ਗੈਸ ਲੀਕ: ਵੇਰਕਾ ਮਿਲਕ ਪਲਾਂਟ ਦੇ ਮਾਹਿਰਾਂ ਦੀ ਟੀਮ ਆਈਸ ਮਿੱਲ ਪਹੁੰਚੀ
ਹਤਿੰਦਰ ਮਹਿਤਾ
ਜਲੰਧਰ, 25 ਸਤੰਬਰ
ਦਮੋਰੀਆ ਫਲਾਈਓਵਰ ਨੇੜੇ ਪੁਰਾਣੀ ਰੇਲਵੇ ਰੋਡ ’ਤੇ ਜੈਨ ਆਈਸ ਮਿੱਲ ਵਿੱਚ ਅਮੋਨੀਆ ਗੈਸ ਲੀਕ ਹੋਣ ਤੋਂ ਤਿੰਨ ਦਿਨ ਬਾਅਦ ਵੇਰਕਾ ਮਿਲਕ ਪਲਾਂਟ ਤੋਂ ਰੈਫ੍ਰਿਜਰੇਸ਼ਨ ਮਾਹਿਰਾਂ ਦੀ ਟੀਮ ਪਾਈਪਾਂ ’ਚ ਫਸੀ ਖਤਰਨਾਕ ਗੈਸ ਨੂੰ ਕੱਢਣ ਲਈ ਅੱਜ ਫੈਕਟਰੀ ਪਹੁੰਚੀ। ਘਟਨਾ ਲੰਘੇ ਸ਼ਨਿਚਰਵਾਰ ਵਾਪਰੀ ਸੀ, ਜਿਸ ’ਚ ਪਰਵਾਸੀ ਮਜ਼ਦੂਰ ਸ਼ੀਤਲ ਸਿੰਘ (68) ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਅਧਿਕਾਰੀਆਂ ਵੱਲੋਂ ਫੈਕਟਰੀ ਸੀਲ ਕਰਨ ਤੇ ਬਿਜਲੀ ਸਪਲਾਈ ਕੱਟਣ ਦੀ ਹਦਾਇਤ ਕੀਤੀ ਗਈ ਸੀ।
ਮਿੱਲ ਦੇ ਨੇੜਲੇ ਖੇਤਰ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਦੱਸਿਆ ਸੀ ਕਿ ਪਾਈਪਾਂ, ਜੋ ਅਮੋਨੀਆ ਲਿਜਾਣ ਲਈ ਵਰਤੀਆਂ ਜਾਂਦੀਆਂ ਸਨ, ਵਿੱਚ ਹਾਲੇ ਵੀ ਕਾਫ਼ੀ ਮਾਤਰਾ ਵਿੱਚ ਗੈਸ ਮੌਜੂਦ ਹੈ ਅਤੇ ਇਹ ਲੀਕ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਡੀਸੀ ਅਗਰਵਾਲ ਨੇ ਵੇਰਕਾ ਮਿਲਕ ਪਲਾਂਟ ਦੀ ਵਿਸ਼ੇਸ਼ ਟੀਮ ਨੂੰ ਇਸ ਮੁੱਦੇ ਦੇ ਹੱਲ ਲਈ ਨਿਰਦੇਸ਼ ਦਿੱਤੇ, ਜਿਸ ਮਗਰੋਂ ਫਾਇਰ ਬ੍ਰਿਗੇਡ ਅਮਲੇ ਨਾਲ ਮੌਕੇ ’ਤੇ ਪਹੁੰਚੀ ਟੀਮ ਨੇ ਪਾਈਪਾਂ ’ਚੋਂ ਗੈਸ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਅਪਰੇਸ਼ਨ ਦੌਰਾਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੈਕਟਰੀ ਦੇ ਆਲੇ-ਦੁਆਲੇ ਦੇ ਪੂਰੇ ਖੇਤਰ ’ਚ ਬੈਰੀਕੇਡ ਲਾਏ ਗਏ ਹਨ। ਅਧਿਕਾਰੀਆਂ ਦੇ ਅਨੁਸਾਰ ਪਾਈਪਾਂ ’ਚੋਂ ਸਾਰੀ ਗੈਸ ਨੂੰ ਸੁਰੱਖਿਅਤ ਢੰਗ ਨਾਲ ਹਟਾਉਣ ਵਿੱਚ ਲਗਪਗ ਦੋ ਦਿਨ ਲੱਗਣਗੇ ਤੇ ਇਹ ਕੰਮ ਵੀਰਵਾਰ ਸ਼ਾਮ ਤੱਕ ਕੰਮ ਪੂਰਾ ਹੋਣ ਦੀ ਉਮੀਦ ਹੈ।
ਫੈਕਟਰੀ ਮਾਲਕ ਸਣੇ ਕਈ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ
ਕਮਿਸ਼ਨਰੇਟ ਪੁਲੀਸ ਨੇ ਅਮੋਨੀਆ ਲੀਕ ਦੇ ਮਾਮਲੇ ਵਿੱਚ ਫੈਕਟਰੀ ਦੇ ਮਾਲਕ ਨਿੰਨੀ ਕੁਮਾਰ ਜੈਨ ਸਮੇਤ ਕਈ ਸਰਕਾਰੀ ਵਿਭਾਗਾਂ ਦੇ ਅਣਪਛਾਤੇ ਅਧਿਕਾਰੀਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਬੀਐੱਨਐੱਸ ਦੀ ਧਾਰਾ 105 ਤਹਿਤ ਇਹ ਐੱਫਆਈਆਰ ਨਗਰ ਨਿਗਮ, ਉਦਯੋਗ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ’ਤੇ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਫੈਕਟਰੀ ਨੂੰ ਇੰਨੀ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਬਿਨਾਂ ਢੁੱਕਵੀਂ ਪ੍ਰਵਾਨਗੀਆਂ ਦੇ ਕੰਮ ਕਰਨ ਦੀ ਆਗਿਆ ਕਿਵੇਂ ਦਿੱਤੀ ਗਈ। ਜਾਂਚ ਟੀਮ ਨੂੰ ਆਪਣੀ ਜਾਂਚ ਰਿਪੋਰਟ 5 ਅਕਤੂਬਰ ਤੱਕ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।