ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੇਤਨਾ ਕ੍ਰਾਂਤੀ ਦਾ ਜਰਨੈਲ

08:02 AM Jun 29, 2024 IST

ਕਰਮਜੀਤ ਸਕਰੁੱਲਾਂਪੁਰੀ

Advertisement

ਲਗਭਗ 85 ਕੁ ਵਰ੍ਹੇ ਪਹਿਲਾਂ ਪੈਦਾ ਹੋਏ ਜਰਨੈਲ ਕ੍ਰਾਂਤੀ ਨੂੰ ਅਗਾਂਹਵਧੂ ਸਫ਼ਾਂ ਵਿੱਚ ਅੱਜ ਕੌਣ ਨਹੀਂ ਜਾਣਦਾ। ਆਪਣੇ ਅਧਿਆਪਨ ਕਿੱਤੇ ਤੋਂ 1998 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਅਜਿਹੇ ਕਾਰਜ ਵਿੱਚ ਲੱਗਾ ਹੋਇਆ ਹੈ ਜਿਸ ਤੋਂ ਹੁਣ ਕਦੇ ਵੀ ਸੇਵਾਮੁਕਤ ਨਹੀਂ ਹੋਇਆ ਜਾ ਸਕਦਾ। ਉਸ ਦਾ ਸਰੀਰ ਭਾਵੇਂ ਬਜ਼ੁਰਗ ਹੋ ਗਿਆ ਹੈ ਪਰ ਮਾਨਸਿਕ ਤੌਰ ’ਤੇ ਉਹ ਅੱਜ ਵੀ ਕ੍ਰਾਂਤੀਕਾਰੀ ਨੌਜਵਾਨ ਹੀ ਦਿਖਾਈ ਦਿੰਦਾ ਹੈ।
ਸਾਲ 1958 ਵਿੱਚ ਉਸ ਨੇ ਅਧਿਆਪਨ ਕਾਰਜ ਦੀ ਸ਼ੁਰੂਆਤ ਕੀਤੀ। 1967 ਤੱਕ ਪਹੁੰਚਦਿਆਂ ਅਧਿਆਪਕ ਸੰਘਰਸ਼ਾਂ ਦੌਰਾਨ ਉਸ ਦੀ ਵਿਚਾਰਧਾਰਾ ਵਿੱਚ ਅਜਿਹੀ ਤਬਦੀਲੀ ਆਈ ਜਿਸ ਨੇ ਉਸ ਨੂੰ ਸਮਾਜ ਦੀ ਚੇਤਨਾ ਨੂੰ ਤਿੱਖੀ ਅਤੇ ਵਿਗਿਆਨਕ ਬਣਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ। ਆਪਣੇ ਅਧਿਆਪਕ ਸੰਘਰਸ਼ਾਂ ਦੌਰਾਨ ਹੀ ਜਿੱਥੇ ਉਸ ਦੀ ਸਕੂਲਿੰਗ ਹੁੰਦੀ ਰਹੀ, ਉੱਥੇ ਹੀ ਉਸੇ ਦੌਰਾਨ ਕਿਤਾਬਾਂ ਦੀ ਦੁਨੀਆ ਨਾਲ ਅਜਿਹਾ ਨਾਤਾ ਜੁੜ ਗਿਆ ਕਿ ਉਸ ਨੇ ਮੁਹਾਲੀ ਦੇ ਨੇੜਲੇ ਪਿੰਡ ਬਲੌਂਗੀ ਵਿਖੇ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਲਾਇਬ੍ਰੇਰੀ ਹੀ ਖੋਲ੍ਹ ਦਿੱਤੀ।
