For the best experience, open
https://m.punjabitribuneonline.com
on your mobile browser.
Advertisement

ਉੱਤਰੀ ਕੋਰੀਆ ਦਾ ਐਟਮ ਬੰਬ ਓਮ ਯੁਨ-ਚੋਲ

08:34 AM Jun 29, 2024 IST
ਉੱਤਰੀ ਕੋਰੀਆ ਦਾ ਐਟਮ ਬੰਬ ਓਮ ਯੁਨ ਚੋਲ
Advertisement

ਪ੍ਰਿੰ. ਸਰਵਣ ਸਿੰਘ

Advertisement

ਉੱਤਰੀ ਕੋਰੀਆ ਦਾ ਵਿਸ਼ਵ ਜੇਤੂ ਵੇਟਲਿਫਟਰ ਓਮ ਯੁਨ-ਚੋਲ ਤੇਤੀ ਸਾਲਾਂ ਦਾ ਹੋ ਗਿਐ। ਉਸ ਦਾ ਜਨਮ 1991 ਵਿੱਚ ਹੋਇਆ ਸੀ। ਹੁਣ ਉਹ ਸਰਗਰਮ ਭਾਰਚੁਕਾਵਾ ਨਹੀਂ ਰਿਹਾ ਸਗੋਂ ਕੋਚ ਬਣ ਗਿਆ ਹੈ। ਵੇਖਣ ਨੂੰ ਉਹ ਓਨਾ ਨਹੀਂ ਸੀ ਲੱਗਦਾ ਜਿੰਨਾ ਹੈਗਾ। ਕੱਦ ਕਾਠ ਵੱਲੋਂ ਗਿਠਮੁਠੀਆ ਜਿਹਾ ਜਾਪਦਾ ਸੀ ਪਰ ਸੀ ਤਾਕਤ ਦਾ ਐਟਮ ਬੰਬ। ਉਹਦਾ ਕੱਦ 5 ਫੁੱਟ ਤੇ ਭਾਰ ਸਿਰਫ਼ 56 ਕਿਲੋ ਸੀ। ਏਡੇ ਕੁ ਕੱਦ ਵਾਲੇ ਬੰਦੇ ਨੂੰ ਆਮ ਬੰਦੇ, ਬੰਦਾ ਹੀ ਨਹੀਂ ਸਮਝਦੇ ਪਰ ਜਦੋਂ ਉਹ ਏਸ਼ਿਆਈ ਖੇਡਾਂ, ਓਲੰਪਿਕ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪਾਂ ਦੇ ਮੈਡਲ ਜਿੱਤਦਾ ਸੀ ਤਾਂ ਉਹ ਬੰਦਾ ਕਾਹਦਾ, ਬਲਾਅ ਲੱਗਦਾ ਸੀ। 171 ਕਿਲੋ ਤੱਕ ਦੇ ਭਾਰੇ ਵਜ਼ਨ ਹੇਠ ਜੈੱਕ ਵਾਂਗ ਲੱਗ ਜਾਂਦਾ ਸੀ। 2012 ਤੋਂ 2018 ਤੱਕ ਉਹ ਅੰਤਰਰਾਸ਼ਟਰੀ ਵੇਟਲਿਫਟਿੰਗ ਮੁਕਾਬਲਿਆਂ ’ਚ ਸਿਖਰਾਂ ’ਤੇ ਰਿਹਾ। 2015 ਵਿੱਚ ਉਸ ਨੇ 54.195 ਕਿਲੋ ਦੇ ਜੁੱਸੇ ਨਾਲ 171 ਕਿਲੋ ਵਜ਼ਨ ਦਾ ਬਾਲਾ ਕੱਢ ਦਿੱਤਾ ਸੀ। ਆਪਣੇ ਵਜ਼ਨ ਤੋਂ ਤਿੰਨ ਗੁਣਾ ਤੋਂ ਵੀ ਵੱਧ! 2016 ਵਿੱਚ 134 ਕਿਲੋ ਦੀ ਸਨੈਚ ਲਾ ਦਿੱਤੀ ਸੀ। 56 ਕਿਲੋ ਵਜ਼ਨ ਵਰਗ ਵਿੱਚ ਉਸ ਦਾ ਟੋਟਲ 303 ਕਿਲੋ ਭਾਰ ਚੁੱਕਣ ਦਾ ਵਿਸ਼ਵ ਰਿਕਾਰਡ ਹਾਲੇ ਵੀ ਉਹਦੇ ਨਾਂ ਬੋਲਦਾ ਹੈ।
ਉਸ ਨੇ ਛੇ ਵਾਰ ਵਿਸ਼ਵ ਰਿਕਾਰਡ ਨਵਿਆਇਆ ਹੈ। ਪੰਜ ਵਾਰ ਕਲੀਨ ਐਂਡ ਜਰਕ ਵਿੱਚ ਅਤੇ ਇੱਕ ਵਾਰ ਸਨੈਚ ਤੇ ਜਰਕ ਦੇ ਟੋਟਲ ਵਿੱਚ। ਇੰਜ ਉਸ ਨੇ ਛੇ ਵਾਰ ਦੁਨੀਆ ਜਿੱਤੀ। ਉਹ ਏਸ਼ਿਆਈ ਖੇਡਾਂ ਦਾ ਚੈਂਪੀਅਨ, ਓਲੰਪਿਕ ਖੇਡਾਂ ਦਾ ਚੈਂਪੀਅਨ ਤੇ ਪੰਜ ਵਾਰ ਕੁਲ ਦੁਨੀਆ ਦਾ ਚੈਂਪੀਅਨ ਬਣਿਆ। ਵਿਸ਼ਵ ਯੂਨੀਵਰਸਿਟੀਜ਼ ਦਾ ਚੈਂਪੀਅਨ ਤਾਂ ਬਣਨਾ ਹੀ ਬਣਨਾ ਸੀ। ਉਹ ਵਿਸ਼ਵ ਦਾ ਚੌਥਾ ਭਾਰਚੁਕਾਵਾ ਹੈ ਜਿਸ ਨੇ ਆਪਣੇ ਵਜ਼ਨ ਤੋਂ ਤਿੰਨ ਗੁਣਾ ਤੋਂ ਵੀ ਵੱਧ ਵਜ਼ਨ ਦਾ ਬਾਲਾ ਕੱਢਿਆ। ਉਸ ਨੂੰ ਤਾਕਤ ਦਾ ਐਟਮ ਬੰਬ ਨਾ ਕਹੀਏ ਤਾਂ ਹੋਰ ਕੀ ਕਹੀਏ?
ਆਮ ਬੰਦੇ 55-56 ਕਿਲੋ ਦੇ ਬੰਦੇ ਤੋਂ ਕੁਇੰਟਲਾਂ ’ਚ ਭਾਰ ਚੁੱਕਣ ਨੂੰ ਸ਼ਾਇਦ ਗੱਪ ਹੀ ਸਮਝਣ ਪਰ ਹੈ ਸੋਲਾਂ ਆਨੇ ਸੱਚ। ਪਿੰਡਾਂ ’ਚ ਜਿਹੜੇ ਚੋਬਰ ਕੁਇੰਟਲ ਕੁ ਦੀ ਅਹਿਰਨ ਚੁੱਕਣ ਲੱਗ ਪੈਣ, ਉਹ ਆਪਣੇ ਆਪ ਨੂੰ ਫੰਨੇ ਖਾਂ ਕਹਾਉਣ ਲੱਗ ਪੈਂਦੇ ਹਨ ਤੇ ਮਾੜੇ ਧੀੜੇ ਨਾਲ ਗੱਲ ਕਰਨੋਂ ਹਟ ਜਾਂਦੇ ਹਨ। ਬਸ ਏਨਾ ਕੁ ਭਾਰ ਚੁੱਕਣ ਨਾਲ ਆਪਣੇ ਆਪ ਨੂੰ ਰੁਸਤਮੇ ਹਿੰਦ ਸਮਝਣ ਲੱਗ ਪੈਂਦੇ ਹਨ। ਕਿਸੇ ਮਿਆਰੀ ਵੇਟਲਿਫਟਿੰਗ ਮੁਕਾਬਲੇ ’ਚੋਂ ਮੈਡਲ ਹਾਸਲ ਕਰਨ ਦੀ ਥਾਂ ਝਾਕ ਰੱਖਣ ਲੱਗਦੇ ਹਨ ਕਿ ਆਉਂਦਾ ਜਾਂਦਾ ਹਰ ਕੋਈ ਉਨ੍ਹਾਂ ਨੂੰ ਫਤਿਹ ਬੁਲਾ ਕੇ ਲੰਘੇ। ਕਹਿੰਦੇ ਕਹਾਉਂਦੇ ਜੁਆਨ ਜੁ ਹੋਏ ਉਹ! ਕਸੂਰ ਉਨ੍ਹਾਂ ਦਾ ਵੀ ਕੋਈ ਨਹੀਂ ਹੁੰਦਾ। ਖੂਹ ਦੇ ਡੱਡੂ ਨੂੰ ਸਾਰੀ ਦੁਨੀਆ ਖੂਹ ਜਿੱਡੀ ਹੀ ਦਿਸਦੀ ਹੈ। ਲੋੜ ਖੂਹ ’ਚੋਂ ਬਾਹਰ ਨਿਕਲਣ ਦੀ ਹੈ ਤੇ ਖੁੱਲ੍ਹੇ ਘੇਰੇ ਵਿੱਚ ਵਿਚਰਨ ਦੀ। ਪੈਰਿਸ ਦੀਆਂ ਓਲੰਪਿਕ ਖੇਡਾਂ ਸਿਰ ’ਤੇ ਹਨ। ਵੇਖਾਂਗੇ ਉੱਥੇ ਕਿਹੜਾ ਮੁਲਕ ਕਿੰਨੇ ਮੈਡਲ ਜਿੱਤਦੈ ਤੇ ਸਾਡਾ ਮਹਾਨ ਭਾਰਤ ਉਨ੍ਹਾਂ ’ਚ ਕਿੰਨਵੇਂ ਨੰਬਰ ’ਤੇ ਖੜ੍ਹਦਾ?
