For the best experience, open
https://m.punjabitribuneonline.com
on your mobile browser.
Advertisement

ਚੜ੍ਹਦੀ ਕਲਾ ਦਾ ਸੰਦੇਸ਼ ‘ਕੱਚੇ ਪੱਕੇ ਰਾਹ’

08:52 AM May 15, 2024 IST
ਚੜ੍ਹਦੀ ਕਲਾ ਦਾ ਸੰਦੇਸ਼ ‘ਕੱਚੇ ਪੱਕੇ ਰਾਹ’
ਡਾ. ਗੁਰਬਖ਼ਸ਼ ਸਿੰਘ ਭੰਡਾਲ
Advertisement

ਡਾ. ਰਤਨ ਸਿੰਘ ਢਿੱਲੋਂ

Advertisement

ਅਮਰੀਕਾ ਵਸਿਆ ਪਰਵਾਸੀ ਸ਼੍ਰੋਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਆਪਣੀ 21ਵੀਂ ਪੁਸਤਕ ‘ਕੱਚੇ ਪੱਕੇ ਰਾਹ’ ਲੈ ਕੇ ਹਾਜ਼ਰ ਹੈ। ਇਸ ਤੋਂ ਪਹਿਲਾਂ ਉਹ 14 ਵਾਰਤਕ ਦੀਆਂ ਪੁਸਤਕਾਂ, ਇੱਕ ਸਫ਼ਰਨਾਮਾ ਅਤੇ 5 ਕਾਵਿ-ਸੰਗ੍ਰਹਿ ਪੰਜਾਬੀ ਸ਼ਬਦ ਸੱਭਿਆਚਾਰ ਨੂੰ ਭੇਟ ਕਰ ਚੁੱਕਾ ਹੈ। 168 ਪੰਨਿਆਂ ਦੀ ਇਸ ਨਵੀਂ ਪੁਸਤਕ ਵਿੱਚ 20 ਨਿਬੰਧ ਹਨ ਜੋ ਡਾ. ਭੰਡਾਲ ਦੇ ਜੀਵਨ ਅਤੇ ਦਰਸ਼ਨ ਨਾਲ ਸਬੰਧਿਤ ਹਨ। ਇਨ੍ਹਾਂ ਨਿਬੰਧਾਂ ਵਿੱਚ ਉਹ ਸਵੈ ਦੀਆਂ ਕਈ ਪਰਤਾਂ ਨੂੰ ਫੋਲਦਾ ਹੈ ਅਤੇ ਅਭੁੱਲ ਘਟਨਾਵਾਂ ਦਾ ਕਾਵਿਕ ਬਿਆਨ ਕਰਦਾ ਹੈ। ਇਸ ਨੂੰ ਯਾਦਾਂ ਦੇ ਆਧਾਰ ਤੇ ਪੁਨਰ-ਜਿਊਣ (ਰੀ-ਲਿਵ) ਕਿਹਾ ਜਾ ਸਕਦਾ ਹੈ।
‘ਕੱਚੇ ਪੱਕੇ ਰਾਹ’ ਬਾਰੇ ਚਰਚਾ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੇ ਇਸ ਪੁਸਤਕ ਦੇ ਸਫ਼ਾ 98 ’ਤੇ ਦਿੱਤੇ ਵਿਚਾਰ ਤੋਂ ਕੀਤੀ ਜਾ ਸਕਦੀ ਹੈ:
‘ਆਪਣੇ ਬੀਤੇ ਨੂੰ ਯਾਦ ਰੱਖਣਾ, ਆਪਣੇ ਆਪ ਦੇ ਰੂਬਰੂ ਹੋਣਾ ਹੁੰਦੈ। ਨਿਰੰਤਰ ਖ਼ੁਦ ਦੀ ਪੁਣ-ਛਾਣ ਕਰਦੇ ਰਹਿਣ ’ਤੇ ਬੰਦਾ ਨਿਮਰ ਰਹਿੰਦਾ ਹੈ ਅਤੇ ਉਹ ਪ੍ਰਾਪਤੀਆਂ ’ਤੇ ਮਾਣ ਨਹੀਂ ਕਰਦਾ, ਸਗੋਂ ਉਸ ਦੀ ਰੂਹ ਵਿੱਚ ਸ਼ੁਕਰਗੁਜ਼ਾਰੀ ਦਾ ਨਾਦ ਹਮੇਸ਼ਾ ਗੂੰਜਦਾ ਹੈ।’
ਉਪਰੋਕਤ ਵਿਚਾਰ ਨੂੰ ਆਪਣਾ ਮਿਸ਼ਨ ਬਣਾ ਕੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਇਸ ਪੁਸਤਕ ਵਿਚਲੇ ਨਿਬੰਧਾਂ ਦੀ ਰਚਨਾ ਕੀਤੀ ਹੈ ਜੋ ਉਸ ਦੀ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤ ਦੀ ਤਸਵੀਰ ਹਨ। ਡਾ. ਭੰਡਾਲ ਪੇਸ਼ੇ ਵਜੋਂ ਸਾਇੰਸ ਪ੍ਰਾਧਿਆਪਕ ਹੈ ਅਤੇ ਪੰਜਾਬ ਦੇ ਸਰਕਾਰੀ ਕਾਲਜ ਵਿੱਚੋਂ ਸੇਵਾਮੁਕਤ ਹੋਣ ਉਪਰੰਤ ਅੱਜਕੱਲ੍ਹ ਅਮਰੀਕਾ ਦੇ ਵਿਦਿਆਰਥੀਆਂ ਨੂੰ ਸਾਇੰਸ ਪੜ੍ਹਾ ਰਿਹਾ ਹੈ।

ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ਦਾ ਟਾਈਟਲ

ਅਕਸਰ ਕਿਹਾ ਜਾਂਦਾ ਹੈ ਕਿ ਵਾਰਤਕ ਕਿਉਂ ਕਿ ਬੁੱਧੀ ਨਾਲ ਸਬੰਧ ਰੱਖਦੀ ਹੈ, ਇਸ ਲਈ ਇਹ ਕਵਿਤਾ ਤੋਂ ਬਾਅਦ ਹੋਂਦ ਵਿੱਚ ਆਈ। ਕਵਿਤਾ ਵਿੱਚ ਭਾਵਨਾ/ਕਲਪਨਾ ਦਾ ਵੱਧ ਪਾਸਾਰ ਹੁੰਦਾ ਹੈ ਅਤੇ ਵਾਰਤਕ ਵਿੱਚ ਤਰਕ, ਦਲੀਲ ਸਹਿਤ ਵਿਚਾਰਾਂ ਦਾ। ਡਾ. ਭੰਡਾਲ ਦੀ ਵਿਸ਼ੇਸ਼ਤਾ ਹੈ ਕਿ ਉਹ ਵਾਰਤਕ ਨੂੰ ਕਵਿਤਾ ਦੇ ਰੰਗ ਵਿੱਚ ਰੰਗ ਕੇ ਪੇਸ਼ ਕਰਦਾ ਹੈ। ਇਸ ਲਈ ਉਹ ਕਈ ਵਾਰ ਵਾਕ ਰਚਨਾ ਵਿੱਚ ਸਹਾਇਕ ਕਿਰਿਆ ਨੂੰ ਵੀ ਤਿਲਾਂਜਲੀ ਦੇ ਦਿੰਦਾ ਹੈ। ਉਹ ਵਾਰਤਕ ਨੂੰ ਭਾਵਨਾਤਮਕ ਸੁਰ ਦੇਣ ਲਈ ਕਵਿਤਾ ਦੀ ਪੁੱਠ ਚਾੜ੍ਹ ਕੇ ਨਿਬੰਧ ਸੰਪੂਰਨ ਕਰਦਾ ਹੈ।
‘ਕੱਚੇ ਪੱਕੇ ਰਾਹ’ ਪੁਸਤਕ ਵਿੱਚ ਕੁੱਲ 20 ਨਿਬੰਧ ਹਨ ਜਿਨ੍ਹਾਂ ਅੰਦਰ ਡਾ. ਭੰਡਾਲ ਨੇ ਪਿੰਡੇ ’ਤੇ ਹੰਢਾਏ ਅਨੁਭਵ ਦੇ ਆਧਾਰ ’ਤੇ ਇਮਾਨਦਾਰੀ ਨਾਲ ਮਾਂ, ਬਾਪ, ਘਰ, ਸਕੂਲ, ਕਾਲਜ, ਯੂਨੀਵਰਸਿਟੀ ਅਤੇ ਨੌਕਰੀ ਦੇ ਸ਼ੁਰੂ ਦੇ ਦਿਨਾਂ ਦੇ ਸੰਘਰਸ਼ ਦੀ ਗਾਥਾ ਪੇਸ਼ ਕੀਤੀ ਹੈ। ਆਮ ਕਿਰਸਾਨੀ ਪਰਿਵਾਰਾਂ ਦੇ ਧੀ-ਪੁੱਤ ਪੇਂਡੂ ਵਿਦਿਆਰਥੀ ਕਿਹੜੀਆਂ ਤੇ ਕਿੰਨੀਆਂ ਮੁਸ਼ਕਲਾਂ, ਉਲਝਣਾਂ, ਰੁਕਾਵਟਾਂ, ਪਰੇਸ਼ਾਨੀਆਂ ਦੀ ਤਪਸ਼ ਵਿੱਚੋਂ ਲੰਘ ਕੇ ਕੁੰਦਨ ਬਣਦੇ ਹਨ, ਕੱਚੇ ਰਾਹਾਂ, ਧੂੜਾਂ, ਖੋਭਿਆਂ, ਡੰਡੀਆਂ ਤੋਂ ਪੱਕੇ ਰਾਹਾਂ ’ਤੇ ਚੜ੍ਹਦੇ ਅਤੇ ਸਵੈ ਵਿਸ਼ਵਾਸ ਦੇ ਬਲਬੂਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ, ਇਸ ਸਾਰੇ ਕੁਝ ਦਾ ਤੀਬਰ ਅਹਿਸਾਸ ਇਸ ਪੁਸਤਕ ਨੂੰ ਪੜ੍ਹਨ ਨਾਲ ਹੁੰਦਾ ਹੈ।
ਪੁਸਤਕ ਦਾ ਪਹਿਲਾ ਨਿਬੰਧ ‘ਮਾਂ! ਤੈਨੂੰ ਦੱਸਣਾ ਸੀ’ ਜੰਮਣ ਹਾਰੀ ਪ੍ਰਤੀ ਅਕੀਦਤ ਹੈ। ਇਸ ਨਿਬੰਧ ਵਿੱਚ ਡਾ. ਭੰਡਾਲ ਨੇ ਮਾਂ ਦੇ ਮਹੱਤਵ ਦੀ ਬਾਤ ਪਾਈ ਹੈ। ਇਸ ਦਾ ਆਦਿ ਵਾਕ ‘ਅੱਜ ਫਿਰ ਮਾਂ ਬਹੁਤ ਯਾਦ ਆਈ ਏ’ ਬੜਾ ਕੁਝ ਕਹਿ ਜਾਂਦਾ ਹੈ। ਇੱਥੇ ‘ਫਿਰ’ ਲਿਖ ਕੇ ਲੇਖਕ ਨੇ ਯਾਦ ਨੂੰ ਉਸ ਦੀ ਨਿਰੰਤਰਤਾ ਵਿੱਚ ਰੱਖਿਆ ਹੈ। ਹਰ ਮੌਕੇ ’ਤੇ ਮਾਂ ਯਾਦ ਆਉਂਦੀ ਹੈ। ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਐਵਾਰਡ ਮਿਲਣ ਅਤੇ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ ਕਲਾਸ ਰੂਮ ਵਿੱਚ ਜਾਣ ’ਤੇ ਜੋ ਭਾਵਨਾਵਾਂ ਦਾ ਹੜ੍ਹ ਲੇਖਕ ਦੇ ਅੰਦਰ ਆਉਂਦਾ ਹੈ, ਉਸ ਦਾ ਉਸ ਨੇ ਬੇਮਿਸਾਲ ਚਿਤਰਨ ਕੀਤਾ ਹੈ। ਲੇਖਕ ਕੇਵਲ ਯਾਦ-ਬਿਰਤਾਂਤ ਹੀ ਪੇਸ਼ ਨਹੀਂ ਕਰਦਾ ਬਲਕਿ ਮਾਂ ਦੇ ਮਹੱਤਵ ਬਾਰੇ ਚਿੰਤਨੀ ਸਵਰ ਵੀ ਉਚਾਰਦਾ ਹੈ;
‘ਮਾਂ ਇੱਕ ਸੁੱਚਮ, ਨਿੱਘੀ ਆਗੋਸ਼। ਸੋਚ, ਸੋਹਜ ਅਤੇ ਸੰਵੇਦਨਾ ਦੀ ਸਿਰਜਣਹਾਰੀ।’ ਇਸ ਨਿਬੰਧ ਵਿੱਚ ਉਸ ਨੇ ਕਿਸਾਨੀ ਸਮਾਜ ਦੇ ਕੰਮੀਆਂ ਨਾਲ ਕਾਰ-ਵਿਹਾਰੀ ਰਿਸ਼ਤਿਆਂ ਦੀ ਗੱਲ ਵੀ ਕੀਤੀ ਹੈ ਜੋ ਪੰਜਾਬੀ ਸਮਾਜ-ਸੱਭਿਆਚਾਰ ਦਾ ਮੁੱਖ ਲੱਛਣ ਰਿਹਾ ਹੈ। ਇਸ ਵਿੱਚੋਂ ਵੀ ਡਾ. ਭੰਡਾਲ ਵਿਚਾਰ ਘੜਦਾ ਹੈ:
‘ਘਰ ਦੀ ਸਵਾਣੀ ਦੇ ਲਾਗੀਆਂ ਨਾਲ ਚੰਗੇਰੇ ਸਬੰਧ, ਪਿੰਡ ਵਿੱਚ ਸੋਬਤ ਬਖ਼ਸ਼ਦੇ ਨੇ ਜਦ ਕਿ ਉਨ੍ਹਾਂ ਨਾਲ ਵਿਗਾੜ ਤੁਹਾਡੀ ਭੰਡੀ ਵੀ ਕਰਵਾ ਸਕਦਾ ਹੈ।’
ਹੁਣ ਜ਼ਰਾ ਮਾਂ ਦੀ ਪਰਿਭਾਸ਼ਾ ਦੇਖੋ: ‘ਮਾਂ, ਸੁੱਚੀਆਂ ਭਾਵਨਾਵਾਂ ਦੀ ਤਸ਼ਬੀਹ, ਮਾਨਵੀ ਕਰਮ ਦੀ ਰਚੇਤਾ, ਦੁਆਵਾਂ ਲਈ ਜੁੜੇ ਹੱਥ, ਅਕੀਦਤ ਕਰੇਂਦੇ ਸੁੱਚੇ ਬੋਲ, ਅੰਤਰ ਆਤਮਾ ’ਚੋਂ ਸ਼ੁਭ ਇੱਛਾਵਾਂ ਦਾ ਫੁਹਾਰਾ, ਸਰਬੱਤ ਦੇ ਭਲੇ ਦੀ ਅਰਦਾਸ, ਡਿੱਗੇ ਲਈ ਧਰਵਾਸ, ਬੇਆਸਰੇ ਲਈ ਅੰਗੂਰੀ-ਆਸ, ਬਨੇਰਿਆਂ ਦਾ ਚਰਾਗ ਤੇ ਵਿਹੜੇ ਦੇ ਭਾਗ ਹੁੰਦੀ ਹੈ।’ ਡਾ. ਭੰਡਾਲ ਬਿਰਤਾਂਤ ਵਿੱਚੋਂ ਵਿਚਾਰ ਪੈਦਾ ਕਰਨ ਦਾ ਮਾਹਿਰ ਹੈ ਅਤੇ ਇਸ ਨਿਬੰਧ ਨੂੰ ਭਾਵੁਕ ਬਣਾਉਣ ਲਈ ਉਸ ਨੇ ਮਾਂ ਸਬੰਧੀ ਕਵਿਤਾਵਾਂ ਵੀ ਦਿੱਤੀਆਂ ਹਨ।
ਪੁਸਤਕ ਦਾ ਦੂਜਾ ਨਿਬੰਧ ‘ਬਾਪ ਬਿਨਾ ਪੁੱਤ ਕੀਹਨੇ ਕਹਿਣਾ’ ਵਿੱਚ ਲੇਖਕ ਨੇ ਧਰਮ ਦੀ ਕਿਰਤ ਕਰਨ ਵਾਲੇ ਆਪਣੇ ਪਿਤਾ ਬਾਰੇ ਲਿਖਿਆ ਹੈ। ਕਰੁਣਾ ਅਤੇ ਬੇਬਸੀ ਨੂੰ ਪ੍ਰਗਟਾਉਂਦਾ ਇਹ ਨਿਬੰਧ ਨਿਮਨ ਕਿਸਾਨੀ ਦੀ ਤਸਵੀਰ ਹੈ। ਡਾ. ਭੰਡਾਲ ਮਾਹੌਲ ਸਿਰਜਣ ਦਾ ਮਾਹਿਰ ਹੈ। ਉਹ ਬਾਰੀਕ ਤੋਂ ਬਾਰੀਕ ਭਾਵਨਾ ਨੂੰ ਵੀ ਸ਼ਬਦਾਂ ਵਿੱਚ ਢਾਲਣ ਦੀ ਕਲਾ ਜਾਣਦਾ ਹੈ। ਹਸਪਤਾਲ ਵਿੱਚ ਲੇਖਕ ਨੂੰ ਭੂਤਕਾਲ ਦੀਆਂ ਯਾਦਾਂ ਘੇਰਦੀਆਂ ਹਨ। ਇਸ ਨਿਬੰਧ ਵਿੱਚ ਦਿੱਤੀਆਂ ਕਵਿਤਾਵਾਂ ਪਾਠਕ ਨੂੰ ਵੀ ਭਾਵੁਕ ਕਰ ਦਿੰਦੀਆਂ ਹਨ:
ਕਿਰਤ-ਕਮਾਈ ਦੀ ਕੀਰਤੀ
ਕਰੁਣਾ ਕਿਉਂ ਬਣ ਗਈ।
ਨੰਗੇ ਪੈਰਾਂ ਦੇ ਸਫ਼ਰ ’ਚ
ਕੰਡੇ ਕਿਉਂ ਉੱਗ ਆਏ।
