ਗੜ੍ਹਸ਼ੰਕਰ ਦੀਆਂ ਸੜਕਾਂ ’ਤੇ ਲੱਗੇ ਕੂੜੇ ਦੇ ਢੇਰ
ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 6 ਜੁਲਾਈ
ਸ਼ਹਿਰ ਅੰਦਰ ਸਫਾਈ ਪ੍ਰਬੰਧਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਇਸ ਦੀ ਤਾਜ਼ਾ ਮਿਸਾਲ ਇੱਥੋਂ ਦੇ ਬੰਗਾ ਮੁੱਖ ਮਾਰਗ ’ਤੇ ਸਿਨੇਮਾ ਅੱਗੇ ਸੜਕ ’ਤੇ ਲੱਗੇ ਕੂੜੇ ਦੇ ਢੇਰਾਂ ਤੋਂ ਦੇਖੀ ਜਾ ਸਕਦੀ ਹੈ, ਜਿੱਥੋਂ ਰਾਹਗੀਰਾਂ ਦਾ ਲਾਂਘਾ ਬੜਾ ਮੁਸ਼ਕਿਲ ਹੋਇਆ ਪਿਆ ਹੈ। ਇਸ ਕੂੜੇ ਦੇ ਢੇਰਾਂ ’ਚ ਚੁੱਗਦੇ ਆਵਾਰਾ ਪਸ਼ੂ ਸੜਕ ਵਿਚਕਾਰ ਆ ਜਾਂਦੇ ਹਨ, ਜੋ ਕਿ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ। ਜਿੱਥੇ ਰਾਹਗੀਰ ਪ੍ਰੇਸ਼ਾਨ ਹਨ, ਉੱਥੇ ਆਸ-ਪਾਸ ਦੁਕਾਨਦਾਰਾਂ ਨੂੰ ਵੀ ਡਾਢੀ ਪ੍ਰੇਸ਼ਾਨੀ ’ਚੋਂ ਗੁਜ਼ਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਸਫਾਈ ਕਰਮਚਾਰੀ ਇੱਥੋਂ ਟਰਾਲੀਆਂ ਭਰ ਕੇ ਕੂੜਾ ਚੁੱਕ ਕੇ ਲੈ ਜਾਂਦੇ ਹਨ ਪਰ ਉੱਪਰੋਂ ਬਰਸਾਤ ਮਹੀਨਾ ਹੋਣ ਕਾਰਨ ਕੂੜੇ ਦੇ ਢੇਰਾਂ ’ਚੋਂ ਬਦਬੂ ਆਉਂਦੀ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇੱਥੇ ਨੇੜੇ ਹੀ ਬੰਗਾ ਜਾਣ ਲਈ ਸਵਾਰੀਆਂ ਵੱਡੀ ਗਿਣਤੀ ’ਚ ਬੱਸਾਂ ਦੀ ਉਡੀਕ ਕਰਦੀਆਂ ਹਨ, ਜਿਨ੍ਹਾਂ ਨੂੰ ਇੱਥੇ ਬੈਠਣਾ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਕੂੜਾ ਸੁੱਟਣ ਲਈ ਸ਼ਹਿਰ ਤੋਂ ਬਾਹਰ ਕੋਈ ਹੋਰ ਥਾਂ ਬਣਾਈ ਜਾਵੇ ਤਾਂ ਜੋ ਸੰਭਾਵੀ ਬਿਮਾਰੀਆਂ ਤੋਂ ਬਚਿਆ ਜਾ ਸਕੇ।