ਆਪਣੇ ਘਰ ’ਚ ਤਾਂ ਹਰ ਕੋਈ ਬੱਬਰ ਸ਼ੇਰ ਬਣਿਆ ਹੁੰਦੈ ਪਰ ਪਤਾ ਉੱਥੇ ਲੱਗਦੈ ਜਿੱਥੇ ਬਿਗਾਨੇ ਪੁੱਤਾਂ ਨਾਲ ਹੱਥ ਜੁੜਨ। ਓਮ ਯੁਨ-ਚੋਲ ਵਰਗਿਆਂ ਦੀਆਂ ਗੱਲਾਂ ਐਵੇਂ ਨਹੀਂ ਹੁੰਦੀਆਂ। 56 ਕਿਲੋ ਵਜ਼ਨ ਵਰਗ ਵਿੱਚ ਹੁਣ ਤੱਕ ਸਿਰਫ਼ ਛੇ ਭਾਰ ਚੁਕਾਵਿਆਂ ਨੇ ਹੀ ਆਪਣੇ ਵਜ਼ਨ ਨਾਲੋਂ ਤਿੰਨ ਗੁਣਾ ਤੋਂ ਵੱਧ ਵਜ਼ਨ ਉਠਾਇਐ। ਭਾਰ ਚੁੱਕਣ ਦੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਓਮ ਯੁਨ-ਚੋਲ ਨੇ ਇਹ ਮਾਅਰਕਾ ਸੱਤ ਵਾਰ ਮਾਰਿਆ। ਉਸ ਨੇ 56 ਕਿਲੋ ਵਜ਼ਨ ਵਰਗ ਵਿੱਚ 6 ਵਾਰ ਵਿਸ਼ਵ ਰਿਕਾਰਡ ਨਵਿਆਏ ਸਨ। ਹੁਣ ਉਹ ਉੱਤਰੀ ਕੋਰੀਆ ਦਾ ਨਾਮਵਰ ਵੇਟਲਿਫਟਿੰਗ ਕੋਚ ਹੈ ਜੋ ਆਪਣੇ ਦੇਸ਼ ਦੇ ਨਵੇਂ ਵੇਟਲਿਫਟਰਾਂ ਨੂੰ ਵੇਟ ਚੁੱਕਣ ਦੀ ਕੋਚਿੰਗ ਦੇ ਰਿਹੈ। ਉਸ ਦਾ ਸ਼ੁਮਾਰ ਬਿਹਤਰੀਨ ਕੋਚਾਂ ਵਿੱਚ ਹੋ ਰਿਹੈ। ਉੱਤਰੀ ਕੋਰੀਆ ਦਾ ਅਸਲੀ ਨਾਂ ਪੀਪਲਜ਼ ਰਿਪਬਲਿਕ ਆਫ ਕੋਰੀਆ ਹੈ। ਦੱਖਣੀ ਕੋਰੀਆ ਵਾਂਗ ਉਸ ਨੇ ਵੀ ਓਲੰਪਿਕ ਖੇਡਾਂ ’ਚੋਂ ਮੈਡਲ ਜਿੱਤਣੇ ਸ਼ੁਰੂ ਕਰ ਲਏ ਹਨ। ਵੇਟਲਿਫਟਿੰਗ ਵਿੱਚ ਤਾਂ ਉਸ ਦੀਆਂ ਵਿਸ਼ੇਸ਼ ਪ੍ਰਾਪਤੀਆਂ ਹਨ।
ਉਸ ਦਾ ਜਨਮ 18 ਨਵੰਬਰ 1991 ਨੂੰ ਚੋਂਗਜਿਨ, ਉੱਤਰੀ ਕੋਰੀਆ ਵਿੱਚ ਮਛੇਰਿਆਂ ਦੇ ਪਰਿਵਾਰ ਵਿੱਚ ਹੋਇਆ ਸੀ। ਸੁਭਾਵਿਕ ਸੀ ਕਿ ਮੱਛੀ ਉਸ ਦੀ ਮੁੱਖ ਖੁਰਾਕ ਰਹੀ। ਪਹਿਲਾਂ ਪਹਿਲ ਉਹ ਸਥਾਨਕ ਸਪੋਰਟਸ ਸਕੂਲ ਵਿੱਚ ਫੁੱਟਬਾਲ ਖੇਡਣ ਲੱਗਾ ਸੀ ਕਿ ਇੱਕ ਦਿਨ ਵੇਟਲਿਫਟਿੰਗ ਦੇ ਇੰਸਟ੍ਰੱਕਟਰ ਸਿਨ ਗੈਪ-ਜੁੰਗ ਦੀ ਨਜ਼ਰੇ ਚੜ੍ਹ ਗਿਆ। ਉਸ ਨੇ ਓਮ ਨੂੰ ਵੇਟਲਿਫਟਿੰਗ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਲਈ। ਨਵੇਂ ਪੱਠੇ ਨੇ ਚੰਗੀ ਹੋਣਹਾਰੀ ਵਿਖਾਉਣੀ ਸ਼ੁਰੂ ਕਰ ਦਿੱਤੀ। ਸਥਾਨਕ ਤੇ ਸਕੂਲ-ਕਾਲਜ ਦੇ ਮੁਕਾਬਲੇ ਜਿੱਤਦਾ-ਜਿੱਤਦਾ ਉਹ ਕੌਮੀ ਮੁਕਾਬਲੇ ਜਿੱਤਣ ਲੱਗ ਪਿਆ ਤੇ 2012 ਵਿੱਚ ਹੋ ਰਹੀਆਂ ਲੰਡਨ ਦੀਆਂ ਓਲੰਪਿਕ ਖੇਡਾਂ ’ਚ ਭਾਗ ਲੈਣ ਲਈ ਉੱਤਰੀ ਕੋਰੀਆ ਦੀ ਟੀਮ ’ਚ ਚੁਣਿਆ ਗਿਆ। ਉਦੋਂ ਉਹਦੀ ਉਮਰ 21 ਸਾਲ ਦੀ ਸੀ।
ਉੱਥੇ 56 ਕਿਲੋ ਵਜ਼ਨ ਵਰਗ ਵਿੱਚ ਉਹਦੇ ਮੁਕਾਬਲੇ ਕਹਿੰਦੇ ਕਹਾਉਂਦੇ ਵੇਟਲਿਫਟਰ ਸਨ। ਬੜੇ ਘੱਟ ਦਰਸ਼ਕਾਂ ਨੂੰ ਆਸ ਸੀ ਕਿ ਉੱਤਰੀ ਕੋਰੀਆ ਦਾ ਅਸਲੋਂ ਨਵਾਂ ਵੇਟਲਿਫਟਰ ਓਮ ਗੋਲਡ ਮੈਡਲ ਜਿੱਤ ਜਾਵੇਗਾ ਪਰ ਉੱਥੇ ਉਸ ਨੇ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਬਲਕਿ 168 ਕਿਲੋ ਦੀ ਕਲੀਨ ਐਂਡ ਜਰਕ ਲਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। 2016 ਵਿੱਚ ਹੋਈਆਂ ਰੀਓ ਡੀ ਜਨੀਰੋ ਦੀਆਂ ਓਲੰਪਿਕ ਖੇਡਾਂ ’ਚੋਂ ਉਹਦੇ ਗੋਲਡ ਮੈਡਲ ਜਿੱਤਣ ਦੀ ਪੂਰੀ ਆਸ ਦੇ ਬਾਵਜੂਦ ਉਹ ਸਿਲਵਰ ਮੈਡਲ ਹੀ ਜਿੱਤ ਸਕਿਆ। ਉੱਥੇ ਚੀਨ ਦਾ ਲੌਂਗ ਕਿੰਗਕੁਆਂ ਉਸ ਨੂੰ ਮਾਤ ਪਾ ਗਿਆ। 2020 ਦੀਆਂ ਓਲੰਪਿਕ ਖੇਡਾਂ ਕੋਵਿਡ ਕਰਕੇ 2021 ਵਿੱਚ ਹੋਈਆਂ। ਉੱਤਰੀ ਕੋਰੀਆ ਦੇ ਦਲ ਨੇ ਕੋਵਿਡ ਕਾਰਨ ਆਪਣੀ ਟੀਮ ਦੀ ਐਂਟਰੀ ਆਪ ਹੀ ਵਾਪਸ ਲੈ ਲਈ। ਉਸ ਨਾਲ ਹੀ ਓਮ ਯੁਨ-ਚੋਲ ਦਾ ਓਲੰਪਿਕ ਸਫ਼ਰ ਖ਼ਤਮ ਹੋ ਗਿਆ।
2014 ਦੀਆਂ ਏਸ਼ਿਆਈ ਖੇਡਾਂ ਦੱਖਣੀ ਕੋਰੀਆ ਦੇ ਸ਼ਹਿਰ ਇੰਚੀਓਨ ਵਿੱਚ ਹੋਈਆਂ। ਉੱਥੇ ਉਸ ਨੇ 128 ਕਿਲੋ ਦੀ ਸਨੈਚ ਤੇ 170 ਕਿਲੋ ਦੀ ਜਰਕ ਲਾ ਕੇ ਕੁਲ 298 ਕਿਲੋ ਟੋਟਲ ਨਾਲ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਬਲਕਿ 170 ਕਿਲੋ ਜਰਕ ਦਾ ਨਵਾਂ ਵਿਸ਼ਵ ਰਿਕਾਰਡ ਵੀ ਰੱਖਿਆ। 