ਖੁਸ਼ਕ ਕਹੀ ਜਾਂਦੀ ਵਾਰਤਕ ਨੂੰ ਲੇਖਕ ਕਾਵਿਕ ਸ਼ੈਲੀ ਵਿੱਚ ਲਿਖਣ ਦਾ ਮਾਹਿਰ ਹੈ ਜਿਵੇਂ ‘ਹਰਫ਼ ਸਿਸਕੀਆਂ ਬਣ ਕੇ ਕਾਗਜ਼ ਨੂੰ ਭਿਓਣ ਲੱਗੇ।’ ਇਸ ਬਿਰਤਾਂਤ ਵਿੱਚੋਂ ਉਹ ਵਿਚਾਰ ਕਸ਼ੀਦ ਕਰਦਾ ਹੈ:
‘ਜੇ ਬਲਦੇ ਸਿਵੇ ਦਾ ਸੱਚ, ਸੰਜੀਦਗੀ, ਸੰਵੇਦਨਾ ਅਤੇ ਸਕਾਰਾਤਮਿਕਤਾ ਹਰ ਮਨੁੱਖ ਦੀ ਸੋਚ ਵਿੱਚ ਉੱਕਰੀ ਜਾਵੇ ਤਾਂ ਦੁਨੀਆ ਦੇ ਬਹੁਤੇ ਝਮੇਲੇ, ਰੱਫੜ ਅਤੇ ਬੁਰਾਈਆਂ ਆਪਣੇ ਆਪ ਹੀ ਖ਼ਤਮ ਹੋ ਜਾਣ।’
‘ਆ ਪਿੰਡ ਆਪਾਂ ਮਿਲੀਏ’ ਨਿਬੰਧ ਵਿੱਚ ਵਾਰਤਾਕਾਰ ਪਿੰਡ ਨਾਲ ਸਵੈਲਾਪ ਕਰਦਾ ਹੈ। 50 ਸਾਲਾਂ ਵਿੱਚ ਪਿੰਡ ਬਦਲ ਗਿਆ ਹੈ। ਇਹ ਫਿਰਨੀ ਤੋਂ ਬਾਹਰ ਸ਼ਹਿਰਾਂ, ਵਿਦੇਸ਼ਾਂ ਵਿੱਚ ਫੈਲ ਗਿਆ ਹੈ, ਬ੍ਰਹਿਮੰਡੀ ਹੋ ਗਿਆ ਹੈ। ਲੇਖਕ ਪਿੰਡ ਦੀਆਂ ਅਸੀਸਾਂ ਅਤੇ ਸ਼ੁਭ ਕਾਮਨਾਵਾਂ ਦਾ ਮੁਤਲਾਸ਼ੀ ਹੈ। ਸ਼ਾਇਦ ਇਸੇ ਲਈ ਉਹ ਸਭ ਕੁਝ ਛੱਡ-ਛਡਾ ਕੇ ਬੇਗਾਨੀ ਧਰਤੀ ਤੋਂ ਪਿੰਡ ਨੂੰ ਉੱਡ ਆਉਣਾ ਚਾਹੁੰਦਾ ਹੈ। ਇਹ ਨਿਬੰਧ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਆਪਣੀ ਜਨਮ ਭੋਇੰ ਦੇ ਹੇਰਵੇ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ।
‘ਬਿਨ ਬੂਹੇ ਬਾਰੀਆਂ ਵਾਲਾ ਚੁਬਾਰਾ’ ਨਿਬੰਧ ਵਿੱਚ ਲੇਖਕ ਨੇ ਸਕੂਲੀ ਵਿਦਿਆ ਗ੍ਰਹਿਣ ਕਰਨ ਦੌਰਾਨ ਆਪਣੇ ਚੁਬਾਰੇ ਦੀ ਉਪਯੋਗਤਾ ਦਾ ਵਰਣਨ ਕੀਤਾ ਹੈ। ਇਸ ਨਿਬੰਧ ਦਾ ਪਹਿਲਾ ਵਾਕ ਹੀ ਮੁੱਢਲੀ ਪੜ੍ਹਾਈ ਦੌਰਾਨ ਦਰਪੇਸ਼ ਮਜਬੂਰੀਆਂ/ਮੁਸ਼ਕਲਾਂ ਨੂੰ ਲੇਖਕ ਦੀ ਮਾਨਸਿਕਤਾ ਵਿੱਚ ਚਿਤਰਤ ਹੋਏ ਚੁਬਾਰੇ ਦੀ ਵਿਸ਼ੇਸ਼ਤਾ ਨੂੰ ਦਰਸਾ ਦਿੰਦਾ ਹੈ, ‘ਮੈਂ ਤੇ ਮੇਰਾ ਬਚਪਨੀ ਚੁਬਾਰਾ, ਇੱਕ ਸੁਰ ਤੇ ਇਕਮਿਕ।’ ਇਸ ਨਿਬੰਧ ਵਿੱਚ ਵੀ ਕਵਿਤਾ ਹੈ:
ਜਦ ਮੈਂ ਤੇ ਮੇਰਾ ਚੁਬਾਰਾ
ਜ਼ਿੰਦਗੀ ਦੀ ਅੱਖਰਕਾਰੀ ਕਰਦੇ ਸਾਂ
‘ਬਚਪਨ ਦੀ ਬੀਹੀ ’ਚ ਗੇੜੀ’ ਨਿਬੰਧ ਨਿਮਨ ਕਿਸਾਨੀ ਦੇ ਸੱਚ ਨੂੰ ਪੇਸ਼ ਕਰਦਿਆਂ ਲੇਖਕ ਦੀ ਜ਼ਿੰਦਗੀ ਦੇ ਸੱਚ ’ਤੇ ਝਾਤ ਪੁਆਉਂਦਾ ਹੈ ਕਿ ਕਿਵੇਂ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਲਈ ਪਿਤਾ ਵਾਹੀ ਦੇ ਨਾਲ ਗੱਡਾ ਵੀ ਵਾਹੁੰਦਾ ਸੀ। ਲੇਖਕ ਆਪਣੇ ਸਕੂਲ ਅਧਿਆਪਕਾਂ ਨੂੰ ਯਾਦ ਕਰਦਾ ਹੈ ਵਿਸ਼ੇਸ਼ ਕਰਕੇ ਮਰਹੂਮ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਜੋ ਉਸ ਸਮੇਂ ਪਿੰਡ ਦੇ ਸਕੂਲ ਦੇ ਹੈੱਡਮਾਸਟਰ ਸਨ।
