ਗੈਸ ਫੈਕਟਰੀ ਮਾਮਲਾ: ਅਖਾੜਾ ਤੇ ਭੂੰਦੜੀ ’ਚ ਹਾਲਾਤ ਮੁੜ ਤਣਾਅਪੂਰਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਅਕਤੂਬਰ
ਇਲਾਕੇ ਦੇ ਦੋ ਪਿੰਡਾਂ ਅਖਾੜਾ ਤੇ ਭੂੰਦੜੀ ’ਚ ਲੱਗਣ ਵਾਲੀਆਂ ਗੈਸ ਫੈਕਟਰੀਆਂ ਦਾ ਮਾਮਲਾ ਛੇ ਮਹੀਨੇ ਬਾਅਦ ਵੀ ਕਿਸੇ ਤਣ-ਪੱਤਣ ਲੱਗਦਾ ਨਜ਼ਰ ਨਹੀਂ ਆ ਰਿਹਾ। ਉਲਟਾ ਵਾਰ-ਵਾਰ ਤਣਾਅ ਵਾਲਾ ਮਾਹੌਲ ਬਣ ਜਾਂਦਾ ਹੈ ਅਤੇ ਛੇ ਮਹੀਨੇ ਤੋਂ ਹੀ ਦੋਵੇਂ ਪਿੰਡਾਂ ’ਚ ਪੱਕੇ ਮੋਰਚੇ ਲਾ ਕੇ ਪਿੰਡ ਵਾਸੀਆਂ ਨੇ ਫੈਕਟਰੀਆਂ ਦਾ ਕੰਮ ਰੋਕਿਆ ਹੋਇਆ ਹੈ। ਦੋਹਾਂ ਪਿੰਡਾਂ ’ਚ ਬੀਤੀ ਰਾਤ ਗੁਰਦੁਆਰੇ ਦੇ ਸਪੀਕਰ ਵਿੱਚ ਅਨਾਊਂਸਮੈਂਟ ਕੀਤੇ ਜਾਣ ਤੋਂ ਬਾਅਦ ਧਰਨੇ ਲੱਗ ਗਏ। ਸਵੇਰ ਤੱਕ ਵੱਡੀ ਗਿਣਤੀ ਪਿੰਡ ਵਾਸੀ ਸੜਕਾਂ ’ਤੇ ਆ ਕੇ ਬੈਠ ਗਏ। ਪਿੰਡ ਅਖਾੜਾ ’ਚ ਹਾਲੇ ਕੁਝ ਦਿਨ ਪਹਿਲਾਂ ਹੀ ਪਿੰਡ ਦੇ ਰਾਹ ਬੰਦ ਕਰਕੇ ਲਗਪਗ ਸਾਰਾ ਪਿੰਡ ਧਰਨੇ ’ਚ ਬੈਠ ਗਿਆ ਸੀ। ਉਦੋਂ ਵੀ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਧਰਨਾ ਜਬਰਨ ਚੁਕਾਉਣ ਦੀ ਅਫਵਾਹ ਫੈਲੀ ਸੀ। ਬੀਤੀ ਰਾਤ ਵੀ ਅਜਿਹਾ ਹੋਇਆ ਅਤੇ ਅੱਜ ਜਦੋਂ ਸਵੇਰੇ ਦੋਵਾਂ ਪਿੰਡਾਂ ’ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਤਾਂ ਲੋਕਾਂ ਨੂੰ ਯਕੀਨ ਹੋ ਗਿਆ। ਇਹ ਵੀ ਚਰਚਾ ਚੱਲੀ ਕਿ ਧਰਨਾਕਾਰੀਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਦੇੜਨ ਲਈ ਵਾਟਰ ਕੈਨਨ ਗੱਡੀਆਂ ਪਹੁੰਚ ਗਈਆਂ ਹਨ। ਇਸ ’ਤੇ ਲੋਕਾਂ ’ਚ ਰੋਹ ਵਧ ਗਿਆ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਹੋ ਗਈ।
ਬਾਅਦ ’ਚ ਸਿਵਲ ਤੇ ਪੁਲੀਸ ਅਧਿਕਾਰੀ ਵੱਡੀ ਗਿਣਤੀ ਪੁਲੀਸ ਫੋਰਸ ਨਾਲ ਅਖਾੜਾ ਧਰਨੇ ’ਚ ਪਹੁੰਚੇ। ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਸੰਘਰਸ਼ ਜਬਰਨ ਨਾ ਕੁਚਲਣ ਦੇ ਲਿਖਤੀ ਵਾਅਦੇ ’ਤੇ ਅੜੇ ਰਹੇ। ਅਧਿਕਾਰੀਆਂ ਨੇ ਸ਼ਾਮ ਨੂੰ ਦੋਵੇਂ ਪਿੰਡਾਂ ’ਚ ਡਿਪਟੀ ਕਮਿਸ਼ਨਰ ਦੇ ਪੁਤਲੇ ਫੂਕਣ ਦਾ ਪ੍ਰਗਰਾਮ ਰੁਕਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸ਼ਾਮ ਨੂੰ ਪੰਜ ਵਜੇ ਦੋਵੇਂ ਪਿੰਡਾਂ ਅਖਾੜਾ ਤੇ ਭੂੰਦੜੀ ’ਚ ਲੁਧਿਆਣਾ ਦੇ ਡੀਸੀ ਦੇ ਬਿਆਨ ਦੇ ਵਿਰੋਧ ’ਚ ਪੁਤਲੇ ਫੂਕੇ ਗਏ।
ਪੰਚਾਇਤੀ ਚੋਣਾਂ ਦਾ ਮਾਹੌਲ ਹੋਣ ਕਰਕੇ ਅਤੇ ਇਕਜੁੱਟ ਲੋਕਾਂ ’ਚ ਰੋਹ ਦੇਖ ਕੇ ਅਧਿਕਾਰੀ ਬਿਨਾਂ ਕਾਰਵਾਈ ਦੇ ਪਰਤ ਗਏ। ਰੈਲੀ ਨੂੰ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਪ੍ਰਧਾਨ, ਕੰਵਲਜੀਤ ਖੰਨਾ ਨੇ ਸੰਬੋਧਨ ਕੀਤਾ।
ਘੁੰਗਰਾਲੀ ਬਾਇਓਗੈਸ ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ: ਮਾਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੁਧਿਆਣਾ ਦੇ ਪਿੰਡ ਘੁੰਗਰਾਲੀ ਵਿੱਚ ਸਥਾਪਤ ਹੋ ਰਿਹਾ ਬਾਇਓਗੈਸ ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ। ਇਸ ਲਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਵਾਸੀਆਂ ਨਾਲ ਟੈਲੀਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ ਅਤੇ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।