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ’ਚ ਉਹ ਇੰਚੀਓਨ ਵਾਲਾ ਰਿਕਾਰਡ ਨਵਿਆ ਨਾ ਸਕਿਆ। ਉਂਜ 127 ਕਿਲੋ ਦੀ ਸਨੈਚ ਤੇ 160 ਕਿਲੋ ਦੀ ਜਰਕ ਨਾਲ ਏਸ਼ਿਆਈ ਖੇਡਾਂ ਦਾ ਦੂਜਾ ਗੋਲਡ ਮੈਡਲ ਜ਼ਰੂਰ ਜਿੱਤ ਗਿਆ।
ਉਸ ਦੀ ਵਧੇਰੇ ਵਾਰ ਗੁੱਡੀ ਵੇਟਲਿਫਟਿੰਗ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ’ਚ ਚੜ੍ਹੀ। 2011 ਦੀ ਪੈਰਿਸ ਵਿੱਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਬੇਸ਼ੱਕ ਉਹ ਛੇਵੇਂ ਸਥਾਨ ’ਤੇ ਰਿਹਾ ਸੀ ਪਰ 2013 ਵਿੱਚ ਪੋਲੈਂਡ ’ਚ ਕੁਲ 289 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਜਿੱਤ ਗਿਆ। 2014 ਦੀ ਵਿਸ਼ਵ ਚੈਂਪੀਅਨਸ਼ਿਪ ਕਜ਼ਾਖਸਤਾਨ ਵਿੱਚ ਹੋਈ। ਉੱਥੇ ਉਸ ਨੇ 128 ਕਿਲੋ ਦੀ ਸਨੈਚ ਤੇ 168 ਕਿਲੋ ਦੀ ਜਰਕ ਲਾ ਕੇ ਫਿਰ ਗੋਲਡ ਮੈਡਲ ਜਿੱਤਿਆ। 2015 ਦੀ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਹਿਊਸਟਨ ਅਮਰੀਕਾ ਵਿੱਚ ਹੋਈ। ਉੱਥੇ ਉਸ ਨੇ 131 ਕਿਲੋ ਦੀ ਸਨੈਚ ਲਾਈ ਤੇ 171 ਕਿਲੋ ਦੀ ਵਿਸ਼ਵ ਰਿਕਾਰਡ ਤੋੜਨ ਵਾਲੀ ਜਰਕ ਲਾ ਕੇ ਤੀਜੀ ਵਾਰ ਗੋਲਡ ਮੈਡਲ ਜਿੱਤਿਆ। ਅਸ਼ਗਾਬਤ, ਤੁਰਕਮੇਨਿਸਤਾਨ ਵਿੱਚ 2018 ਦੀ ਵਰਲਡ ਚੈਂਪੀਅਨਸ਼ਿਪ ’ਚੋਂ ਉਸ ਨੇ 120 ਕਿਲੋ ਸਨੈਚ ਤੇ 162 ਕਿਲੋ ਜਰਕ ਲਾ ਕੇ ਫਿਰ ਗੋਲਡ ਮੈਡਲ ਜਿੱਤਿਆ। 2019 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚੋਂ ਉਸ ਨੇ ਸਨੈਚ ਤੇ ਜਰਕ ਦੇ ਜੋੜ 294 ਕਿਲੋ ਨਾਲ ਪੰਜਵਾਂ ਗੋਲਡ ਮੈਡਲ ਆਪਣੇ ਗਲ਼ੇ ਪੁਆਇਆ। 2017 ਦੀ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਉਹ ਇਸ ਕਰਕੇ ਭਾਗ ਨਹੀਂ ਸੀ ਲੈ ਸਕਿਆ ਕਿਉਂਕਿ ਉੱਤਰੀ ਕੋਰੀਆ ਨੇ ਉਸ ਚੈਂਪੀਅਨਸ਼ਿਪ ਦਾ ਬਾਈਕਾਟ ਕਰ ਦਿੱਤਾ ਸੀ।
ਇੰਜ ਉਸ ਨੇ ਓਲੰਪਿਕ ਖੇਡਾਂ ’ਚੋਂ ਇੱਕ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ, ਏਸ਼ਿਆਈ ਖੇਡਾਂ ’ਚੋਂ ਦੋ ਗੋਲਡ ਮੈਡਲ ਤੇ ਵਿਸ਼ਵ ਚੈਂਪੀਅਨਸ਼ਿਪਾਂ ਦੇ ਪੰਜ ਗੋਲਡ ਮੈਡਲ ਜਿੱਤੇ। ਇੱਕ ਗੋਲਡ ਮੈਡਲ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਤੇ ਇੱਕ ਗੋਲਡ ਮੈਡਲ ਏਸ਼ੀਅਨ ਇੰਟਰ ਕਲੱਬ ਚੈਂਪੀਅਨਸ਼ਿਪ ਵਿੱਚੋਂ ਜਿੱਤਿਆ ਜੋ 2013 ਵਿੱਚ ਹੋਈ। 2011 ਵਿੱਚ ਉਸ ਨੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਗ ਲੈਣ ਲਈ ਕੁਆਲੀਫਾਈ ਕੀਤਾ ਸੀ। 2019 ਤੱਕ ਨੌਂ ਸਾਲ ਉਹ ਜਿੱਤ ਮੰਚਾਂ ’ਤੇ ਚੜ੍ਹਦਾ ਰਿਹਾ ਤੇ ਕੁਲ ਦੁਨੀਆ ’ਚ ਬੱਲੇ-ਬੱਲੇ ਕਰਾਉਂਦਾ ਰਿਹਾ। 2017 ਵਿੱਚ ਉਸ ਨੇ ਵਿਸ਼ਵ ਯੂਨੀਵਰਸਿਟੀਆਂ ਦੀ ਚੈਂਪੀਅਨਸ਼ਿਪ ਵਿੱਚ ਵੀ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ।
ਲੰਡਨ ਦੀਆਂ ਓਲੰਪਿਕ ਖੇਡਾਂ-2012 ਵਿੱਚੋਂ ਜਦੋਂ ਉਸ ਨੇ ਛੁਪੇ ਰੁਸਤਮ ਵਾਂਗ ਸੋਨ ਤਗ਼ਮਾ ਜਿੱਤਿਆ ਸੀ ਤਾਂ ਮੀਡੀਆ ਨੇ ਉਸ ਨੂੰ ‘ਨਿੱਕੇ ਮੁੰਡੇ ਦੀ ਮਹਾਨ ਜਿੱਤ’ ਕਹਿ ਕੇ ਵਡਿਆਇਆ ਸੀ। ਉਨ੍ਹਾਂ ਲਿਖਿਆ ਸੀ ‘123 ਪੌਂਡ ਦੇ ਜੁੱਸੇ ਦੀ 370 ਪੌਂਡ ਭਾਰੇ ਵਜ਼ਨ ’ਤੇ ਫਤਿਹ’। ਇਹ ਉਸ ਦੇ ਆਪਣੇ ਵਜ਼ਨ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਵਜ਼ਨ ਸੀ। ਗ਼ਜ਼ਬ ਦੀ ਗੱਲ ਸੀ ਕਿ ਮਾਹਰਾਂ ਦੀਆਂ ਸਾਰੀਆਂ ਕਿਆਸ ਅਰਾਈਆਂ ਗ਼ਲਤ ਹੋ ਗਈਆਂ ਸਨ। ਜਦੋਂ ਉਸ ਨੇ ਜਰਕ ਦਾ ਓਲੰਪਿਕ ਰਿਕਾਰਡ ਨਵਿਆਉਣ ਲਈ 168 ਕਿਲੋ ਵਜ਼ਨ ਪੁਆਇਆ ਤਾਂ ਦਰਸ਼ਕ ਤਾੜੀਆਂ ਮਾਰਨ ਲੱਗੇ। ਸਨੈਚ ਵਿੱਚ ਓਮ ਤੋਂ 8 ਕਿਲੋ ਵੱਧ ਭਾਰ ਚੁੱਕਣ ਵਾਲਾ ਚੀਨ ਦਾ ਭਾਰਚੁਕਵਾ ਵੂ ਜਿਆਂਗਬੀਓ ਹੈਰਾਨੀ ਨਾਲ ਉਹਦੇ ਵੱਲ ਵੇਖਣ ਲੱਗਾ। ਉਹ ਦੋ ਵਾਰ ਦਾ ਓਲੰਪਿਕ ਜੇਤੂ ਸੀ। ਉਹ ਸਮਝਦਾ ਸੀ ਕਿ ਇਹ ਨਵਾਂ ਛੋਕਰਾ ਤੁਰਕੀ ਦੇ ਹਲੀਲ ਮੁਤਲੂ ਦਾ 167 ਕਿਲੋ ਜਰਕ ਲਾਉਣ ਦਾ ਸਿਡਨੀ ਦੀਆਂ ਓਲੰਪਿਕ ਖੇਡਾਂ ’ਚ ਰੱਖਿਆ ਰਿਕਾਰਡ ਕਿੱਥੋਂ ਤੋੜਦੂ? ਪਰ ਓਮ ਨੇ 168 ਕਿਲੋ ਦੀ ਜਰਕ ਲਾ ਕੇ ਨਾ ਸਿਰਫ਼ ਨਵਾਂ ਓਲੰਪਿਕ ਰਿਕਾਰਡ ਹੀ ਬਣਾਇਆ ਸਗੋਂ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਨਾਲ ਹੀ ਟੋਟਲ ਵਜ਼ਨ ਚੁੱਕਣ ਵਿੱਚ ਦੋ ਵਾਰ ਦੇ ਓਲੰਪਿਕ ਚੈਂਪੀਅਨ ਦੇ ਹੈਟ੍ਰਿਕ ਮਾਰਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਓਮ 56 ਕਿਲੋ ਵਜ਼ਨ ਵਰਗ ਵਿੱਚ ਆਪਣੇ ਭਾਰ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਭਾਰ ਦਾ ਬਾਲਾ ਕੱਢਣ ਵਾਲਾ ਵਿਸ਼ਵ ਦਾ ਚੌਥਾ ਭਾਰਚੁਕਾਵਾ ਹੈ। ਉਸ ਨੇ ਇਹ ਮਾਅਰਕਾ ਏਸ਼ੀਅਨ ਇੰਟਰ ਕਲੱਬ ਚੈਂਪੀਅਨਸ਼ਿਪ ਵਿੱਚ ਮਾਰਨ ਤੋਂ ਲੈ ਕੇ ਏਸ਼ੀਅਨ ਖੇਡਾਂ, ਓਲੰਪਿਕ ਖੇਡਾਂ ਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪਸ ਸਭਨਾਂ ਮੁਕਾਬਲਿਆਂ ਵਿੱਚ ਮਾਰਿਆ। 2017 ਵਿੱਚ ਵਿਸ਼ਵ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਉਹ 172 ਕਿਲੋ ਦੀ ਜਰਕ ਲਾ ਗਿਆ। ਉੱਥੇ ਉਸ ਨੇ 129 ਕਿਲੋ ਦੀ ਸਨੈਚ ਲਾਈ ਸੀ।
ਰੀਓ ਦੀਆਂ ਓਲੰਪਿਕ ਖੇਡਾਂ ’ਚ 171 ਕਿਲੋ ਦੀ ਜਰਕ ਨਾਲ ਕੁਲ ਜੋੜ ਦਾ ਗੋਲਡ ਮੈਡਲ ਦੀ ਥਾਂ ਸਿਲਵਰ ਮੈਡਲ ਹੀ ਜਿੱਤ ਸਕਿਆ ਸੀ ਜਿਸ ਨਾਲ ਉਹ ਨਿਰਾਸ਼ ਵੀ ਹੋਇਆ ਸੀ। ਉਸ ਨੂੰ ਬੇਸ਼ੱਕ ਉੱਤਰੀ ਕੋਰੀਆ ਦਾ ਹੀਰੋ ਕਿਹਾ ਜਾ ਰਿਹਾ ਸੀ ਪਰ ਉਸ ਨੇ ਨਿਰਾਸ਼ਤਾ ’ਚ ਕਿਹਾ ਸੀ, “ਮੈਂ ਕੋਈ ਹੀਰੋ ਨਹੀਂ ਕਿਉਂਕਿ ਸੋਨ ਤਗ਼ਮਾ ਨਹੀਂ ਜਿੱਤ ਸਕਿਆ।’’ ਉਂਜ ਉਸ ਨੇ ਸਨੈਚ ਤੇ ਜਰਕ ਦਾ ਟੋਟਲ ਵਜ਼ਨ 303 ਕਿਲੋ ਚੁੱਕ ਕੇ 300 ਕਿਲੋ ਦਾ ਬੈਰੀਅਰ ਤੋੜ ਦਿੱਤਾ ਸੀ। ਚੀਨ ਦੇ ਵੂ ਜਿੰਗਬੀਆਓ ਨੇ 138 ਕਿਲੋ ਸਨੈਚ ਕਰ ਕੇ ਨਵਾਂ ਵਿਸ਼ਵ ਰਿਕਾਰਡ ਸਿਰਜਿਆ ਸੀ। ਇੰਜ ਹੀ ਉੱਤਰੀ ਕੋਰੀਆ ਦੇ ਓਮ ਯੁਨ ਚੋਲ ਨੇ 171 ਕਿਲੋ ਦੀ ਜਰਕ ਲਾਉਣ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ।
ਕੁਲ ਜੋੜ ਦਾ ਵਿਸ਼ਵ ਰਿਕਾਰਡ ਚੀਨ ਦੇ ਲਾਂਗ ਕਿੰਗਕੁਆਂ ਨੇ 307 ਕਿਲੋ ਕੀਤਾ। ਵੈਸੇ ਵਜ਼ਨ ਮੁਕਾਬਲਿਆਂ ਦੇ 56, 62, 69, 77, 85, 94, 105 ਤੇ +105 ਕਿਲੋ ਵਜ਼ਨ ਵਰਗ ਸਨ। 2018 ਤੋਂ ਮਰਦਾਂ ਦੇ ਵਜ਼ਨ ਵਰਗ 55, 61, 67, 73, 81, 89, 96, 102, 109 ਤੇ +109 ਕਿਲੋ ਕਰ ਦਿੱਤੇ ਹਨ। ਪੈਰਿਸ ਦੀਆਂ ਓਲੰਪਿਕ ਖੇਡਾਂ-2024 ਵਿੱਚ ਮਰਦਾਂ ਦੇ ਕੇਵਲ 61, 73, 89, 102 ਤੇ +102 ਵਜ਼ਨ ਵਰਗਾਂ ਦੇ ਹੀ ਮੁਕਾਬਲੇ ਕਰਾਏ ਜਾਣਗੇ ਅਤੇ ਔਰਤਾਂ ਦੇ ਵੀ ਪੰਜ ਵਰਗਾਂ ਦੇ ਹੀ ਮੁਕਾਬਲੇ ਹੋਣਗੇ। 2018 ਤੋਂ 56 ਕਿਲੋ ਵਾਲਾ ਵਜ਼ਨ ਵਰਗ 55 ਕਿਲੋ ਦਾ ਕਰ ਦਿੱਤਾ ਗਿਆ ਸੀ। ਓਮ ਯੁਨ-ਚੋਲ ਨੇ ਕੁਝ ਸਾਲ ਤਾਂ ਆਪਣਾ ਸਰੀਰਕ ਵਜ਼ਨ 55-56 ਕਿਲੋਗ੍ਰਾਮ ਤੱਕ ਹੀ ਸੀਮਤ ਰੱਖਿਆ ਸੀ ਜੋ ਫਿਰ ਵਧਣ-ਫੁੱਲਣ ਦਿੱਤਾ ਕਿ ਆਪਾਂ ਹੁਣ ਕਿਹੜਾ ਕੋਈ ਹੋਰ ਮਾਅਰਕਾ ਮਾਰਨਾ?
ਈ-ਮੇਲ: principalsarwansingh@gmail.com

Advertisement

Advertisement
Author Image

joginder kumar

View all posts

Advertisement