‘ਹਾਈ ਸਕੂਲ ਦੀ ਯਾਤਰਾ’ ਵਿੱਚ ਲੇਖਕ ਧਾਲੀਵਾਲ ਬੇਟ ਸਥਿਤ ਆਪਣੇ ਹਾਈ ਸਕੂਲ ਦੀ ਫੇਰੀ ਪਾਉਂਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਸ਼ਾਇਦ ਉਹ ਇਸ ਸਕੂਲ ਦਾ ਕਰਜ਼ ਮੋੜ ਸਕੇ ਜਿਸ ਨੇ ਪੰਜਾਬੀ ਸ਼ਬਦਕਾਰੀ ਦੀ ਸੌਗਾਤ ਤੇ ਪਿੰਡਾਂ ਦੀ ਅਮੀਰ ਵਿਰਾਸਤ ਨੂੰ ਉਸ ਦੇ ਅਚੇਤ ਮਨ ਵਿੱਚ ਸਥਾਪਿਤ ਕੀਤਾ ਹੈ। ਉਹ ਆਪਣੇ ਪੰਜਾਬੀ ਅਧਿਆਪਕ ਚੰਨਣ ਸਿੰਘ ਭੰਡਾਲ (ਮਰਹੂਮ) ਨੂੰ ਵੀ ਯਾਦ ਕਰਦਾ ਹੈ ਜਿਸ ਨੇ ਪੰਜਾਬੀ ਸਾਹਿਤ ਦੀ ਪਹਿਲੀ ਚਿਣਗ ਲਾਈ ਸੀ। ਚੰਨਣ ਸਿੰਘ ਭੰਡਾਲ ਖ਼ੁਦ ਵੀ ਕਹਾਣੀਆਂ ਲਿਖਦੇ ਸਨ।
‘ਰਣਧੀਰ ਕਾਲਜ ਨੂੰ ਮਿਲਦਿਆਂ’ ਵਿੱਚ ਡਾ. ਭੰਡਾਲ ਸਰਕਾਰੀ ਕਾਲਜ ਕਪੂਰਥਲਾ ਦਾ ਵਰਣਨ ਕਰਦਾ ਹੈ ਜਿਸ ਵਿੱਚ ਉਸ ਨੇ ਪੜ੍ਹਾਈ ਕੀਤੀ ਅਤੇ ਫਿਰ ਬਤੌਰ ਸਾਇੰਸ ਪ੍ਰੋਫੈਸਰ ਇਸੇ ਕਾਲਜ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਮਾਣ ਹਾਸਲ ਕੀਤਾ ਜੋ ਬਹੁਤ ਵਿਰਲਿਆਂ ਦੇ ਹਿੱਸੇ ਆਉਂਦਾ ਹੈ।
‘ਫੇਲ੍ਹ ਹੋਣ ਦਾ ਵਰਦਾਨ’ ਨਿਬੰਧ ਵਿੱਚ ਡਾ. ਭੰਡਾਲ ਸਿੱਧ ਕਰਦਾ ਹੈ ਕਿ ਮਨੁੱਖ ਆਪਣੀਆਂ ਨਾਕਾਮੀਆਂ ਵਿੱਚੋਂ ਹੀ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੈ। ਉਹ ਫੇਲ੍ਹ ਹੋਣ ਦੇ ਅਰਥਾਂ ਤੋਂ ਜਾਣੂ ਕਰਾਉਂਦਾ ਅਸਫਲਤਾ ਨੂੰ ਸਫਲਤਾ ਵਿੱਚ ਤਬਦੀਲ ਕਰਨ ਦਾ ਗੁਣ ਦੱਸਦਾ ਹੈ, ‘ਫੇਲ੍ਹ ਹੋਣਾ ਉਹ ਹੁੰਦੈ ਜਦ ਤੁਸੀਂ ਮਨ ਵਿੱਚ ਫੇਲ੍ਹ ਹੋਣਾ ਮੰਨ, ਨਿਰਾਸ਼ਤਾ ਵਿੱਚ ਡੁੱਬਦੇ ਹੋ, ਇਸ ਨੂੰ ਕਬੂਲ ਕਰਦੇ ਹੋ ਅਤੇ ਹਥਿਆਰ ਸੁੱਟ ਦਿੰਦੇ ਹੋ। ਇਸ ਦੇ ਉਲਟ ਫੇਲ੍ਹ ਹੋਣ ਦੇ ਕਾਰਨਾਂ ਨੂੰ ਸਮਝਣਾ ਅਤੇ ਇਨ੍ਹਾਂ ਵਿੱਚੋਂ ਖ਼ੁਦ ਨੂੰ ਉਭਾਰਨਾ ਹੀ ਅਸਫਲਤਾ ਨੂੰ ਸਫਲਤਾ ਵਿੱਚ ਬਦਲਣ ਦਾ ਮੀਰੀ ਗੁਣ ਹੁੰਦੈ।’
‘ਪੰਜਾਬੀ ਯੂਨੀਵਰਸਿਟੀ ਦੇ ਵਿਹੜੇ’ ਨਿਬੰਧ ਵਿੱਚ ਲੇਖਕ 1975 ਤੋਂ 1977 ਤੱਕ ਐੱਮ.ਐੱਸਸੀ. ਕਰਦੇ ਸਮੇਂ ਦੇ ਹਾਲਾਤ ਅਤੇ ਉਸ ਦੀ ਸਾਹਿਤਕ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਪ੍ਰੋ. ਕੁਲਵੰਤ ਔਜਲਾ, ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਵਰਮਾ, ਪ੍ਰੋ. ਰਣਜੀਤ ਰਣੀਆ, ਡਾ. ਮੱਖਣ ਸਿੰਘ ਅਤੇ ਪ੍ਰੋ. ਬਲਵਿੰਦਰ ਧਾਲੀਵਾਲ (ਮਰਹੂਮ) ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਦੀ ਉਸ ਨੇ ਦੋ ਸਾਲ ਸੰਗਤ ਮਾਣੀ ਸੀ।
