ਗਾਜ਼ਾ ਸ਼ਾਂਤੀ ਯੋਜਨਾ
ਅਮਰੀਕਾ ਨੇ ਗਾਜ਼ਾ ਵਿੱਚ ਚੱਲ ਰਹੀ ਖੂੰਖਾਰ ਜੰਗ ਰੁਕਵਾਉਣ ਅਤੇ ਟਕਰਾਅ ਦਾ ਸ਼ਾਂਤੀਪੂਰਨ ਹੱਲ ਕੱਢਣ ਵਾਸਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਆਪਣੀ ਪ੍ਰਸਤਾਵਿਤ ਸ਼ਾਂਤੀ ਯੋਜਨਾ ਦੀ ਹਮਾਇਤ ਕਰਨ ਦੀ ਅਪੀਲ ਕਰ ਕੇ ਇਸ ਦਿਸ਼ਾ ਵਿੱਚ ਅਹਿਮ ਕਦਮ ਪੁੱਟਿਆ ਹੈ। ਰਾਸ਼ਟਰਪਤੀ ਜੋਅ ਬਾਇਡਨ ਦੀ ਇਸ ਸ਼ਾਂਤੀ ਯੋਜਨਾ ਦਾ ਖੁਲਾਸਾ 31 ਮਈ ਨੂੰ ਕੀਤਾ ਗਿਆ ਸੀ ਜਿਸ ਵਿੱਚ ਤਿੰਨ ਪੜਾਵੀ ਪ੍ਰਕਿਰਿਆ ਦਾ ਖ਼ਾਕਾ ਪੇਸ਼ ਕੀਤਾ ਗਿਆ ਹੈ। ਇਸ ਤਹਿਤ ਪਹਿਲੇ ਪੜਾਅ ਵਿੱਚ ਹਮਾਸ ਵੱਲੋਂ ਉਸ ਦੀ ਕੈਦ ਵਿਚਲੇ ਬਾਕੀ ਰਹਿੰਦੇ ਸਾਰੇ ਇਜ਼ਰਾਇਲੀ ਨਾਗਰਿਕਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਇਸ ਤੋਂ ਬਾਅਦ ਇਜ਼ਰਾਇਲੀ ਫ਼ੌਜ ਗਾਜ਼ਾ ਖੇਤਰ ’ਚੋਂ ਵਾਪਸ ਬੁਲਾਈ ਜਾਵੇ। ਬਹਰਹਾਲ, ਇਸ ਸ਼ਾਂਤੀ ਯੋਜਨਾ ਦੀਆਂ ਆਪਣੀ ਕਿਸਮ ਦੀਆਂ ਕੂਟਨੀਤਕ ਚੁਣੌਤੀਆਂ ਹਨ ਜੋ ਉੱਥੇ ਪਸਰੀ ਗਹਿਰੀ ਬੇਭਰੋਸਗੀ ਅਤੇ ਟਕਰਾਵੇਂ ਮੰਤਵਾਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਕਰ ਕੇ ਇਹ ਲੰਮੇ ਅਰਸੇ ਤੋਂ ਟਕਰਾਅ ਚੱਲ ਰਿਹਾ ਹੈ। ਬਾਇਡਨ ਪ੍ਰਸ਼ਾਸਨ ਵੱਲੋਂ ਇਜ਼ਰਾਈਲ ਨੂੰ ਬਾਈਪਾਸ ਕਰ ਕੇ ਹਮਾਸ ਨਾਲ ਵੱਖਰੀ ਸੰਧੀ ਕਰਨ ਬਾਰੇ ਵਿਚਾਰ ਕੀਤਾ ਗਿਆ ਹੈ ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਹਾਲਾਤ ਕਿਸ ਕਦਰ ਫੌਰੀ ਕਦਮ ਪੁੱਟਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਇਹ ਕਾਫ਼ੀ ਵਿਵਾਦਪੂਰਨ ਪਹੁੰਚ ਹੋ ਸਕਦੀ ਹੈ ਪਰ ਇਹ ਫ਼ੌਜੀ ਕਾਰਵਾਈ ’ਤੇ ਕੂਟਨੀਤੀ ਨੂੰ ਤਰਜੀਹ ਦੇਣ ਦੀ ਵਿਹਾਰਕ ਤਬਦੀਲੀ ਦਾ ਪ੍ਰਤੱਖ ਸੰਕੇਤ ਦੇ ਰਹੀ ਹੈ ਕਿਉਂਕਿ ਅਮਰੀਕਾ ਨੂੰ ਹੁਣ ਹਮਾਸ ਨੂੰ ਇਜ਼ਰਾਈਲ ਲਈ ਫ਼ੌਜੀ ਖ਼ਤਰੇ ਦੇ ਰੂਪ ਵਿੱਚ ਨਹੀਂ ਦੇਖ ਰਿਹਾ।
