ਦੂਸ਼ਿਤ ਪਾਣੀ ਕਾਰਨ ਯੂਪੀ ’ਚ ਗੰਗਾ ਦੇ ਪਾਣੀ ਦੀ ਗੁਣਵੱਤਾ ਖ਼ਰਾਬ: ਐੱਨਜੀਟੀ
ਨਵੀਂ ਦਿੱਲੀ, 9 ਨਵੰਬਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਕਿਹਾ ਹੈ ਕਿ ਦੂਸ਼ਿਤ ਪਾਣੀ ਛੱਡਣ ਕਾਰਨ ਉੱਤਰ ਪ੍ਰਦੇਸ਼ ’ਚ ਗੰਗਾ ਦੇ ਪਾਣੀ ਦੀ ਗੁਣਵੱਤਾ ਖਰਾਬ ਹੋ ਰਹੀ ਹੈ। ਇਸ ਤੋਂ ਪਹਿਲਾਂ ਗੰਗਾ ਵਿੱਚ ਪ੍ਰਦੂਸ਼ਣ ਦੀ ਰੋਕਥਾਮ ’ਤੇ ਵਿਚਾਰ ਕਰਦਿਆਂ ਗ੍ਰੀਨ ਟ੍ਰਿਬਿਊਨਲ ਨੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਤੋਂ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਰਿਪੋਰਟਾਂ ਮੰਗੀਆਂ ਸਨ। ਐੱਨਜੀਟੀ ਨੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਸੂਬੇ ਦੇ ਮੁੱਖ ਸਕੱਤਰ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ’ਚ ਹਰ ਤੋਂ ਨਿਕਲਦੇ ਗੰਦੇ ਪਾਣੀ ਅਤੇ ਉਹ ਗੰਦਾ ਪਾਣੀ ਸੋਧਣ ਲਈ ‘ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ)’ ਬਾਰੇ ਜਾਣਕਾਰੀ ਹੋਵੇ, ਜਿਨ੍ਹਾਂ ਨਾਲ ਉਨ੍ਹਾਂ ਨੂੰ ਜੋੜਨ ਦਾ ਪ੍ਰਸਤਾਵ ਸੀ।
ਹੁਕਮਾਂ ਵਿੱਚ ਐੱਨਜੀਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੇ ਬੈਂਚ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਰਿਪੋਰਟਾਂ ਅਨੁਸਾਰ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਸੀਵਰੇਜ ਟ੍ਰੀਟਮੈਂਟ ’ਚ 128 ਐੱਮਐੱਲਡੀ (ਮਿਲੀਅਨ ਲਿਟਰ ਪ੍ਰਤੀ ਦਿਨ) ਦਾ ਫਰਕ ਹੈ। ਬੈਂਚ ਨੇ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ 25 ਡਰੇਨਾਂ ਦਾ ਸੀਵਰੇਜ ਪਾਣੀ ਸੋਧੇ ਬਿਨਾਂ ਗੰਗਾ ਜਦਕਿ 15 ਡਰੇਨਾਂ ਦਾ ਪਾਣੀ ਯਮੁਨਾ ਨਦੀ ਵਿੱਚ ਪੈਂਦਾ ਹੈ। ਬੈਂਚ ਵਿੱਚ ਨਿਆਂਇਕ ਮੈਂਬਰ ਜਸਟਿਸ ਸੁਧੀਰ ਅਗਰਵਾਲ ਤੇ ਮਾਹਿਰ ਮੈਂਬਰ ਏ ਸੇਂਥਿਲ ਵੇਲ ਵੀ ਸ਼ਾਮਲ ਹਨ। ਟ੍ਰਿਬਿਊਨਲ ਨੇ ਕਿਹਾ, ‘ਸਾਨੂੰ ਪਤਾ ਲੱਗਾ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ 22 ਅਕਤੂਬਰ ਦੀ ਰਿਪੋਰਟ ਵਿੱਚ ਦਰਸਾਈਆਂ ਗਈਆਂ 326 ’ਚੋਂ 247 ਡਰੇਨਾਂ ਦਾ ਪਾਣੀ ਬਿਨਾ ਸੋਧਿਆ ਹੈ ਅਤੇ ਇਨ੍ਹਾਂ ’ਚੋਂ 3,513.16 ਐੱਮਐੱਲਡੀ ਗੰਦਾ ਪਾਣੀ ਗੰਗਾ ਅਤੇ ਸਹਾਇਕ ਨਦੀਆਂ ਵਿੱਚ ਡਿੱਗਦਾ ਹੈ।’ -ਪੀਟੀਆਈ