For the best experience, open
https://m.punjabitribuneonline.com
on your mobile browser.
Advertisement

ਜੈਨੇਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ: ਰਚਨਾਤਮਕ ਮਸ਼ੀਨਾਂ ਦਾ ਉਭਾਰ

06:13 AM Apr 23, 2024 IST
ਜੈਨੇਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ  ਰਚਨਾਤਮਕ ਮਸ਼ੀਨਾਂ ਦਾ ਉਭਾਰ
Advertisement

ਡਾ. ਬ੍ਰਹਮਲੀਨ ਕੌਰ

Advertisement

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਾਡੀ ਰੋਜ਼ਮੱਰਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਅਤੇ ਜਾਣੇ-ਅਣਜਾਣੇ ਅਸੀਂ ਇਸ ਦੀ ਵਰਤੋਂ ਦਿਨ ’ਚ ਕਈ ਵਾਰ ਕਰਦੇ ਹਾਂ। ਗੂਗਲ ਦੇ ਸਰਚ ਇੰਜਣ ’ਤੇ ਕੀਤੀ ਜਾਣ ਵਾਲੀ ਹਰ ਖੋਜ ਪਿੱਛੇ ਏਆਈ ਕੰਮ ਕਰ ਰਿਹਾ ਹੈ। ਐਮਾਜ਼ਨ, ਯੂਟਿਊਬ ਅਤੇ ਨੈੱਟਫਲਿੱਕਸ ਵਰਗੀਆਂ ਵੈਬਸਾਈਟਾਂ ਉੱਤੇ ਉਤਪਾਦਾਂ, ਫਿਲਮਾਂ ਆਦਿ ਦੀ ਸਿਫ਼ਾਰਸ਼ ਏਆਈ ਦੀ ਵਰਤੋਂ ਨਾਲ ਕੀਤੀ ਜਾਂਦੀ ਹੈੈ। ਇਹ ਸਿਫਾਰਿਸ਼ਾਂ ਉਪਭੋਗਤਾ ਦੀ ਪ੍ਰੋਫਾਈਲ, ਉਨ੍ਹਾਂ ਦੇ ਪਿਛਲੇ ਵਿਹਾਰ, ਤਰਜੀਹਾਂ ਅਤੇ ਉਨ੍ਹਾਂ ਵਰਗੇ ਹੋਰ ਉਪਭੋਗਤਾਵਾਂ ਦੇ ਵਿਹਾਰ ਦੇ ਆਧਾਰ ’ਤੇ ਕੀਤੀਆਂ ਜਾਂਦੀਆਂ ਹਨ।
ਟੈਸਲਾ ਕੰਪਨੀ ਦੇ ਸੀਈਓ ਐਲਨ ਮਸਕ ਨੇ 13 ਮਾਰਚ 2024 ਨੂੰ ‘ਐਕਸ’ (ਟਵਿੱਟਰ) ’ਤੇ ਪੋਸਟ ਕਰਦਿਆਂ ਕਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਗਲੇ ਸਾਲ ਤੱਕ ਕਿਸੇ ਵੀ ਮਨੁੱਖ ਨਾਲੋਂ ਵੱਧ ਬੁੱਧੀ ਪ੍ਰਦਰਸ਼ਿਤ ਕਰ ਸਕਦੀ ਹੈ; 2029 ਤੱਕ ਇਹ ਸਾਰੇ ਮਨੁੱਖਾਂ ਦੀ ਸੰਯੁਕਤ ਬੁੱਧੀ ਨੂੰ ਪਾਰ ਕਰ ਸਕਦੀ ਹੈ। ਇਹ ਦਾਅਵਾ ਮਸ਼ਹੂਰ ਲੇਖਕ ਅਤੇ ਭਵਿੱਖਵਾਦੀ ਰੇ ਕੁਰਜ਼ਵੇਲ ਨੇ 1999 ਵਿੱਚ ਹੀ ਕਰ ਦਿੱਤਾ ਸੀ ਪਰ ਏਆਈ ਦੇ ਤਕਨੀਕੀ ਮਾਹਿਰਾਂ ਨੇ ਉਸ ਸਮੇਂ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਏਆਈ ਦੇ ਵਿਕਾਸ ਵਿੱਚ ਤੇਜ਼ੀ ਨਾਲ ਆਏ ਬਦਲਾਵਾਂ ਨੂੰ ਦੇਖਦੇ ਹੋਏ ਹੁਣ ਖੋਜਕਾਰ 1999 ਵਿੱਚ ਕੀਤੇ ਉਸ ਦਾਅਵੇ ਦੀ ਗਵਾਹੀ ਭਰਨ ਲੱਗ ਪਏ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨਿਵੇਕਲੀ ਸ਼੍ਰੇਣੀ ਹੈ, ਜੈਨੇਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ। ਇਹ ਸ਼੍ਰੇਣੀ ਐਲਨ ਮਸਕ ਵੱਲੋਂ ਸਥਾਪਤ ਖੋਜ ਕੰਪਨੀ ਓਪਨਏਆਈ ਦੁਆਰਾ ਨਵੰਬਰ 2022 ’ਚ ਚੈਟਜੀਪੀਟੀ ਦੇ ਲਾਂਚ ਨਾਲ ਚਰਚਾ ਵਿੱਚ ਆਈ ਸੀ। ਜੈਨੇਰੇਟਿਵ ਏਆਈ ਵਿੱਚ ਇਹੋ ਜਿਹੀਆਂ ਤਕਨੀਕਾਂ ਹਨ ਜੋ ਵੱਡੇ ਡੇਟਾਸੈਟਾਂ ਤੋਂ ਸਿੱਖੇ ਪੈਟਰਨਾਂ ਦੇ ਆਧਾਰ ’ਤੇ ਇਹੋ ਜਿਹੀਆਂ ਅਦਭੁੱਤ ਲਿਖਤਾਂ, ਚਿੱਤਰ, ਸੰਗੀਤ, ਵੀਡੀਓ, ਇੱਥੋਂ ਤੱਕ ਕਿ ਕੰਪਿਊਟਰ ਕੋਡ ਤਿਆਰ ਕਰ ਦਿੰਦੀਆਂ ਹਨ ਜੋ ਬਿਲਕੁਲ ਮਨੁੱਖੀ ਰਚਨਾ ਲੱਗਦੇ ਹਨ। ਇਹ ਤਕਨੀਕਾਂ ਮਨੁੱਖੀ ਦਿਮਾਗ ਵਿੱਚ ਜੁੜੇ ਅਰਬਾਂ ਨਿਊਰੋਨਸ ਦੁਆਰਾ ਪ੍ਰੇਰਿਤ ਵਿਸਤ੍ਰਿਤ ਨਕਲੀ ਨਿਊਰਲ ਨੈੱਟਵਰਕਾਂ ’ਤੇ ਆਧਾਰਿਤ ਹਨ। ਜੈਨੇਰੇਟਿਵ ਏਆਈ ਦੇ ਵਿਕਾਸ ਵਿੱਚ ਤੇਜ਼ੀ ਦਾ ਮੁੱਖ ਕਾਰਨ ਸ਼ਕਤੀਸ਼ਾਲੀ ਕੰਪਿਊਟਿੰਗ ਤਕਨਾਲੋਜੀ ਅਤੇ ਵੱਡੇ ਪੈਮਾਨੇ ਦੇ ਡੇਟਾਸੈਟਾਂ ਦੀ ਉਪਲਬਧਤਾ ਹੈ। ਇਸ ਲਿਖਤ ਰਾਹੀਂ ਅਸੀਂ ਜੈਨੇਰੇਟਿਵ ਏਆਈ ਦੀ ਸ਼ਕਤੀ, ਪਹੁੰਚ ਅਤੇ ਸਮਰੱਥਾ ਨੂੰ ਸਮਝਾਂਗੇ।
ਜੈਨੇਰੇਟਿਵ ਏਆਈ ਦੇ ਉਪਯੋਗ ਉਨੇ ਹੀ ਵਿਭਿੰਨ ਹਨ ਜਿੰਨੀ ਮਨੁੱਖੀ ਕਲਪਨਾ। ਓਪਨਏਆਈ ਦਾ ਚੈਟਜੀਪੀਟੀ, ਗੂਗਲ ਦਾ ਜੈਮਿਨੀ ਅਤੇ ਇਨ੍ਹਾਂ ਵਰਗੇ ਹੋਰ ਜੈਨੇਰੇਟਿਵ ਏਆਈ ਟੂਲ ਮਨੁੱਖੀ ਭਾਸ਼ਾ ਨੂੰ ਸਮਝਣ, ਵਾਰਤਾਲਾਪ ਕਰਨ ਅਤੇ ਸਵਾਲ-ਜਵਾਬ ਕਰਨ ਦੀ ਸਮਰੱਥਾ ਰੱਖਦੇ ਹਨ। ਇਹ ਵੱਖ-ਵੱਖ ਵਿਸ਼ਿਆਂ ’ਤੇ ਕਲਪਨਾਤਮਕ ਰਚਨਾਵਾਂ ਜਿਵੇਂ ਕਹਾਣੀਆਂ, ਕਵਿਤਾਵਾਂ, ਖ਼ਬਰਾਂ, ਸੋਸ਼ਲ ਮੀਡੀਆ ਲਈ ਪੋਸਟਾਂ ਵੀ ਤਿਆਰ ਕਰ ਸਕਦੇ ਹਨ। ਕਾਫੀ ਹੱਦ ਤੱਕ ਇਹ ਭਾਸ਼ਾ ਦਾ ਅਨੁਵਾਦ ਵੀ ਕਰ ਸਕਦੇ ਹਨ। ਤੁਹਾਡੇ ਵੱਲੋਂ ਦਿੱਤੇ ਸੰਕੇਤਾਂ ਦੇ ਆਧਾਰ ’ਤੇ ਤਸਵੀਰਾਂ, ਵੀਡੀਓ, ਸੰਗੀਤ ਵੀ ਤਿਆਰ ਕਰਨ ਦੇ ਸਮਰੱਥ ਹਨ। ਓਪਨਏਆਈ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਮਿਊਜ਼ਨੈੱਟ ਨਾਮ ਦਾ ਟੂਲ 10 ਵੱਖ-ਵੱਖ ਯੰਤਰਾਂ ਦੀ ਵਰਤੋਂ ਕਰ ਕੇੇ ਲੋਕ ਸੰਗੀਤ ਤੋਂ ਲੈ ਕੇ ‘ਮੋਜ਼ਾਰਟ’ ਅਤੇ ‘ਬੀਟਲਸ’ ਤੱਕ ਦੀਆਂ ਸ਼ੈਲੀਆਂ ਨੂੰ ਜੋੜਦਾ ਹੋਇਆ ਨਵੀਨਤਮ ਸੰਗੀਤਕ ਰਚਨਾਵਾਂ ਤਿਆਰ ਕਰ ਸਕਦਾ ਹੈ। ਕਿਸੇ ਵੀ ਤਰ੍ਹਾਂ ਦੇ
ਬਿਰਤਾਂਤ ਨੂੰ ਮਲਟੀਮੀਡੀਆ ਦੇ ਰੂਪ ਵਿੱਚ ਖੁਦਮੁਖ਼ਤਾਰੀ ਨਾਲ ਤਿਆਰ ਕਰਨਾ ਜੈਨੇਰੇਟਿਵ ਏਆਈ ਦੀ ਵਿਲੱਖਣ ਖੂਬੀ ਹੈ।
ਜੈਨੇਰੇਟਿਵ ਏਆਈ ਦੀ ਖੁਦਮੁਖ਼ਤਾਰੀ ਦਾ ਨਕਾਰਾਤਮਕ ਰੂਪ ਹੈ ਡੀਪਫੇਕ ਤਕਨਾਲੋਜੀ ਜਿਸ ਵਿੱਚ ਅਨੈਤਿਕ ਤੌਰ ’ਤੇ ਨਕਲੀ ਅਤੇ ਕਾਲਪਨਿਕ ਚਿੱਤਰ, ਆਡੀਓ ਅਤੇ ਵੀਡੀਓ ਬਣਾਏ ਜਾਂਦੇੇ ਹਨ। ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਹਾਲ ਹੀ ਵਿੱਚ ਡੀਪਫੇਕ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਵੱਲੋਂ ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕਰਦੇ ਹੋਏ ਦੀ ਡੀਪਫੇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।
ਡੀਪਫੇਕ ਮੀਡੀਆ ਭਾਰਤ ਵਿੱਚ ਆਮ ਚੋਣਾਂ ਵਿੱਚ ਵੋਟਰਾਂ ਨੂੰ ਅਨੈਤਿਕ ਤੌਰ ’ਤੇ ਪ੍ਰਭਾਵਿਤ ਕਰਨ ਦੀ ਖਤਰਨਾਕ ਸਮਰੱਥਾ ਰੱਖਦਾ ਹੈ। ਭਾਰਤ ਦੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਦੁਆਰਾ ਡੀਪਫੇਕ ਨੂੰ ‘ਲੋਕਤੰਤਰ ਲਈ ਖ਼ਤਰਾ’ ਆਖਿਆ ਗਿਆ ਹੈ ਅਤੇੇ ਸੋਸ਼ਲ ਮੀਡੀਆ ਫਰਮਾਂ ਨੂੰ ਡਿਜੀਟਲ ਮੀਡੀਆ ਨੈਤਿਕਤਾ ਕੋਡ-2021 ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਡੀਪਫੇਕ ਕਲਿੱਪਾਂ ’ਤੇ ਨੱਥ ਪਾਉਣ ਦੀ ਐਡਵਾਈਜ਼ਰੀ ਭੇਜੀ ਗਈ ਹੈ।
ਜੈਨੇਰੇਟਿਵ ਏਆਈ ਕੰਪਿਊਟਰ ਪ੍ਰੋਗਰਾਮਰਾਂ ਦੀ ਮਦਦ ਲਈ ਕੋਡ ਵੀ ਤਿਆਰ ਕਰ ਸਕਦੇ ਹਨ। ਹਾਲ ਹੀ ਵਿੱਚ, ਮਾਰਚ 2024 ’ਚ, ਏਆਈ ਖੋਜ ਕੰਪਨੀ ਕੌਗਨੀਸ਼ਨ ਨੇ ਡੈਵਿਨ ਨਾਮ ਦਾ ਵਿਸ਼ੇਸ਼ ਏਆਈ ਸਾਫਟਵੇਅਰ ਇੰਜਨੀਅਰ ਤਿਆਰ ਕੀਤਾ ਹੈ। ਵਿਸਤ੍ਰਿਤ ਤਰਕ ਅਤੇ ਯੋਜਨਾਬੰਦੀ ਦੀ ਵਰਤੋਂ ਕਰਦੇ ਹੋਏ ਡੈਵਿਨ ਅਜਿਹੇ ਸਾਫਟਵੇਅਰ ਪ੍ਰੋਗਰਾਮ ਤਿਆਰ ਕਰ ਸਕਦਾ ਹੈ ਜਿਨ੍ਹਾਂ ਵਿੱਚ ਹਜ਼ਾਰਾਂ ਗੁੰਝਲਦਾਰ ਸਾਫਟਵੇਅਰ ਇੰਜਨੀਅਰਿੰਗ ਕਾਰਜ ਸ਼ਾਮਲ ਹੁੰਦੇ ਹਨ। ਡੈਵਿਨ ਹਰ ਕਦਮ ’ਤੇ ਖੁਦਮੁਖ਼ਤਾਰੀ ਨਾਲ ਸਿੱਖਦਾ ਹੈ ਅਤੇ ਪ੍ਰੋਗਰਾਮਿੰਗ ਦੀਆਂ ਗਲਤੀਆਂ ਠੀਕ ਕਰਦਾ ਹੈ। ਮਾਈਕ੍ਰੋਸਾਫਟ ਕੰਪਨੀ ਨੇ ਵੀ ਡੈਵਿਨ ਦੀ ਤਰਜ਼ ’ਤੇ ਆਟੋਡੇਵ ਨਾਮਕ ਏਆਈ ਏਜੰਟ ਪੇਸ਼ ਕੀਤਾ ਹੈ।
ਓਪਨਏਆਈ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਦੁਆਰਾ ਕੀਤੇ ਗਏ ਅਧਿਐਨ ਦਾ ਅੰਦਾਜ਼ਾ ਹੈ ਕਿ ਜੈਨੇਰੇਟਿਵ ਏਆਈ ਅਮਰੀਕਾ ਵਿੱਚ 80 ਫ਼ੀਸਦ ਕਰਮਚਾਰੀਆਂ ਦੁਆਰਾ ਕੀਤੇ ਗਏ 10 ਫ਼ੀਸਦ ਕੰਮਾਂ ਨੂੰ ਪ੍ਰਭਾਵਿਤ ਕਰੇਗੀ ਅਤੇ 20 ਫ਼ੀਸਦ ਕਰਮਚਾਰੀਆਂ ਦੇ 50 ਫ਼ੀਸਦ ਤੋਂ ਵੱਧ ਕੰਮਾਂ ਨੂੰ ਪ੍ਰਭਾਵਿਤ ਕਰੇਗੀ। ਇਸ ਤਰ੍ਹਾਂ ਦੇ ਅਧਿਐਨਾਂ ਨੇ ਵਿਸ਼ਵ ਪੱਧਰੀ ਉਤਪਾਦਕਤਾ ਵਿੱਚ ਵਧੇਰੇ ਲਾਭ ਦੀ ਉਮੀਦ ਦੇ ਨਾਲ-ਨਾਲ ਆਟੋਮੇਸ਼ਨ ਕਾਰਨ ਬੇਰੁਜ਼ਗਾਰੀ ਵਿੱਚ ਵਾਧੇ ਬਾਰੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ।
ਆਟੋਮੇਸ਼ਨ ਤਕਨਾਲੋਜੀ ਦੀਆਂ ਪਿਛਲੀਆਂ ਪੀੜ੍ਹੀਆਂ ਦਾ ਅਸਰ ਮੱਧ ਆਮਦਨ ਵਾਲੇ ਮਕੈਨੀਕਲ, ਡਾਟਾ ਪ੍ਰਾਸੈਸਿੰਗ ਜਾਂ ਲੇਖਾਕਾਰੀ ਵਾਲੇ ਕਿੱਤਿਆਂ ’ਤੇ ਸਭ ਤੋਂ ਵੱਧ ਪਿਆ ਸੀ। ਜੈਨੇਰੇਟਿਵ ਏਆਈ ਦਾ ਪ੍ਰਭਾਵ ਵੱਧ ਹੁਨਰ ਲੋੜੀਂਦੇ ਅਤੇ ਉੱਚ-ਪੱਧਰ ਦੇ ਮਿਹਨਤਾਨੇ ਵਾਲੇ ਕਿੱਤਿਆਂ ਉੱਤੇ ਪੈਣ ਦਾ ਜ਼ਿਆਦਾ ਖ਼ਦਸ਼ਾ ਹੈ। ਬੋਧਾਤਮਕ ਕਾਰਜ ਕਰਨ ਦੀ ਯੋਗਤਾ ਅਤੇ ਮਨੁੱਖੀ ਭਾਸ਼ਾ ਨੂੰ ਸਮਝਣ ਅਤੇ ਰਚਨ ਦੀ ਸਮਰੱਥਾ ਦੇ ਕਾਰਨ ਜੈਨੇਰੇਟਿਵ ਏਆਈ ਟੂਲ ਕਿਸੇ ਵੀ ਕਿੱਤੇ ਦੇ ਉੱਚ ਦਰਜੇ ਦੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਖੁਦਮੁਖ਼ਤਾਰੀ ਨਾਲ ਨੇਪਰੇ ਚਾੜ੍ਹ ਸਕਦੇ ਹਨ। ਇਸ ਤਰ੍ਹਾਂ ਬਹੁਤ ਸਾਰੇ ਸੰਚਾਰ ਅਤੇ ਨਿਗਰਾਨੀ ਯੁਕਤ ਕੰਮ ਸਵੈ-ਚਾਲਿਤ ਹੋ ਸਕਦੇ ਹਨ। ਜੈਨੇਰੇਟਿਵ ਏਆਈ ਵਰਗੀ ਨਵੀਨਤਮ ਤਕਨਾਲੋਜੀ ਨੂੰ ਅਪਣਾਉਣਾ ਸੁਖਾਲਾ ਨਹੀਂ ਹੈ। ਪ੍ਰਯੋਗਸ਼ਾਲਾ ਵਿੱਚ ਤਕਨੀਕੀ ਸਮਰੱਥਾਵਾਂ ਦੀ ਪਰਖ ਤੋਂ ਬਾਅਦ ਉਨ੍ਹਾਂ ਨੂੰ ਅਸਲ ਖੇਤਰਾਂ ਵਿੱਚ ਲਾਗੂ ਕਰਨ ਵਿੱਚ ਸਮਾਂ ਲੱਗਦਾ ਹੈ। ਜੇਕਰ ਇਸ ਦੀ ਲਾਗਤ ਮਨੁੱਖੀ ਕਿਰਤ ਤੋਂ ਵਧ ਜਾਂਦੀ ਹੈ ਤਾਂ ਇਸ ਦੀ ਵਰਤੋਂ ਆਰਥਿਕ ਤੌਰ ’ਤੇ ਵਿਹਾਰਕ ਨਹੀਂ ਹੋਵੇਗੀ। ਜੈਨੇਰੇਟਿਵ ਏਆਈ ਦੁਆਰਾ ਆਟੋਮੇਸ਼ਨ ਨੂੰ ਅਪਣਾਉਣ ਦੀ ਸੰਭਾਵਨਾ ਵਿਕਸਤ ਦੇਸ਼ਾਂ ਵਿੱਚ ਵਧੇਰੇ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਨੂੰ ਵਿਕਸਿਤ ਅਤੇ ਲਾਗੂ ਕਰਨ ਦੀ ਲਾਗਤ ਮਜ਼ਦੂਰੀ ਦੀਆਂ ਦਰਾਂ ਤੋਂ ਵੱਧ ਹੋ ਸਕਦੀ ਹੈ।
ਜੈਨੇਰੇਟਿਵ ਏਆਈ ਦੀ ਬੇਮਿਸਾਲ ਯੋਗਤਾ ਦੇ ਬਾਵਜੂਦ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮਨੁੱਖੀ ਬੁੱਧੀ ਦਾ ਮੁਕਾਬਲਾ ਕਰਨ ਲਈ ਲੰਬੀ ਵਾਟ ਤੈਅ ਕਰਨੀ ਪਵੇਗੀ। ਇਸ ਵਾਟ ਦੇ ਅਗਲੇ ਮੀਲ ਪੱਥਰ ਹਨ: ਭੌਤਿਕ ਅਤੇ ਸਮਾਜਿਕ ਗਿਆਨ ਦੇ ਆਧਾਰ ’ਤੇ ਰੋਜ਼ਮਰਾ ਸਥਿਤੀਆਂ ਬਾਰੇ ਅਨੁਭਵੀ ਤਰਕ ਕਰਨ ਲਈ ਆਮ ਸੂਝ-ਬੂਝ, ਆਪਣੀਆਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਪਛਾਣਨ, ਸਮਝਣ ਲਈ ਭਾਵਨਾਤਮਕ ਬੁੱਧੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਕਰਨ, ਆਲੋਚਨਾਤਮਕ ਚਿੰਤਨ ਕਰਨ ਅਤੇ ਆਪਣੀ ਹੋਂਦ ਦਾ ਮੰਤਵ ਸਮਝਣ ਲਈ ਸਵੈ-ਜਾਗਰੂਕ ਹੋਣ।
*ਸਹਾਇਕ ਪ੍ਰੋਫੈਸਰ, ਕੰਪਿਊਟਰ ਵਿਗਿਆਨ ਤੇ ਇੰਜਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

Advertisement
Author Image

joginder kumar

View all posts

Advertisement
Advertisement
×