For the best experience, open
https://m.punjabitribuneonline.com
on your mobile browser.
Advertisement

ਗੰਗਾ ਰਾਮ ਸੁਧਰ ਗਿਆ

11:34 AM Apr 20, 2024 IST
ਗੰਗਾ ਰਾਮ ਸੁਧਰ ਗਿਆ
Advertisement

ਜਤਿੰਦਰ ਮੋਹਨ

ਇੱਕ ਪਿੰਡ ਵਿੱਚ ਇੱਕ ਬਾਗ਼ ਲੱਗਾ ਹੋਇਆ ਸੀ। ਇਹ ਸੜਕ ’ਤੇ ਸਥਿਤ ਹੋਣ ਕਾਰਨ ਫ਼ਲ ਵੇਚਣ ਜਾਣਾ ਸੌਖਾ ਸੀ। ਬਾਗ਼ ਵਿੱਚ ਜ਼ਿਆਦਾ ਬੂਟੇ ਅਮਰੂਦਾਂ ਦੇ ਸਨ। ਅਨਾਰ, ਅੰਬ, ਜਾਮਣ, ਕਿਨੂੰ ਅਤੇ ਨਿੰਬੂ ਦੇ ਬੂਟੇ ਕੋਈ ਕੋਈ ਹੀ ਸਨ। ਬਾਗ਼ ਆਮ ਕਰਕੇ ਠੇਕੇ ’ਤੇ ਚੜ੍ਹਦਾ। ਕਈ ਸਾਲਾਂ ਤੋਂ ਇੱਕ ਰਾਮ ਲਾਲ ਨਾਂ ਦਾ ਵਿਅਕਤੀ ਇਸ ਨੂੰ ਠੇਕੇ ’ਤੇ ਲੈ ਰਿਹਾ ਸੀ। ਰਾਮ ਲਾਲ ਦੀ ਉਮਰ ਭਾਵੇਂ ਬਹੁਤੀ ਵੱਡੀ ਤਾਂ ਨਹੀਂ ਸੀ ਪਰ ਉਸ ਦੀ ਦੂਰ ਦੀ ਨਜ਼ਰ ਜ਼ਰੂਰ ਕਮਜ਼ੋਰ ਹੋ ਗਈ ਸੀ।
ਅਮਰੂਦਾਂ ਦੇ ਫ਼ਲ ਜਦੋਂ ਥੋੜ੍ਹੇ ਜਿਹੇ ਵੱਡੇ ਹੋਣ ਲੱਗਦੇ ਤਾਂ ਰਾਮ ਲਾਲ ਪੀਪਾ ਚੁੱਕ ਕੇ ਬਾਗ਼ ਵਿੱਚ ਉਸ ਨੂੰ ਖੜਕਾਉਂਦਾ। ਖਾਲੀ ਪੀਪੇ ਦਾ ਖੜਕਾ ਦੂਰ ਦੂਰ ਤੱਕ ਸੁਣਦਾ। ਪੰਛੀ ਡਰਦੇ ਮਾਰੇ ਭੱਜ ਜਾਂਦੇ।
ਇਸ ਬਾਗ਼ ਦੇ ਨੇੜੇ ਬਹੁਤੇ ਬਾਗ ਨਹੀਂ ਸਨ। ਇਸ ਲਈ ਬਹੁਤੇ ਪੰਛੀਆਂ ਦਾ ਇਹੀ ਟਿਕਾਣਾ ਹੁੰਦਾ। ਤਿੱਤਰ, ਤੋਤੇ, ਚਿੜੀਆਂ, ਘੁੱਗੀਆਂ ਅਤੇ ਗੁਟਾਰਾਂ ਵਰਗੇ ਪੰਛੀ ਇੱਥੇ ਅਕਸਰ ਰਹਿੰਦੇ। ਰਾਮ ਲਾਲ ਨੂੰ ਇਹ ਬੜੇ ਪਿਆਰੇ ਲੱਗਦੇ ਪਰ ਮਜਬੂਰੀ ਵੀ ਬਹੁਤ ਵੱਡੀ ਚੀਜ਼ ਹੈ ਸੋ ਉਹ ਆਪਣੀ ਪਤਨੀ ਵਿੱਦਿਆ ਨਾਲ ਰਲ ਕੇ ਕਦੇ ਕਦੇ ਗੱਲਾਂ ਕਰਦਾ:
