ਰਾਤ ਸਮੇਂ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਆਏ ਗੈਸ ਪਾਈਪ ਲਾਈਨ ਕੰਪਨੀ ਦੇ ਅਧਿਕਾਰੀ ਬੰਦੀ ਬਣਾਏ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 22 ਦਸੰਬਰ
ਲੇਲੇਵਾਲਾ ਗੈਸ ਪਾਈਪ ਲਾਈਨ ਪਾਉਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਅੱਜ ਸਾਰਾ ਦਿਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਰਿਹਾ ਉੱਥੇ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਦੀ ਪਾਈਪ ਪਾਈ ਜਾਣੀ ਹੈ ਉਨ੍ਹਾਂ ਨੂੰ ਰਾਤ ਸਮੇਂ ਮੁਆਵਜ਼ੇ ਦੇ ਚੈੱਕ ਦੇਣ ਆਏ ਕੰਪਨੀ ਅਧਿਕਾਰੀਆਂ ਨੂੰ ਕਿਸਾਨ ਯੂਨੀਅਨ ਨੇ ਮੌਕੇ ’ਤੇ ਕਾਬੂ ਕਰ ਕੇ ਬੰਦੀ ਬਣਾ ਲਿਆ।
ਪਿੰਡ ਦੇ ਕਿਸਾਨ ਆਗੂਆਂ ਚਤਿੰਨ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ ਅਤੇ ਬਹਾਦਰ ਸਿੰਘ ਨੇ ਦੱਸਿਆ ਕਿ ਗੈਸ ਪਾਈਪ ਲਾਈਨ ਕੰਪਨੀ ਦੇ ਚਾਰ ਅਧਿਕਾਰੀ ਰਾਤ ਸਮੇਂ ਇੱਕ ਗੱਡੀ ਰਾਹੀਂ ਖੇਤਾਂ ਵਿੱਚ ਪਾਈਪ ਲਾਈਨ ਵਾਲੀ ਜਗ੍ਹਾ ਪਹੁੰਚੇ ਤੇ ਕੁੱਝ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇਣ ਲਈ ਉੱਥੇ ਬੁਲਾਇਆ ਪਰ ਜਦ ਪਿੰਡ ਦੀ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਧਿਕਾਰੀਆਂ ਨੂੰ ਘੇਰ ਲਿਆ। ਇਸ ਮਗਰੋਂ ਕਿਸਾਨ ਆਗੂ ਚਤਿੰਨ ਸਿੰਘ ਜਿਸ ਦੇ ਲੜਕਿਆਂ ਨੂੰ ਵੀ ਚੈੱਕ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਦੇ ਘਰ ਅਧਿਕਾਰੀਆਂ ਨੂੰ ਘੇਰ ਕੇ ਲਿਆਂਦਾ ਗਿਆ। ਜ਼ਿਲ੍ਹਾ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ, ਹਰਜਿੰਦਰ ਸਿੰਘ ਬੱਗੀ ਅਤੇ ਜਸਵੀਰ ਸਿੰਘ ਬੁਰਜ ਸੇਮਾ ਵੀ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਪਿੰਡ ਦੇ ਕਿਸਾਨਾਂ ਦਾ ਵੀ ਵੱਡਾ ਇਕੱਠ ਹੋ ਗਿਆ। ਕਿਸਾਨ ਯੂਨੀਅਨ ਨੇ ਕੰਪਨੀ ਅਧਿਕਾਰੀਆਂ ਤੋਂ ਵੱਖ ਵੱਖ ਕਿਸਾਨਾਂ ਦੇ ਨਾਮ ਕੱਟੇ 25 ਚੈੱਕ ਫੜ ਲਏ। ਪਤਾ ਲੱਗਦਿਆਂ ਹੀ ਡੀਐੱਸਪੀ ਤਲਵੰਡੀ ਸਾਬੋ ਰਾਜ਼ੇਸ ਸਨੇਹੀ ਅਤੇ ਥਾਣਾ ਮੁਖੀ ਵੀ ਪੁਲੀਸ ਫੋਰਸ ਲੈ ਕੇ ਮੌਕੇ ’ਤੇ ਪੱਜੇ ਜਿਨ੍ਹਾਂ ਨੇ ਆਗੂਆਂ ਨਾਲ ਗੱਲਬਾਤ ਕਰਕੇ ਕੰਪਨੀ ਅਧਿਕਾਰੀਆਂ ਨੂੰ ਛੁਡਵਾਇਆ। ਯੂਨੀਅਨ ਨੇ ਅਧਿਕਾਰੀਆਂ ਤੋਂ ਫੜੇ ਚੈੱਕ ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਕੰਪਨੀ ਅਜਿਹਾ ਕਰਕੇ ਕਿਸਾਨਾਂ ਨੂੰ ਆਪਸ ਵਿੱਚ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਦੇ ਇਹ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਤੇ ਕਿਸਾਨ ਸੰਘਰਸ਼ ਜਾਰੀ ਰੱਖਣਗੇ।