ਗੈਂਗਸਟਰ ਹੈਪੀ ਬਾਬਾ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 2 ਫਰਵਰੀ
ਪੁਲੀਸ ਨੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਪਿੰਡ ਅਲਾਦੀਨਪੁਰ, ਤਰਨ ਤਾਰਨ ਨੂੰ ਪਿਸਤੌਲ ਤੇ ਹੋਰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮ ਹੈਪੀ ਬਾਬਾ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਬਾਬਾ, ਹੈਪੀ ਜੱਟ ਲਈ ਕੰਮ ਕਰਦਾ ਹੈ। ਹੈਪੀ ਜੱਟ ਸੂਬੇ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਲਈ ਟਾਰਗੈੱਟ ਕਿਲਿੰਗ ਦੀ ਸਾਜ਼ਿਸ਼ ਰਚ ਰਿਹਾ ਸੀ। ਬਾਬਾ ਪੰਜਾਬ ਵਿੱਚ ਹਥਿਆਰਾਂ ਦੇ ਵੱਡੇ ਸਪਲਾਇਰਾਂ ’ਚੋਂ ਇੱਕ ਹੈ। ਉਹ ਮੱਧ ਪ੍ਰਦੇਸ਼ ਦੇ ਹਥਿਆਰ ਸਪਲਾਇਰਾਂ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਵੱਲੋਂ ਤਰਨ ਤਾਰਨ ਦੇ ਨਾਨਕਸਰ ਮੁਹੱਲੇ ਦੇ ਵਿਕਰਮਜੀਤ ਸਿੰਘ ਉਰਫ ਵਿੱਕੀ ਭੱਟੀ ਨੂੰ ਗ੍ਰਿਫਤਾਰ ਕਰਨ ਤੋਂ 25 ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਵਿੱਕੀ ਭੱਟੀ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹੈਪੀ ਜੱਟ ਨੇ ਬਾਬਾ ਨੂੰ ਟਾਰਗੈੱਟ ਕਿਲਿੰਗ ਦੀ ਜ਼ਿੰਮੇਵਾਰੀ ਸੌਂਪੀ ਸੀ। ਇਸ ਬਾਰੇ ਜਾਣਕਾਰੀ ਮਿਲਣ ਮਗਰੋਂ ਉਨ੍ਹਾਂ ਤਰਨ ਤਰਨ ਨੇੜਿਓਂ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ-ਪੜਤਾਲ ਦੌਰਾਨ ਬਾਬਾ ਨੇ ਮੰਨਿਆ ਕਿ ਉਹ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ।