ਬਠਿੰਡਾ ਵਿੱਚ ਸਾਹਿਤ ਸਿਰਜਣਾ ਮੰਚ ਦੀ ਇਕੱਤਰਤਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 30 ਸਤੰਬਰ
ਸਾਹਿਤ ਸਿਰਜਣਾ ਮੰਚ ਬਠਿੰਡਾ ਦੀ ਮਾਸਿਕ ਮੀਟਿੰਗ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਟੀਚਰਜ਼ ਹੋਮ ਵਿੱਚ ਹੋਈ। ਮੰਚ ਸੰਚਾਲਨ ਕਰਦਿਆਂ ਭੁਪਿੰਦਰ ਜੈਤੋ ਨੇ ਮੰਚ ਦੇ ਸਲਾਹਕਾਰ ਪ੍ਰੋ. ਤਰਸੇਮ ਨਰੂਲਾ ਨੂੰ ਹਾਜ਼ਰ ਮੈਂਬਰਾਂ ਵੱਲੋਂ ਉਨ੍ਹਾਂ ਦੇ ਜਨਮ ਦਿਨ ’ਤੇ ਵਧਾਈ ਦਿੱਤੀ। ਪ੍ਰੋ. ਨਰੂਲਾ ਨੇ ਇੱਕ ਰੁਬਾਈ ਤੋਂ ਇਲਾਵਾ ਆਪਣੇ ਜਨਮ ਨਾਲ ਸਬੰਧਤ ਇੱਕ ਲੰਮੀ ਕਵਿਤਾ ਦੇ ਕੁਝ ਅੰਸ਼ ਪੇਸ਼ ਕੀਤੇ। ਉਪਰੰਤ ਕੰਵਲਜੀਤ ਕੁਟੀ, ਸੁਰਿੰਦਰਪ੍ਰੀਤ ਘਣੀਆਂ, ਜਸਵਿੰਦਰ ਸੁਰਗੀਤ ਤੇ ਮੀਤ ਬਠਿੰਡਾ ਨੇ ਗ਼ਜ਼ਲਾਂ ਪੇਸ਼ ਕੀਤੀਆਂ। ਪੋਰਿੰਦਰ ਕੁਮਾਰ ਸਿੰਗਲਾ ਨੇ ਕਵਿਤਾ ‘ਜਵਾਨੀ’, ਦਲਜੀਤ ਬੰਗੀ ਨੇ ਵਿਅੰਗਮਈ ਕਵਿਤਾ ‘ਮਿੱਤਰ’, ਲੀਲਾ ਸਿੰਘ ਰਾਏ ਨੇ ਗੀਤ ‘ਪੰਜਾਬ ਟੋਟੇ-ਟੋਟੇ, ਅਮਰ ਸਿੰਘ ਸਿੱਧੂ ਨੇ ਹਿੰਦੀ ਗ਼ਜ਼ਲਾਂ ਦੇ ਸ਼ੇਅਰ, ਰਵੀ ਮਿੱਤਲ ਨੇ ਅੰਗਰੇਜ਼ੀ ਕਵਿਤਾ, ਰਾਜਦੇਵ ਕੌਰ ਸਿੱਧੂ ਨੇ ਮਿੰਨੀ ਕਹਾਣੀ ‘ਕਾਗਜ਼ ਦੇ ਬੋਲ’ ਦਵੀ ਸਿੱਧੂ ਨੇ ਤਿੰਨ ਲਘੂ ਨਜ਼ਮਾਂ, ਇਕਬਾਲ ਸਿੰਘ ਪੀਟੀ ਨੇ ਤਰੰਨੁਮ ਵਿੱਚ ਇੱਕ ਗੀਤ ‘ਕੌਣ ਦੇਵੇ ਦਿਲਬਰੀਆਂ, ਸੁਖਦਰਸ਼ਨ ਗਰਗ ਨੇ ਰੁਬਾਈ, ਅਮਰਜੀਤ ਪੇਂਟਰ ਨੇ ਹਜ਼ੂਰ ਸਾਹਿਬ ਦੀ ਯਾਤਰਾ ਨਾਲ ਸਬੰਧਿਤ ਯਾਦਾਂ, ਜਗਨ ਨਾਥ ਨੇ ਕਵਿਤਾ ‘ਸੱਜਣ’ ਅਤੇ ਭੁਪਿੰਦਰ ਜੈਤੋ ਨੇ ਹੁਣੇ ਹੁਣੇ ਪ੍ਰਕਾਸ਼ਿਤ ਹੋਏ ਆਪਣੇ ਅਨੁਵਾਦਿਤ ਨਾਵਲ ‘ਮੋਤੀ’ ਸਬੰਧੀ ਅਨੁਭਵ ਸਾਂਝੇ ਕੀਤੇ।
ਵਿਸ਼ਵ ਬਾਜ਼ਾਰ ਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਦਾ ਐਲਾਨ
ਮੀਟਿੰਗ ’ਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰਸਤਾਵਿਤ ਪ੍ਰੋਗਰਾਮ ਨੂੰ ਅਮਲੀ ਰੂਪ ਦੇਣ ਲਈ 20 ਅਕਤੂਬਰ ਨੂੰ ਬਠਿੰਡਾ ਵਿਖੇ ਭਾਸ਼ਾ ਸੈਮੀਨਾਰ ਕਰਾਉਣ ਦਾ ਫੈਸਲਾ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ‘ਵਿਸ਼ਵ ਬਾਜ਼ਾਰ ਅਤੇ ਪੰਜਾਬੀ ਭਾਸ਼ਾ’ ਮਿਥਿਆ ਗਿਆ।