ਗੈਸ ਫੈਕਟਰੀ: ਸਰਕਾਰ ਵੱਲੋਂ ਅਣਗੌਲਿਆਂ ਕਰਨ ਤੋਂ ਭੂੰਦੜੀ ਵਾਸੀ ਖ਼ਫ਼ਾ
ਜਸਬੀਰ ਸ਼ੇਤਰਾ
ਜਗਰਾਉਂ, 8 ਜੁਲਾਈ
ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਸ਼ੁਰੂ ਹੋਇਆ ਪੱਕਾ ਮੋਰਚਾ ਜਾਰੀ ਹੈ। ਸੌ ਦਿਨ ਤੋਂ ਉੱਪਰ ਬੀਤ ਜਾਣ ਮਗਰੋਂ ਵੀ ਪਿੰਡ ਵਾਸੀ ਡਟੇ ਹੋਏ ਹਨ। ਧਰਨੇ ਦੇ 103ਵੇਂ ਦਿਨ ਅੱਜ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂ ਡਾ. ਸੁਖਦੇਵ ਭੂੰਦੜੀ, ਤੇਜਿੰਦਰ ਸਿੰਘ ਤੇਜਾ, ਅਮਰੀਕ ਸਿੰਘ, ਮਨਜਿੰਦਰ ਸਿੰਘ ਖੇੜੀ, ਕੋਮਲਜੀਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਸੂਬੇਦਾਰ ਕਾਲਾ ਸਿੰਘ, ਹਰਬੰਸ ਸਿੰਘ ਕਾਉਂਕੇ, ਗੁਰਮੇਲ ਸਿੰਘ ਸਨੇਤ, ਕੁਲਦੀਪ ਸਿੰਘ ਸ਼ੇਰਪੁਰੀਆ, ਮਲਕੀਤ ਸਿੰਘ ਚੀਮਨਾ, ਦਲਜੀਤ ਸਿੰਘ ਤੂਰ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਜ਼ਿਲ੍ਹੇ ਵਿੱਚ ਅੱਧੀ ਦਰਜਨ ਥਾਵਾਂ ’ਤੇ ਇਨ੍ਹਾਂ ਗੈਸ ਫੈਕਟਰੀਆਂ ਖ਼ਿਲਾਫ਼ ਚੱਲਦੇ ਸੰਘਰਸ਼ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਮਸਲੇ ਦਾ ਹੱਲ ਕਰਨ ਵੱਲ ਬਹੁਤ ਹੌਲੀ ਗਤੀ ਨਾਲ ਕੰਮ ਕਰ ਰਿਹਾ ਹੈ। ਵੱਖ-ਵੱਖ ਪਿੰਡਾਂ ਦੀਆਂ ਸੰਘਰਸ਼ ਕਮੇਟੀਆਂ ਵੋਟਾਂ ਦੇ ਬਾਈਕਾਟ ਤੋਂ ਲੈ ਕੇ ਹਾਕਮ ਧਿਰ ਦੇ ਆਗੂਆਂ ਦਾ ਵਿਰੋਧ, ਘਿਰਾਓ, ਧਰਨੇ ਅਤੇ ਅਧਿਕਾਰੀਆਂ ਨਾਲ ਮੁਲਾਕਾਤਾਂ ਤਕ ਸਭ ਕੁਝ ਕਰ ਕੇ ਦੇਖ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਪਿੰਡਾਂ ਦੇ ਹਜ਼ਾਰਾਂ ਲੋਕਾਂ ਦੇ ਭਵਿੱਖ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੇ ਇਸ ਗੰਭੀਰ ਮਸਲੇ ਦੇ ਹੱਲ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਹਾਕਮ ਧਿਰ ਦੇ ਆਗੂ, ਮੰਤਰੀ ਤੇ ਮੁੱਖ ਮੰਤਰੀ ਜਲੰਧਰ ਜ਼ਿਮਨੀ ਚੋਣ ਵਿੱਚ ਤਾਂ ਭੱਜੇ ਫਿਰਦੇ ਹਨ ਪਰ ਇਨ੍ਹਾਂ ਲੋਕਾਂ ਦੀ ਸਾਰ ਲੈਣ ਦਾ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੈ।
ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਦੇ ਸੁਖਵਿੰਦਰ ਸਿੰਘ ਹੰਬੜਾਂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਸੀਰਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਵੰਤ ਸਿੰਘ ਭੱਟੀਆਂ, ਜਗਤਾਰ ਸਿੰਘ ਮਾੜਾ, ਆਂਗਣਵਾੜੀ ਵਰਕਰਜ਼ ਯੂਨੀਅਨ ਸਿੱਧਵਾਂ ਬੇਟ ਦੀ ਸਕੱਤਰ ਬੀਬੀ ਗੁਰਚਰਨ ਕੌਰ, ਬੀਬੀ ਹਰਜਿੰਦਰ ਕੌਰ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇ ਗੂੰਜੇ। ਬੁਲਾਰਿਆਂ ਨੇ ਤਿੰਨ ਨਵੇਂ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ ਤੇ ਕਿਹਾ ਕਿ 21 ਜੁਲਾਈ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਨਵੈਨਸ਼ਨ ’ਚ ਸ਼ਮੂਲੀਅਤ ਕੀਤੀ ਜਾਵੇਗੀ। ਰਾਮ ਸਿੰਘ ਹਠੂਰ ਤੇ ਰੋਹਿਤ ਵਰਮਾ ਨੇ ਲੋਕ-ਪੱਖੀ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਧਰਨੇ ਦੌਰਾਨ ਭਿੰਦਰ ਸਿੰਘ ਭਿੰਦੀ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਈ। ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਤਾਲਮੇਲ ਕਮੇਟੀ ਦੀ ਮੀਟਿੰਗ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਨਾਲ ਹੋਈ ਜਿਸ ‘ਚ ਪੰਦਰਾਂ ਦਿਨਾਂ ਅੰਦਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ।