For the best experience, open
https://m.punjabitribuneonline.com
on your mobile browser.
Advertisement

ਗਾਂਧੀ ਨੇ ਚੋਣ ਸਰਗਰਮੀਆਂ ਭਖਾਈਆਂ, ਟਕਸਾਲੀ ਕਾਂਗਰਸੀਆਂ ਨੇ ਵਿਰੋਧੀ ਸੁਰਾਂ ਅਪਣਾਈਆਂ

10:56 AM Apr 07, 2024 IST
ਗਾਂਧੀ ਨੇ ਚੋਣ ਸਰਗਰਮੀਆਂ ਭਖਾਈਆਂ  ਟਕਸਾਲੀ ਕਾਂਗਰਸੀਆਂ ਨੇ ਵਿਰੋਧੀ ਸੁਰਾਂ ਅਪਣਾਈਆਂ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਅਪਰੈਲ
ਸਾਬਕਾ ਸੰਸਦ ਮੈਂਬਰ ਅਤੇ ਪਟਿਆਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ। ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਕਦੇ ਵੀ ਭਾਜਪਾ ਦੇ ਮਨਸੂਬਿਆਂ ਦਾ ਹਿੰਦੂ ਰਾਸ਼ਟਰ ਨਹੀਂ ਬਣੇਗਾ ਸਗੋਂ ਇਹ ਲੋਕ ਇਸ ਬਾਰੇ ਮੂੰਹ ਦੀ ਖਾ ਕੇ ਵਿਰੋਧੀ ਧਿਰ ਵਿੱਚ ਬੈਠਣਗੇ।
ਡਾ. ਗਾਂਧੀ ਨੇ ਇੱਥੇ ਕਿਹਾ ਕਿ ਕਾਂਗਰਸੀ ਪਾਰਟੀ ਹੀ ਹੈ ਜੋ ਭਾਰਤ ਨੂੰ ਫਾਸ਼ੀਵਾਦੀ ਤਾਕਤਾਂ ਤੋਂ ਬਚਾ ਸਕਦੀ ਹੈ, ਨਹੀਂ ਤਾਂ ਭਾਜਪਾ ਨੇ ਆਰਐੱਸਐੱਸ ਦੇ ਏਜੰਡੇ ’ਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਤਹੱਈਆ ਕੀਤਾ ਹੋਇਆ ਹੈ ਪਰ ਕਾਂਗਰਸ ਕਦੇ ਵੀ ਭਾਜਪਾ ਨੂੰ ਇਨ੍ਹਾਂ ਫੁੱਟ ਪਾਊ ਤੇ ਦੇਸ਼ ਵੰਡੂ ਮਨਸੂਬਿਆਂ ਲਈ ਕਾਮਯਾਬ ਨਹੀਂ ਹੋਣ ਦੇਣਗੇ। ਡਾ. ਗਾਂਧੀ ਨੇ ਕਿਹਾ,‘ਇਹ ਕੋਈ ਮੇਰੀ ਲੜਾਈ ਨਹੀਂ ਹੈ, ਨਾ ਹੀ ਇਹ ਕਿਸੇ ਹੋਰ ਦੀ ਲੜਾਈ ਹੈ ਇਹ ਪੂਰੇ ਦੇਸ਼ ਦੀ ਲੜਾਈ ਹੈ ਤੁਹਾਡੀ ਸਾਰਿਆਂ ਦੀ ਲੜਾਈ ਹੈ, ਜਿਸ ਨੂੰ ਜਿੱਤਣਾ ਹੀ ਸਾਡੀ ਜ਼ਿੰਮੇਵਾਰੀ ਹੈ।’ ਉਨ੍ਹਾਂ ਇਸ ਵੇਲੇ ਰਾਹੁਲ ਗਾਂਧੀ ਵੱਲੋਂ ਦਿੱਤੇ ਨਾਅਰਿਆਂ ਦੀ ਗੱਲ ਕੀਤੀ ਕਿ ‘ਹਮ ਦੋ ਹਮਾਰੇ ਦੋ, ਅਡਾਨੀ, ਅੰਬਾਨੀ ਤੇ ਅਮਿਤ ਸ਼ਾਹ’। ਉਨ੍ਹਾਂ ਇਸ ਵੇਲੇ ਇੰਜ ਗੱਲ ਕਰ ਰਹੇ ਸਨ, ਜਿਵੇਂ ਉਹ ਪਟਿਆਲਾ ਤੋਂ ਚੋਣ ਲੜਨ ਲਈ ਉਮੀਦਵਾਰ ਤੈਅ ਹੋ ਗਏ ਹੋਣ। ਉਨ੍ਹਾਂ ਕਿਹਾ, ‘ਇਹ ਮੇਰਾ ਇਲੈੱਕਸ਼ਨ ਨਹੀਂ ਹੈ ਸਗੋਂ ਤੁਹਾਡਾ ਸਭ ਦਾ ਇਲੈੱਕਸ਼ਨ ਹੈ।’ ਉਨ੍ਹਾਂ ਕਿਹਾ ਕਿ ਭਾਰਤ ਜਨਤਾ ਪਾਰਟੀ ਭਾਰਤ ਦੀਆਂ ਭਾਸ਼ਾਈ, ਸਮਾਜਿਕ, ਰਾਜਨੀਤਿਕ ਵਿਲੱਖਣਤਾਵਾਂ ਨੂੰ ਖ਼ਤਮ ਕਰਕੇ ਇੱਥੇ ਤਾਨਾਸ਼ਾਹੀ ਕਾਇਮ ਕਰਨਾ ਚਾਹੁੰਦੀ ਹੈ ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸੰਵਿਧਾਨ ਨੂੰ ਬਦਲ ਕੇ ਇਕ ਵਿਅਕਤੀ ਤੇ ਇਕ ਪਾਰਟੀ ਦੇ ਤਾਨਾਸ਼ਾਹ ਬਣਾਉਣ ਵੱਲ ਵਧ ਰਹੀ ਹੈ ਜਿਸ ਕਰਕੇ ਸਾਰੇ ਭਾਰਤ ਨੂੰ ਇਕਮੁੱਠ ਹੋ ਕੇ ਭਾਜਪਾ ਨੂੰ ਹਰਾਉਣਾ ਹੋਵੇਗਾ।

