ਖੇਡਾਂ ਵਤਨ ਪੰਜਾਬ ਦੀਆਂ: ਖੋ-ਖੋ ਮੁਕਾਬਲੇ ’ਚ ਪੰਡੋਰੀ ਨਿੱਝਰਾਂ ਦੀ ਟੀਮ ਨੇ ਮਾਰੀ ਬਾਜ਼ੀ
ਹਤਿੰਦਰ ਮਹਿਤਾ
ਜਲੰਧਰ, 11 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਕਰਵਾਏ ਜਾ ਰਹੇ ਬਲਾਕ ਪੱਧਰੀ ਟੂਰਨਾਮੈਂਟ ਦੇ ਦੂਜੇ ਫੇਜ਼ ਤਹਿਤ ਅੱਜ ਬਲਾਕ ਭੋਗਪੁਰ, ਜਲੰਧਰ ਪੱਛਮੀ, ਫਿਲੌਰ ਅਤੇ ਆਦਮਪੁਰ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਦਮਪੁਰ ਬਲਾਕ ਖੋ-ਖੋ ਅੰਡਰ -17 ਲੜਕੇ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਦੀ ਟੀਮ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਜਲਭੇ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17, 100 ਮੀਟਰ ਲੜਕੀਆਂ ਈਵੈਂਟ ਵਿਚੋਂ ਪ੍ਰਵੀਨਾ ਖਾਤੂਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਪਹਿਲਾ, ਮਾਜੀਦਾ ਖਾਤੂਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭੋਗਪੁਰ ਬਲਾਕ ਦੇ ਅਥਲੈਟਿਕਸ ਅੰਡਰ-17 (ਲੜਕੀਆਂ) 400 ਮੀਟਰ ਈਵੈਂਟ ਵਿਚ ਜਪਜੀਤ ਕੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗਪੁਰ ਦੀ ਵੰਦਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਈਵੈਂਟ ਵਿਚ ਪ੍ਰਿਯੰਕਾ ਕੁਮਾਰੀ ਡੱਲਾ ਸਕੂਲ ਨੇ ਪਹਿਲਾ, ਸਰਕਾਰੀ ਕੰਨਿਆ ਸਕੂਲ ਭੋਗਪੁਰ ਦੀ ਵਰਸ਼ਾ ਨੇ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥ੍ਰੋ ਈਵੈਂਟ ਵਿਚ ਪਿੰਡ ਡੱਲਾਂ ਦੀ ਹਰਸਿਮਰਤ ਕੌਰ ਜੇਤੂ ਰਹੀ। ਜਦਕਿ ਅਰਚਨਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੀਆਂ) ਡਿਸਕਸ ਥ੍ਰੋ ਵਿਚ ਰੀਤਾ ਅਰੋੜਾ ਜੀ.ਐਨ.ਐਸ ਪਬਲਿਕ ਸਕੂਲ ਪਹਿਲੇ, ਭਵਿਆ ਚੱਡਾ ਦੂਜੇ ਸਥਾਨ ’ਤੇ ਰਹੀਆਂ।
ਫਿਲੌਰ ਬਲਾਕ ਦੇ ਖੋ-ਖੋ ਅੰਡਰ-21 (ਲੜਕੇ) ਮੁਕਾਬਲੇ ਵਿੱਚ ਨਗਰ ਕਲੱਬ ਨਗਰ ਦੀ ਟੀਮ ਨੇ ਪਹਿਲਾ, ਜੀ.ਐਨ.ਡੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਲੰਧਰ ਪੱਛਮੀ ਦੇ ਅਥਲੈਟਿਕਸ 31-40 (ਮਹਿਲਾ) ਮੁਕਾਬਲੇ ਵਿਚ ਲਾਂਗ ਜੰਪ ਮੁਕਾਬਲੇ ਵਿਚ ਸੁਮਨ ਨੇ ਪਹਿਲਾ ਅਤੇ ਕਾਮਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਈਵੈਂਟ ਵਿਚ ਕਿਰਨਪਾਲ ਕੌਰ ਨੇ ਪਹਿਲਾ ਅਤੇ ਮਨਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਈਵੈਂਟ ਵਿਚ ਰਮਨਦੀਪ ਕੌਰ ਨੇ ਪਹਿਲਾ ਅਤੇ ਮਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 41-50 ਉਮਰ ਵਰਗ ਵਿੱਚ 3 ਕਿਲੋਮੀਟਰ ਵਾਕ ਵਿਚ ਮਨਜੀਤ ਕੌਰ ਨੇ ਪਹਿਲਾ ਅਤੇ ਡਾ. ਮੋਨਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰਡਰ-21 ਲੜਕੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕਸੂਦਾਂ ਦੀ ਟੀਮ ਨੇ ਪਹਿਲਾ ਅਤੇ ਟ੍ਰੀਨਿਟੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਤਹਿਤ ਬਲਾਚੌਰ ਅਤੇ ਸੜੋਆ ਬਲਾਕਾਂ ਦੀਆਂ ਬਲਾਕ ਪੱਧਰੀ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਹੋਈਆਂ। ਬਕਾਪੁਰ ਖੇਡ ਮੁਕਾਬਲਿਆਂ ਵਿੱਚ ‘ਆਪ’ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਕਿਹਾ ਕਿ ਬਲਾਕ ਸੜੋਆ ਦੇ ਫੁਟਬਾਲ ਮੁਕਾਬਲੇ ਅੰਡਰ-14 ਲੜਕਿਆਂ ਵਿੱਚ ਮੌਜੋਵਾਲ ਮਜਾਰਾ ਪਹਿਲੇ ਅਤੇ ਬਕਾਪੁਰ ਦੂਜੇ ਸਥਾਨ ਅਤੇ ਅੰਡਰ-21 ਲੜਕੇ ਸੜੋਆ ਪਹਿਲੇ ਤੇ ਮੌਜੋਵਾਲ ਮਜਾਰਾ ਦੂਜੇ ਸਥਾਨ ’ਤੇ ਰਹੇ। ਕਬੱਡੀ ਨੈਸ਼ਨਲ ਅੰਡਰ-17 ਲੜਕੀਆਂ ’ਚ ਐੱਮਐੱਲਬੀਜੀ ਪਬਲਿਕ ਸਕੂਲ ਟੱਪੜੀਆ ਖੁਰਦ ਪਹਿਲੇ ਤੇ ਸਰਕਾਰੀ ਮਿਡਲ ਸਕੂਲ ਸਜਾਵਲਪੁਰ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਵਾਲੀਬਾਲ ਅੰਡਰ-17 ਲੜਕਿਆਂ ਵਿੱਚ ਸਿੰਘਪੁਰ ਪਹਿਲੇ ਅਤੇ ਰੌੜੀ ਦੂਜੇ ਸਥਾਨ ਤੇ ਰਹੇ। ਕਬੱਡੀ ਸਰਕਲ ਸਟਾਇਲ ਅੰਡਰ-14 ਲੜਕਿਆਂ ਵਿੱਚ ਕਬੱਡੀ ਕਲੱਬ ਟੋਰੋਵਾਲ ਪਹਿਲੇ ਤੇ ਚੰਦਿਆਈ ਖੁਰਦ ਦੂਜੇ ਸਥਾਨ ’ਤੇ ਰਹੇ। ਅਥਲੈਟਿਕਸ ਮੁਕਾਬਲਿਆਂ ਵਿੱਚ ਅੰਡਰ-14 60 ਮੀਟਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਲਕ ਨੇ ਪਹਿਲਾ, ਹਰਸ਼ਿਤਾ ਨੇ ਦੂਸਰਾ ਸਥਾਨ ਹਾਸਲ ਕੀਤਾ।
ਇਸੇ ਤਰਾਂ 600 ਮੀਟਰ ਅੰਡਰ-14 ਮੁਕਾਬਲਿਆਂ ’ਚ ਇਨਾਕਸ਼ੀ ਨੇ ਪਹਿਲਾ, ਪਲਕ ਨੇ ਦੂਜਾ ਸਥਾਨ ਹਾਸਲ ਕੀਤਾ। ਲੰਬੀ ਛਾਲ ਵਿੱਚ ਅੰਡਰ-14 ਲੜਕੀਆਂ ਵਿੱਚ ਜਸਦੀਪ ਕੌਰ ਨੇ ਪਹਿਲਾ ਅਤੇ ਹਰਸ਼ਿਤਾ ਨੇ ਦੂਜਾ ਸਥਾਨ ਹਾਸਲ ਕੀਤਾ।
ਕਬੱਡੀ ਵਿੱਚ ਘੁੜਕਾ ਸਕੂਲ ਮੋਹਰੀ
ਗੁਰਾਇਆ (ਨਰਿੰਦਰ ਸਿੰਘ): ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਮੁਕਾਬਲਿਆਂ ’ਚ ਕਬੱਡੀ ਸਰਕਲ ਸਟਾਇਲ 14 ਸਾਲ ’ਚ ਘੁੜਕਾ ਸਕੂਲ ਪਹਿਲੇ, ਸਰਕਾਰੀ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਦੂਸਰੇ ਅਤੇ ਸਸਸ ਕਾਹਨ੍ਹਾਂ ਢੇਸੀਆਂ ਤੀਸਰੇ ਸਥਾਨ ’ਤੇ ਰਹੇ। 17 ਸਾਲਾ ਵਰਗ ਨੈਸ਼ਨਲ ਸਟਾਇਲ ਸਰਕਾਰੀ ਹਾਈ ਸਕੂਲ ਘੁੜਕਾ ਪਹਿਲੇ ਸਥਾਨ ’ਤੇ, ਐੱਸਟੀਐੱਸ ਸਕੂਲ ਰਾਜ ਗੋਮਾਲ ਦੂਸਰੇ ਅਤੇ ਤੀਸਰੇ ਸਥਾਨ ’ਤੇ ਸਸਸ ਸਮਰਾਏ ਜਡਿਆਲਾ ਰਹੇ।
