ਨਵੇਂ ਵਰਤਾਰੇ ਲਈ ਤਿਆਰ ਰਹੋ…!
ਬਲਦੇਵ ਸਿੰਘ (ਸੜਕਨਾਮਾ)
ਮੇਰਾ ਇੱਕ ਨੇੜਲਾ ਮਿੱਤਰ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਨਿਰਾਸ਼ ਅਤੇ ਦੁਖੀ ਹੈ। ਆਪਣੇ ਇੱਕੋ ਇੱਕ ਪੁੱਤਰ ਨੂੰ ਲੈ ਕੇ ਮੇਰੇ ਕੋਲ ਆਪਣੀਆਂ ਪ੍ਰੇਸ਼ਾਨੀਆਂ ਸਾਂਝੀਆਂ ਕਰ ਕੇ ਆਪਣੀ ਛਾਤੀ ਉੱਪਰ ਪਿਆ ਬੋਝ ਹਲਕਾ ਕਰਦਾ ਰਹਿੰਦਾ ਹੈ:
‘‘ਯਾਰ ਮੁੰਡੇ ਦਾ ਐਨਾ ਤਾਂ ਦਿਮਾਗ਼ ਹੈ ਨਹੀਂ, ਪੜ੍ਹਾਈ ਵਿੱਚ ਕੋਈ ਮਾਅਰਕਾ ਮਾਰਦਾ। ਖੇਡਾਂ ਵਿੱਚ ਤਾਂ ਪਹਿਲਾਂ ਤੋਂ ਹੀ ਉਸ ਦੀ ਕੋਈ ਰੁਚੀ ਨਹੀਂ ਸੀ। ਸਰਕਾਰੀ ਨੌਕਰੀ ਦੀ ਝਾਕ ਰੱਖਣੀ ਵੀ ਮੂਰਖਤਾ ਹੈ। ਉਹ ਇੰਨੀ ਕੁ ਜੋਗਾ ਤਾਂ ਹੋਵੇਗਾ, ਉਸ ਨੂੰ ਆਈਲੈਟਸ (ਆਇਲਜ਼) ਕਰਵਾ ਕੇ ਬਾਹਰ ਕੱਢ ਦਿਆਂ। ਇਹ ਸੋਚ ਕੇ ਆਈਲੈਟਸ ਕਰਵਾਈ ਪਰ ਸਾਢੇ ਤਿੰਨ-ਚਾਰ ਬੈਂਡ ਤੋਂ ਅਗਾਂਹ ਨਹੀਂ ਟੱਪਿਆ। ਤਿੰਨ ਵਾਰ ਟਰਾਈ ਮਾਰੀ ਪਰ ਪਰਨਾਲਾ ਉੱਥੇ ਦਾ ਉੱਥੇ। ਉਹ ਘੱਟ ਬੈਂਡਾਂ ਦੇ ਗਧੀ ਗੇੜ ਵਿੱਚੋਂ ਬਾਹਰ ਹੀ ਨਹੀਂ ਨਿਕਲਿਆ। ਝਿੜਕ ਸਕਦਾ ਨ੍ਹੀਂ, ਇੱਕੋ ਇੱਕ ਜੁਆਕ ਹੈ, ਮਾਂ ਦਾ ਲਾਡਲਾ। ਅੱਜਕੱਲ੍ਹ ਸਹਿਣ ਸ਼ਕਤੀ ਹੈ ਨਹੀਂ। ਜੇ ਗ਼ਲਤ ਬੋਲਿਆ, ਪਤਾ ਨਹੀਂ ਕੀ ਕਰ ਬੈਠੇ, ਇਹੀ ਡਰ ਲੱਗਦਾ ਰਹਿੰਦਾ ਹੈ। ਕੀ ਕਰਾਂ?’’
