For the best experience, open
https://m.punjabitribuneonline.com
on your mobile browser.
Advertisement

ਗੰਗਾ ਬਿਨਾਂ ਕਿਸੇ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ: ਪੁਰੋਹਿਤ

08:15 AM Jun 25, 2024 IST
ਗੰਗਾ ਬਿਨਾਂ ਕਿਸੇ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ  ਪੁਰੋਹਿਤ
ਕੈਂਪ’ ਦਾ ਉਦਘਾਟਨ ਕਰਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 24 ਜੂਨ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਛੇ ਰੋਜ਼ਾ ‘ਕੌਮੀ ਲਰਨ ਟੂ ਲਿਵ ਟੁਗੈਦਰ ਕੈਂਪ’ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਦੇ ਵੀ ਕੋਈ ਭੇਦਭਾਵ ਨਹੀਂ ਸੀ ਅਤੇ ਹੋਣਾ ਵੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਗੰਗਾ ਪਹਾੜਾਂ ’ਚੋਂ ਨਿਕਲਦੀ ਹੈ ਅਤੇ ਬਿਨਾਂ ਕਿਸੇ ਸਭਿਆਚਾਰ ਅਤੇ ਧਾਰਮਿਕ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਸਾਦਾ ਜੀਵਨ ਜਿਉਣ ਦਾ ਸਿਧਾਂਤ ਦਿੱਤਾ ਹੈ, ਇਸ ਲਈ ਕੋਈ ਬੱਚਾ ਵੱਡੀ ਕਾਰ ਵਿੱਚ ਆਉਣ ਨਾਲ ਵੱਡਾ ਨਹੀਂ ਹੁੰਦਾ ਅਤੇ ਸਾਈਕਲ ’ਤੇ ਆਉਣ ਨਾਲ ਕੋਈ ਛੋਟਾ ਨਹੀਂ ਹੁੰਦਾ। ਕਦੇ ਵੀ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਜ਼ਿੰਦਗੀ ਆਪਣੇ ਸਾਧਨਾਂ ਨਾਲ ਜਿਉਣੀ ਚਾਹੀਦੀ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਮਿਸਾਲ ਦਿੱਤੀ ਕਿ ਕਿਵੇਂ ਗਰੀਬੀ ’ਚੋਂ ਉੱਠ ਕੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ। ਰਾਜਪਾਲ ਨੇ ਕੈਂਪ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਬਾਲ ਭਲਾਈ ਕੌਂਸਲ ਦੀ ਚੇਅਰਪਰਸਨ ਪ੍ਰਾਜਕਤਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੈਂਪ ਵਿੱਚ 16 ਸੂਬਿਆਂ ਦੇ 10 ਤੋਂ 14 ਸਾਲਾ ਬੱਚੇ ਹਿੱਸਾ ਲੈ ਰਹੇ ਹਨ। ਇਸ ਮੌਕੇ ਗੁਰਦੀਪ ਸ਼ਰਮਾ, ਜਸਕੰਵਲਜੀਤ ਕੌਰ, ਡਾ. ਰਵਿੰਦਰ ਸਿੰਘ, ਅਨਿਲ ਸਿੱਧੂ, ਪ੍ਰਵੇਸ਼ ਕੁਮਾਰ, ਮਹਿੰਦਰ ਤੁਲ, ਕੁਲਵਿੰਦਰ ਸਿੰਘ, ਗੁਰਦੀਪ ਧੀਮਾਨ, ਅਭਿਸ਼ੇਕ ਸ਼ਰਮਾ, ਰਿੰਪੀ, ਅਨੂਪ ਕਿਰਨ ਕੌਰ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×