ਜੌਰਜੀਆ ਤ੍ਰਾਸਦੀ
ਯੂਰਪ ਅਤੇ ਏਸ਼ੀਆ ਦੀ ਹੱਦ ’ਤੇ ਪੈਂਦੇ ਦੇਸ਼ ਜੌਰਜੀਆ ਦੇ ਗੁਡੌਰੀ ਇਲਾਕੇ ਵਿਚਲੇ ਇੱਕ ਹੋਟਲ ’ਚ ਵਾਪਰੀ ਕਾਰਬਨ ਮੋਨੋਔਕਸਾਈਡ ਦੀ ਜ਼ਹਿਰਬਾਦ ਘਟਨਾ ਨੇ ਪੰਜਾਬ ਦੇ ਕਈ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ। ਇੱਕ ਪਰਬਤੀ ਰਿਜ਼ੌਰਟ ’ਚ ਵਾਪਰੀ ਇਹ ਘਟਨਾ ਕਿਸੇ ਤਰਾਸਦੀ ਤੋਂ ਘੱਟ ਨਹੀਂ ਹੈ ਤੇ ਇੱਕ ਵਾਰ ਫਿਰ ਇਸ ਨੇ ਪਰਵਾਸ ਦੇ ਜੋਖ਼ਮਾਂ ਵੱਲ ਧਿਆਨ ਖਿੱਚਿਆ ਹੈ। ਘਟਨਾ ’ਚ ਗਿਆਰਾਂ ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚੋਂ ਨੌਂ ਪੰਜਾਬ ਤੋਂ ਹਨ। ਚੰਗੇ ਭਵਿੱਖ ਦੀ ਤਲਾਸ਼ ’ਚ ਪੰਜਾਬੀਆਂ ਦਾ ਹਜ਼ਾਰਾਂ ਮੀਲ ਦੂਰ ਵਿਦੇਸ਼ਾਂ ਵੱਲ ਪਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ ਤੇ ਇਸ ਤਰ੍ਹਾਂ ਦੀਆਂ ਤਰਾਸਦੀਆਂ ਪਹਿਲਾਂ ਵੀ ਹੋ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ’ਚੋਂ ਵਿਦੇਸ਼ੀ ਧਰਤੀ ’ਤੇ ਪਰਵਾਸੀ ਵਰਕਰਾਂ ਦਾ ਸੰਘਰਸ਼ ਪ੍ਰਤੱਖ ਰੂਪ ’ਚ ਝਲਕਦਾ ਹੈ। ਮੌਤਾਂ ਨੇ ਪਿੱਛੇ ਪੰਜਾਬ ਬੈਠੇ ਪਰਿਵਾਰਾਂ ਨੂੰ ਤੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ’ਚੋਂ ਕੁਝ ਨੇ ਤਾਂ ਆਪਣੇ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜਣ ਲਈ ਕਰਜ਼ੇ ਤੱਕ ਚੁੱਕੇ ਹੋਏ ਸਨ। ਮੁੱਢਲੀ ਜਾਂਚ ’ਚ ਮੌਤਾਂ ਦਾ ਕਾਰਨ ਜ਼ਹਿਰੀਲੀ ਗੈਸ ਦੱਸਿਆ ਜਾ ਰਿਹਾ ਹੈ ਜੋ ਰਿਹਾਇਸ਼ੀ ਕਮਰਿਆਂ ਦੇ ਕੋਲ ਰੱਖੇ ਇੱਕ ਜੈਨਰੇਟਰ ਤੋਂ ਪੈਦਾ ਹੋਈ। ਇਸ ਤੋਂ ਪਹਿਲਾਂ ਇਲਾਕੇ ’ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ ਬਿਜਲੀ ਠੱਪ ਹੋ ਗਈ ਸੀ। ਸੌਣ ਵਾਲੇ ਕਮਰਿਆਂ ਦੇ ਬਿਲਕੁਲ ਲਾਗੇ ਅੰਦਰੂਨੀ ਜਗ੍ਹਾ ’ਚ ਜੈਨਰੇਟਰ ਰੱਖਣਾ ਲਾਪ੍ਰਵਾਹੀ ਵੱਲ ਸੰਕੇਤ ਕਰਦਾ ਹੈ, ਜਿਸ ਦੀ ਜੌਰਜੀਆ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਚੇਤੇ ਰਹੇ ਕਿ ਇਸ ਸਾਲ ਜੂਨ ’ਚ ਕੁਵੈਤ ਦੀ ਇੱਕ ਇਮਾਰਤ ’ਚ ਲੱਗੀ ਅੱਗ ’ਚ 40 ਭਾਰਤੀਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉੱਥੇ ਕਾਮਿਆਂ ਦੀ ਰਿਹਾਇਸ਼ਗਾਹ ਦੀ ਹਾਲਤ ਅਤੇ ਹੰਗਾਮੀ ਸਥਿਤੀਆਂ ’ਚ ਬਚਾਅ ਦੇ ਬੰਦੋਬਸਤਾਂ ਦੇ ਪੱਖ ਤੋਂ ਕਈ ਸਵਾਲ ਖੜ੍ਹੇ ਹੋਏ ਸਨ।
ਇਹ ਘਟਨਾ ਵੀ ਪਹਿਲੀ ਨਜ਼ਰੇ ਇਸੇ ਤਰ੍ਹਾਂ ਦੀ ਅਣਗਹਿਲੀ ਦਾ ਨਤੀਜਾ ਜਾਪਦੀ ਹੈ। ਅਕਸਰ ਵਿਦੇਸ਼ਾਂ ’ਚ ਕੰਮ ਕਰਦੇ ਪਰਵਾਸੀ ਕਾਮਿਆਂ ਨੂੰ ਰਿਹਾਇਸ਼ ਦੇ ਢੁੱਕਵੇਂ ਬਦਲ ਉਪਲਬਧ ਨਹੀਂ ਕਰਵਾਏ ਜਾਂਦੇ ਜਿਸ ਦਾ ਮੰਤਵ ਬਹੁਤੀ ਵਾਰ ਰੁਜ਼ਗਾਰਦਾਤਾ ਵੱਲੋਂ ਆਪਣਾ ਖ਼ਰਚ ਬਚਾਉਣਾ ਹੁੰਦਾ ਹੈ। ਜਦੋਂਕਿ ਕਾਮਾ ਵੀ ਕਈ ਵਾਰ ਮਜਬੂਰੀ ’ਚ ਸੁਰੱਖਿਆ ਦੇ ਪੱਖ ਨੂੰ ਅਣਗੌਲਿਆਂ ਕਰ ਕੇ ਸਮਝੌਤਾ ਕਰ ਲੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਉਹ ਸਬੰਧਿਤ ਅਥਾਰਿਟੀਆਂ ਨੂੰ ਪਰਵਾਸੀ ਕਾਮਿਆਂ ਦੀ ਸੁਰੱਖਿਆ ਸਬੰਧੀ ਇੰਤਜ਼ਾਮ ਪੁਖ਼ਤਾ ਕਰਨ ਲਈ ਕਹੇ ਤਾਂ ਕਿ ਉਹ ਬਾਹਰੋਂ ਆਉਣ ਵਾਲੇ ਕਾਮਿਆਂ ਦੀ ਹਿਫਾਜ਼ਤ ਨਾਲ ਕੋਈ ਸਮਝੌਤਾ ਨਾ ਕਰਨ ਅਤੇ ਰੁਜ਼ਗਾਰਦਾਤਾ ’ਤੇ ਢੁੱਕਵੇਂ ਨਿਯਮਾਂ ਦੀ ਪਾਲਣਾ ਲਈ ਦਬਾਅ ਬਣਾਉਣ।
ਪੀੜਤ ਪਰਿਵਾਰਾਂ ਦੀ ਗੁਜ਼ਾਰਿਸ਼ ਹੁਣ ਇਹੀ ਹੈ ਕਿ ਮ੍ਰਿਤਕਾਂ ਦੀਆਂ ਦੇਹਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਢੁੱਕਵਾਂ ਇੰਤਜ਼ਾਮ ਕਰੇ। ਜੌਰਜੀਆ ’ਚ ਭਾਰਤੀ ਦੂਤਾਵਾਸ ਹਾਲਾਂਕਿ ਮੁਕਾਮੀ ਅਥਾਰਿਟੀ ਦੇ ਸੰਪਰਕ ’ਚ ਹੈ ਤੇ ਰਸਮੀ ਕਾਰਵਾਈਆਂ ਪੂਰੀਆਂ ਕਰ ਰਿਹਾ ਹੈ। ਇਸ ਤੋਂ ਬਾਅਦ ਦੇਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਪੀੜਾ ਦੀ ਇੰਤਹਾ ਇਹ ਹੈ ਕਿ ਇਨ੍ਹਾਂ ਵਿੱਚੋਂ ਬਹੁਤੇ ਕਈ ਵਰ੍ਹਿਆਂ ਤੋਂ ਪਰਤ ਕੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਤੱਕ ਨਹੀਂ ਸਨ। ਸਰਕਾਰ ਨੂੰ ਚਾਹੀਦਾ ਹੈ ਕਿ ਲੋੜੀਂਦੀਆਂ ਰਸਮੀ ਕਾਰਵਾਈਆਂ ਪੂਰੀ ਕਰ ਕੇ ਜਲਦੀ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਂਦਾ ਜਾਵੇ ਤਾਂ ਕਿ ਪਰਵਾਸ ਦਾ ਸੰਤਾਪ ਹੰਢਾ ਰਹੇ ਪਰਿਵਾਰਾਂ ਨੂੰ ਕੁਝ ਧਰਵਾਸ ਮਿਲ ਸਕੇ।