‘ਟਰਮੀਨੇਸ਼ਨ ਦਾ ਸ਼ਗਨ’ ਗੁਰਬਖ਼ਸ਼ ਭੰਡਾਲ ਦੇ ਸੰਘਰਸ਼ ਨਾਲ ਜੁੜਿਆ ਹੋਇਆ ਨਿਬੰਧ ਹੈ ਜਦੋਂ 1978 ਵਿੱਚ ਲੇਖਕ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਖ਼ਾਲਸਾ ਕਾਲਜ ਸੁਧਾਰ ਦੀ ਪ੍ਰਬੰਧਕ ਕਮੇਟੀ ਨੇ ਉਸ ਦੀ ਝੋਲੀ ਵਿੱਚ ਟਰਮੀਨੇਸ਼ਨ ਦਾ ਸ਼ਗਨ ਪਾ ਦਿੱਤਾ ਸੀ। ਇਸ ਕੌੜੇ ਅਨੁਭਵ ਵਿੱਚੋਂ ਵੀ ਡਾ. ਭੰਡਾਲ ਕੁਝ ਸਿੱਖਦਾ ਹੈ। ਉਹ ਲਿਖਦਾ ਹੈ ਕਿ ਇਨ੍ਹਾਂ ਦਿਨਾਂ ਨੇ ਸਾਧਾਰਨਤਾ, ਸੰਖੇਪਤਾ ਅਤੇ ਸਾਦਗੀ ਨੂੰ ਸਾਧਾਰਨਤਾ ਦੇ ਪਰਮ ਗੁਣ ਬਣਾਉਣ ਵਿੱਚ ਮਦਦ ਕੀਤੀ। ਫਿਰ 1981 ਤੋਂ 1984 ਤੱਕ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਵਿੱਚ ਸੇਵਾਵਾਂ ਦੇਣ ਤੋਂ ਬਾਅਦ ਅਖੀਰ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ।
‘ਪੀਐੱਚ.ਡੀ. ਕਰਨ ਦਾ ਜਨੂਨ’ ਨਿਬੰਧ ਪੜ੍ਹ ਕੇ ਲੇਖਕ ਨੂੰ ਉਸ ਦੇ ਸਿਰੜ, ਲਗਨ ਅਤੇ ਮਿਹਨਤ ਨੂੰ ਸਲਾਮ ਕਰਨ ਨੂੰ ਜੀ ਕਰਦਾ ਹੈ। ਇਹ ਨਿਬੰਧ ਡਾ. ਭੰਡਾਲ ਨੂੰ ਸਖ਼ਤ ਮਿਹਨਤ ਦਾ ਸਿਰਨਾਵਾਂ ਸਿੱਧ ਕਰਦਾ ਹੈ। ਇਸ ਵਿੱਚ ਉਹ ਮਨ ਦੀ ਤਾਕਤ ਨੂੰ ਸਰੀਰਕ ਤਾਕਤ ਬਣਾ ਕੇ ਚੱਲਣ ਦੀ ਜੁਗਤ ਦੱਸਦਾ ਹੈ। 1991 ਤੋਂ 1995 ਦੌਰਾਨ ਕੀਤਾ ਉਸ ਦਾ ਖੋਜ ਕਾਰਜ ਅੰਤਰਰਾਸ਼ਟਰੀ ਖੋਜ ਦਾ ਹਿੱਸਾ ਤੇ ਕੈਨੇਡਾ ਜਾਣ ਦਾ ਵਾਊਚਰ ਬਣਦਾ ਹੈ।
‘ਪਰਵਾਸੀ ਜੀਵਨ ਦੇ ਰੰਗ-ਢੰਗ’ ਵਿੱਚ ਉਹ ਵੱਖ ਵੱਖ ਥਾਵਾਂ ’ਤੇ ਆਪਣੇ ਕੰਮ ਕਰਨ ਬਾਰੇ ਚਰਚਾ ਕਰਦਾ ਹੈ। ‘ਘਰ ਤੋਂ ਘਰ ਤੇ ਫਿਰ ਘਰ ਤੀਕ ਦਾ ਸਫ਼ਰ’ ਨਿਬੰਧ ਦੇ ਸ਼ੁਰੂ ਵਿੱਚ ਹੀ ਲੇਖਕ ਘਰ ਦੀ ਪਰਿਭਾਸ਼ਾ ਉਲੀਕਦਾ ਹੈ, ‘ਘਰ ਸੁਖਨ ਅਤੇ ਸਕੂਨ ਦਾ ਸੱਚਾ ਨਾਮ ਹੈ। ਮਨ ਦੀਆਂ ਮੰਨਤਾਂ ਦਾ ਰਹਿਤਨਾਮਾ। ਆਪਣੇ ਚਾਵਾਂ ਅਤੇ ਭਾਵਾਂ ਨੂੰ ਖੁੱਲ੍ਹੀ ਪਰਵਾਜ਼ ਅਰਪਣ ਕਰਨ ਵਾਲਾ ਅੰਬਰ ਅਤੇ ਇਸ ਦੀ ਛਾਂ ਹੇਠ ਜੀਵਨ ਦੀਆਂ ਸੁਖਦ ਯਾਦਾਂ ਹੁੰਦੀਆਂ ਨੇ ਸਾਰੀ ਉਮਰ ਦਾ ਸਰਮਾਇਆ।’ ਲੇਖਕ ਇਸ ਨਿਬੰਧ ਵਿੱਚ ਪਿੰਡ ਤੋਂ ਕਪੂਰਥਲਾ, ਕਪੂਰਥਲਾ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਅਮਰੀਕਾ ਤੱਕ ਦੇ ਕੀਤੇ ਕੰਡਿਆਲੇ ਤੇ ਪੁਸ਼ਪੀ ਸਫ਼ਰ ਦਾ ਸੰਖੇਪ ਵਿੱਚ ਪੁਨਰ ਵਰਣਨ ਕਰਦਾ ਹੈ। ਅਸਲ ਵਿੱਚ ਇਹੀ ਡਾ. ਭੰਡਾਲ ਦੇ ‘ਕੱਚੇ ਪੱਕੇ ਰਾਹ’ ਹਨ।
‘40 ਸਾਲਾਂ ਬਾਅਦ ਪੂਰਾ ਹੋਇਆ ਸੁਪਨਾ’ ਨਿਬੰਧ ਵਿੱਚ ਉਹ ਹਿੰਮਤ, ਲਗਨ ਅਤੇ ਮਿਹਨਤ ਨਾਲ ਵਿਦੇਸ਼ ਵਿੱਚ ਪੂਰੇ ਕੀਤੇ ਅਧਿਆਪਨ ਦੇ ਸੁਪਨੇ ਦਾ ਜ਼ਿਕਰ ਕਰਦਾ ਹੈ ਜੋ ਉਸ ਨੇ ਐੱਮ.ਐੱਸਸੀ. ਕਰਨ ਤੋਂ ਬਾਅਦ ਲਿਆ ਸੀ। ਇਸ ਪੁਸਤਕ ਦਾ ‘ਮੇਰਾ ਸਰੀਰ’ ਨਿਬੰਧ ਯਾਦ ਆਧਾਰਿਤ ਨਾ ਹੋ ਕੇ ਨਿਰੋਲ ਸਰੀਰ ਬਾਰੇ ਹੈ। ‘ਮੈਂ ਅੰਦਰ ਮੈਂ’ ਦਾਰਸ਼ਨਿਕ ਨਿਬੰਧ ਹੈ। ਲੇਖਕ ਪਹਿਲਾਂ ਪ੍ਰਸ਼ਨ ਕਰਦਾ ਹੈ, ‘ਮੈਂ ਕੌਣ ਹਾਂ? ਕਿਉਂ ਹਾਂ? ਕੀ ਹੈ ਮੇਰੀ ਔਕਾਤ? ਕਿਸ ਦੀ ਹੈ ਇਹ ਇਨਾਇਤ? ਮੈਂ ਕਿਸ ਦੀ ਸੁਗਾਤ ਹਾਂ? ਕਿਹੜਾ ਪਾਉਂਦਾ ਏ ਮੇਰੀ ਬਾਤ ਅਤੇ ਕੌਣ ਹੈ ਅਜਾਤ ਤੇ ਅਗਿਆਤ?’ ਅੱਗੇ ਇਸ ਦਾ ਉੱਤਰ ਦਿੰਦਾ ਹੈ, ‘ਮੈਂ ਤਾਂ ਕੁਝ ਵੀ ਨਹੀਂ, ਪਾਣੀ ਦਾ ਬੁਲਬੁਲਾ, ’ਵਾ ਦਾ ਵਾਵਰੋਲਾ, ਪੌਣ ਦੀ ਨਿੱਕੀ ਜਿਹੀ ਰੁਮਕਣੀ ਹਾਂ। ਪਲ ਭਰ ਦਾ ਵਕਫ਼ਾ; ਹਉਕੇ ਭਰਦਾ ਦੀਵਾ ਹਾਂ।’ ਲੇਖਕ ਦੱਸਦਾ ਹੈ ਕਿ ‘ਮੈਂ ਤੋਂ ਮੈਂ ਤੀਕ ਦੇ ਸਫ਼ਰ’ ਦੌਰਾਨ ਸਭ ਤੋਂ ਅਹਿਮ ਹੁੰਦੈ ਖ਼ੁਦ ਹੀ ਸਮਰੂਪ ਬਣ ਜਾਣਾ। ਖ਼ੁਦ ਵਿੱਚ ਖ਼ੁਦ ਨੂੰ ਸਮੇਟਣਾ। ਖ਼ੁਦ ਹੀ ਆਪਣੀ ਜਾਮਾ ਤਲਾਸ਼ੀ ਕਰਨੀ। ਖ਼ੁਦ ਦੀਆਂ ਕਮੀਆਂ, ਕੁਤਾਹੀਆਂ, ਕਮੀਨਗੀਆਂ, ਕੁਰੀਤੀਆਂ ਨੂੰ ਮਿਟਾ ਕੇ ਕਿਰਨ ਜੋਤ ਨੂੰ ਜਗਾਉਣਾ। ਇਸ ਨਿਬੰਧ ਵਿੱਚ ਡਾ. ਭੰਡਾਲ ਦਾਰਸ਼ਨਿਕ ਹੋ ਗਿਆ ਹੈ। ਉਹ ਅਧਿਆਤਮਕਤਾ ਵੱਲ ਅਗਰਸਰ ਹੁੰਦਾ ਹੈ ਜਿਸ ਨੂੰ ਵਸਤੂ/ਭੌਤਿਕ ਜਗਤ ਤੋਂ ਅੰਤਰੀਵ ਜਗਤ (ਰੂਹਾਨੀਅਤ) ਦੀ ਯਾਤਰਾ ਕਿਹਾ ਜਾ ਸਕਦਾ ਹੈ।
‘ਮੇਰਾ ਸ਼ਬਦ ਸਫ਼ਰ’ ਡਾ. ਭੰਡਾਲ ਦਾ ਆਪਣੀ ਰਚਨਾਕਾਰੀ ਪ੍ਰਤੀ ਹਲਫ਼ੀਆ ਬਿਆਨ ਹੈ। ਉਸ ਦੀਆਂ ਰਚਨਾਵਾਂ ਆਵੇਸ਼ ਹਨ। ਉਹ ਆਪਣੇ ਅੰਤਰੀਵ ਨੂੰ ਸ਼ਬਦਾਂ ਵਿੱਚ ਉਲਥਾਉਂਦਾ ਹੈ, ਸ਼ਬਦੀ ਤਸਵੀਰਕਸ਼ੀ ਕਰਦਾ ਹੈ। ਉਹ ਖ਼ੁਦ ਨੂੰ ਕੀਤੇ ਸਵਾਲ ਤੇ ਉਨ੍ਹਾਂ ਦੇ ਜਵਾਬ ਹਰਫ਼ਾਂ ਦੇ ਹਵਾਲੇ ਕਰਦਾ ਹੈ। ਉਸ ਦੀਆਂ ਲਿਖਤਾਂ ਉਸ ਦੇ ਅੰਤਰ ਦਾ ਜਲੌਅ ਹਨ। ਚੌਗਿਰਦੇ ਵਿਚਲਾ ਵਰਤਾਰਾ ਅਤੇ ਹੱਡਬੀਤੀਆਂ ਉਸ ਦੀ ਸਿਰਜਣਾ ਦਾ ਸ਼ਿਲਾਲੇਖ ਹਨ। ਇਸ ਪੱਖੋਂ ਉਸ ਦਾ ਨਿਬੰਧ ‘ਮੈਂ ਅੰਦਰ ਮੈਂ’ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਉਹ ਉਚਾਰਦਾ ਹੈ, ‘ਮੈਂ ਬੜੀ ਕੋਸ਼ਿਸ਼ ਕਰਦਾ ਹਾਂ ਕਿ ਖ਼ੁਦ ਨੂੰ ਸ਼ਬਦਾਂ ਵਿੱਚ ਉਲਥਾਵਾਂ, ਅਰਥਾਂ ਵਿੱਚ ਸਮਾ ਜਾਵਾਂ। ਹਰਫ਼ਾਂ ਦੀ ਲੋਅ ਬਣ ਜਾਵਾਂ ਅਤੇ ਵਰਕਿਆਂ ’ਤੇ ਵਿਛ ਜਾਵਾਂ।’
ਆਖ਼ਰੀ ਨਿਬੰਧ ‘ਹਾਲੇ ਤਾਂ ਮੈਂ ਸ਼ਬਦ ਸਫ਼ਰ ’ਤੇ ਤੁਰਨਾ ਹੈ’ ਅਸਲ ਵਿੱਚ ਇੱਕ ਕਵਿਤਾ ਹੀ ਹੈ ਜਿਸ ਦਾ ਹਰ ਪੈਰਾ ਹਾਲੇ ਤੋਂ ਸ਼ੁਰੂ ਹੁੰਦਾ ਹੈ। ਹਾਲੇ ਉਸ ਨੇ ਬਹੁਤ ਕੁਝ ਕਰਨਾ ਹੈ। ਪੁਸਤਕ ਦੇ ਆਖ਼ਰੀ ਪੰਨੇ ਦੇ ਆਖ਼ਰ ਵਿੱਚ ਮੋਟੇ ਅੱਖਰਾਂ ਵਿੱਚ ਲਿਖਿਆ ‘ਤੇ ਸਫ਼ਰ ਜਾਰੀ ਹੈ...’ ਇਸ ਪੁਸਤਕ ਨੂੰ ਖੁੱਲ੍ਹੇ ਅੰਤ ਵਾਲੀ ਪੁਸਤਕ ਬਣਾ ਦਿੰਦਾ ਹੈ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਜੀਵਨ ਜਿਊਣ ਦਾ ਚਾਅ, ਉਮਾਹ ਅਤੇ ਉਤਸ਼ਾਹ ਪ੍ਰਦਾਨ ਕਰਦੀ ਹੈ। ਮਾਨਵਤਾਵਾਦ ਦਾ ਝੰਡਾ ਬੁਲੰਦ ਕਰਦਿਆਂ ਪਾਠਕ ਨੂੰ ਊਰਜਾਵਾਨ ਬਣਾਉਂਦੀ ਹੈ। ਉਹ ਸੁਚੇਤਨ ਹੈ, ਸੰਵੇਦਨਸ਼ੀਲ ਹੈ ਤੇ ਚਿੰਤਨਸ਼ੀਲ ਹੈ। ਉਸ ਦੀ ਵਾਰਤਕ ਆਵੇਸ਼ੀ ਅਤੇ ਦਰਵੇਸ਼ੀ ਹੈ। ਉਹ ਵਿਆਕਰਨ ਦੀ ਪਰਵਾਹ ਨਾ ਕਰਦਿਆਂ ਵਾਰਤਕ ਵੀ ਕਵਿਤਾ ਵਾਂਗ ਲਿਖਦਾ ਹੈ। ਕਹਿ ਸਕਦੇ ਹਾਂ ਕਿ ਉਹ ਵਾਰਤਕ ਵਿੱਚ ਕਵਿਤਾ ਲਿਖਦਾ ਹੈ। ਮਨੁੱਖੀ ਸੋਚ ਨੂੰ ਫੜਦਾ ਹੈ। ਸਾਇੰਸਦਾਨ ਹੋਣ ਸਦਕਾ ਪੂਰਾ ਵਿਸ਼ਲੇਸ਼ਣ ਕਰਦਾ ਹੈ। ਤੱਥ, ਵਿਚਾਰ, ਘਟਨਾ ਨੂੰ ਨਿਰਖ਼, ਪਰਖ ਕੇ ਕਿਸੇ ਨਤੀਜੇ ’ਤੇ ਪਹੁੰਚਦਾ ਹੈ ਅਤੇ ਇਹ ਨਤੀਜਾ ਨਿਰਾਸ਼ਾਵਾਦੀ ਨਹੀਂ ਬਲਕਿ ਆਸ਼ਾਵਾਦੀ ਹੁੰਦਾ ਹੈ। ਉਹ ਸੰਕਟ ਵਿੱਚੋਂ ਮੌਕਾ ਤਲਾਸ਼ ਲੈਂਦਾ ਹੈ। ਉਸ ਦੀ ਵਾਰਤਕ ਪਾਠਕ ਨੂੰ ਹਮੇਸ਼ਾ ਊਰਜਾਵਾਨ ਬਣਾਉਂਦਿਆਂ ਚੜ੍ਹਦੀ ਕਲਾ ਵਿੱਚ ਰਹਿਣ/ਜਿਊਣ ਦਾ ਸੁਖ ਅਤੇ ਸਿਹਤਮੰਦ ਮਾਰਗ ਦਿੰਦੀ ਹੈ। ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਵਾਰਤਕ ਪੰਜਾਬੀ ਦੇ ਵਾਰਤਕ ਸਾਹਿਤ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਦੀ ਅਧਿਕਾਰੀ ਹੈ।
ਈਮੇਲ: rattanpoet@gmail.com

Advertisement
Author Image

joginder kumar

View all posts

Advertisement
Advertisement
×