ਬਰਤਾਨੀਆ ’ਚ ਆਮ ਚੋਣਾਂ: ਭਾਰਤ ਨਾਲ ਐੱਫਟੀਏ ਟਲਣ ਦੀ ਸੰਭਾਵਨਾ
ਲੰਡਨ, 24 ਮਈ
ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਅਚਾਨਕ ਦੇਸ਼ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣ ਦਾ ਐਲਾਨ ਕਰਨ ਤੋਂ ਬਾਅਦ ਭਾਰਤ ਅਤੇ ਬਰਤਾਨੀਆ ਦਰਮਿਆਨ ਮੁਕਤ ਵਪਾਰ ਸਮਝੌਤਾ (ਐੱਫਟੀਏ) ਮੁਲਤਵੀ ਹੋਣ ਦੀ ਸੰਭਾਵਨਾ ਹੈ। ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਬਰਤਾਨੀਆ ਵਿੱਚ ਆਮ ਚੋਣਾਂ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ 4 ਜੂਨ ਨੂੰ ਐਲਾਨੇ ਜਾਣਗੇ। ਹਾਲਾਂਕਿ ਸਿਆਸੀ ਵਿਸ਼ਲੇਸ਼ਕਾਂ ਅਤੇ ਰਣਨੀਤਕ ਮਾਹਿਰਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਨਤੀਜਾ ਜੋ ਵੀ ਹੋਵੇ, ਦੁਵੱਲੇ ਸਬੰਧਾਂ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਵੇਗੀ ਪਰ ਜਿਸ ਸਮਝੌਤੇ ’ਤੇ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਸਰਕਾਰ ਦੇ ਅਧੀਨ ਦਸਤਖਤ ਕੀਤੇ ਜਾਣ ਦੀ ਉਮੀਦ ਸੀ, ਹੁਣ ਆਮ ਚੋਣਾਂ ਦੇ ਐਲਾਨ ਕਾਰਨ ਮੁਲਤਵੀ ਹੋਣ ਦੀ ਸੰਭਾਵਨਾ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਐੱਫਟੀਏ ’ਤੇ ਗੱਲਬਾਤ ਜਨਵਰੀ 2022 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਦਾ ਉਦੇਸ਼ ਦੁਵੱਲੇ ਵਪਾਰ ਨੂੰ ਵਧਾਉਣਾ ਹੈ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿੱਚ ਇੱਕ ਸਾਲ ਵਿੱਚ ਲਗਪਗ 38.1 ਅਰਬ ਪੌਂਡ ਦਾ ਵਪਾਰ ਹੁੰਦਾ ਹੈ।