ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸਾਖੀ ਨੂੰ ਸਮਰਪਿਤ ਇਕੱਤਰਤਾ

09:01 AM Apr 10, 2024 IST
ਸਮਾਗਮ ਨੂੰ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਅਪਰੈਲ ਮਹੀਨੇ ਦੀ ਮੀਟਿੰਗ ਇੱਥੇ ਕੋਸੋ ਹਾਲ ਵਿੱਚ ਹੋਈ। ਇਹ ਮੀਟਿੰਗ ਵਿਸਾਖੀ ਨੂੰ ਸਮਰਪਿਤ ਸੀ। ਇਸ ਵਿੱਚ ‘ਅਪਰੈਲ 1699 ਦੀ ਵਿਸਾਖੀ ਵਾਲੇ ਦਿਨ ਜਿਸ ਵਿਲੱਖਣ ਸੱਭਿਆਚਾਰ ਦੀ ਸਿਰਜਨਾ ਹੋਈ, ਉਸ ਸੱਭਿਆਚਾਰ ਦੇ ਵਿਕਾਸ, ਅਜੋਕੀ ਅਤੇ ਭਵਿੱਖੀ ਦਸ਼ਾ ਤੇ ਦਿਸ਼ਾ’ ਵਿਸ਼ੇ ਉੱਪਰ ਹਾਜ਼ਰ ਮੈਂਬਰਾਂ ਵੱਲੋਂ ਵਿਚਾਰ-ਚਰਚਾ ਕੀਤੀ ਗਈ। ਸਕੱਤਰ ਗੁਰਚਰਨ ਥਿੰਦ ਨੇ ਇਤਿਹਾਸ ਦੇ ਹਵਾਲੇ ਨਾਲ ਇਸ ਦਿਵਸ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਏ ਸਿੱਖ ਧਰਮ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਤੱਕ ਦੇ ਸਫ਼ਰ ’ਤੇ ਸੌਖੇ ਸ਼ਬਦਾਂ ਵਿੱਚ ਚਾਨਣਾ ਪਾਇਆ।
ਬਲਵਿੰਦਰ ਬਰਾੜ ਨੇ ਇਸ ਚਰਚਾ ਨੂੰ ਅੱਗੇ ਤੋਰਿਆ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਵਿੱਚ ਤਬਦੀਲੀ ਜਾਂ ਕ੍ਰਾਂਤੀ ਦੀ ਲੋੜ ਹੁੰਦੀ ਹੈ ਤਾਂ ਹੇਠਲੇ ਵਰਗ ਕੋਲ ਹਿੰਮਤ ਨਹੀਂ ਹੁੰਦੀ, ਮੱਧ ਵਰਗ ਕੋਲ ਫੁਰਸਤ ਨਹੀਂ ਹੁੰਦੀ ਅਤੇ ਉੱਪਰਲੇ ਵਰਗ ਨੂੰ ਲੋੜ ਨਹੀਂ ਹੁੰਦੀ, ਤਾਂ ਉਸ ਵੇਲੇ ਹਲੂਣਾ ਦੇਣ ਲਈ ਕੋਈ ਯੁਗ-ਪੁਰਸ਼ ਉੱਠਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਦਾ ਸੰਕਲਪ ਚਿਤਵਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅਮਲੀ ਜਾਮਾ ਪਹਿਨਾ ਕੇ ਜਗਦੀ ਜ਼ਮੀਰ ਵਾਲੇ ਲੋਕਾਂ ਦਾ ਸਮੂਹ ਸਿਰਜਿਆ। ਪੰਜਾਬ ਵਿੱਚ ਵਾਪਰੀ ਇੱਕ ਮੰਦਭਾਗੀ ਘਟਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਅਜੋਕੇ ਸਮੇਂ ਨੈਤਿਕ ਕਦਰਾਂ ਕੀਮਤਾਂ ਵਿੱਚ ਆਏ ਨਿਘਾਰ ਬਾਰੇ ਆਖਿਆ ਕਿ ਜਿਸ ਔਰਤ ਨੂੰ ਗੁਰੂ ਸਾਹਿਬਾਨ ਨੇ ਉੱਤਮ ਦਰਜਾ ਦਿੱਤਾ, ਉਸੇ ਔਰਤ ਨੂੰ ਜਦੋਂ ਨਿਰਵਸਤਰ ਕਰਕੇ ਸੜਕਾਂ ’ਤੇ ਬੇਇੱਜ਼ਤ ਕੀਤਾ ਜਾ ਰਿਹਾ ਸੀ ਤਾਂ ਕਿਸੇ ਵੀ ਜਗਦੀ ਜ਼ਮੀਰ ਵਾਲੇ ਨੂੰ ਸ਼ਰਮ ਨਾ ਆਈ।
ਸਭਾ ਦੇ ਨੌਜਵਾਨ ਮੈਂਬਰ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਵੀਹਵੀਂ ਸਦੀ ਵਿੱਚ ਵਾਪਰੀਆਂ ਘਟਨਾਵਾਂ ਅਤੇ ਘੱਲੂਘਾਰਿਆਂ ਨੇ ਇਸ ਸੱਭਿਆਚਾਰ ਨੂੰ ਢਾਹ ਲਾਈ ਤੇ ਨਿਘਾਰ ਵੱਲ ਧੱਕਿਆ ਹੈ। ਹਰੀ ਕ੍ਰਾਂਤੀ ਨੇ ਵੰਡ ਛੱਕਣ ਦਾ ਸੰਕਲਪ ਖੋਹ ਲਿਆ ਅਤੇ ਚੁਰਾਸੀ ਦੇ ਘੱਲੂਘਾਰੇ ਵੇਲੇ ਪੁਲੀਸ ਵੱਲੋਂ ਕੀਤੇ ਜ਼ੁਲਮਾਂ ਕਾਰਨ ਮਾਨਸਿਕ ਤੇ ਆਰਥਿਕ ਨਿਘਾਰ ਆਇਆ। ਨਵੇਂ ਆਏ ਗੀਤਕਾਰਾਂ ਨੇ ਢਾਡੀਆਂ ਤੇ ਕਵੀਸ਼ਰਾਂ ਵਾਲੇ ਇਤਿਹਾਸਕ ਵਰਣਨ ਕਰਨ ਵਾਲੇ ਸੰਗੀਤਕ ਸੱਭਿਆਚਾਰ ਨੂੰ ਪਿੱਛੇ ਧੱਕ ਦਿੱਤਾ। ਬਾਬੇ ਨਾਨਕ ਦੇ ‘ਘਰ ਘਰ ਅੰਦਰ ਧਰਮਸ਼ਾਲ’ ਵਾਲੇ ਸੰਕਲਪ ਨੂੰ ਅਜੋਕੇ ਗੁਰਦੁਆਰਿਆਂ ’ਤੇ ਕੇਂਦਰਿਤ ਕਰ ਦਿੱਤਾ ਗਿਆ। ਉਨ੍ਹਾਂ ਆਪਣੇ ਉਤਸ਼ਾਹੀ ਬੋਲਾਂ ਨਾਲ ‘ਪਿੰਡਾਂ ਦੇ ਅਸੀਂ ਮੁੰਡੇ ਹਾਂ ਖੱਬਲਾਂ ਵਰਗੇ, ਹੱਲੇ ਹੁੰਦੇ ਰਹਿਣਗੇ ਅਸੀਂ ਦੂਣ ਸਵਾਏ ਹੋ ਕੇ ਨਿਕਲਾਂਗੇ’ ਨਾਲ ਇਸ ਵਿਲੱਖਣ ਸੱਭਿਆਚਾਰ ਦੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਸ਼ਾਹਦੀ ਭਰੀ।
ਜਸਵਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਖਾਲਸਾ ਸੱਭਿਆਚਾਰ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਗੁਰੂ ਨਾਨਕ ਦੇਵ ਨੇ ਦੁਨਿਆਵੀ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣ ਦੇ ਤਿੰਨ ਮੁੱਢਲੇ ਸਿਧਾਂਤਾਂ ਨਾਲ ਸੰਪੂਰਨ ਤੌਰ ’ਤੇ ਜੁੜਨ ਦੀ ਲੋੜ ਹੈ। ਗੁਰਨਾਮ ਕੌਰ ਨੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਸਿੱਖ ਸੱਭਿਆਚਾਰ ਦੇ ਵਿਕਾਸ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਨਿਰਮਲ ਪੰਥ ਨੂੰ ਖਾਲਸਾ ਪੰਥ ਤੱਕ ਪਹੁੰਚਣ ਲਈ 239 ਸਾਲ ਲੱਗੇ, ਜਿਸ ਸਦਕਾ ਆਮ ਲੋਕਾਂ ਨੇ ਸੱਤਾ ਦਾ ਮੁਕਾਬਲਾ ਕਰ ਕੇ ਸੱਤਾ ਦੀ ਪ੍ਰਾਪਤੀ ਵੱਲ ਕਦਮ ਵਧਾਏ। ਉਨ੍ਹਾਂ ਅਨੁਸਾਰ ਅਜੋਕੇ ਸਮਿਆਂ ਵਿੱਚ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਤੇ ਮੁਫ਼ਤ ਸਹੂਲਤਾਂ ਕਿਰਤੀ ਲੋਕਾਂ ਨੂੰ ਕਿਰਤ ਨਾਲੋਂ ਤੋੜ ਕੇ ਮੰਗਤੇ ਬਣਾ ਰਹੀਆਂ ਹਨ।
ਸਭਾ ਦੇ ਪ੍ਰਧਾਨ ਜਸਵੀਰ ਸਿਹੋਤਾ ਨੇ ਇਸ ਮੌਕੇ ਪੇਸ਼ ਕੀਤੇ ਵਿਚਾਰਾਂ ’ਤੇ ਆਪਣੀ ਉਸਾਰੂ ਟਿੱਪਣੀ ਕਰਦਿਆਂ ਆਖਿਆ ਕਿ ਧਰਮ ਨਾਲ ਸਾਡਾ ਕਿਰਦਾਰ ਜੁੜਿਆ ਹੈ। ਗੁਰੂ ਸਾਹਿਬਾਨ ਨੇ ਇਸੇ ਉੱਚੇ ਕਿਰਦਾਰ ਨੂੰ ਸਿਰਜਨ ਲਈ ਅਨੇਕਾਂ ਯਤਨ ਕੀਤੇ। ਡਾ. ਸੁਖਵਿੰਦਰ ਸਿੰਘ ਥਿੰਦ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਦੌਰਾਨ ਦੇਸ਼ ਦੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਸਫ਼ਰ ਕਰਦਿਆਂ ਹੋਏ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ’ਤੇ ਸਿੱਖੀ ਸਰੂਪ ਵਿੱਚ ਪੱਗ ਦੀ ਅਹਿਮੀਅਤ ਨੂੰ ਬਿਆਨ ਕੀਤਾ। ਇਸ ਮੌਕੇ ’ਤੇ ਜਸਵੰਤ ਸਿੰਘ ਕਪੂਰ, ਸੇਵਾਮੁਕਤ ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ, ਡਾ. ਜੋਗਾ ਸਿੰਘ, ਸਰਬਜੀਤ ਉੱਪਲ, ਸੁਖਵਿੰਦਰ ਸਿੰਘ ਤੂਰ ਨੇ ਵੀ ਵਿਚਾਰ ਪੇਸ਼ ਕੀਤੇ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

Advertisement

Advertisement
Advertisement