For the best experience, open
https://m.punjabitribuneonline.com
on your mobile browser.
Advertisement

ਰਾਹਗੀਰਾਂ ਲਈ ਮੁਸੀਬਤ ਬਣੇ ਕੂੜੇ ਦੇ ਢੇਰ

08:37 AM Mar 03, 2024 IST
ਰਾਹਗੀਰਾਂ ਲਈ ਮੁਸੀਬਤ ਬਣੇ ਕੂੜੇ ਦੇ ਢੇਰ
ਦਾਊਮਾਜਰਾ ਰੋਡ ’ਤੇ ਪੈਂਦੇ ਕੂੜੇ ਵਾਲੇ ਡੰਪ ਦੇ ਬਾਹਰ ਖਿੱਲਰਿਆ ਹੋਇਆ ਕੂੜਾ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 2 ਮਾਰਚ
ਇੱਥੇ ਦਾਊਮਾਜਰਾ ਰੋਡ ’ਤੇ ਪੈਂਦੇ ਇਤਿਹਾਸਕ ਪ੍ਰਾਚੀਨ ਮਹਾਦੇਵ ਮੰਦਰ, ਗੰਗਾ ਸਾਗਰ, ਬਾਬਾ ਪੀਰ ਮਸਤਾਕ ਦੀ ਦਰਗਾਹ, ਬਿਜਲੀ ਘਰ, ਦੋ ਸਮਸ਼ਾਨਘਾਟਾਂ ਅਤੇ ਰਾਧਾ ਕ੍ਰਿਸ਼ਨ ਗਊਸਾਲਾ ਨੂੰ ਜਾਣ ਵਾਲੇ ਸਰਧਾਲੂਆਂ ਨੂੰ ਪਏ ਕੂੜੇ ਵਾਲੇ ਢੇਰਾਂ ਤੋਂ ਆ ਰਹੀ ਬਦਬੂ ਨੇ ਲੰਘਣਾ ਮੁਸ਼ਕਲ ਕੀਤਾ ਹੋਇਆ ਹੈ।
ਇਸ ਸਬੰਧੀ ਗਊਸ਼ਾਲਾ ਦੇ ਸੰਚਾਲਕ ਸ਼ਤੀਸ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਗੰਦਗੀ ਲਈ ਬਣਾਏ ਕੂੜੇ ਵਾਲੇ ਡੰਪ ਦੇ ਆਲੇ ਦੁਆਲੇ ਕੰਧਾਂ ਢਹੀਆਂ ਪਈਆਂ ਹਨ। ਗੰਦਗੀ ’ਚੋਂ ਆ ਰਹੀ ਬਦਬੂ ਆਉਣ ਕਾਰਨ ਮੰਦਰ ਜਾਣ ਵਾਲੇ ਭਗਤਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਨਾਲ ਹੀ ਹੱਡਾ ਰੋੜੀ ਹੈ ਜਿੱਥੇ ਮਰੇ ਪਸ਼ੂ ਸੁੱਟਣ ਕਾਰਨ ਵੀ ਬਦਬੂ ਤੋਂ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਆਵਾਰਾ ਕੁੱਤਿਆਂ ਤੋਂ ਵੀ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੂੜੇ ਵਾਲੇ ਡੰਪ ਦੇ ਆਲੇ ਦੁਆਲੇ ਕੀਤੀ ਚਾਰਦੀਵਾਰੀ ਵੀ ਕਥਿਤ ਗ਼ੈਰ-ਮਿਆਰੀ ਸਮੱਗਰੀ ਦੀ ਵਰਤੋਂ ਕਾਰਨ ਢਹਿ-ਢੇਰੀ ਹੋ ਚੁੱਕੀ ਹੈ। ਇਸ ਕਰ ਕੇ ਕੂੜੇ ਵਾਲੇ ਢੇਰ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਅਤੇ ਹੋਰ ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਕੂੜੇ ਵਾਲੇ ਡੰਪ ਨੂੰ ਸ਼ਹਿਰ ਦੀ ਵਸੋਂ ਤੋਂ ਦੂਰ ਕੀਤਾ ਜਾਵੇ।

Advertisement

ਡੰਪ ਸ਼ਹਿਰ ਤੋਂ ਬਾਹਰ ਕੱਢਣਾ ਸਰਕਾਰ ਦਾ ਕੰਮ: ਧਾਲੀਵਾਲ

ਨਗਰ ਕੌਂਸਲ ਦੇ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੂੜੇ ਵਾਲਾ ਡੰਪ ਓਵਰਫਲੋਅ ਹੋਣ ਕਾਰਨ ਕੰਧਾਂ ਡਿੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਦੁਬਾਰਾ ਬਣਾਉਣ ਅਤੇ ਉੱਚੀਆਂ ਕਰਨ ਲਈ 8 ਲੱਖ ਰੁਪਏ ਦੇ ਐਸਟੀਮੇਟ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੂੜੇ ਵਾਲੇ ਡੰਪ ਨੂੰ ਬਾਹਰ ਕੱਢਣ ਦਾ ਹੱਲ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਕਿਉਂਕਿ ਐਨਾ ਬਜਟ ਕਮੇਟੀ ਕੋਲ ਨਹੀਂ।

Advertisement
Author Image

Advertisement
Advertisement
×