For the best experience, open
https://m.punjabitribuneonline.com
on your mobile browser.
Advertisement

ਗਾਜ਼ਾ: ਸ਼ਿਫ਼ਾ ਹਸਪਤਾਲ ਖਾਲੀ ਕਰਨ ਦੇ ਹੁਕਮ

08:55 AM Nov 19, 2023 IST
ਗਾਜ਼ਾ  ਸ਼ਿਫ਼ਾ ਹਸਪਤਾਲ ਖਾਲੀ ਕਰਨ ਦੇ ਹੁਕਮ
ਖ਼ਾਨ ਯੂਨਿਸ ’ਚ ਇਜ਼ਰਾਇਲੀ ਹਮਲੇ ’ਚ ਰਿਹਾਇਸ਼ੀ ਇਮਾਰਤ ਨੂੰ ਪੁੱਜੇ ਨੁਕਸਾਨ ਵੱਲ ਦੇਖਦੀ ਹੋਈ ਇਕ ਔਰਤ। -ਫੋਟੋ: ਰਾਇਟਰਜ਼
Advertisement

ਖ਼ਾਨ ਯੂਨਿਸ, 18 ਨਵੰਬਰ
ਇਜ਼ਰਾਇਲੀ ਫ਼ੌਜ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਕਬਜ਼ੇ ਮਗਰੋਂ ਉਥੋਂ ਮਰੀਜ਼ਾਂ ਸਣੇ ਆਮ ਲੋਕ ਦੂਜੀਆਂ ਥਾਵਾਂ ’ਤੇ ਜਾਣ ਲਈ ਮਜਬੂਰ ਹੋ ਗਏ ਹਨ। ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕਈ ਮਰੀਜ਼ਾਂ, ਮੈਡੀਕਲ ਅਮਲੇ ਅਤੇ ਸ਼ਰਨਾਰਥੀਆਂ ਨੇ ਸ਼ਿਫ਼ਾ ਹਸਪਤਾਲ ਛੱਡ ਦਿੱਤਾ ਹੈ। ਫਲਸਤੀਨੀ ਅਧਿਕਾਰੀਆਂ ਅਤੇ ਇਜ਼ਰਾਇਲੀ ਫ਼ੌਜ ਨੇ ਸ਼ਿਫ਼ਾ ਹਸਪਤਾਲ ਤੋਂ ਹਿਜਰਤ ਬਾਰੇ ਵੱਖ ਵੱਖ ਬਿਆਨ ਦਿੱਤੇ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ ਤੋਂ ਹਸਪਤਾਲ ਖਾਲੀ ਕਰਨ ਦੇ ਹੁਕਮ ਮਿਲੇ ਹਨ ਜਦਕਿ ਫ਼ੌਜ ਨੇ ਕਿਹਾ ਕਿ ਜਿਹੜੇ ਹਸਪਤਾਲ ਛੱਡ ਕੇ ਜਾਣਾ ਚਾਹੁੰਦੇ ਸਨ ਉਨ੍ਹਾਂ ਨੂੰ ਸੁਰੱਖਿਅਤ ਰਾਹ ਦੀ ਪੇਸ਼ਕਸ਼ ਕੀਤੀ ਗਈ ਹੈ। ਉਧਰ ਗਾਜ਼ਾ ਪੱਟੀ ’ਚ ਇੰਟਰਨੈੱਟ ਅਤੇ ਫੋਨ ਸੇਵਾਵਾਂ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਖ਼ਾਨ ਯੂਨਿਸ ਦੇ ਬਾਹਰਵਾਰ ਪੈਂਦੇ ਹਮਾਦ ਸਿਟੀ ਦੀ ਇਕ ਰਿਹਾਇਸ਼ੀ ਇਮਾਰਤ ’ਤੇ ਇਜ਼ਰਾਇਲੀ ਹਵਾਈ ਹਮਲੇ ’ਚ 26 ਫਲਸਤੀਨੀ ਮਾਰੇ ਗਏ। ਜਿਹੜੇ ਹਸਪਤਾਲ ’ਚ ਲਾਸ਼ਾਂ ਭੇਜੀਆਂ ਗਈਆਂ ਹਨ, ਉਥੋਂ ਦੇ ਇਕ ਡਾਕਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਮਲੇ ’ਚ 20 ਜਣੇ ਹੋਰ ਜ਼ਖ਼ਮੀ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਪਹਿਲਾਂ ਆਮ ਲੋਕਾਂ ਨੂੰ ਉੱਤਰੀ ਗਾਜ਼ਾ ਛੱਡਣ ਦੇ ਹੁਕਮ ਦਿੱਤੇ ਸਨ ਪਰ ਉਨ੍ਹਾਂ ਦੱਖਣੀ ਜ਼ੋਨ ’ਚ ਵੀ ਬੰਬਾਰੀ ਜਾਰੀ ਰੱਖੀ ਹੈ ਜਿਥੇ ਖ਼ਾਨ ਯੂਨਿਸ ਪੈਂਦਾ ਹੈ। ਇਕ ਦਿਨ ਪਹਿਲਾਂ ਨੁਸਰਤ ਸ਼ਰਨਾਰਥੀ ਕੈਂਪ ’ਤੇ ਹੋਏ ਹਮਲੇ ’ਚ 41 ਵਿਅਕਤੀ ਮਾਰੇ ਗਏ ਸਨ। ਇਜ਼ਰਾਇਲੀ ਫ਼ੌਜ ਹਸਪਤਾਲ ਨੂੰ ਆਖਦੀ ਆ ਰਹੀ ਹੈ ਕਿ ਉਹ ਕਈ ਹਜ਼ਾਰ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰੇ। ਉਨ੍ਹਾਂ ਹਸਪਤਾਲ ਦੇ ਡਾਇਰੈਕਟਰ ਨੂੰ ਕਿਹਾ ਹੈ ਕਿ ਜਿਹੜੇ ਲੋਕ ਸੁਰੱਖਿਅਤ ਰਾਹ ਰਾਹੀਂ ਹਸਪਤਾਲ ਛੱਡਣਾ ਚਾਹੁੰਦੇ ਹਨ, ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਪਰ ਸਿਹਤ ਮੰਤਰਾਲੇ ਦੇ ਤਰਜਮਾਨ ਮੇਧਤ ਅੱਬਾਸ ਨੇ ਕਿਹਾ ਕਿ ਫ਼ੌਜ ਨੇ ਹਸਪਤਾਲ ਨੂੰ ਇਕ ਘੰਟੇ ਦੇ ਅੰਦਰ ਖਾਲੀ ਕਰਨ ਦੇ ਹੁਕਮ ਸੁਣਾਏ ਹਨ। ਉਂਜ ਫ਼ੌਜ ਨੇ ਕਿਹਾ ਕਿ ਉਸ ਨੇ ਹਸਪਤਾਲ ਖਾਲੀ ਕਰਨ ਦੇ ਕੋਈ ਹੁਕਮ ਨਹੀਂ ਦਿੱਤੇ ਹਨ ਅਤੇ ਜਿਹੜੇ ਮਰੀਜ਼ਾਂ ਦਾ ਉਥੋਂ ਨਿਕਲਣਾ ਮੁਸ਼ਕਲ ਹੈ, ਉਨ੍ਹਾਂ ਦੀ ਸਹਾਇਤਾ ਲਈ ਡਾਕਟਰੀ ਅਮਲੇ ਨੂੰ ਉਥੇ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਈਂਧਣ ਦੀ ਕਮੀ ਕਾਰਨ ਲੋਕਾਂ ਲਈ ਰਾਹਤ ਸਮੱਗਰੀ ਨਾ ਪਹੁੰਚਣ ਦੇ ਇਕ ਦਿਨ ਬਾਅਦ ਇਜ਼ਰਾਈਲ ਨੇ ਕਿਹਾ ਕਿ ਉਹ ਸੰਚਾਰ ਸੇਵਾਵਾਂ ਲਈ ਰੋਜ਼ਾਨਾ 10 ਹਜ਼ਾਰ ਲਿਟਰ ਈਂਧਣ ਗਾਜ਼ਾ ਭੇਜੇਗਾ। -ਏਪੀ

