ਸ਼ਹੀਦ ਕਿਰਨਜੀਤ ਕੌਰ ਦੇ ਸਮਾਗਮ ਸਬੰਧੀ ਇਕੱਤਰਤਾ
ਪੱਤਰ ਪ੍ਰੇਰਕ
ਮਹਿਲ ਕਲਾਂ, 1 ਅਗਸਤ
ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ 12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਵਿਖੇ ਮਨਾਏ ਜਾ ਰਹੇ ਯਾਦਗਾਰੀ ਸਮਾਗਮ ਦੀ ਇਤਿਹਾਸਕ ਮਹੱਤਤਾ, ਸੰਘਰਸ਼ ਦਾ ਵਿਗਿਆਨਕ ਪਹਿਲੂ ਅਤੇ ਮੌਜੂਦਾ ਦੌਰ ’ਚ ਔਰਤਾਂ ਨੂੰ ਦਰਪੇਸ਼ ਵੰਗਾਰਾਂ ਸਬੰਧੀ ਚਰਚਾ ਲਈ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਮਹਿਲ ਕਲਾਂ ਵਿਖੇ ਕੀਤੀ ਗਈ ਜਿਸ ਵਿਚ ਸਮਾਗਮ ਦੀ ਤਿਆਰੀ ਲਈ ਦਸ ਰੋਜ਼ਾ ਮੁਹਿੰਮ ਉਲੀਕੀ ਗਈ, ਜਿਸ ਤਹਿਤ ਹਰ ਪਿੰਡ ਵਿੱਚ ਮਰਦ-ਔਰਤਾਂ ਦੀਆਂ ਸਾਂਝੀਆਂ ਵੱਡੀਆਂ ਮੀਟਿੰਗਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਡੀਐਮਐਫ ਦੇ ਸੂਬਾ ਆਗੂ ਗੁਰਮੀਤ ਸਿੰਘ ਸੁਖਪੁਰਾ, ਪ੍ਰੇਮ ਕੁਮਾਰ, ਅਮਰਜੀਤ ਕੁੱਕੂ, ਮਲਕੀਤ ਵਜ਼ੀਦਕੇ, ਗੁਰਦੇਵ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਔਰਤਾਂ ’ਤੇ ਜਬਰ ਵਧ ਰਿਹਾ ਹੈ।
ਇਸ ਸਮਾਗਮ ਦੇ ਮੁੱਖ ਬੁਲਾਰੇ ਔਰਤ ਹੱਕਾਂ ਲਈ ਸੰਘਰਸ਼ਸ਼ੀਲ ਚਿੰਤਕ ਡਾ. ਨਵਸ਼ਰਨ ਅਤੇ ਪਿੰਜਰਾ ਤੋੜ ਮੁਹਿੰਮ ਦੀ ਆਗੂ ਨਤਾਸ਼ਾ ਨਰਵਾਲ ਹੋਣਗੇ।