ਗੈਸ ਫੈਕਟਰੀ ਮਾਮਲਾ: ਤਾਲਮੇਲ ਕਮੇਟੀ ਵੱਲੋਂ ਡੀਸੀ ਦੇ ਬਿਆਨ ਦਾ ਸਖ਼ਤ ਨੋਟਿਸ
ਜਸਬੀਰ ਸਿੰਘ ਸ਼ੇਤਰਾ/ਗੁਰਿੰਦਰ ਸਿੰਘ
ਜਗਰਾਉਂ/ਲੁਧਿਆਣਾ, 30 ਸਤੰਬਰ
ਜਗਰਾਉਂ ਨੇੜਲੇ ਦੋ ਪਿੰਡਾਂ ਅਖਾੜਾ ਤੇ ਭੂੰਦੜੀ ਸਮੇਤ ਪੰਜਾਬ ਵਿੱਚ ਕਈ ਹੋਰ ਥਾਈਂ ਲੱਗ ਰਹੀਆਂ ਬਾਇਓ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਕਮੇਟੀ ਪੰਜਾਬ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਬਿਆਨ ਨੂੰ ਗੁੰਮਰਾਹਕੁਨ ਕਰਾਰ ਦਿੱਤਾ ਹੈ। ਕਮੇਟੀ ਨੇ ਮੀਟਿੰਗ ਕਰਕੇ ਡੀਸੀ ਜਤਿੰਦਰ ਜੋਰਵਾਲ ਵੱਲੋਂ ਵਿਰੋਧ ਕਰ ਰਹੇ ਲੋਕਾਂ ਨੂੰ ਸ਼ਰਾਰਤੀ ਅਨਸਰ ਦੱਸਣ ਅਤੇ ਕੈਂਸਰ ਸਬੰਧੀ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੇ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ। ਤਾਲਮੇਲ ਕਮੇਟੀ ਦੇ ਆਗੂਆਂ ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਪ੍ਰੋ. ਜਗਮੋਹਨ ਸਿੰਘ, ਡਾ. ਬਲਵਿੰਦਰ ਸਿੰਘ ਔਲਖ, ਡਾ. ਵੀਕੇ ਸੈਣੀ, ਚਰਨਜੀਤ ਸਿੰਘ ਭੋਗਪੁਰ, ਮਨਪ੍ਰੀਤ ਸਿੰਘ ਬਾਠ, ਬਲਵੰਤ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਗੁਰੀ, ਜਗਤਾਰ ਸਿੰਘ ਦੇਹੜਕਾ, ਗੁਰਤੇਜ ਸਿੰਘ ਅਖਾੜਾ ਨੇ ਸਵਾਲ ਕੀਤਾ ਕਿ ਕੀ ਛੇ-ਛੇ ਮਹੀਨਿਆਂ ਤੋਂ ਲੁਧਿਆਣਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਦਿਨ ਰਾਤ ਦੇ ਧਰਨਿਆਂ ’ਤੇ ਬੈਠੇ ਹਜ਼ਾਰਾਂ ਲੋਕ ਅਫ਼ਵਾਹਾਂ ਕਰਕੇ ਜ਼ਿੰਦਗੀ ਮੌਤ ਦਾ ਸੰਘਰਸ਼ ਲੜ ਰਹੇ ਹਨ? ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਵੀਕੇ ਸਿੰਘ ਨਾਲ ਹੋਈਆਂ ਦੋ ਮੀਟਿੰਗਾਂ ’ਚ ਸਰਕਾਰ ਨੇ ਆਪਣੇ ਮਾਹਰ ਬਿਠਾਏ ਸਨ ਤਾਂ ਤਾਲਮੇਲ ਕਮੇਟੀ ਦੇ ਮਾਹਿਰਾਂ ਦੀਆਂ ਦਲੀਲਾਂ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਜੇ ਸਰਕਾਰ ਕੋਲ ਕੋਈ ਜਵਾਬ ਸੀ ਤਾਂ ਫਿਰ ਮੁੱਖ ਸੱਕਤਰ ਨੇ ਪੰਜਾਬ ਸਰਕਾਰ ਨੂੰ ਦੋਵੇਂ ਮੀਟਿੰਗਾਂ ਦੀ ਰਿਪੋਰਟ ਵਿਚਾਰਨ ਲਈ ਕਿਉਂ ਨਾ ਭੇਜੀ। ਉਨ੍ਹਾਂ ਕਿਹਾ ਕਿ ਘੁੰਗਰਾਲੀ ਰਾਜਪੂਤਾਂ ਵਿੱਚ ਚੱਲ ਰਹੀ ਬਾਇਓ ਗੈਸ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਸਤਾਏ ਲੋਕ ਦੋ ਸਾਲਾਂ ਤੋਂ ਨਰਕ ਭੋਗ ਰਹੇ ਹਨ।
‘ਸ਼ਰਾਰਤੀ ਅਨਸਰਾਂ’ ਨਾਲ ਮੀਟਿੰਗ ਕਿਉਂ ਕਰ ਰਹੇ ਨੇ ਮੰਤਰੀ’
ਤਾਲਮੇਲ ਕਮੇਟੀ ਨੇ ਡੀਸੀ ਨੂੰ ਸਵਾਲ ਕੀਤਾ ਕਿ ਜੇ ਵਿਰੋਧ ਕਰ ਰਹੇ ਲੋਕ ‘ਸ਼ਰਾਰਤੀ ਅਨਸਰ’ ਹਨ ਤਾਂ ਪੰਜਾਬ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਉਨ੍ਹਾਂ ਨਾਲ ਮੀਟਿੰਗਾਂ ਕਿਉਂ ਕਰ ਰਹੇ ਹਨ? ਇਸ ਸਬੰਧ ਵਿੱਚ ਪੰਜਾਬ ਭਵਨ ਚੰਡੀਗੜ ’ਚ ਗਿਆਰਾਂ ਅਤੇ ਇੱਕੀ ਸਤੰਬਰ ਨੂੰ ਹੋਈਆਂ ਦੋ ਮੀਟਿੰਗਾਂ ਦਾ ਹਵਾਲਾ ਦਿੰਦਿਆਂ ਪੀਏਯੂ ਲੁਧਿਆਣਾ ਵਿੱਚ ਹੋਈ ਮੀਟਿੰਗ ਦੀ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਬੀਤੀ 21 ਸਤੰਬਰ ਦੀ ਮੀਟਿੰਗ ਵਿੱਚ ਸਰਕਾਰੀ ਮਾਹਿਰਾਂ ਦੀ ਕਮੇਟੀ ਬਣਾ ਕੇ ਅਧਿਐਨ ਕਰਨ ਦੀ ਸਹਿਮਤੀ ਬਣੀ ਸੀ। ਪਰ ਹੁਣ ਡੀਸੀ ਲੁਧਿਆਣਾ ਜਾਣਬੁੱਝ ਕੇ ਇਸ ਲੋਕ ਸੰਘਰਸ਼ ਨੂੰ ਜਬਰ ਨਾਲ ਖ਼ਤਮ ਕਰਨ ਦੀ ਜ਼ਮੀਨ ਤਿਆਰ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਅਗਲਾ ਜ਼ਬਰਦਸਤ ਐਕਸ਼ਨ ਉਲੀਕਿਆ ਜਾਵੇਗਾ।