ਮਤੇ ਦੇ ਖਰੜੇ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਚੱਲ ਰਹੀਆਂ ਵਾਰਤਾਵਾਂ ਦੇ ਨਾਲ ਹੀ ਜੰਗਬੰਦੀ ਅਮਲ ਵਿੱਚ ਲਿਆਂਦੀ ਜਾਵੇ। ਇਨ੍ਹਾਂ ਬਹੁ-ਧਿਰੀ ਵਾਰਤਾਵਾਂ ਨੂੰ ਜਾਰੀ ਰੱਖਣ ਵਿੱਚ ਕਤਰ ਅਤੇ ਮਿਸਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੋਮਵਾਰ ਨੂੰ ਜਦੋਂ ਰੂਸ ਨੇ ਵੀਟੋ ਨਾ ਕਰਨ ਦਾ ਫ਼ੈਸਲਾ ਕਰ ਲਿਆ ਤਾਂ ਇਹ ਸ਼ਾਂਤੀ ਯੋਜਨਾ ਪਾਸ ਹੋ ਗਈ ਜਿਸ ਕਰ ਕੇ ਇਸ ਨੂੰ ਅਮਰੀਕਾ ਦੀ ਕੂਟਨੀਤਕ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਮਤੇ ਦੀ ਸਫ਼ਲਤਾ ਹਾਲਾਂਕਿ ਸ਼ਾਮਿਲ ਧਿਰਾਂ ਦੇ ਸਹਿਯੋਗ ਉੱਤੇ ਨਿਰਭਰ ਕਰਦੀ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਦਬਾਅ ਵਧ ਗਿਆ ਹੈ ਜੋ ਅੰਦੂਰਨੀ ਵਿਦਰੋਹ ਦਾ ਸਾਹਮਣਾ ਵੀ ਕਰ ਰਹੇ ਹਨ। ਇਕ ਜਿ਼ਕਰਯੋਗ ਘਟਨਾ ’ਚ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਜੰਗ ਬਾਰੇ ਗਠਿਤ ਐਮਰਜੈਂਸੀ ਕੈਬਨਿਟ ਵਿੱਚੋਂ ਅਸਤੀਫ਼ਾ ਦੇ ਦਿੱਤਾ ਹੈ। ਨੇਤਨਯਾਹੂ ਵੱਲੋਂ ਇਸ ਜੰਗ ਨਾਲ ਨਜਿੱਠਣ ਦੇ ਤਰੀਕਿਆਂ ਤੋਂ ਉਹ ਸੰਤੁਸ਼ਟ ਨਹੀਂ ਸਨ। ਬੰਦੀਆਂ ਦੇ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਕੂਟਨੀਤਕ ਹੱਲ ਦੀ ਮੰਗ ਨੂੰ ਬਲ ਦੇ ਰਹੇ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਖੇਤਰੀ ਦੌਰਾ ਸ਼ਾਂਤੀ ਸਮਝੌਤੇ ਲਈ ਸਮਰਥਨ ਜੁਟਾਉਣ ਤੇ ਮਾਨਵੀ ਫਿ਼ਕਰਾਂ ਦੇ ਹੱਲ ਵੱਲ ਸੇਧਿਤ ਹੈ। ਇਸ ਵਿੱਚ ਗਾਜ਼ਾ ਤੱਕ ਮਦਦ ਪਹੁੰਚਦੀ ਕਰਨ ਲਈ ਰਾਫਾਹ ਸਰਹੱਦੀ ਲਾਂਘੇ ਨੂੰ ਮੁੜ ਖੋਲ੍ਹਣਾ ਵੀ ਸ਼ਾਮਿਲ ਹੈ। ਬਲਿੰਕਨ ਦੇ ਮਿਸ਼ਨ ’ਚੋਂ ਖੇਤਰੀ ਸਥਿਰਤਾ ਯਕੀਨੀ ਬਣਾਉਣ ਅਤੇ ਮਾਨਵੀ ਸੰਕਟ ਹੱਲ ਕਰਨ ਦੇ ਵਿਆਪਕ ਰਣਨੀਤਕ ਟੀਚੇ ਦੀ ਝਲਕ ਮਿਲਦੀ ਹੈ। ਅਮਰੀਕੀ ਯੋਜਨਾ ਦੀ ਸਫ਼ਲਤਾ ਇਸ ਪਹਿਲੂ ’ਤੇ ਨਿਰਭਰ ਕਰੇਗੀ ਕਿ ਇਹ ਗੁੰਝਲਦਾਰ ਸਿਆਸੀ ਭੂ-ਦ੍ਰਿਸ਼ ਵਿੱਚੋਂ ਕਿਵੇਂ ਲੰਘਦੀ ਹੈ। ਇਸ ਤਜਵੀਜ਼ ’ਤੇ ਇਜ਼ਰਾਈਲ ਤੇ ਹਮਾਸ ਦੀ ਵਚਨਬੱਧਤਾ ਹਾਸਿਲ ਕਰਨਾ ਵੀ ਸੌਖਾ ਨਹੀਂ ਹੋਵੇਗਾ।