ਦੋਸਤ ਜਦੋਂ ਮਿਲਦਾ, ਇਹੋ ਜਿਹੇ ਰੋਣੇ ਹੀ ਰੋਂਦਾ ਰਹਿੰਦਾ। ਮੇਰੇ ਕੋਲ ਵੀ ਕੀ ਹੱਲ ਹੋਣਾ ਸੀ। ਹੱਲ ਤਾਂ ਸੀ, ਵੱਧ ਬੈਂਡਾਂ ਵਾਲੀ ਕੋਈ ਕੁੜੀ ਲੱਭ ਕੇ ਜਹਾਜ਼ ਚੜ੍ਹਾ ਦੇਵੇ। ਪਰ ਹੁਣ ਅਜਿਹੇ ਕੇਸਾਂ ਵਿੱਚ ਵੀ ਠੱਗੀਆਂ ਵੱਜਣ ਲੱਗ ਪਈਆਂ। ਆਪਣੇ ਪੁੱਤਰ ਬਾਰੇ ਗੱਲਾਂ ਕਰਦਿਆਂ ਉਸ ਨੇ ਇੱਕ ਦਿਨ ਕਿਹਾ: ‘‘ਵੱਡੇ ਭਾਈ, ਸ਼ੁਕਰ ਹੈ, ਮੁੰਡਾ ਨਸ਼ੇ ਵਾਲੇ ਪਾਸੇ ਨਹੀਂ ਗਿਆ।’’ ਫਿਰ ਮਿੱਤਰ ਲੰਮਾ ਸਮਾਂ ਮੇਰੇ ਕੋਲ ਨਹੀਂ ਆਇਆ। ਮੇਰੇ ਆਪਣੇ ਰੁਝੇਵੇਂ ਸਨ। ਅੱਜਕੱਲ੍ਹ ਹਰ ਕੋਈ ‘ਬਿਜ਼ੀ ਫਾਰ ਨਥਿੰਗ’ ਹੁੰਦਾ ਹੈ। ਮੋਬਾਈਲ ਦਾ ਅਜਿਹਾ ਤਲਿਸਮ ਹੈ, ਬੰਦੇ ਨੂੰ ਵਿਹਲਾ ਰਹਿਣ ਹੀ ਨਹੀਂ ਦਿੰਦਾ।
ਇੱਕ ਦਿਨ ਅਚਾਨਕ ਮਿੱਤਰ ਨਾਲ ਬਾਜ਼ਾਰ ਵਿੱਚ ਮੇਲ ਹੋ ਗਿਆ। ਉਸ ਦੀ ਚਾਲ ਢਾਲ, ਚਿਹਰਾ-ਮੁਹਰਾ, ਪਹਿਰਾਵਾ ਵੇਖ ਕੇ ਮੈਂ ਹੈਰਾਨ ਹੋਇਆ। ਉਹ ਪੂਰੀ ਚੜ੍ਹਦੀ ਕਲਾ ਵਿੱਚ ਸੀ। ਉਸ ਦੀ ਹੱਥ-ਘੁਟਣੀ ਵਿੱਚ ਗਰਮਜੋਸ਼ੀ ਲੱਗੀ।
‘‘ਆ ਯਾਰ ਚਾਹ ਪੀਨੇ ਐਂ।’’ ਉਸ ਦੇ ਬੋਲਾਂ ਵਿੱਚ ਕਰਾਰ ਝਲਕਿਆ। ਉਹ ਅੱਗੇ ਲੱਗ ਤੁਰਿਆ। ਤੋਰ ਵਿੱਚ ਮੜ੍ਹਕ ਸੀ। ਉਸ ਅੰਦਰ ਇਹ ਕਾਇਆ ਕਲਪ ਵੇਖ ਕੇ ਮੈਂ ਬੜਾ ਹੈਰਾਨ ਹੋਇਆ।
ਚਾਹ ਪੀਂਦਿਆਂ ਕੁਝ ਪੁੱਛਣ ਦੀ ਥਾਂ ਮੈਂ ਉਡੀਕਣਾ ਚੰਗਾ ਸਮਝਿਆ। ਮਿੱਤਰ ਕੁਝ ਸੋਚਦਾ ਮੁਸਕਰਾ ਪਿਆ। ਫਿਰ ਬੋਲਿਆ, ‘‘ਮੇਰੇ ਨਾਲ ਤਾਂ ਭਰਾਵਾ ਕੁੱਬੇ ਦੇ ਲੱਤ ਵੱਜਣ ਨਾਲ ਕੁੱਬ ਸਿੱਧਾ ਹੋ ਗਿਆ ਵਾਲੀ ਗੱਲ ਹੋਈ।’’
‘‘ਨੌਕਰੀ ਮਿਲ ਗਈ ਮੁੰਡੇ ਨੂੰ?’’ ਮੈਂ ਪੁੱਛਿਆ।
‘‘ਨੌਕਰੀ ਤਾਂ ਚਿੜੀਆਂ ਦਾ ਦੁੱਧ ਬਣੀ ਹੋਈ ਐ, ਨੌਕਰੀ ਕਿੱਥੇ!’’ ਉਹ ਬੋਲਿਆ।
‘‘ਸੱਤ ਬੈਂਡ ਵਾਲੀ ਕੁੜੀ ਲੱਭ ਪਈ ਕੋਈ?’’
