ਗਊਸ਼ਾਲਾ ਡੱਬਵਾਲੀ ਦੀ ਪ੍ਰਧਾਨਗੀ ਚੋਣ ਵਿਵਾਦਾਂ ਵਿੱਚ ਘਿਰੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 5 ਜੂਨ
ਸ੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਡੱਬਵਾਲੀ ਦੀ ਬੀਤੇ ਦਿਨ੍ਹੀਂ ਪ੍ਰਧਾਨਗੀ ਦੀ ਹੋਈ ਚੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮੌਜੂਦਾ ਪ੍ਰਧਾਨ ਗੋਵਰਧਨ ਦਾਸ ਗੋਇਲ ਨੇ ਇਸ ਚੋਣ ਨੂੰ ਗ਼ੈਰਕਾਨੂੰਨੀ ਦੱਸਿਆ ਹੈ। ਉਸ ਨੇ ਸੀ.ਐਮ. ਵਿੰਡੋ ‘ਤੇ ਸ਼ਿਕਾਇਤ ਕਰਕੇ ਸਖ਼ਤ ਕਾਰਵਾਈ ਮੰਗੀ ਹੈ। ਗੋਵਰਧਨ ਦਾਸ ਗੋਇਲ ਨੇ ਦੋਸ਼ ਲਗਾਇਆ ਕਿ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਮਲੇਸ਼ ਗੋਇਲ ਨੂੰ ਸ੍ਰੀ ਗਊਸ਼ਾਲਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ, ਜੋ ਕਿ ਗ਼ੈਰਕਾਨੂੰਨੀ ਹੈ। ਗੋਵਰਧਨ ਦਾਸ ਦੇ ਮੁਤਾਬਕ ਉਸਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਗਊਸ਼ਾਲਾ ਡੱਬਵਾਲੀ ‘ਚ ਪ੍ਰਧਾਨ ਦਾ ਕਾਰਜਕਾਲ ਦੋ ਵਰ੍ਹਿਆਂ ਦਾ ਹੁੰਦਾ ਹੈ। ਪ੍ਰਬੰਧਕ ਕਮੇਟੀ ਦੇ ਬੈਂਕ ਖਾਤੇ ‘ਚ ਵੀ ਉਸਦੇ ਹਸਤਾਖਰ ਚੱਲਦੇ ਹਨ। ਉਸ ਦਾ ਕਹਿਣਾ ਹੈ ਕਿ ਚੋਣ ਸਬੰਧੀ ਨਾ ਉਸ ਨੂੰ ਸੂਚਿਤ ਕੀਤਾ ਗਿਆ ਅਤੇ ਨਹੀਂ ਹੀ ਉਸ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਸ ਨੇ ਨਵੇਂ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ‘ਤੇ ਰੋਕ ਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਲਈ ਸੀ.ਐਮ ਵਿੰਡੋ ‘ਤੇ ਗੁਹਾਰ ਲਗਾਈ ਹੈ। ਦੂਜੇ ਪਾਸੇ ਨਵੇਂ ਥਾਪੇ ਪ੍ਰਧਾਨ ਕਮਲੇਸ਼ ਗੋਇਲ ਨੇ ਕਿ ਉਨ੍ਹਾਂ ਕਰੀਬ ਛੇ ਮਹੀਨੇ ਗੋਵਰਧਨ ਦਾਸ ਨੂੰ ਪ੍ਰਧਾਨ ਨਿਯੁਕਤ ਕਰਵਾਇਆ ਸੀ। ਹੁਣ ਗੋਵਰਧਨ ਦਾਸ ਦੀ ਕਾਰਜਪ੍ਰਣਾਲੀ ‘ਚ ਵੱਖ-ਖਾਮੀਆਂ ਸਾਹਮਣੇ ਆ ਰਹੀਆਂ ਸੀ। ਜਿਸ ਦੇ ਕਰਕੇ ਮੈਂਬਰਾਂ ਨੇ ਹੁਣ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਹੈ, ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨੀ ਨਿਯਮਾਂ ਦੇ ਤਹਿਤ ਹੀ ਚੋਣ ਪ੍ਰਕਿਰਿਆ ਮੁਕੰਮਲ ਹੋਈ ਹੈ।