ਵਾਰਡ ਨੰਬਰ-47 ਵਿੱਚ ਕੂੜੇ ਦੀ ਸਮੱਸਿਆ ਹੱਲ ਹੋਵੇਗੀ: ਵਿਧਾਇਕ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਜੂਨ
ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਹਲਕੇ ਦੇ ਵਾਰਡ ਨੰਬਰ 47 ਅਧੀਨ ਦੁਗਰੀ ਡੰਪ ਏਰੀਆ ਨੇੜੇ ਸਟੈਟਿਕ ਕੰਪੈਕਟਰ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਨੇ ਦੱਸਿਆ ਕਿ ਦੁਗਰੀ ਲਾਈਟਾਂ ਤੋਂ ਬੀ ਬਲਾਕ ਅਤੇ ਮਾਡਲ ਟਾਊਨ ਵੱਲ ਜਾਣ ਵਾਲੇ ਰਸਤੇ ਵਿੱਚ ਕੂੜੇ ਦੇ ਢੇਰ ਲੱਗਣ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 1.25 ਲੱਖ ਦੀ ਲਾਗਤ ਨਾਲ ਨਵੀਆਂ ਕੰਪੈਕਟਰ ਮਸ਼ੀਨਾਂ ਸਥਾਪਤ ਹੋਣ ਨਾਲ ਹੁਣ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲੇਗੀ। ਵਿਧਾਇਕ ਵੱਲੋਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਲਾਕੇ ਨੂੰ ਸਾਫ ਸੁਥਰਾ ਰੱਖਣ ਲਈ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਰੱਖਿਆ ਜਾਵੇ ਅਤੇ ਰਾਹ ਵਿੱਚ ਜਾਂ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਤੋਂ ਗੁਰੇਜ਼ ਕੀਤਾ ਜਾਵੇ।
ਇਸ ਮੌਕੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। ਉਦਘਾਟਨ ਮੌਕੇ ਆਪ ਆਗੂ ਸੁਰਿੰਦਰ ਕਲਿਆਣ, ਕਮਲ ਕਪੂਰ, ਰੇਸ਼ਮ ਸੱਗੂ, ਸੁਰਿੰਦਰ ਨੀਆਰ, ਚਰਨਜੀਤ ਬਾਗੜਾ, ਟੀ ਐਸ ਹੁੰਝਣ, ਅਮਰਦਾਸ ਸ਼ਰਮਾ, ਸਤਨਾਮ ਸਿੰਘ ਸੀਰਾ, ਭਗਵਾਨ ਦਾਸ ਸਿੰਗਲਾ, ਰਾਕੇਸ਼ ਸਿੰਗਲਾ, ਦਲੀਪ ਸਿੰਘ ਆਦਿ ਮੌਜੂਦ ਸਨ।
ਵਿਧਾਇਕ ਵੱਲੋਂ ਵਾਰਡ ਨੰਬਰ 41 ’ਚ ਟਿਊਬਵੈੱਲ ਦਾ ਉਦਘਾਟਨ
ਹਲਕੇ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 41 ਵਿਚ 25 ਹਾਰਸ ਪਾਵਰ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਸਿੱਧੂ ਨੇ ਕਿਹਾ ਕਿ ਵਾਰਡ ਨੰਬਰ 41 ਅਧੀਨ ਗਲੀ ਨੰਬਰ 19 ਨਵੀਂ ਸ਼ਿਮਲਾਪੁਰੀ ਵਿਖੇ 12.50 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦਾ ਟਿਊਬਵੈਲ ਲਗਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਇਲਾਕੇ ਵਿੱਚ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਗਿਆ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਣ ਨਿਊ ਸ਼ਿਮਲਾਪੁਰੀ ਦੇ ਨਾਲ-ਨਾਲ ਨੇੜਲੇ ਇਲਾਕਿਆਂ ਨੂੰ ਵੀ ਇਸ ਦਾ ਲਾਭ ਮਿਲੇਗਾ।