‘‘ਕਾਹਨੂੰ ਯਾਰ, ਗੱਲ ਤਾਂ ਸੁਣ ਮੇਰੀ। ਮੇਰੇ ਨਾਲਾਇਕ ਮੁੰਡੇ ਨੇ ਤਾਂ ਕਮਾਲ ਈ ਕਰਤੀ। ਨੌਕਰੀ ਭਾਲਦਾ ਭਾਲਦਾ, ਦੂਸਰਿਆਂ ਨੂੰ ਨੌਕਰ ਰੱਖਣ ਦੇ ਉਪਰਾਲੇ ਕਰੀ ਬੈਠਾ।’’ ਉਹ ਖੁੱਲ੍ਹ ਕੇ ਹੱਸਿਆ।
ਮੈਂ ਹੈਰਾਨ ਹੋਇਆ। ‘‘ਇਹੋ ਜਿਹਾ ਕਿਹੜਾ ਆਪਣਾ ਕੰਮ ਚਲਾ ਲਿਆ। ਪਕੌੜੇ ਤਾਂ ਨ੍ਹੀਂ ਤਲਣ ਲੱਗ ਪਿਆ?’’ ਮੈਂ ਵਿਅੰਗ ਨਾਲ ਪੁੱਛਿਆ। ਉਸ ਦੇ ਮੁੰਡੇ ਦੀ ਸੂਝ-ਬੂਝ ਤੋਂ ਮੈਂ ਵਾਕਫ਼ ਸਾਂ।
‘‘ਕੀ ਗੱਲਾਂ ਕਰਦਾ ਐਂ ਯਾਰ? ਮੁੰਡਾ ਐਨਾ ਨਾਲਾਇਕ ਵੀ ਨ੍ਹੀਂ ਹੈ ਜਿੰਨਾ ਆਪਾਂ ਸੋਚਦੇ ਸੀ। ਉਹ ਤਾਂ ਹੁਣ ਆਈਲੈਟਸ ਸੈਂਟਰ ਖੋਲ੍ਹਣ ਨੂੰ ਫਿਰਦੈ, ਫਿਰਦੈ ਕੀ, ਖੋਲ੍ਹ ਹੀ ਲੈਣਾ।’’ ਮਿੱਤਰ ਨੇ ਪੂਰਾ ਜ਼ੋਰ ਦੇ ਕੇ ਭਰੋਸੇ ਨਾਲ ਕਿਹਾ।
ਇਹੋ ਜਿਹੀਆਂ ਗੱਲਾਂ ’ਤੇ ਬੰਦਾ ਹੈਰਾਨ ਨਾ ਹੋਵੇ ਤਾਂ ਕੀ ਕਰੇ? ਜਿਹੜਾ ਮੁੰਡਾ ਆਪ ਤਿੰਨ, ਸਾਢੇ ਤਿੰਨ ਬੈਂਡ ਤੋਂ ਅਗਾਂਹ ਨਹੀਂ ਟੱਪਿਆ, ਉਹ ਹੁਣ ਦੂਸਰਿਆਂ ਨੂੰ ਆਈਲੈਟਸ ਕਰਵਾਏਗਾ।
‘‘ਸੋਚਾਂ ’ਚ ਪੈ ਗਿਐਂ? ਯਕੀਨ ਨਹੀਂ ਆ ਰਿਹਾ?’’ ਦੋਸਤ ਮੇਰੀਆਂ ਅੱਖਾਂ ’ਚ ਸਿੱਧਾ ਝਾਕਿਆ।
‘‘ਤੂੰ ਗੱਲਾਂ ਈ ਇਹੋ ਜਿਹੀਆਂ ਕਰਦੈਂ।’’
‘‘ਬਹੁਤਾ ਪ੍ਰੇਸ਼ਾਨ ਨਾ ਹੋ, ਮੁੰਡੇ ਨੇ ਪੰਜਾਬੀ ਦਾ ਆਈਲੈਟਸ ਸੈਂਟਰ ਖੋਲ੍ਹਣੈ।’’
‘‘ਪੰਜਾਬੀ ਦਾ ਆਈਲੈਟਸ, ਇਹ ਕਿਹੜਾ ਹੋਇਆ?’’
‘‘ਚੌਂਕ ਗਿਆ ਨਾ? ਮੈਨੂੰ ਪਤਾ ਸੀ। ਮੈਂ ਤਾਂ ਮੁੰਡੇ ਦੀ ਸੋਚ ਦੇ ਵਾਰੇ ਵਾਰੇ ਜਾਨੈ। ਚਾਰ ਪੰਜ ਸਟੂਡੈਂਟ ਤਾਂ ਘਰ ਹੀ ਆਉਣ ਲੱਗ ਪਏ।’’
‘‘ਐਵੇਂ ਲਾਹੌਰ ਲਾਈ ਜਾਨੈ ਯਾਰ। ਕਿਹੜਾ ਸਟੂਡੈਂਟ ਪੰਜਾਬੀ ਆਈਲੈਟਸ ’ਚ ਆਊ, ਉਹ ਵੀ ਪੰਜਾਬ ’ਚ?’’
‘‘ਮੈਨੂੰ ਪਤਾ ਸੀ ਤੂੰ ਯਕੀਨ ਨਹੀਂ ਕਰਨਾ। ਠਰ੍ਹੰਮੇ ਨਾਲ ਸੁਣ ਮੇਰੀ ਗੱਲ।’’ ਮਿੱਤਰ ਸਮਝਾਉਣ ਦੇ ਲਹਿਜੇ ’ਚ ਬੋਲਿਆ।
‘‘ਮੁੰਡਾ ਤਾਂ ਹੁਣ, ਇੱਕ ਭੰਗੜੇ ਦਾ ਕੋਚ ਤੇ ਇੱਕ ਢੋਲ ਵਾਲਾ ਵੀ ਲੱਭ ਰਿਹੈ।’’
ਮੈਥੋਂ ਰਿਹਾ ਨਾ ਗਿਆ, ਕਿਹਾ, ‘‘ਮੁੰਡੇ ਨੇ ਆਈਲੈਟਸ ਸੈਂਟਰ ਨਹੀਂ, ਆਰਕੈਸਟਰਾ ਗਰੁੱਪ ਬਣਾਇਆ ਹੋਣੈ, ਤੈਨੂੰ ਮੂਰਖ ਬਣਾਉਂਦੈ।’’
‘‘ਜੋ ਮਰਜ਼ੀ ਆਖ, ਮੈਂ ਤੈਨੂੰ ਦੱਸਦੈਂ ਸਾਰੀ ਗੱਲ। ਵੇਖ ਆਪਣੇ ਮੁੰਡੇ, ਪਿੰਡਾਂ ’ਚੋਂ, ਸ਼ਹਿਰਾਂ ’ਚੋਂ ਵਿਦੇਸ਼ਾਂ ਨੂੰ ਉੱਡੀ ਜਾ ਰਹੇ ਨੇ। ਪਿੰਡ ਤਾਂ ਖਾਲੀ ਹੋਏ ਪਏ ਨੇ। ਜਿਹੜੇ ਗਏ ਨੇ, ਉਨ੍ਹਾਂ ਮੁੜ ਕੇ ਆਉਣਾ ਨਹੀਂ। ਜੇ ਕੋਈ ਮੁੜ ਵੀ ਆਇਆ ਤਾਂ ਨਾ ਨੌਕਰੀ ਜੋਗਾ, ਨਾ ਕੰਮ ਜੋਗਾ। ਜਾਣੀ ਕਿ ਕਹਾਣੀ ਖ਼ਤਮ। ਪੰਜਾਬ ’ਚ ਦੇਖ ਕਦੋਂ ਤੋਂ ਆ ਰਹੇ ਨੇ, ਯੂਪੀ ਤੋਂ, ਬਿਹਾਰ ਤੋਂ, ਰਾਜਸਥਾਨ ਤੋਂ, ਨੇਪਾਲ ਤੋਂ, ਆ ਰਹੇ ਨੇ ਨਾ?’’ ਉਸ ਨੇ ਆਪਣੀ ਗੱਲ ਨੂੰ ਪੱਕਾ ਕਰਨ ਲਈ ਪੁੱਛਿਆ।
‘‘ਆ ਰਹੇ ਨੇ, ਸਭ ਜਾਣਦੇ ਨੇ, ਤੂੰ ਗੱਲ ਕਰ ਆਪਣੀ।’’ ਮੈਂ ਸਹਿਮਤ ਹੋਇਆ।
‘‘ਦੇਖ ਨਾ ਉਨ੍ਹਾਂ ਨੂੰ ਸਹੀ ਢੰਗ ਨਾਲ ਪੰਜਾਬੀਆਂ ਵਾਂਗ ਬੋਲਣਾ ਆਇਆ, ਨਾ ਵਰਤਣਾ ਆਇਆ। ਜਾਣੀ ਪੰਜਾਬੀ ਅੰਦਾਜ਼ ਨਾਲ ਜੀਣਾ ਨਹੀਂ ਆਇਆ, ਇਹ ਸੱਚ ਹੈ ਨਾ?’’
ਮੈਂ ਸਿਰ ਹਿਲਾਇਆ, ‘‘ਸਹੀ ਹੈ।’’
‘‘ਇਹ ਸਾਰੇ ਆਪਣੀ ਬੋਲੀ ਤੇ ਪੰਜਾਬੀ ਬੋਲੀ ਦੀ ਖਿੱਚੜੀ ਜਿਹੀ ਬਣਾ ਕੇ ਗੱਲ ਕਰਦੇ ਨੇ। ਮੇਰੇ ਮੁੰਡੇ ਨੂੰ ਯੂਪੀ ਦਾ ਇੱਕ ਫਾਸਟ ਫੂਡ ਦੀ ਰੇਹੜੀ ਲਾਉਣ ਵਾਲਾ ਮਿਲਿਆ। ਉਸ ਕੋਲੋਂ ਹੀ ਮੁੰਡੇ ਨੇ ਆਇਡੀਆ ਚੁੱਕਿਆ। ਉਸ ਮੁੰਡੇ ਨੇ ਹੀ ਇੱਛਾ ਜ਼ਾਹਿਰ ਕੀਤੀ- ਸਾਨੂੰ ‘ਘੱਗਾ’ ਨ੍ਹੀਂ ਬੋਲਣਾ ਆਉਂਦਾ, ਸਾਨੂੰ ‘ਭੱਬਾ’ ਨ੍ਹੀਂ ਬੋਲਣਾ ਆਉਂਦਾ, ‘ਢੱਡਾ’ ਨ੍ਹੀਂ ਬੋਲਣਾ ਆਉਂਦਾ। ਪੰਜਾਬੀਆਂ ਵਾਂਗ ਪੱਗ ਬੰਨ੍ਹਣੀ ਨਹੀਂ ਆਉਂਦੀ। ਉਸ ਮੁੰਡੇ ਨਾਲ ਹੀ ਸਲਾਹ ਕਰ ਕੇ, ਮੁੰਡੇ ਨੂੰ ਪੰਜਾਬੀ ਆਈਲੈਟਸ ਖੋਲ੍ਹਣ ਦਾ ਵਿਚਾਰ ਆਇਆ। ਪੰਜ ਮੁੰਡੇ ਉਹ ਲੈ ਆਇਆ। ਹਰ ਰੋਜ਼ ਸ਼ਾਮ ਨੂੰ ਮੁੰਡਾ ਇੱਕ ਘੰਟਾ ਪੜ੍ਹਾਉਂਦਾ ਤੇ ਸਿਖਾਉਂਦਾ ਐ…।’’
‘‘ਕੀ ਸਿਖਾਉਂਦਾ ਹੈ?’’
‘‘ਹੱਦ ਹੋਗੀ, ਦੱਸਿਆ ਤਾਂ ਹੈ, ਗੁੱਗੀ ਨੂੰ ‘ਘੁੱਗੀ’ ਕਿਵੇਂ ਬੋਲਣਾ ਹੈ। ਡਿੱਡ ਨੂੰ ‘ਢਿੱਡ’ ਕਿਵੇਂ ਕਹਿਣਾ ਹੈ, ਬੂਆ ਨੂੰ ‘ਭੂਆ’ ਕਿਵੇਂ ਬੋਲਣਾ ਹੈ। ਉਹ ਯੂਪੀ ਵਾਲਾ ਤਾਂ 25-30 ਪਰਵਾਸੀਆਂ ਦੀ ਲਿਸਟ ਬਣਾਈ ਫਿਰਦੈ ਤੇ ਆਪਣਾ ਮੁੰਡਾ ਕੋਈ ਢੰਗ ਦੀ ਥਾਂ ਲੱਭ ਰਿਹੈ, ਪੰਜਾਬੀ ਆਈਲੈਟਸ ਸੈਂਟਰ ਖੋਲ੍ਹਣ ਲਈ। ਹੋਗੀ ਨਾ ਕਮਾਲ?’’ ਮਿੱਤਰ ਨੇ ਮੇਰੇ ਵੱਲ ਵੇਖ ਕੇ ਅੱਖਾਂ ਮਟਕਾਈਆਂ।
‘‘ਤੇ ਢੋਲ ਤੇ ਭੰਗੜੇ ਦਾ ਕੋਚ... ਉਹ ਕੀ ਕਰਨਗੇ?’’ ਮੈਂ ਪੁੱਛਿਆ।
‘‘ਵਾਹ, ਇਹ ਮੁੰਡੇ ਆਪਣੇ ਪੰਜਾਬੀ ਮੁੰਡਿਆਂ ਵਾਂਗ ਸਾਰਾ ਕੁਝ ਸਿੱਖਣਾ ਚਾਹੁੰਦੇ ਨੇ। ਭੰਗੜਾ ਕਿਵੇਂ ਪਾਉਣਾ ਹੈ, ਬੋਲੀਆਂ ਕਿਵੇਂ ਪਾਉਣੀਆਂ ਹਨ, ਪੰਜਾਬੀ ਗਾਲ੍ਹਾਂ ਕਿਵੇਂ ਕੱਢਣੀਆਂ ਹਨ। ਦਾਰੂ ਪੀ ਕੇ ਲਲਕਾਰਾ ਕਿਵੇਂ ਮਾਰੀਦਾ ਹੈ, ਬੜ੍ਹਕ ਕਿਵੇਂ ਮਾਰੀਦੀ ਹੈ। ਜਿਹੜੇ ਪੰਜ ਮੁੰਡੇ ਹੁਣ ਆਉਂਦੇ ਹਨ, ਪਹਿਲਾਂ ਤਾਂ ਐਵੇਂ ਬੜ੍ਹਕੀਆਂ ਜਿਹੀਆਂ ਮਾਰਦੇ ਸਨ, ਮੈਂ ਉਨ੍ਹਾਂ ਨੂੰ ਬੜ੍ਹਕ ਮਾਰਨੀ ਤੇ ਲਲਕਾਰੇ ਮਾਰਨੇ ਸਿਖਾਏ ਨੇ। ਆਖ਼ਰ ਹੁਣ ਇਨ੍ਹਾਂ ਮੁੰਡਿਆਂ ਨੇ ਹੀ ਤਾਂ ਪੰਜਾਬ ਦਾ ਭਵਿੱਖ ਬਣਨਾ ਹੈ।’’
ਇਸ ਗੱਲ ਤੋਂ ਮੈਨੂੰ ਕੁਝ ਤਕਲੀਫ਼ ਹੋਈ। ਮਿੱਤਰ ਨੇ ਆਪਣੀ ਗੱਲ ਜਾਰੀ ਰੱਖੀ, ‘‘ਇਹ ਮੁੰਡੇ ਤਾਂ ਕਹਿੰਦੇ ਨੇ- ‘ਉਸਾਰ ਲਓ ਕੋਠੀਆਂ, ਇਨ੍ਹਾਂ ਵਿੱਚ ਰਹਿਣਾ ਤਾਂ ਅਸਾਂ ਹੀ ਹੈ। ਬਣਾ ਲਓ ਜ਼ਮੀਨਾਂ, ਇਹ ਵੀ ਅਸਾਂ ਹੀ ਵਾਹੁਣੀਆਂ ਨੇ।’ ਭਾਈ ਜਾਨ, ਹੁਣ ਤਾਂ ਇਹ ਦਾੜ੍ਹੀਆਂ ਰੱਖ ਕੇ ਪੱਗਾਂ ਬੰਨ੍ਹਣ ਲੱਗ ਪਏ ਨੇ। ਮੇਰੇ ਮੁੰਡੇ ਨੇ ਸਮੇਂ ਦੀ ਨਬਜ਼ ਪਛਾਣ ਲਈ। ਵੇਖ ਲੈਣਾ ਹੁਣ ਪੰਜਾਬ ਵਿੱਚ ਪੰਜਾਬੀ ਲਹਿਜਾ ਸਿਖਾਉਣ ਲਈ ਆਈਲੈਟਸ ਸੈਂਟਰ ਖੁੱਲ੍ਹਣ ਲੱਗ ਪੈਣੇ ਨੇ…ਵੇਖਦਾ ਜਾ।’’
ਗੱਲ ਕਰ ਕੇ ਉਹ ਉੱਠ ਖੜ੍ਹਾ, ‘‘ਮੈਂ ਜਾਵਾਂ, ਮੁੰਡੇ ਉਡੀਕਦੇ ਹੋਣੇ ਨੇ।’’
‘‘ਕਿਹੜੇ ਮੁੰਡੇ?’’ ਮੈਂ ਪੁੱਛਿਆ।
‘‘ਜਿਨ੍ਹਾਂ ਨੂੰ ਬੜ੍ਹਕ ਮਾਰਨੀ ਤੇ ਲਲਕਾਰਾ ਮਾਰਨਾ ਸਿਖਾਉਣਾ ਯਾਰ, ਉਨ੍ਹਾਂ ਦੀ ਕਲਾਸ ਮੈਂ ਈ ਲੈਨਾਂ। ’
ਤੇ ਫਤਹਿ ਬੁਲਾ ਕੇ ਉਹ ਚੱਕਵੇਂ ਪੈਰੀਂ ਤੁਰ ਗਿਆ।
ਕੀ ਸਚਮੁੱਚ ਇਹ ਸਭ ਹੋਣ ਜਾ ਰਿਹੈ? ਜ਼ਿਹਨ ਵਿੱਚ ਉੱਠੇ ਇਸ ਸਵਾਲ ਨੇ ਮੈਨੂੰ ਫ਼ਿਕਰਾਂ ਵਿੱਚ ਪਾ ਦਿੱਤਾ।
ਸੰਪਰਕ: 98147-83069