For the best experience, open
https://m.punjabitribuneonline.com
on your mobile browser.
Advertisement

ਮੁਲਾਜ਼ਮਾਂ ਵੱਲੋਂ ਤਿੰਨ ਰੋਜ਼ਾ ਸੂਬਾਈ ਪੈਨਸ਼ਨ ਪ੍ਰਾਪਤੀ ਮੋਰਚਾ ਸ਼ੁਰੂ

08:06 AM Oct 02, 2024 IST
ਮੁਲਾਜ਼ਮਾਂ ਵੱਲੋਂ ਤਿੰਨ ਰੋਜ਼ਾ ਸੂਬਾਈ ਪੈਨਸ਼ਨ ਪ੍ਰਾਪਤੀ ਮੋਰਚਾ ਸ਼ੁਰੂ
ਸੰਗਰੂਰ ਵਿੱਚ ਮਸ਼ਾਲ ਮਾਰਚ ਕਰਦੇ ਹੋਏ ਮੁਲਾਜ਼ਮ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਕਤੂਬਰ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਝੰਡੇ ਹੇਠ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਦਿਨ-ਰਾਤ ਚੱਲਣ ਵਾਲੇ ‘ਤਿੰਨ ਦਿਨਾ ਪੈਨਸ਼ਨ ਪ੍ਰਾਪਤੀ ਮੋਰਚੇ’ ਦਾ ਪੁਰਾਣੀ ਪੈਨਸ਼ਨ ਬਹਾਲ ਕਰੋ ਦੇ ਨਾਅਰਿਆਂ ਨਾਲ਼ ਆਗਾਜ਼ ਕੀਤਾ ਗਿਆ। ਮੋਰਚੇ ਦੇ ਪਹਿਲੇ ਦਿਨ ਸ਼ਾਮ ਨੂੰ ਸ਼ਹਿਰ ਦੇ ਬਾਜ਼ਾਰਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮਸ਼ਾਲ ਮਾਰਚ ਕੀਤਾ ਗਿਆ।
ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਵਾਲੀ ਸੜਕ ’ਤੇ ਵੇਰਕਾ ਮਿਲਕ ਪਲਾਂਟ ਨਜ਼ਦੀਕ ਮੁਲਾਜ਼ਮ ਇਕੱਠੇ ਹੋਏ ਜਿੱਥੇ ਟੈਂਟ ਲਗਾ ਕੇ ਮੋਰਚਾ ਸ਼ੁਰੂ ਕਰ ਦਿੱਤਾ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂਆਂ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ, ਜ਼ੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ, ਇੰਦਰ ਸੁਖਦੀਪ ਸਿੰਘ ਓਢਰਾ ਅਤੇ ਦਲਜੀਤ ਸਫ਼ੀਪੁਰ ਨੇ ਦੱਸਿਆ ਕਿ ਸੰਗਰੂਰ ਮੋਰਚੇ ਦੀ ਲਾਮਬੰਦੀ ਲਈ ਇੱਕ ਮਹੀਨੇ ਤੋਂ ਸਮੂਹ ਜ਼ਿਲ੍ਹਿਆਂ ਵਿੱਚ ਤਿਆਰੀ ਚੱਲ ਰਹੀ ਸੀ। ਇਹ ‘ਐੱਨਪੀਐੱਸ ਤੋਂ ਆਜ਼ਾਦੀ’ ਮੁਹਿੰਮ ਨਾਲ਼ ਸ਼ੁਰੂ ਕੀਤੀ ਗਈ। ਮੋਰਚੇ ਦੀ ਤਿਆਰੀ ਦੌਰਾਨ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਵਿਸਥਾਰੀ ਮੀਟਿੰਗਾਂ ਕੀਤੀਆਂ ਗਈਆਂ ਤੇ ਸਕੂਲਾਂ ਅਤੇ ਦਫ਼ਤਰਾਂ ਵਿੱਚ ਪਹੁੰਚ ਕਰ ਕੇ ਮੁਲਾਜ਼ਮਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦੇ ‘ਸੱਦਾ ਪੱਤਰ’ ਵੀ ਵੰਡੇ ਗਏ ਸਨ। ਇਸ ਤੋਂ ਇਲਾਵਾ ਕੇਂਦਰ ਵੱਲੋਂ ਤਜਵੀਜਤ ਯੂਪੀਐੱਸ ਦੀਆਂ ਖ਼ਾਮੀਆਂ ਬਾਰੇ ਐੱਨਪੀਐੱਸ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ ਸੀ।
ਕਿਸਾਨ ਮੋਰਚਿਆਂ ਦੀ ਤਰਜ਼ ’ਤੇ ਪੁਰਾਣੀ ਪੈਨਸ਼ਨ ਲਈ ਲਗਾਏ ਇਸ ਮੋਰਚੇ ਨਾਲ਼ ਮੁਲਾਜ਼ਮ ਸੰਘਰਸ਼ਾਂ ਵਿੱਚ ਨਿਵੇਕਲੀ ਪਹਿਲਕਦਮੀ ਕਰਦਿਆਂ ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਦੇ ਪਹਿਲੇ ਦਿਨ ਐਂਪਲਾਈਜ਼ ਫੈੱਡਰੇਸ਼ਨ ਦੇ ਆਗੂਆਂ ਖੁਸ਼ਦੀਪ ਸਿੰਘ ਲਹਿਰਾ, ਗੁਰਛੈਬਰ ਸਿੰਘ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਅਤੇ ਮਨਿਸਟੀਰੀਅਲ ਐਸੋਸੀਏਸ਼ਨ ਦੇ ਆਗੂ ਲਾਲ ਸਿੰਘ ਰੱਲਾ ਨੇ ਸੰਬੋਧਨ ਕੀਤਾ। ਉਨ੍ਹਾਂ ਪੁਰਾਣੀ ਪੈਨਸ਼ਨ ਦੇ ਕੀਤੇ ਨੋਟੀਫਿਕੇਸ਼ਨ ਨੂੰ ਮਹਿਜ਼ ਜੁਮਲਾ ਦੱਸਿਆ ਕਿਉਂਕਿ ਇਸ ਨੋਟੀਫਿਕੇਸ਼ਨ ਦੇ ਬਾਵਜੂਦ ਇੱਕ ਵੀ ਐੱਨਪੀਐੱਸ ਮੁਲਾਜ਼ਮ ਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋ ਸਕੀ ਹੈ। ਸ਼ਾਮ ਵੇਲੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਸੰਗਰੂਰ ਸ਼ਹਿਰ ਵਿੱਚ ਕੀਤੇ ਮਸ਼ਾਲ ਮਾਰਚ ਵਿੱਚ ਮੁਲਾਜ਼ਮਾਂ ਨੇ ਉਤਸ਼ਾਹ ਨਾਲ਼ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਕਨਵੀਨਰ ਰਮਨਦੀਪ ਬਰਨਾਲਾ, ਲਖਵਿੰਦਰ ਮਾਨਸਾ, ਮਨਦੀਪ ਮੁਕਤਸਰ, ਜਸਵਿੰਦਰ ਕਪੂਰਥਲਾ, ਮਨਜੀਤ ਹੁਸ਼ਿਆਰਪੁਰ, ਅੰਮ੍ਰਿਤਪਾਲ ਹਰੀਗੜ੍ਹ, ਡੀਐੱਮਐੱਫ ਸੂਬਾ ਆਗੂ ਹਰਦੀਪ ਟੋਡਰਪੁਰ, ਡੀਟੀਐੱਫ ਦੇ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਹਰਵਿੰਦਰ ਰੱਖੜਾ, ਜਗਪਾਲ ਬੰਗੀ, ਪਵਨ ਮੁਕਤਸਰ, ਹਰਵਿੰਦਰ ਅੱਲੂਵਾਲ, ਕਰਮਜੀਤ ਨਦਾਮਪੁਰ, ਕੁਲਵੰਤ ਖਨੌਰੀ ਸ਼ਾਮਲ ਹੋਏ।

Advertisement

Advertisement
Advertisement
Author Image

joginder kumar

View all posts

Advertisement