’ਤੇ ਡੂੰਘਾ ਅਸਰ ਹੋਇਆ ਜਿਸ ਦਾ ਵਰਨਣ ਆਪ ਦੀ ਕਵਿਤਾ ‘ਦਾਦੇ-ਪੋਤੇ ਦੀ ਗੱਲਬਾਤ’ ਵਿਚ ਦਰਜ ਹੈ। ਇਸ ਤੋਂ ਪਿੱਛੋਂ ਥੋੜ੍ਹੇ ਸਮੇਂ ਵਿਚ ਹੀ ਆਪ ਜੀ ਦੀਆਂ ਕਈ ਮੁਲਾਕਾਤਾਂ ਸਰਾਭਾ ਜੀ ਨਾਲ ਹੋਈਆਂ ਜਿਨ੍ਹਾਂ ਨਾਲ ਆਪ ਵੀ ਗ਼ਦਰੀ ਰੰਗ `ਚ ਰੰਗੇ ਗਏ ਅਤੇ ਗ਼ਦਰ ਪਾਰਟੀ ਦੀਆਂ ਗੁਪਤ ਸਰਗਰਮੀਆਂ ਵਿਚ ਬਾਕਾਇਦਾ ਭਾਗ ਲੈਣ ਲੱਗੇ।
1923 ਵਿਚ ਗੁਰਦੁਆਰਿਆਂ ਨੂੰ ਮਸੰਦਾਂ ਤੋਂ ਆਜ਼ਾਦ ਕਰਵਾਉਣ ਲਈ ਜੈਤੋ ਦੇ ਅਕਾਲੀ ਮੋਰਚੇ ਦੌਰਾਨ ਤੇਜਾ ਸਿੰਘ ਸਫਰੀ ਨੇ ਗ੍ਰਿਫਤਾਰੀ ਦਿੱਤੀ। 1924 ’ਚ ਨਾਭਾ ਜੇਲ੍ਹ ਦੌਰਾਨ ਪਹਿਲੀ ਕਵਿਤਾ ਲਿਖਣ ਨਾਲ ਉਨ੍ਹਾਂ ਦਾ ਕਾਵਿ ਸਫਰ ਆਰੰਭ ਹੋਇਆ। 1924 ਤੋਂ 1929 ਤੱਕ ਕਲਕੱਤਾ (ਹੁਣ ਕੋਲਕਾਤਾ) ਰਹੇ। ਇਸ ਸਮੇਂ ਗ਼ਦਰੀ ਮੁਨਸ਼ਾ ਸਿੰਘ ਦੁਖੀ ਅਤੇ ਸੁਦਾਗਰ ਸਿੰਘ ਭਿਖਾਰੀ ਨਾਲ ਮਿਲ ਕੇ ਸੰਸਾਰ ਦੀ ਪਹਿਲੀ ਪੰਜਾਬੀ ਸਾਹਿਤ ਸਭਾ ‘ਕਵੀ-ਕੁਟੀਆ’ ਦੀ ਉਸਾਰੀ ਕੀਤੀ। ਆਪ ਨੇ ਜਲਦੀ ਹੀ ‘ਕਵੀ-ਕੁਟੀਆ’, ‘ਕਵੀ-ਮਾਸਕ’ ਅਤੇ ‘ਕਵੀ-ਪ੍ਰੈੱਸ’ ਦਾ ਸਾਰਾ ਕਾਰਜ ਸਾਂਭ ਲਿਆ। ਦਰਅਸਲ ‘ਕਵੀ-ਪ੍ਰੈੱਸ’ ਗ਼ਦਰੀਆਂ ਸਮੇਤ ਸਮੂਹ ਦੇਸ਼ ਭਗਤਾਂ ਦਾ ਅੱਡਾ ਸੀ ਤੇ ‘ਕਵੀ-ਮਾਸਕ’ ਇਨ੍ਹਾਂ ਦਾ ਬੁਲਾਰਾ। ‘ਸਾਂਝੀ ਵਾਲ’ ਹਫ਼ਤਾਵਾਰੀ ਜੋ ਅੰਗਰੇਜ਼ ਹਕੂਮਤ ਦਾ ਸਿੱਧਾ ਵਿਰੋਧੀ ਸੀ, ਵੀ ਇੱਥੋਂ ਛਪਦਾ। ਤੇਜਾ ਸਿੰਘ ਸਫਰੀ ਦੀਆਂ ਜੋਸ਼ੀਲੀਆਂ ਅਤੇ ਇਨਕਲਾਬੀ ਕਵਿਤਾਵਾਂ ‘ਕਵੀ’, ‘ਫੁਲਵਾੜੀ’, ‘ਸਾਂਝੀ ਵਾਲ’ ’ਚ ਛਪਦੀਆਂ; ਕਵੀ ਦਰਬਾਰਾਂ `ਚ ਗੂੰਜਦੀਆਂ; ਦੇਸ਼ ਭਗਤੀ ਦਾ ਸੂਹਾ ਰੰਗ ਚਾੜ੍ਹਦੀਆਂ। ਇਸ ਤੋਂ ਇਲਾਵਾ ਆਪ ਦਿਨ ਰਾਤ ਸਾਈਕਲ ਚਲਾ ਕੇ ਕ੍ਰਾਂਤੀਕਾਰੀ ਸਾਹਿਤ ਵੰਡਦੇ ਤੇ ਇਸ ਲਈ ਸਹਾਇਤਾ ਇਕੱਠੀ ਕਰਦੇ।
ਤੇਜਾ ਸਿੰਘ ਸਫਰੀ ਆਪਣੇ ਭਰਾ ਪ੍ਰੇਮ ਸਿੰਘ ਸਰਾਭਾ ਨਾਲ ਮਿਲ ਕੇ ਕਲਕੱਤੇ ਸਾਮਰਾਜ ਵਿਰੋਧੀ ਵਿਸ਼ਾਲ ਜਲਸੇ, ਜਲੂਸਾਂ ਦੀ ਅਗਵਾਈ ਕਰਦੇ। ਜਤਿਨ ਦਾਸ ਤੇ ਭਗਤ ਸਿੰਘ ਦੀਆਂ ਸ਼ਹਾਦਤਾਂ ਮੌਕੇ ਲਾ-ਮਿਸਾਲ ਖਾੜਕੂ ਮੁਜ਼ਾਹਰੇ ਜਥੇਬੰਦ ਕੀਤੇ ਗਏ ਜਿਨ੍ਹਾਂ ਦੀ ਰਾਹਨੁਮਾਈ ਆਪ ਨੇ ਕੀਤੀ। ਆਪ ਦੇ ਗ੍ਰਿਫਤਾਰੀ ਵਾਰੰਟ ਕਲਕੱਤਾ ਪੁਲੀਸ ਨੇ ਕੱਢ ਦਿੱਤੇ ਤੇ ਆਪ ਗੁਪਤ ਰੂਪ ਵਿਚ ਪੰਜਾਬ ਪਹੁੰਚ ਗਏ। ਇੱਧਰ ਪ੍ਰੇਮ ਸਿੰਘ ਸਰਾਭਾ ਨੂੰ ਲੁਧਿਆਣਾ ਪੁਲੀਸ ਨੇ ਜੇਲ੍ਹ ’ਚ ਬੰਦ ਕਰ ਦਿੱਤਾ। ਇਨ੍ਹਾਂ ਇਮਤਿਹਾਨੀ ਹਾਲਾਤ ਅੰਦਰ ਆਪ 28 ਜੁਲਾਈ 1929 ਨੂੰ ਕਿਰਤੀ ਕਿਸਾਨ ਪਾਰਟੀ ਜਿ਼ਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਚੁਣੇ ਗਏ। ਉਹ ਕਿਸਾਨ ਮਜ਼ਦੂਰ ਘੋਲਾਂ ਤੇ ਲਹਿਰਾਂ ਦੀ ਉਸਾਰੀ ਲਈ ਕੁਲਵਕਤੀ ਕੰਮ ਵਿਚ ਜੁੱਟ ਗਏ ਅਤੇ ਵਾਰ ਵਾਰ ਜੇਲ੍ਹ ਡੱਕੇ ਗਏ। ਇਸੇ ਸਮੇਂ ਆਪ ਕਮਿਊਨਿਸਟ ਪਾਰਟੀ ਦੇ ਆਗੂ ਬਣੇ। ਆਪ ਦੀ ਅਗਵਾਈ ਹੇਠ 1932 ’ਚ ਪਹਿਲੀ ਵਾਰ ਸਰਾਭਾ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਵੱਡੇ ਪੈਮਾਨੇ ’ਤੇ ਮਨਾਈ ਗਈ। ਬਰਸੀ ਪਿਛੋਂ ਗ੍ਰਿਫਤਾਰੀਆਂ ਦਾ ਦੌਰ ਹੋਰ ਤੇਜ਼ ਹੋ ਗਿਆ। ਤੇਜਾ ਸਿੰਘ ਸਫਰੀ ਤੇ ਪ੍ਰੇਮ ਸਿੰਘ ਸਰਾਭਾ ਨੂੰ ਮੁੜ ਜੇਲ੍ਹ ਅੰਦਰ ਡੱਕ ਦਿੱਤਾ ਗਿਆ। 1923 ਤੋਂ 47 ਤੱਕ ਅਤੇ ਬਾਅਦ ’ਚ 1947 ਤੋਂ 54 ਤੱਕ ਵੀ ਤੇਜਾ ਸਿੰਘ ਸਫਰੀ ਨੇ 20 ਸਾਲ ਤੋਂ ਉਪਰ ਸਮਾਂ ਜੇਲ੍ਹਾਂ ਵਿਚ ਕੱਟਿਆ।
ਆਪ ਦੀ ਪਤਨੀ ਬਸੰਤ ਕੌਰ ਦਾ ਤਿਆਗ ਅਤੇ ਕੁਰਬਾਨੀ ਵੀ ਧੰਨ ਹੈ ਜਿਸ ਨੇ ਬੇਹੱਦ ਆਰਥਿਕ ਤੰਗੀਆਂ, ਇਕੱਲਤਾ, ਰੋਜ਼ ਰੋਜ਼ ਦੇ ਵਿਦੇਸ਼ੀ/ਦੇਸੀ ਹਕੂਮਤਾਂ ਦੇ ਪੁਲੀਸ ਛਾਪਿਆਂ, ਜਬਰ ਜ਼ੁਲਮ ਦੀਆਂ ਭਾਰੀ ਮੁਸੀਬਤਾਂ ਖਿੜੇ ਮੱਥੇ ਝੱਲਦਿਆਂ ਆਪਣੇ ਪੁੱਤਰਾਂ ਦਰਸ਼ਨ ਸਿੰਘ, ਅਮਰਪਾਲ ਸਿੰਘ ਤੇ ਕੁਲਵੰਤ ਸਿੰਘ ਨੂੰ ਪਾਲਿਆ, ਪੜ੍ਹਾਇਆ ਤੇ ਪ੍ਰਵਾਨ ਚੜ੍ਹਾਇਆ। ਆਪ ਦੇ ਭਰਾ ਜਗੀਰ ਸਿੰਘ ਨੇ ਵੀ ਵੱਡੇ ਸਰਕਾਰੀ ਜ਼ੁਲਮ ਝੱਲੇ।