ਸੰਘਰਸ਼ਸ਼ੀਲ ਹੋਣ ਕਰਕੇ ਜਰਨੈਲ ਕ੍ਰਾਂਤੀ ਕਈ ਸਾਲ ਜੇਲ੍ਹ ਵਿੱਚ ਰਿਹਾ। ਤਸ਼ੱਦਦ ਸਹੇ ਪਰ ਆਪਣੀ ਵਿਚਾਰਧਾਰਾ ਦਾ ਲੜ ਨਹੀਂ ਛੱਡਿਆ। ਜੇਲ੍ਹ ਤੋਂ ਹਥਕੜੀਆਂ ਸਮੇਤ ਹੀ ਉਸ ਨੇ ਆਪਣੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਇਮਤਿਹਾਨ ਵੀ ਦਿੱਤੇ ਅਤੇ ਸਫਲ ਵੀ ਹੋਇਆ। 1967 ਤੋਂ ਲੋਕ ਮੁੱਦਿਆਂ ਨੂੰ ਸੰਘਰਸ਼ਾਂ ਰਾਹੀਂ ਚੁੱਕਣ ਅਤੇ ਹੱਲ ਕਰਵਾਉਣ ਲਈ ਉਹ ਲੋਕ ਸੰਗਰਾਮਾਂ ਵਿੱਚ ਕੁੱਦ ਪਿਆ। ਕੋਠਾਰੀ ਕਮਿਸ਼ਨ ਨੂੰ ਪੱਛਮੀ ਬੰਗਾਲ ਦੀ ਤਰਜ਼ ’ਤੇ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਉਸ ਨੇ ਜੱਦੋ-ਜਹਿਦ ਦਾ ਮੁੱਢ ਬੰਨ੍ਹ ਦਿੱਤਾ ਤਾਂ ਸੰਘਰਸ਼ਾਂ ਰਾਹੀਂ ਹੋਈਆਂ ਜਿੱਤਾਂ ਨੇ ਜਰਨੈਲ ਸਿੰਘ ਮਾਵੀ ਨੂੰ ਮਾਣ ਨਾਲ ਭਰ ਦਿੱਤਾ। ਇੱਥੇ ਹੀ ਉਸ ਨੇ ਆਪਣੇ ਨਾਮ ਨਾਲੋਂ ਮਾਵੀ ਹਟਾ ਕੇ ਸਦਾ ਲਈ ਕ੍ਰਾਂਤੀ ਜੋੜ ਲਿਆ ਅਤੇ ਜਰਨੈਲ ਕ੍ਰਾਂਤੀ ਬਣ ਗਿਆ। ਹੌਲੀ ਹੌਲੀ ਉਸ ਨੂੰ ਦੂਜਿਆਂ ਨੇ ਕੇਵਲ ਕ੍ਰਾਂਤੀ ਜੀ ਹੀ ਕਹਿਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦਿਨਾਂ ਵਿੱਚ ਹੀ ਜਰਨੈਲ ਕ੍ਰਾਂਤੀ ਨੇ ਅਦਾਲਤਾਂ ਵਿੱਚ ਵੀ ਜੇਤੂ ਭੂਮਿਕਾ ਨਿਭਾਈ ਅਤੇ ਆਪਣੇ ਸਮੇਤ ਹੋਰ ਲੋਕਾਂ ਨੂੰ ਵੀ ਬਣਦੇ ਹੱਕ ਲੈ ਕੇ ਦਿੱਤੇ।
