ਜੌਰਜੀਆ ਹਾਦਸਾ: ਸਰਬੱਤ ਦਾ ਭਲਾ ਟਰੱਸਟ ਨੇ ਪੀੜਤ ਪਰਿਵਾਰਾਂ ਦੀ ਬਾਂਹ ਫੜੀ
ਸੁਭਾਸ਼ ਚੰਦਰ
ਸਮਾਣਾ, 9 ਜਨਵਰੀ
ਜੌਰਜੀਆ ਵਿੱਚ ਹਾਦਸੇ ਦੌਰਾਨ ਸਮਾਣਾ ਦੇ ਨੌਜਵਾਨ ਵਰਿੰਦਰ ਸਿੰਘ (33) ਪੁੱਤਰ ਕਾਲਾ ਸਿੰਘ ਦੀ ਪਿਛਲੇ ਮਹੀਨੇ ਹੋਈ ਮੌਤ ’ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਹੈਲਥ ਸਰਵਿਸ ਰਾਜਿੰਦਰ ਸਿੰਘ ਅਟਵਾਲ, ਟਰੱਸਟ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਦੀਪਕ ਪਾਠਕ ਵੀ ਹਾਜ਼ਰ ਸਨ।
ਇਸ ਮੌਕੇ ਡਾ. ਓਬਰਾਏ ਵੱਲੋਂ ਪਰਿਵਾਰ ਨੂੰ ਮਾਲੀ ਸਹਾਇਤਾ ਵਜੋਂ ਮ੍ਰਿਤਕ ਦੀ ਪਤਨੀ ਅਨੂੰਪ੍ਰੀਤ ਕੌਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਧੀ ਲਈ ਦੋ ਲੱਖ ਰੁਪਏ ਦੀ ਐੱਫਡੀ ਦੇਣ ਤੋਂ ਇਲਾਵਾ ਪੁਰਾਣੇ ਮਕਾਨ ਦੀ ਮੁੰਰਮਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜੌਰਜੀਆ ਵਿੱਚ ਹਾਦਸੇ ਦੌਰਾਨ ਫੌਤ ਹੋਏ ਸੁਨਾਮ ਦੇ ਜੋੜੇ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਦੇ ਪਰਿਵਾਰ ਦੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਨੇ ਬਾਂਹ ਫੜੀ ਹੈ। ਓਬਰਾਏ ਨੇ ਮ੍ਰਿਤਕ ਦੇ ਪਿਤਾ ਨੂੰ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਦੇਣ ਦਾ ਫੈਸਲਾ ਕੀਤਾ ਹੈ। ਓਬਰਾਏ ਵਲੋਂ ਭੇਜਿਆ ਸਹਾਇਤਾ ਰਾਸ਼ੀ ਦਾ ਚੈੱਕ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਮ੍ਰਿਤਕ ਦੇ ਪਿਤਾ ਨੂੰ ਸੌਂਪਿਆ ਗਿਆ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ ਨੇ ਦੱਸਿਆ ਕਿ ਡਾ. ਐੱਸਪੀ ਸਿੰਘ ਓਬਰਾਏ ਨੇ ਫੈਸਲਾ ਕੀਤਾ ਕਿ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਟਰੱਸਟ ਵਲੋਂ ਹੀ ਦਿੱਤਾ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਦਮਦਮੀ, ਹਰਮੇਲ ਸਿੰਘ ਲੱਡਾ ਤੇ ਐੱਸਐੱਸਪੀ ਦੇ ਰੀਡਰ ਜਨਾਬ ਅਸਲਮ ਹਾਜ਼ਰ ਸਨ।