ਇਕ ਵਾਰ ਇਕ ਤਤਕਾਲੀ ਮੁੱਖ ਮੰਤਰੀ ਨੇ ਸਰਾਭੇ ਘਰੇ ਪੁੱਜ ਕੇ ਤੇਜਾ ਸਿੰਘ ਸਫਰੀ ਨੂੰ ਸਰਕਾਰੀ ਪੈਨਸ਼ਨ ਅਤੇ ਹੋਰ ਵੱਡੇ ਲਾਭ ਦੇਣ ਦੀ ਪੇਸ਼ਕਸ਼ ਕੀਤੀ ਪਰ ਅਸੂਲਾਂ ਦੇ ਪੱਕੇ ਅਤੇ ਕਹਿਣੀ ਤੇ ਕਰਨੀ ਦੇ ਪੂਰੇ ਸਫਰੀ ਨੇ ਕਿਹਾ, “ਜਦੋਂ ਤੱਕ ਮੇਰੇ 40 ਕਰੋੜ ਹਿੰਦ ਵਾਸੀਆਂ ਲਈ ਬਰਾਬਰੀ, ਖੁਸ਼ਹਾਲੀ, ਨਿਆਂ ਤੇ ਕਿਰਤ ਦੀ ਸਰਦਾਰੀ ਵਾਲਾ ਖਰਾ ਲੋਕ ਜਮਹੂਰੀ ਸੱਚਾ ਸਮਾਜਵਾਦੀ ਰਾਜ ਪ੍ਰਬੰਧ ਸਥਾਪਿਤ ਨਹੀਂ ਹੋ ਜਾਂਦਾ, ਉਨ੍ਹਾਂ ਦਾ ਇਨਕਲਾਬ ਜਾਰੀ ਰਹੇਗਾ ਤੇ ਉਹ ਇਕ ਵੀ ਪੈਸਾ ਸਰਮਾਏਦਾਰਾਂ-ਜਗੀਰਦਾਰਾਂ ਦੀ ਸਰਕਾਰ ਤੋਂ ਨਹੀਂ ਲਵੇਗਾ।” ਸਫਰੀ ‘ਪ੍ਰਣ’ ਕਵਿਤਾ ਵਿਚ ਲਿਖਦੇ ਹਨ:
ਬਾਗੀ ਰਹਾਂਗੇ ਕਰਾਂਗੇ ਹੋਰ ਬਾਗੀ,
ਜਦ ਤੱਕ ਨਹੀਂ ਮਿਟਦਾ ਅਜ਼ਾਬ ਸਾਡਾ।
ਲੜਦੇ ਰਹਾਂਗੇ ਹਟਾਂਗੇ ਨਹੀਂ ਪਿੱਛੇ,
ਜਦ ਤੱਕ ਨੇਪਰੇ ਚੜ੍ਹੂ ਨਾ ਕਾਜ ਸਾਡਾ।
ਤੇਜਾ ਸਿੰਘ ਸਫਰੀ ਦਾ ਕਾਵਿ ਸੰਗ੍ਰਹਿ ‘ਸਫਰੀ ਮਨ ਤਰੰਗ’ (2013) ਗ਼ਦਰ ਕਾਵਿ ਦਾ ਅਟੁੱਟ ਅੰਗ ਤੇ ਸੁੰਦਰ ਨਮੂਨਾ ਹੈ। ਇਸ ਕਿਤਾਬ ਦਾ ਸੰਪਾਦਨ ਹਰਦੇਵ ਸਿੰਘ ਗਰੇਵਾਲ ਨੇ ਕੀਤਾ ਹੈ। 15 ਜਨਵਰੀ 1954 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦੇ ਖਰੇ ਵਾਰਸ ਦੇਸ਼ ਪਰਦੇਸ ’ਚ ਉਨ੍ਹਾਂ ਦੀ ਯਾਦ ਵਿਚ ਬਰਸੀ ਸਮਾਗਮ ਜਥੇਬੰਦ ਕਰਨਗੇ।
ਸੰਪਰਕ: 96464-02470