Advertisement

ਇਜ਼ਰਾਇਲੀ ਹਮਲੇ ’ਚ ਤਬਾਹ ਹੋਇਆ ਘਰ ਦੇਖਦਾ ਹੋਇਆ ਇੱਕ ਬੱਚਾ। -ਫੋਟੋ: ਰਾਇਟਰਜ਼

ਜ਼ਖ਼ਮੀ ਫਲਸਤੀਨੀ ਬੱਚਿਆਂ ਸਣੇ 15 ਜਣੇ ਯੂਏਈ ਪੁੱਜੇ

ਅਬੂ ਧਾਬੀ: ਇਜ਼ਰਾਈਲ-ਹਮਾਸ ਜੰਗ ’ਚ ਜ਼ਖ਼ਮੀ ਹੋਏ ਫਲਸਤੀਨੀ ਬੱਚਿਆਂ ਸਣੇ 15 ਜਣੇ ਅੱਜ ਵਿਸ਼ੇਸ਼ ਜਹਾਜ਼ ਰਾਹੀਂ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚ ਗਏ ਹਨ। ਯੂਏਈ ਨੇ ਇਕ ਹਜ਼ਾਰ ਬੱਚਿਆਂ ਨੂੰ ਰਾਹਤ ਦੇਣ ਦਾ ਅਹਿਦ ਲਿਆ ਹੈ। ਬੱਚੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ 15 ਵਿਅਕਤੀ ਸ਼ੁੱਕਵਾਰ ਨੂੰ ਗਾਜ਼ਾ ਪੱਟੀ ਨਾਲ ਲਗਦੀ ਰਾਫ਼ਾਹ ਸਰਹੱਦ ਤੋਂ ਮਿਸਰ ਪੁੱਜੇ ਸਨ ਜਿਥੋਂ ਉਨ੍ਹਾਂ ਅਬੂ ਧਾਬੀ ਲਈ ਉਡਾਣ ਫੜੀ ਸੀ। ਗੰਭੀਰ ਰੂਪ ’ਚ ਜ਼ਖ਼ਮੀ ਕੁਝ ਬੱਚਿਆਂ ਲਈ ਜਹਾਜ਼ ਦੀਆਂ ਸੀਟਾਂ ਹਟਾ ਕੇ ਉਨ੍ਹਾਂ ਨੂੰ ਲਿਟਾਇਆ ਗਿਆ। ਬਾਰ੍ਹਾਂ ਸਾਲ ਦਾ ਅਮਰ ਜਾਂਡੀਹ ਇਕੱਲਾ ਹੀ ਯੂਏਈ ਆਇਆ ਹੈ। ਉਸ ਨੇ ਰੋਂਦੇ ਹੋਏ ਦੱਸਿਆ ਕਿ ਉਹ ਪਿਤਾ ਅਤੇ ਚਾਚੇ ਨਾਲ ਗਾਜ਼ਾ ’ਚ ਗੱਲਬਾਤ ਕਰ ਰਿਹਾ ਸੀ ਤਾਂ ਅਚਾਨਕ ਮਿਜ਼ਾਈਲ ਹਮਲੇ ’ਚ ਚਾਚਾ ਮਾਰਿਆ ਗਿਆ ਜਦਕਿ ਪਿਤਾ ਜ਼ਖ਼ਮੀ ਹੋ ਗਿਆ ਅਤੇ ਉਹ ਖੁਦ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸੇ ਤਰ੍ਹਾਂ ਹੋਰ ਬੱਚਿਆਂ ਦੀ ਵੀ ਦਰਦ ਭਰੀ ਕਹਾਣੀ ਹੈ। ਜਹਾਜ਼ ਜਦੋਂ ਅਬੂ ਧਾਬੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ ਤਾਂ ਛੋਟੇ ਬੱਚੇ ਮਾਂ ਦੇ ਮੋਢੇ ਲੱਗ ਕੇ ਸੌਂ ਰਹੇ ਸਨ ਜਦਕਿ ਕੁਝ ਦੀਆਂ ਬਾਹਾਂ ਅਤੇ ਲੱਤਾਂ ’ਤੇ ਪੱਟੀਆਂ ਸਨ। -ਏਪੀ

