ਸਰਦੀਆਂ ਦੇ ਮੌਸਮ ਦੌਰਾਨ ਬਾਗ਼ ਪ੍ਰਬੰਧਨ
ਇੰਦਰਾ ਦੇਵੀ* ਯਾਮਿਨੀ ਸ਼ਰਮਾ**
ਬਾਗ਼ ਲਾਉਣ ਲਈ ਸਹੀ ਯੋਜਨਾਬੰਦੀ, ਪੈਸਾ, ਮਜ਼ਦੂਰੀ ਅਤੇ ਤਕਨੀਕੀ ਗਿਆਨ ਦੀ ਜ਼ਰੂਰਤ ਹੁੰਦੀ ਹੈ। ਬਾਗ਼ ਦਾ ਪ੍ਰਬੰਧਨ ਦੂਜਾ ਸਭ ਤੋਂ ਮਹੱਤਵਪੂਰਨ ਕਾਰਜ ਹੈ ਜੋ ਬਾਗ਼ਾਂ ਦੀ ਸਿਹਤ ਅਤੇ ਪੈਦਾਵਾਰ ਨੂੰ ਨਿਰਧਾਰਤ ਕਰਦਾ ਹੈ। ਇਸ ਲਈ ਬਾਗ਼ ਦਾ ਸਹੀ ਪ੍ਰਬੰਧਨ ਬਹੁਤ ਜ਼ਰੂਰੀ ਹੈ। ਬਾਗ਼ ਦੀ ਵਹਾਈ, ਖਾਦ ਪਾਉਣਾ, ਨਦੀਨਾਂ ਦੀ ਰੋਕਥਾਮ, ਸਿਧਾਈ ਅਤੇ ਕਾਂਟ-ਛਾਂਟ, ਸਿੰਜਾਈ, ਮਲਚਿੰਗ ਆਦਿ ਇਹ ਸਾਰੇ ਬਾਗ਼ ਪ੍ਰਬੰਧਨ ਦਾ ਹਿੱਸਾ ਹਨ। ਇਹ ਪ੍ਰਬੰਧਨ ਕਾਰਜ ਜੇ ਇੱਕ ਸੀਜ਼ਨ ਵਿਚ ਵੀ ਰਹਿ ਜਾਣ ’ਤੇ ਇਹ ਸਿੱਧੇ ਤੌਰ ’ਤੇ ਬਾਗ਼ ਦੀ ਸਮੁੱਚੀ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ। ਸਰਦੀਆਂ ਦਾ ਮੌਸਮ ਬਹੁਤ ਸਾਰੇ ਬਾਗ਼ ਪ੍ਰਬੰਧਨ ਕਾਰਜਾਂ ਨੂੰ ਕਰਨ ਦਾ ਮੁੱਖ ਸਮਾਂ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਬੂਟੇ ਘੱਟ ਕਿਰਿਆਸ਼ੀਲ ਅਵਸਥਾ ਵਿਚ ਰਹਿੰਦੇ ਹਨ ਜਾਂ ਪੱਤਝੜ ਵਾਲੇ ਬੂਟੇ ਸਿਥਲ ਅਵਸਥਾ ਵਿਚ ਹੁੰਦੇ ਹਨ।
ਮੁੱਖ ਬਾਗ਼ ਪ੍ਰਬੰਧਨ ਕਾਰਜ ਜੋ ਸਰਦੀਆਂ ਦੌਰਾਨ ਕੀਤੇ ਜਾਣੇ ਚਾਹੀਦੇ ਹਨ:
* ਛੋਟੇ ਬੂਟਿਆਂ ਨੂੰ ਠੰਢ ਤੋਂ ਬਚਾਉਣਾ
* ਪਤਝੜ ਵਾਲੇ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ
* ਬੂਟਿਆਂ ਦੇ ਬੇਸਿਨਾਂ ਦੀ ਸਫ਼ਾਈ ਅਤੇ ਖਾਦ ਦੀ ਵਰਤੋਂ
* ਅੰਤਰ ਫ਼ਸਲ ਉਗਾਉਣਾ
ਛੋਟੇ ਬੂਟਿਆਂ ਨੂੰ ਠੰਢ ਤੋਂ ਬਚਾਉਣਾ: ਫਲਾਂ ਦੇ ਛੋਟੇ ਬੂਟਿਆਂ ਨੂੰ ਕੋਰੇ ਤੋਂ ਬਚਾਉਣ ਦੀ ਲੋੜ ਪੈਂਦੀ ਹੈ। ਇਸ ਦਾ ਪ੍ਰਭਾਵ ਫਲਾਂ ਦੀਆਂ ਕਿਸਮਾਂ, ਵਿਕਾਸ ਦੇ ਪੜਾਅ, ਬੂਟਿਆਂ ਦੀ ਉਮਰ, ਬਾਗ਼ਾਂ ਦੀ ਦਿਸ਼ਾ ਅਤੇ ਮਿੱਟੀ ਦੀ ਕਿਸਮ ’ਤੇ ਨਿਰਭਰ ਕਰਦਾ ਹੈ। ਕਈ ਫਲ ਜਿਵੇਂ ਅੰਬ, ਲੀਚੀ, ਪਪੀਤਾ ਆਦਿ ਦੇ ਛੋਟੇ ਬੂਟੇ ਠੰਢ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ਅਤੇ ਘੱਟ ਤੋਂ ਘੱਟ 3-4 ਸਾਲਾਂ ਲਈ ਠੰਢ ਤੇ ਕੋਰੇ ਤੋਂ ਬਚਾਉਣਾ ਪੈਂਦਾ ਹੈ। ਮੌਸਮੀ ਤਬਦੀਲੀ ਕਾਰਨ ਨੀਮ ਪਹਾੜੀ ਇਲਾਕਿਆਂ ਦੇ ਨਾਲ ਨਾਲ ਮੈਦਾਨੀ ਖੇਤਰਾਂ ਵਿਚ ਠੰਢ ਦਾ ਪ੍ਰਭਾਵ ਵਧ ਰਿਹਾ ਹੈ। ਛੋਟੇ ਬੂਟਿਆਂ ਨੂੰ ਸਰਕੰਡਾ ਘਾਹ, ਮੱਕੀ, ਬਾਜਰੇ ਅਤੇ ਪਰਾਲੀ, ਪਲਾਸਟਿਕ ਦੀਆਂ ਚਾਦਰਾਂ ਅਤੇ ਸ਼ੈਡਨੈਟ ਨਾਲ ਕੁੱਲੀਆਂ ਬਣਾ ਕੇ ਢਕ ਦਿਓ। ਇਹ ਸਭ ਤੋਂ ਸਸਤਾ ਅਤੇ ਆਸਾਨ ਤਰੀਕਾ ਹੈ। ਦੱਖਣ-ਪੂਰਬ ਵਾਲੇ ਪਾਸੇ ਨੂੰ ਖੁੱਲ੍ਹਾ ਰੱਖੋ ਤਾਂ ਜੋ ਸੂਰਜ ਦੀ ਰੋਸ਼ਨੀ ਅੰਦਰ ਜਾ ਸਕੇ। ਉੱਤਰੀ ਅਤੇ ਉੱਤਰ-ਪੱਛਮੀ ਠੰਢ ਤੋਂ ਬਚਣ ਲਈ ਵਿੰਡਬ੍ਰੇਕ ਲਗਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਬਾਗ਼ਾਂ ਦੀ ਹਲਕੀ ਸਿੰਜਾਈ ਆਮ ਤੌਰ ’ਤੇ ਕੋਰੇ ਦੇ ਅਸਰ ਨੂੰ ਘੱਟ ਕਰਨ ਲਈ ਵਰਤੀ ਜਾਂਦੀ ਹੈ।
ਉੱਤਰੀ ਭਾਰਤ ਵਿਚ ਉੱਗਣ ਵਾਲੇ ਫਲਦਾਰ ਬੂਟਿਆਂ ਨੂੰ ਠੰਢ ਸਹਿਣਸ਼ੀਲਤਾ ਅਨੁਸਾਰ ਹੇਠ ਲਿਖੀ ਸ਼੍ਰੇਣੀ ਵਿਚ ਵੰਡਿਆ ਜਾ ਸਕਦਾ ਹੈ:
ਸੰਵੇਦਨਸ਼ੀਲ: ਅੰਬ, ਪਪੀਤਾ, ਲੀਚੀ, ਕੇਲਾ।
ਘੱਟ ਸਹਿਣਸ਼ੀਲ: ਨਿੰਬੂ ਜਾਤੀ, ਲੁਕਾਠ, ਅਮਰੂਦ, ਬੇਰ, ਅਨਾਰ, ਅਉਲਾ।
ਬਹੁਤ ਸਹਿਣਸ਼ੀਲ: ਆੜੂ, ਅਲੂਚਾ, ਨਾਖ, ਅੰਗੂਰ, ਫਾਲਸਾ, ਕਰੋਂਦਾ।
ਪੱਤਝੜ ਵਾਲੇ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ: ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਇੱਕ ਬਹੁਤ ਪੁਰਾਣੀ ਅਤੇ ਪ੍ਰਮੁੱਖ ਪ੍ਰਕਿਰਿਆ ਹੈ। ਇਸ ਨੂੰ ਬੂਟਿਆਂ ਦੇ ਹਿੱਸਿਆਂ ਨੂੰ ਕੱਟਣ ਦੀ ਕਲਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਨਾਲ ਬੂਟਿਆਂ ਦੇ ਆਕਾਰ, ਵਾਧੇ ਫੁੱਲਾਂ ਅਤੇ ਫਲਾਂ ਦੀ ਸੁਧਾਰ ਅਤੇ ਉਪਜ ਦੀ ਗੁਣਵੱਤਾ ਕਾਇਮ ਰੱਖਣ ਲਈ ਵਰਤਿਆ ਜਾਂਦਾ ਹੈ। ਫਲਦਾਰ ਬੂਟਿਆਂ ਦੀ ਜਦੋਂ ਤੱਕ ਚੰਗੀ ਤਰ੍ਹਾਂ ਕਾਂਟ-ਛਾਂਟ ਅਤੇ ਸਿਧਾਈ ਕਰ ਕੇ ਖਾਸ ਆਕਾਰ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਸਹੀ ਢੰਗ ਨਾਲ ਨਹੀਂ ਫਲਦੇ।
ਸਾਰੇ ਫਲਾਂ ਦੇ ਬੂਟਿਆਂ ਨੂੰ ਕਾਂਟ-ਛਾਂਟ ਦੀ ਲੋੜ ਨਹੀ ਹੁੰਦੀ ਹੈ, ਉਦਾਹਰਨ ਦੇ ਤੌਰ ’ਤੇ ਸਦਾਬਹਾਰ ਬੂਟੇ ਅੰਬ, ਲੀਚੀ, ਚੀਕੂ ਆਦਿ ਆਪਣੇ ਆਪ ਕੁਦਰਤੀ ਤੌਰ ’ਤੇ ਵਧਦੇ ਅਤੇ ਫਲਦੇ ਹਨ। ਇਨ੍ਹਾਂ ਵਿਚ ਸਿਰਫ਼ ਮਰੀਆਂ ਹੋਈਆਂ ਅਤੇ ਬਿਮਾਰੀਆਂ ਵਾਲੀਆਂ ਟਹਿਣੀਆਂ ਨੂੰ ਹੀ ਕੱਟਣਾ ਪੈਂਦਾ ਹੈ ਜਦੋਂਕਿ ਜ਼ਿਆਦਾਤਰ ਪੱਤਝੜੀ ਬੂਟੇ ਜਿਵੇਂ ਸੇਬ, ਨਾਖ, ਆੜੂ, ਅਲੂਚਾ ਆਦਿ ਨੂੰ ਹਰ ਸਾਲ ਸਿਧਾਈ ਅਤੇ ਕਾਂਟ-ਛਾਂਟ ਦੀ ਜ਼ਰੂਰਤ ਪੈਂਦੀ ਹੈ। ਸਿਧਾਈ ਪ੍ਰਕਿਰਿਆ ਸਿਰਫ਼ ਬੂਟਿਆਂ ਨੂੰ ਸਹੀ ਆਕਾਰ ਜਾਂ ਢਾਂਚੇ ਵਿਚ ਹੀ ਨਹੀਂ ਢਾਲਦੀ ਸਗੋਂ ਬੂਟੇ ਦੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਸਮਰੱਥਾ ਨੂੰ ਵੀ ਵਧਾਉਂਦੀ ਹੈ। ਇਸ ਪ੍ਰਕਿਰਿਆ ਲਈ ਫਲਦਾਰ ਬੂਟਿਆਂ ਦੇ ਵਾਧੇ ਦੀ ਆਦਤ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹ ਕਾਰਵਾਈ ਉਦੋਂ ਪੂਰੀ ਕੀਤੀ ਜਾਣੀ ਚਾਹੀਦੀ ਹੈ ਜਦੋਂ ਪੌਦਾ ਸਥਿਲ ਅਵਸਥਾ ਵਿਚ ਹੋਵੇ; ਭਾਵ, ਦਸੰਬਰ ਤੋਂ ਜਨਵਰੀ ਦੇ ਦੌਰਾਨ ਜਾਂ ਫੁੱਲ ਆਉਣ ਤੋਂ ਪਹਿਲਾਂ।
ਬੂਟਿਆਂ ਦੇ ਬੇਸਿਨਾਂ ਦੀ ਸਫ਼ਾਈ ਅਤੇ ਖਾਦ ਦੀ ਵਰਤੋਂ: ਬੂਟਿਆਂ ਦੇ ਬੇਸਿਨ ਤੋਂ ਨਦੀਨਾਂ ਨੂੰ ਹਟਾਉਣਾ ਅਤੇ ਬੇਸਿਨ ਦੀ ਮਿੱਟੀ ਨੂੰ ਢਿੱਲੀ ਕਰਨਾ ਸਰਦੀਆਂ ਦੇ ਮਹੀਨਿਆਂ ਵਿਚ ਮੁੱਖ ਤੌਰ ’ਤੇ ਦਸੰਬਰ ਵਿਚ ਪੂਰਾ ਕਰਨਾ ਚਾਹੀਦਾ ਹੈ। ਜ਼ਿਆਦਾਤਰ ਫਲਾਂ ਦੀਆਂ ਫ਼ਸਲਾਂ ਵਿਚ ਸਰਦੀਆਂ ਵਿਚ ਖਾਦ ਪਾਈ ਜਾਂਦੀ ਹੈ। ਪੱਤਝੜ ਵਾਲੇ ਫਲਦਾਰ ਬੂਟਿਆਂ ਜਿਵੇਂ ਨਾਸ਼ਪਾਤੀ, ਆੜੂ ਤੇ ਬੇਰ, ਲੀਚੀ ਵਿਚ, ਪੋਟਾਸ਼ ਅਤੇ ਫਾਸਫੋਰਸ ਦਸੰਬਰ ਵਿਚ ਪਾਉਣਾ ਚਾਹੀਦਾ ਹੈ। ਅਮਰੂਦ ਅਤੇ ਬੇਰ ਨੂੰ ਛੱਡ ਕੇ ਸਦਾਬਹਾਰ ਫਲਾਂ ਵਿਚ, ਰੁੜ੍ਹੀ ਅਤੇ ਫਾਸਫੋਰਸ ਦੀ ਵਰਤੋਂ ਦਸੰਬਰ ਵਿਚ ਕੀਤੀ ਜਾਂਦੀ ਹੈ ਜਦੋਂਕਿ ਪੋਟਾਸ਼ ਨੂੰ ਯੂਰੀਆ ਦੀ ਪਹਿਲੀ ਅੱਧੀ ਖ਼ੁਰਾਕ ਦੇ ਨਾਲ ਫਰਵਰੀ ਵਿਚ ਪਾਇਆ ਜਾਂਦਾ ਹੈ। ਖਾਦਾਂ ਨੂੰ ਬੂਟਿਆਂ ਦੇ ਤਣੇ ਤੋਂ 3 ਸੈਂਟੀਮੀਟਰ ਦੀ ਦੂਰੀ ’ਤੇ ਬੂਟਿਆਂ ਦੇ ਆਲੇ-ਦੁਆਲੇ ਬੇਸਿਨਾਂ ਵਿਚ ਪਾਉਣਾ ਚਾਹੀਦਾ ਹੈ। ਬੂਟਿਆਂ ਦੀ ਵਧਦੀ ਉਮਰ ਅਤੇ ਛੱਤਰੀ ਦੇ ਨਾਲ ਬੇਸਿਨ ਦਾ ਆਕਾਰ ਵਧਾਇਆ ਜਾਣਾ ਚਾਹੀਦਾ ਹੈ।
ਅੰਤਰ ਫ਼ਸਲ ਉਗਾਉਣਾ: ਕੁਝ ਫਲਾਂ ਦੀਆਂ ਫ਼ਸਲਾਂ ਜਿਵੇਂ ਅੰਬ, ਲੀਚੀ, ਨਾਸ਼ਪਾਤੀ, ਚੀਕੂ ਆਦਿ ਨੂੰ ਫਲ ਲੱਗਣ ਲਈ 4-6 ਸਾਲ ਲੱਗ ਜਾਂਦੇ ਹਨ ਅਤੇ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਕੋਈ ਆਮਦਨ ਨਹੀਂ ਹੁੰਦੀ। ਅਜਿਹੇ ਫਲਾਂ ਦੇ ਬਗੀਚਿਆਂ ਵਿਚ ਪਹਿਲੇ ਕੁਝ ਸਾਲਾਂ ਦੌਰਾਨ ਬੂਟਿਆਂ ਦੇ ਵਿਚਕਾਰਲੇ ਸਥਾਨਾਂ ਵਿਚ ਕਿਸੇ ਹੋਰ ਫ਼ਸਲ ਨੂੰ ਉਗਾਉਣਾ ਬਹੁਤ ਜ਼ਰੂਰੀ ਹੈ। ਇਹ ਕਿਸਾਨਾਂ ਨੂੰ ਖਾਲੀ ਥਾਂ ਦੀ ਸੁਚੱਜੀ ਵਰਤੋਂ ਕਰਨ ਦੇ ਨਾਲ ਨਾਲ ਵਧੇਰੇ ਆਮਦਨ ਵੀ ਦਿੰਦਾ ਹੈ। ਇਹ ਫ਼ਸਲਾਂ ਨਦੀਨਾਂ ਨੂੰ ਕਾਬੂ ਕਰਨ ਵਿਚ ਸਹਾਇਕ ਹੁੰਦੀਆਂ ਹਨ। ਇਸ ਦੇ ਨਾਲ ਹੀ ਜ਼ਮੀਨ ਦਾ ਰੁੜ੍ਹ ਜਾਣਾ, ਉਪਰਲੇ ਪੱਧਰ ਤੋਂ ਖ਼ੁਰਾਕੀ ਤੱਤਾਂ ਦਾ ਥੱਲੇ ਚਲੇ ਜਾਣਾ ਆਦਿ ਦੇ ਨੁਕਸਾਨ ਨੂੰ ਵੀ ਰੋਕਿਆ ਜਾ ਸਕਦਾ ਹੈ। ਜਦੋਂ ਫ਼ਲਦਾਰ ਬੂਟਿਆਂ ਨੂੰ ਫ਼ਲ ਲੱਗਣਾ ਸ਼ੁਰੂ ਹੋ ਜਾਵੇ, ਉਸ ਤੋਂ ਬਾਅਦ ਅੰਤਰ-ਫ਼ਸਲ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ।
*ਐਮਐਸ ਰੰਧਾਵਾ ਫਲ ਖ਼ੋਜ ਕੇਂਦਰ, ਗੰਗੀਆਂ।
**ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ।