For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੇ ਪਹਿਲੇ ਮੀਂਹ ਮਗਰੋਂ ਹਰਕਤ ਵਿੱਚ ਆਇਆ ਪ੍ਰਸ਼ਾਸਨ

07:53 AM Jun 30, 2024 IST
ਮੌਨਸੂਨ ਦੇ ਪਹਿਲੇ ਮੀਂਹ ਮਗਰੋਂ ਹਰਕਤ ਵਿੱਚ ਆਇਆ ਪ੍ਰਸ਼ਾਸਨ
ਬੁੱਢੇ ਦਰਿਆ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ।‌ -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 29 ਜੂਨ
ਮੌਨਸੂਨ ਦੇ ਪਹਿਲੇ ਮੀਂਹ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਪਿਛਲੇ ਦਿਨੀਂ ਪਏ ਮੀਂਹ ਕਾਰਨ ਲੁਧਿਆਣਾ ਦੀਆਂ ਸੜਕਾਂ ’ਤੇ ਖੜ੍ਹੇ ਪਾਣੀ ਨੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਸੀ। ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਬੁੱਢਾ ਦਰਿਆ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਦਾ ਦੌਰਾ ਕਰਕੇ ਅਗਾਊਂਂ‌ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ, ਜੋ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਨੇ ਅੱਜ ਸਾਰੇ ਐੱਸਡੀਐੱਮ ਅਤੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸਤਲੁਜ ਦਰਿਆ, ਬੁੱਢਾ ਦਰਿਆ ਅਤੇ ਹੋਰ ਡਰੇਨਾਂ ਦੇ ਨਾਲ-ਨਾਲ ਨੀਵੇਂ ਇਲਾਕਿਆਂ ਦਾ ਦੌਰਾ ਕਰਕੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਕੀਤੀ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੇ ਸਟੇਸ਼ਨਾਂ ’ਤੇ ਆਪਣੇ ਫ਼ੋਨ 24 ਘੰਟੇ ਚਾਲੂ ਰੱਖਣਗੇ ਅਤੇ ਕੋਈ ਵੀ ਅਧਿਕਾਰੀ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਵਲੀਪੁਰ ਕਲਾਂ, ਬੱਲੋਕੇ, ਤਾਜਪੁਰ, ਢੋਕਾਂ ਮੁਹੱਲਾ, ਸ਼ਿਵਪੁਰੀ, ਨਿਊ ਕੁੰਦਨਪੁਰੀ, ਮਾਧੋਪੁਰੀ, ਗੋਪਾਲ ਨਗਰ ਆਦਿ ਅਹਿਮ ਪੁਆਇੰਟਾਂ ਦਾ ਨਿਰੀਖਣ ਕਰਨ ਲਈ ਵੀ ਆਖਿਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਡੇਢ ਲੱਖ ਤੋਂ ਵੱਧ ਬੋਰੀਆਂ ਖ਼ਰੀਦੀਆਂ ਜਾ ਚੁੱਕੀਆਂ ਹਨ ਅਤੇ ਸੰਭਾਵੀ ਉਲੰਘਣਾਵਾਂ ਲਈ ਲਗਪਗ 50,000 ਰੇਤ ਦੇ ਥੈਲੇ ਪਹਿਲਾਂ ਹੀ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਪਟਵਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਬੁੱਢਾ ਦਰਿਆ ਵਿੱਚ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਵਹਿਣ ਨੂੰ ਯਕੀਨੀ ਬਣਾਉਣ ਲਈ ਡਰੇਨੇਜ ਵਿਭਾਗ ਵੱਲੋਂ ਕੁੱਲ 17 ਪੋਕਲੇਨ ਮਸ਼ੀਨਾਂ ਬੁੱਢਾ ਦਰਿਆ ਦੇ ਨਾਲ 24 ਘੰਟੇ ਤਾਇਨਾਤ ਕੀਤੀਆਂ ਗਈਆਂ ਹਨ। ਇਸਤੋਂ ਇਲਾਵਾ ਨਗਰ ਨਿਗਮ ਵੱਲੋਂ ਬੁੱਢਾ ਦਰਿਆ ਦੇ ਨਾਲ ਸੱਤ ਪੋਕਲੇਨ ਮਸ਼ੀਨਾਂ, ਪੰਜ ਜੇਸੀਬੀ ਅਤੇ 20 ਟਿੱਪਰ ਵੀ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਬੁੱਢਾ ਦਰਿਆ ’ਤੇ ਕਈ ਪੁਆਇੰਟਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।

Advertisement

ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਸਥਾਪਤ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਹੜ੍ਹ ਵਰਗੀ ਸਥਿਤੀ ਦੀ ਨਿਗਰਾਨੀ ਕਰਨ ਲਈ ਪ੍ਰਬੰਧਕੀ ਕੰਪਲੈਕਸ ਵਿੱਚ 24x7 ਫਲੱਡ ਕੰਟਰੋਲ ਰੂਮ (161-2433100) ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿੱਚ ਤਾਇਨਾਤ ਸਟਾਫ਼ ਦਾ ਡਿਊਟੀ ਰੋਸਟਰ ਵੀ ਤਿਆਰ ਕਰ ਲਿਆ ਗਿਆ ਹੈ ਅਤੇ ਫਲੱਡ ਕੰਟਰੋਲ ਰੂਮ ਦੇ ਸਟਾਫ਼ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਲਈ ਇਸ ਕੰਟਰੋਲ ਰੂਮ ਦੀ ਚੈਕਿੰਗ ਲਈ ਪ੍ਰਸ਼ਾਸਨਿਕ ਸੀਨੀਅਰ ਅਧਿਕਾਰੀਆਂ ਨੂੰ ਵੀ ਰੋਟੇਸ਼ਨ ਆਧਾਰ ’ਤੇ ਨਿਯੁਕਤ ਕੀਤਾ ਗਿਆ ਹੈ। ਇਹ ਕੰਟਰੋਲ ਰੂਮ 30 ਸਤੰਬਰ 2024 ਤੱਕ ਕੰਮ ਕਰੇਗਾ।

Advertisement
Author Image

Advertisement
Advertisement
×