1986 ਤੋਂ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਜੁੜ ਗਿਆ। ਸੁਸਾਇਟੀ ਵੱਲੋਂ ਬਰਨਾਲਾ ਸ਼ਹਿਰ ਵਿੱਚ ਬਣਵਾਏ ਗਏ ‘ਤਰਕਸ਼ੀਲ ਭਵਨ’ ਦੀ ਉਸਾਰੀ ਵਿੱਚ ਉਹ ਲਗਭਗ ਦਸ ਲੱਖ ਤੱਕ ਦਾ ਯੋਗਦਾਨ ਪਾ ਚੁੱਕਾ ਹੈ। ਇਸ ਤੋਂ ਇਲਾਵਾ ਵੀ ਉਹ ਸਮਾਜਿਕ ਚੇਤਨਾ ਨੂੰ ਵਿਗਿਆਨਕ ਬਣਾਉਣ ਲਈ ਕਾਰਜ ਕਰਦਾ ਹੀ ਰਹਿੰਦਾ ਹੈ।
ਉਹ ਤਰਕਸ਼ੀਲ ਇਕਾਈ ਮੁਹਾਲੀ ਅਤੇ ਚੰਡੀਗੜ੍ਹ ਜ਼ੋਨ ਦੇ ਕਈ ਮਹੱਤਵਪੂਰਨ ਅਹੁਦਿਆਂ ’ਤੇ ਜ਼ਿੰਮੇਵਾਰੀ ਨਿਭਾ ਚੁੱਕਾ ਹੈ। ਤਰਕਸ਼ੀਲਾਂ ਵਿੱਚ ਵੀ ਬਹੁਤ ਤਿੱਖੇ ਤਰਕਸ਼ੀਲ ਵਜੋਂ ਜਾਣਿਆ ਜਾਂਦਾ ਕ੍ਰਾਂਤੀ ਆਪਣੀ ਸਟੀਕ ਗੱਲ ਕਹਿਣ ਤੋਂ ਕਦੇ ਵੀ ਪਿੱਛੇ ਨਹੀਂ ਹਟਦਾ। 2008 ਵਿੱਚ ਉਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਦੇ ਸਮੁੱਚੇ ਪਾਠਕ੍ਰਮ ਵਿੱਚੋਂ ਗ਼ੈਰ ਵਿਗਿਆਨਕ ਤੱਥਾਂ ਦਾ ਨੋਟਿਸ ਲਿਆ। ਆਪਣੀ ਟੀਮ ਦੇ ਸਹਿਯੋਗ ਨਾਲ ਉਸ ਨੇ ਸਾਰੇ ਪਾਠਕ੍ਰਮ ਨੂੰ ਘੋਖਿਆ ਅਤੇ ਇੱਕ ਵਿਸਥਾਰਤ ਰਿਪੋਰਟ ਬੋਰਡ ਨੂੰ ਸੌਂਪੀ। ਬੋਰਡ ਵੱਲੋਂ ਇਸ ਰਿਪੋਰਟ ਦਾ ਸੱਤਰ ਫੀਸਦੀ ਹਿੱਸਾ ਹੂਬਹੂ ਮੰਨ ਲਿਆ ਗਿਆ ਅਤੇ ਸਿਲੇਬਸ ਵਿੱਚ ਸੋਧ ਕਰਨ ਦਾ ਵਾਅਦਾ ਕੀਤਾ।
ਤਰਕਸ਼ੀਲ ਸੁਸਾਇਟੀ ਵੱਲੋਂ ਸਮੁੱਚੀ ਸਮਾਜਿਕ ਚੇਤਨਾ ਨੂੰ ਵਿਗਿਆਨਕ ਬਣਾਉਣ ਦੇ ਯਤਨ ਸਦਕਾ ਕ੍ਰਾਂਤੀ ਨੇ 2020 ਵਿੱਚ ਬਲੌਂਗੀ ਵਾਲੀ ਆਪਣੀ ਲਾਇਬ੍ਰੇਰੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਨਾਂ ਕਰ ਦਿੱਤੀ ਹੈ, ਜਿਸ ਦਾ ਸਾਰਾ ਕੰਮਕਾਜ ਸੁਸਾਇਟੀ ਦੇ ਚੰਡੀਗੜ੍ਹ ਜ਼ੋਨ ਵੱਲੋਂ ਕੀਤਾ ਜਾਂਦਾ ਹੈ। ਇਸ ਲਾਇਬ੍ਰੇਰੀ ਦੀ ਕੀਮਤ ਇਸ ਸਮੇਂ 30 ਲੱਖ ਰੁਪਏ ਹੈ। ਇਸ ਤਰ੍ਹਾਂ ਹੁਣ ਤੱਕ ਕ੍ਰਾਂਤੀ ਸਮਾਜਿਕ ਚੇਤਨਾ ਨੂੰ ਵਿਗਿਆਨਕ ਬਣਾਉਣ ਵਿੱਚ ਲਗਭਗ 40 ਲੱਖ ਤੋਂ ਉੱਪਰ ਦਾ ਆਰਥਿਕ ਯੋਗਦਾਨ ਪਾ ਚੁੱਕਾ ਹੈ।
ਆਪਣੀ ਉਮਰ ਦੇ ਪੱਚਾਸੀਵੇਂ ਸਾਲ ਵਿੱਚ ਆਪਣੀ ਵਿਚਾਰਧਾਰਾ ਅਤੇ ਆਪਣੇ ਪਦਾਰਥਵਾਦੀ ਫ਼ਲਸਫ਼ੇ ਅਨੁਸਾਰ ਉਹ ਆਪਣੇ ਸਰੀਰ ਦੀ ਵਸੀਅਤ ਬਣਾ ਕੇ ਪਰਿਵਾਰ ਅਤੇ ਤਰਕਸ਼ੀਲ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਸੌਂਪ ਚੁੱਕਾ ਹੈ। ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਵਰਤ ਲਿਆ ਜਾਵੇ। ਇਸ ਦੇ ਨਾਲ ਹੀ ਉਸ ਨੇ ਆਪਣੇ ਮਰਨ ਉਪਰੰਤ ਕਿਸੇ ਵੀ ਕਿਸਮ ਦਾ ਕੋਈ ਕਰਮਕਾਂਡ ਕਰਨ ਤੋਂ ਵਰਜ ਦਿੱਤਾ ਹੈ। ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਕ੍ਰਾਂਤੀ ਆਪਣੀ ਜ਼ਿੰਦਗੀ ਜਿਊਣ ਦੇ ਢੰਗ ’ਤੇ ਅੱਜ ਮਾਣ ਅਤੇ ਤਸੱਲੀ ਮਹਿਸੂਸ ਕਰ ਰਿਹਾ ਹੈ। ਉਸ ਦਾ ਸੁਪਨਾ ਹੈ ਕਿ ਲੋਕ ਅਖੌਤੀ ਗ਼ੈਬੀ ਸ਼ਕਤੀਆਂ ਦੇ ਸਹਾਰੇ ਤੋਂ ਮੁਕਤ ਹੋ ਜਾਣ ਅਤੇ ਆਪਣੇ ਲਈ ਆਪ ਹੀ ਵਧੀਆ ਅਤੇ ਲੋਕ ਪੱਖੀ ਸਮਾਜ ਦੀ ਸਿਰਜਣਾ ਕਰਨ। ਤਰਕਸ਼ੀਲ ਸੁਸਾਇਟੀ ਰਾਹੀਂ, ਕਿਸਾਨ ਅੰਦੋਲਨਾਂ ਰਾਹੀਂ ਅਤੇ ਸਮਾਜਿਕ ਕਾਰਜਾਂ ਰਾਹੀਂ ਲੋਕ ਚੇਤਨਾ ਨੂੰ ਤਿੱਖੀ ਕਰਨ ਦੇ ਕ੍ਰਾਂਤੀਕਾਰੀ ਕਾਰਜ ਸਦਕਾ ਜਰਨੈਲ ਕ੍ਰਾਂਤੀ ਨੂੰ ਬਹੁਤ ਅਦਬ ਅਤੇ ਮੋਹ ਮੁਹੱਬਤ ਨਾਲ ਦੇਖਿਆ, ਜਾਣਿਆ ਅਤੇ ਸੁਣਿਆ ਜਾਂਦਾ ਹੈ।
ਸੰਪਰਕ: 94632-89212

Advertisement
Advertisement
Advertisement