‘‘ਵਿਦਿਆ ਇਹ ਬਾਗ਼ ਵੀ ਪਾਪ ਆਲਾ ਕੰਮ ਐ।’’
‘‘ਕਿਵੇਂ ਜੀ?’’
‘‘ਸਾਰਾ ਦਿਨ ਪੀਪਾ ਖੜਕਾਉਂਦੇ ਰਹਿੰਦੇ ਹਾਂ, ਕਿਸੇ ਪੰਛੀ ਨੂੰ ਆਰਾਮ ਕਰਨਾ ਨਹੀਂ ਮਿਲਦਾ, ਹੈ ਤਾਂ ਇਹ ਵੀ ਆਪਣੇ ਵਰਗੇ ਈ।’’
‘‘ਦੇਖੋ ਜੀ ਸੰਸਾਰ ਦੇ ਸਾਰੇ ਕੰਮ ਵੰਡੇ ਹੋਏ ਨੇ, ਜੇ ਸਾਰੇ ਤੁਹਾਡੇ ਵਾਂਗ ਸੋਚਣ ਲੱਗ ਪਏ ਤਾਂ ਕਿਵੇਂ ਕੰਮ ਚੱਲੂ।’’
‘‘ਹਾਂ ਗੱਲ ਤਾਂ ਤੇਰੀ ਠੀਕ ਹੈ ਪਰ ਜਦੋਂ ਮੈਂ ਇਨ੍ਹਾਂ ਦੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਸੁਣਦਾ ਹਾਂ ਤਾਂ ਇਹ ਮੈਨੂੰ ਮੇਰੇ ਬੱਚੇ ਹੀ ਲੱਗਦੇ ਹਨ।’’
‘‘ਬਹੁਤੇ ਭਾਵੁਕ ਨਾ ਹੋਵੋ, ਇਸ ਤਰ੍ਹਾਂ ਨ੍ਹੀਂ ਕੰਮ ਚੱਲਣਾ।’’ ਹੱਸਦੀ ਹੋਈ ਵਿੱਦਿਆ ਬੋਲੀ ਤੇ ਪੁੱਛਿਆ, ‘‘ਐਤਕੀਂ ਤਾਂ ਬਚੂ ਕੁਝ?’’
‘‘ਹਾਂ! ਠੇਕਾ ਛੇਤੀ ਪੂਰਾ ਹੋ ਜੂ, ਫਿਰ ਬਚਣ ’ਤੇ ਹੀ ਹੈ।’’
‘‘ਚੱਲ ਚੰਗਾ।’’
ਰਾਮ ਲਾਲ ਤੇ ਉਸ ਦੀ ਘਰਵਾਲੀ ਬਾਗ਼ ਵਿੱਚ ਹੀ ਰਹਿੰਦੇ ਸਨ। ਉਸ ਦਾ ਪੁੱਤਰ ਕਮਲ ਤੇ ਉਸ ਦਾ ਪਰਿਵਾਰ ਫ਼ਲ ਅੱਗੇ ਸ਼ਹਿਰਾਂ ਵਿੱਚ ਵੇਚਦੇ ਸਨ। ਰਾਮ ਲਾਲ ਦੇ ਪੋਤੇ ਵੀ ਇਸ ਕੰਮ ਵਿੱਚ ਪਰਿਵਾਰ ਦੀ ਸਹਾਇਤਾ ਕਰਦੇ। ਇਸ ਤਰ੍ਹਾਂ ਘਰ ਦਾ ਕੰਮਕਾਰ ਵਧੀਆ ਚੱਲੀ ਜਾਂਦਾ ਸੀ। ਬਾਗ਼ ਵਿੱਚ ਭਾਵੇਂ ਬਹੁਤ ਸਾਰੇ ਪੰਛੀ ਰਹਿੰਦੇ ਸਨ ਪਰ ਉਹ ਆਪਣੀ ਜ਼ਰੂਰਤ ਅਨੁਸਾਰ ਹੀ ਫ਼ਲ ਤੋੜ ਕੇ ਖਾਂਦੇ ਜਾਂ ਬੂਟੇ ’ਤੇ ਖੜ੍ਹੇ ਫ਼ਲ ਹੀ ਟਾਹਣੀ ’ਤੇ ਬੈਠ ਕੇ ਖਾ ਲੈਂਦੇ। ਗੰਗਾ ਰਾਮ ਨਾਮ ਦਾ ਇੱਕ ਤੋਤਾ ਵੀ ਇਸੇ ਬਾਗ਼ ਵਿੱਚ ਰਹਿੰਦਾ ਸੀ। ਉਹ ਆਪਣੇ ਆਪ ਨੂੰ ਬਾਗ਼ ਦਾ ਮਾਲਕ ਸਮਝਦਾ। ਬਾਕੀ ਪੰਛੀਆਂ ਨੂੰ ਉਹ ਕੁਝ ਨਹੀਂ ਸਮਝਦਾ ਸੀ। ਉਸ ਦੀਆਂ ਕਈ ਆਦਤਾਂ ਮਾੜੀਆਂ ਸਨ। ਉਹ ਦੂਜੇ ਪੰਛੀਆਂ ਨਾਲ ਲੜਨ ਲਈ ਹਮੇਸ਼ਾ ਤਿਆਰ ਰਹਿੰਦਾ। ਸਾਰੇ ਪੰਛੀ ਉਸ ਨੂੰ ਘੱਟ ਹੀ ਬੁਲਾਉਂਦੇ ਪਰ ਇੱਕ ਚਿੜੇ ਨਾਲ ਉਸ ਦੀ ਥੋੜ੍ਹੀ ਬਹੁਤ ਦੋਸਤੀ ਜ਼ਰੂਰ ਸੀ। ਇੱਕ ਦਿਨ ਉਹ ਦੋਵੇਂ ਅਮਰੂਦ ਦੇ ਦਰੱਖਤ ’ਤੇ ਬੈਠੇ ਸਨ। ਗੰਗਾ ਰਾਮ ਕੱਚੇ ਅਮਰੂਦ ਤੋੜ ਤੋੜ ਕੇ ਸੁੱਟ ਰਿਹਾ ਸੀ ਤਾਂ ਚਿੜੇ ਨੇ ਕਿਹਾ, ‘‘ਗੰਗਾ ਰਾਮ ਤੇਰਾ ਇਹ ਕੰਮ ਚੰਗਾ ਨਹੀਂ।’’
‘‘ਕੀ?’’ ਗੁੱਸੇ ਵਿੱਚ ਗੰਗਾ ਰਾਮ ਕੜਕਿਆ।
‘‘ਕੱਚੇ ਅਮਰੂਦ ਸੁੱਟਣ ਵਾਲਾ ਕੰਮ। ਮਾਲੀ ਰਾਮ ਲਾਲ ਤੇਰੇ ਤੋਂ ਬਹੁਤ ਦੁਖੀ ਹੋਵੇਗਾ।’’
‘‘ਦੁਖੀ ਹੋਵੇਗਾ...।’’ ਚਿੜੇ ਨੂੰ ਚਿੜਾਉਂਦੇ ਹੋਏ ਗੰਗਾ ਬੋਲਿਆ ਤੇ ਗੁੱਸੇ ਵਿੱਚ ਕਹਿਣ ਲੱਗਾ, ‘‘ਮੱਤਾਂ ਦਿੰਦੈ ਤੂੰ, ਓਏ ਮੈਨੂੰ ਨਿੱਕੜਿਆ ਜਿਹਾ।’’
ਚਿੜਾ ਚੁੱਪ ਕਰਕੇ ਉੱਥੋਂ ਚਲਾ ਗਿਆ। ਦੋਹਾਂ ਵਿੱਚ ਬੋਲਚਾਲ ਬੰਦ ਹੋ ਗਈ। ਦੂਜੇ ਪੰਛੀ ਤਾਂ ਪਹਿਲਾਂ ਹੀ ਉਸ ਦੀਆਂ ਆਦਤਾਂ ਤੋਂ ਜਾਣੂ ਸਨ। ਉਨ੍ਹਾਂ ਨੇ ਚਿੜੇ ਨੂੰ ਕਿਹਾ, ‘‘ਅਸੀਂ ਤਾਂ ਭਰਾਵਾ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਮਿਲਵਰਤਨ ਵਾਲਾ ਨਹੀਂ ਹੈ।’’
‘‘ਚਲੋ ਠੀਕ ਹੈ।’’ ਚਿੜਾ ਨਿਮਰਤਾ ਨਾਲ ਬੋਲਿਆ।