Advertisement

ਬਾਹਰੀ ਉਮੀਦਵਾਰ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ

ਬਾਹਰੀ ਉਮੀਦਵਾਰ ਦਾ ਵਿਰੋਧ ਕਰਨ ਦਾ ਐਲਾਨ ਕਰਦੇ ਹੋਏ ਕਾਂਗਰਸੀ ਵਰਕਰ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 6 ਅਪਰੈਲ
ਹਾਲ ਹੀ ’ਚ ਕਾਂਗਰਸ ਵਿਚ ਸ਼ਾਮਲ ਹੋਏ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਲੋਕ ਸਭਾ ਪਟਿਆਲ਼ਾ ਦੀ ਟਿਕਟ ਦਿੱਤੇ ਜਾਣ ਦੇ ਖ਼ਦਸ਼ੇ ਨੂੰ ਦੇਖਦਿਆਂ ਟਕਸਾਲੀ ਕਾਂਗਰਸੀ ਵਰਕਰਾਂ ਨੇ ਡਾ. ਗਾਂਧੀ ਅਤੇ ਪਾਰਟੀ ਹਾਈ ਕਮਾਂਡ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਹਾਈ ਕਮਾਂਡ ਕੋਲ ਆਪਣੀ ਗੱਲ ਪਹੁੰਚਾਉਣ ਲਈ ਬਿਰਧ ਆਸ਼ਰਮ ਰਾਜਪੁਰਾ ਵਿੱਚ ਅੱਜ ਕਾਂਗਰਸੀ ਵਰਕਰਾਂ ਨੇ ਇਕੱਠ ਕੀਤਾ। ਇਕੱਠ ਦੀ ਅਗਵਾਈ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਸੀਨੀਅਰ ਵਾਈਸ ਪ੍ਰਧਾਨ ਅਮਨਦੀਪ ਸਿੰਘ ਨਾਗੀ, ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕਰ ਰਹੇ ਸਨ।
ਪਿੰਡਾਂ ਅਤੇ ਸ਼ਹਿਰਾਂ ਤੋਂ ਇਕੱਠੇ ਹੋਏ ਵਰਕਰਾਂ ਨੇ ਮੰਗ ਕੀਤੀ ਕਿ ਲੋਕ ਸਭਾ ਹਲਕਾ ਪਟਿਆਲਾ ਦੀ ਟਿਕਟ ਟਕਸਾਲੀ ਕਾਂਗਰਸੀ ਆਗੂ ਨੂੰ ਦਿੱਤੀ ਜਾਵੇ। ਸਟੇਜ ਤੋਂ ਕਈ ਬੁਲਾਰਿਆਂ ਨੇ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਲਈ ਟਿਕਟ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬਾਹਰਲੀ ਪਾਰਟੀ ਤੋਂ ਆਏ ਕਿਸੇ ਵੀ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਹ ਚੋਣਾਂ ਵਿੱਚ ਬਿਲਕੁਲ ਵੀ ਮਦਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਹਰਲਾ ਉਮੀਦਵਾਰ ਬਿਲਕੁਲ ਵੀ ਮਨਜ਼ੂਰ ਨਹੀਂ ਹੈ, ਉਹ ਡਟ ਕੇ ਇਸ ਦਾ ਵਿਰੋਧ ਕਰਨਗੇ। ਸ਼ਾਸਤਰੀ ਨੇ ਕਿਹਾ ਕਿ ਅੱਜ ਦੇ ਇਕੱਠ ਵਿਚ ਕੇਵਲ ਪਾਰਟੀ ਦੇ ਜ਼ਿੰਮੇਵਾਰ ਵਿਅਕਤੀ ਹੀ ਬੁਲਾਏ ਗਏ ਹਨ। ਆਪਣੇ ਚਹੇਤੇ ਨੇਤਾ ਲਈ ਟਿਕਟ ਦੀ ਮੰਗ ਕਰਨਾ ਉਨ੍ਹਾਂ ਦਾ ਅਧਿਕਾਰ ਹੈ।
ਅੱਜ ਦੇ ਇਕੱਠ ਵਿਚ ਸਰਬਜੀਤ ਸਿੰਘ ਮਾਣਕਪੁਰ ਸਾਬਕਾ ਚੇਅਰਮੈਨ ਬਲਾਕ ਸੰਮਤੀ, ਮਨਦੀਪ ਸਿੰਘ ਰਾਣਾ ਕੌਂਸਲਰ, ਯੋਗੇਸ਼ ਗੋਲਡੀ, ਬੂਟਾ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ ਸੰਜੂ,ਮੁਨੀਸ਼ ਮੁੰਜਾਲ, ਪਵਨ ਕੁਮਾਰ ਪਿੰਕਾ, ਹੰਸ ਰਾਜ, ਲਖਵਿੰਦਰ ਸਿੰਘ ਸਰਪੰਚ, ਪਰਵਾਨ ਸਿੰਘ ਅਤੇ ਬਲਦੇਵ ਸਿੰਘ ਜੰਡੋਲੀ ਆਦਿ ਵੀ ਮੌਜੂਦ ਸਨ।

Advertisement
Author Image

sukhwinder singh

View all posts

Advertisement
Advertisement
×