ਬੰਧਕਾਂ ਦੀ ਰਿਹਾਈ ਲਈ ਹਜ਼ਾਰਾਂ ਲੋਕਾਂ ਵੱਲੋਂ ਮਾਰਚ

ਯੇਰੂਸ਼ਲੱਮ: ਹਮਾਸ ਵੱਲੋਂ ਬੰਦੀ ਬਣਾਏ ਗਏ ਇਜ਼ਰਾਇਲੀਆਂ ਦੀ ਰਿਹਾਈ ਲਈ ਪੰਜ ਦਿਨਾ ਮਾਰਚ ਕੱਢਿਆ ਜਾ ਰਿਹਾ ਹੈ। ਮਾਰਚ ’ਚ 50 ਬੰਧਕਾਂ ਦੇ ਪਰਿਵਾਰਾਂ ਸਮੇਤ ਹਜ਼ਾਰਾਂ ਲੋਕ ਸ਼ਾਮਲ ਹਨ। ਇਹ ਮਾਰਚ ਤਲ ਅਵੀਵ ਤੋਂ ਯੇਰੂਸ਼ਲਮ ਤੱਕ ਕੱਢਿਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ’ਤੇ ਜਾ ਕੇ ਖ਼ਤਮ ਹੋਵੇਗਾ। ਲੋਕਾਂ ਨੇ ਜੰਗ ਲਈ ਉਚੇਚੇ ਤੌਰ ’ਤੇ ਬਣਾਈ ਗਈ ਕੈਬਨਿਟ ਨੂੰ ਅਪੀਲ ਕੀਤੀ ਹੈ ਕਿ ਉਹ ਗੋਲੀਬੰਦੀ ਜਾਂ ਬੰਧਕਾਂ ਦੇ ਬਦਲੇ ’ਚ ਕੈਦੀ ਛੱਡਣ ਬਾਰੇ ਵਿਚਾਰ ਕਰੇ। ਪਹਿਲਾਂ ਇਜ਼ਰਾਈਲ ਆਖਦਾ ਆ ਰਿਹਾ ਸੀ ਕਿ ਉਹ ਬੰਧਕਾਂ ਦੀ ਰਿਹਾਈ ਤੱਕ ਗਾਜ਼ਾ ਪੱਟੀ ’ਚ ਈਂਧਣ ਨਹੀਂ ਜਾਣ ਦੇਵੇਗਾ ਪਰ ਨੇਤਨਯਾਹੂ ’ਤੇ ਬੰਧਕ ਛੁਡਵਾਉਣ ਲਈ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਹਮਾਸ ਨੇ ਇਜ਼ਰਾਇਲੀ ਜੇਲ੍ਹਾਂ ’ਚ ਬੰਦ 6 ਹਜ਼ਾਰ ਫਲਸਤੀਨੀਆਂ ਦੀ ਰਿਹਾਈ ਦੇ ਬਦਲੇ ਸਾਰੇ ਬੰਧਕ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ ਹੈ ਜਿਸ ਨੂੰ ਕੈਬਨਿਟ ਨੇ ਨਕਾਰ ਦਿੱਤਾ ਹੈ। -ਏਪੀ

ਲਬਿਨਾਨ ਦੇ ਐਲੂਮੀਨੀਅਮ ਪਲਾਂਟ ’ਤੇ ਮਿਜ਼ਾਈਲ ਹਮਲਾ

ਬੈਰੂਤ: ਇਜ਼ਰਾਇਲੀ ਡਰੋਨ ਨੇ ਦੱਖਣੀ ਲਬਿਨਾਨ ਦੇ ਬਾਹਰਵਾਰ ਪੈਂਦੇ ਨੇਬਾਤਿਯੇਹ ਕਸਬੇ ’ਚ ਸਥਿਤ ਇਕ ਐਲੂਮੀਨੀਅਮ ਪਲਾਂਟ ’ਤੇ ਦੋ ਮਿਜ਼ਾਈਲਾਂ ਦਾਗ਼ੀਆਂ। ਰਿਪੋਰਟਾਂ ਮੁਤਾਬਕ ਪਲਾਂਟ ’ਚ ਅੱਗ ਲੱਗ ਗਈ ਅਤੇ ਭਾਰੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫੈਕਟਰੀ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪੱਤਰਕਾਰਾਂ ਨੂੰ ਹਿਜ਼ਬੁੱਲਾ ਦੇ ਮੈਂਬਰਾਂ ਨੇ ਰਾਹ ’ਚ ਹੀ ਰੋਕ ਦਿੱਤਾ। ਉਧਰ ਹਿਜ਼ਬੁੱਲਾ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਲਬਿਨਾਨ ਉਪਰ ਉਡ ਰਹੇ ਇਜ਼ਰਾਇਲੀ ਡਰੋਨ ’ਤੇ ਮਿਜ਼ਾਈਲ ਰਾਹੀਂ ਨਿਸ਼ਾਨਾ ਸਾਧਿਆ। -ਏਪੀ

Advertisement
Author Image

Advertisement
Advertisement
×