ਇੱਕ ਦਿਨ ਦੁਖੀ ਹੋਏ ਰਾਮ ਲਾਲ ਨੇ ਆਪਣੇ ਪੋਤੇ ਸੁੰਦਰ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ, ‘‘ਸੁੰਦਰ ਬੇਟਾ ਬਾਗ਼ ਵਿੱਚ ਇੱਕ ਤੋਤਾ ਹੈ, ਉਹਨੇ ਬਹੁਤ ਤੰਗ ਕਰ ਛੱਡਿਐ। ਇੱਕ ਤਾਂ ਉਹਦਾ ਰੰਗ ਪੱਤਿਆਂ ਵਰਗੈ ਮੈਨੂੰ ਦਿਖਦਾ ਨਹੀਂ ਦਿੰਦਾ, ਦੂਜਾ ਹੁਸ਼ਿਆਰ ਬਹੁਤ ਐ।’’
‘‘ਕਿਵੇਂ ਦਾਦਾ ਜੀ?’’
‘‘ਉਹ ਤਾਂ ਕੱਚੇ ਅਮਰੂਦ ਸੁੱਟਦਾ ਰਹਿੰਦੈ। ਖਾਂਦਾ ਘੱਟ ਹੈ ਤੇ ਖ਼ਰਾਬ ਵੱਧ ਕਰਦੈ, ਤੇ ਜਾਂਦਾ ਜਾਂਦਾ ਖਿਝਾ ਕੇ ਕੀਰ ਕੀਰ ਕਰਦਾ ਜਾਊ।’’
‘‘ਕੋਈ ਨਹੀਂ ਅੱਜ ਦੇਖਦੇ ਆਂ।’’
ਸੁੰਦਰ ਪੱਕਾ ਨਿਸ਼ਾਨੇਬਾਜ਼ ਹੋਣ ਕਰਕੇ ਇੱਕ ਗੁਲੇਲ ਤੇ ਗੁਲੇਲੇ ਜੋ ਕਿ ਬਜਰੀ ਦੀਆਂ ਵੱਟੀਆਂ ਸਨ, ਜੇਬ ਵਿੱਚ ਪਾ ਕੇ ਬਾਗ਼ ਵਿੱਚ ਗੇੜੇ ਮਾਰਨ ਲੱਗਾ। ਚਿੜੇ ਨੇ ਰਾਮ ਲਾਲ ਤੇ ਸੁੰਦਰ ਦੇ ਵਾਰਤਾਲਾਪ ਨੂੰ ਸੁਣ ਲਿਆ, ਭਾਵੇਂ ਹੁਣ ਉਨ੍ਹਾਂ ਦੋਵਾਂ ਦੀ ਮਿੱਤਰਤਾ ਟੁੱਟ ਚੁੱਕੀ ਸੀ ਪਰ ਫਿਰ ਵੀ ਉਨ੍ਹਾਂ ਦੇ ਦਿਲ ਅਜੇ ਵੀ ਇੱਕ ਦੂਜੇ ਨਾਲ ਮਿਲਦੇ ਸਨ।
ਗੰਗਾ ਰਾਮ ਚੁੱਪ ਚੁਪੀਤੇ ਅਮਰੂਦ ਦੇ ਦਰੱਖਤ ’ਤੇ ਆ ਕੇ ਬੈਠ ਗਿਆ। ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸੁੰਦਰ ਵੀ ਗੇੜੇ ਮਾਰਦਾ ਮਾਰਦਾ ਉੱਥੇ ਹੀ ਆ ਗਿਆ। ਉਸ ਨੇ ਗੰਗਾ ਰਾਮ ਨੂੰ ਦੇਖ ਲਿਆ ਅਤੇ ਜੇਬ ਵਿੱਚੋਂ ਇੱਕ ਵੱਡੀ ਗੁਲੇਲ ’ਤੇ ਗੁਲੇਲਾ ਚੜ੍ਹਾ ਲਿਆ ਅਤੇ ਨਿਸ਼ਾਨਾ ਬਿੰਨ੍ਹਿਆ।
‘‘ਭੱਜ ਜਾ ਗੰਗਾ ਰਾਮ, ਭੱਜ ਜਾ ਗੰਗਾ ਰਾਮ।’’ ਨੇੜੇ ਬੈਠੇ ਚਿੜੇ ਨੇ ਉੱਚੀ ਉੱਚੀ ਪੁਕਾਰਿਆ ਤਾਂ ਗੰਗਾ ਰਾਮ ਭੱਜ ਗਿਆ। ਸੁੰਦਰ ਦਾ ਨਿਸ਼ਾਨਾ ਪੱਕਾ ਸੀ। ਜਿਨ੍ਹਾਂ ਪੱਤਿਆਂ ਕੋਲ ਉਹ ਬੈਠਾ ਸੀ, ਉਨ੍ਹਾਂ ਦੇ ਵਿਚਕਾਰ ਦੀ ਉਹ ਨਿਸ਼ਾਨਾ ਲੰਘ ਗਿਆ। ਗੰਗਾ ਰਾਮ ਦੀ ਜਾਨ ਬਚ ਗਈ। ਉਸ ਨੇ ਨੇੜੇ ਆ ਕੇ ਆਪਣੇ ਮਿੱਤਰ ਚਿੜੇ ਤੋਂ ਮੁਆਫ਼ੀ ਮੰਗੀ ਤੇ ਕਿਹਾ:
‘‘ਭਰਾਵਾ ਮੈਂ ਤੈਨੂੰ ਐਵੇਂ ਹੀ ਛੋਟਾ ਸਮਝ ਕੇ ਗ਼ਲਤ ਬੋਲ ਗਿਆ। ਤੂੰ ਮੇਰੀ ਜਾਨ ਬਚਾਈ ਹੈ, ਬੋਲ ਮੈਂ ਤੇਰਾ ਕਰਜ਼ ਕਿਵੇਂ ਉਤਾਰਾਂ?’’
‘‘ਕਰਜ਼ ਕੁਰਜ਼ ਤਾਂ ਕੋਈ ਨਹੀਂ ਪਰ ਮੈਂ ਤੈਨੂੰ ਸਲਾਹ ਦਿੰਨਾ, ਬਈ ਜ਼ਰੂਰਤ ਅਨੁਸਾਰ ਹੀ ਅਮਰੂਦ ਖਾ, ਤੋੜ ਕੇ ਖ਼ਰਾਬ ਨਾ ਕਰ। ਬਾਕੀ ਆਪਣੇ ਸਾਥੀਆਂ ਨਾਲ ਵੀ ਮਿੱਤਰਤਾ ਰੱਖ। ਮਿੱਤਰਤਾ ਵਿੱਚ ਹੀ ਸਭ ਕੁਝ ਹੈ। ਜੇ ਆਪਾਂ ਪੱਕੇ ਮਿੱਤਰ ਸਾਂ ਤਾਂ ਹੀ ਮੈਂ ਤੈਨੂੰ ਭਜਾਇਆ। ਜੇ ਸਾਰੇ ਮਿਲ ਜੁਲ ਕੇ ਰਹਾਂਗੇ ਤਾਂ ਵਧੀਆ ਰਹਾਂਗੇ।’’
‘‘ਹਾਂ ਮੈਂ ਆਪਣੇ ਆਪ ਵਿੱਚ ਜ਼ਰੂਰ ਸੁਧਾਰ ਕਰਾਂਗਾ।’’ ਇਹ ਕਹਿ ਕੇ ਦੋਵੇਂ ਜਣੇ ਉੱਥੋਂ ਉੱਡ ਗਏ।
ਹੁਣ ਰਾਮ ਲਾਲ ਖ਼ੁਸ਼ ਸੀ। ਕਈ ਦਿਨਾਂ ਤੋਂ ਬਾਗ਼ ਵਿੱਚ ਨੁਕਸਾਨ ਨਹੀਂ ਸੀ ਹੋ ਰਿਹਾ। ਉਸ ਨੂੰ ਤੋਤੇ ਦੇ ਸੁਧਰਨ ’ਤੇ ਬਹੁਤ ਖ਼ੁਸ਼ੀ ਹੋਈ।

Advertisement

ਸੰਪਰਕ: 94630-20766

Advertisement
Author Image

sukhwinder singh

View all posts

Advertisement
Advertisement
×