ਫੁਟਬਾਲ ਲੀਗ: ਗੜ੍ਹਸ਼ੰਕਰ ਨੇ ਆਦਮਪੁਰ ਨੂੰ 3-2 ਨਾਲ ਹਰਾਇਆ
ਗੜ੍ਹਸ਼ੰਕਰ (ਜੰਗ ਬਹਾਦਰ ਸਿੰਘ): ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ 38ਵੀਂ ਜੇਸੀਟੀ ਪੰਜਾਬ ਸਟੇਟ ਸੁਪਰ ਫੁਟਬਾਲ ਲੀਗ ਦਾ ਮੁਕਾਬਲਾ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਓਲੰਪੀਅਨ ਜਰਨੈਲ ਸਿੰਘ ਫੁਟਬਾਲ ਸਟੇਡੀਅਮ ’ਚ ਕਰਵਾਇਆ ਗਿਆ। ਓਲੰਪੀਅਨ ਜਰਨੈਲ ਸਿੰਘ ਫੁਟਬਾਲ ਅਕੈਡਮੀ ਗੜ੍ਹਸ਼ੰਕਰ ਅਤੇ ਦੋਆਬਾ ਫੁਟਬਾਲ ਕਲੱਬ ਆਦਮਪੁਰ ਦਰਮਿਆਨ ਫਸਵੇਂ ਮੁਕਾਬਲੇ ’ਚ ਗੜ੍ਹਸ਼ੰਕਰ ਦੀ ਟੀਮ 3-2 ਗੋਲਾਂ ਦੇ ਫਰਕ ਨਾਲ ਆਦਮਪੁਰ ਨੂੰ ਹਰਾ ਕੇ ਜੇਤੂ ਰਹੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਰਾਜ ਕੁਮਾਰ ਰਾਣਾ ਪ੍ਰਧਾਨ ਰੋਟਰੀ ਕਲੱਬ ਗੜ੍ਹਸ਼ੰਕਰ ਨੇ ਪੰਜਾਬ ਫੁਟਬਾਲ ਐਸੋਸੀਏਸ਼ਨ ਦੇ ਉਪਰਾਲੇ ਅਤੇ ਖੇਡਾਂ ਦੇ ਪਸਾਰ ਲਈ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਨੰਦਨ ਸਿੰਘ ਖਾਬੜਾ, ਟੂਰਨਾਮੈਂਟ ਕਮੇਟੀ ਵੱਲੋਂ ਡਾ. ਹਰਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬੈਂਸ, ਯੋਗ ਰਾਜ ਗੰਭੀਰ, ਅਮਨਦੀਪ ਸਿੰਘ ਬੈਂਸ, ਰੌਸ਼ਨਜੀਤ ਸਿੰਘ ਪਨਾਮ, ਕੋਚ ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ ਹਾਜ਼ਰ ਸਨ।
ਭੰਡਾਲ: ਬੀਪੀਈਓ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਸੈਂਟਰ ਸਕੂਲ ਭੰਡਾਲ ਅਧੀਨ ਆਂਉਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਕਲੱਸਟਰ ਪੱਧਰੀ ਦੋ ਰੋਜ਼ਾ ਖੇਡਾਂ ਸਮਾਪਤ ਹੋਈਆਂ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਧਾਰੀਵਾਲ 2 ਭਾਰਤ ਰਤਨ ਦੀ ਅਗਵਾਈ ਹੇਠ ਅਤੇ ਸੈਂਟਰ ਮੁਖੀ (ਸੀ.ਐੱਚ.ਟੀ) ਬਲਵਿੰਦਰ ਕੁਮਾਰ ਦੇ ਪ੍ਰਬੰਧਾਂ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਨਾਨੋਹਾਰਨੀ ਦੇ ਖੇਡ ਮੈਦਾਨ ਵਿੱਚ ਕਰਵਾਈਆਂ ਇਨ੍ਹਾਂ ਖੇਡਾਂ ਵਿੱਚ ਕਲੱਸਟਰ ਭੰਡਾਲ ਅਧੀਨ ਆਉਂਦੇ ਕੁੱਲ 9 ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਧਾਰੀਵਾਲ 2 ਸ੍ਰੀ ਭਾਰਤ ਰਤਨ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਰੱਸਾਕਸ਼ੀ ਮੁਕਾਬਲਿਆਂ ’ਚ ਦਸਮੇਸ਼ ਕਾਨਵੈਂਟ ਹਾਈ ਸਕੂਲ ਜੇਤੂ
ਫਿਲੌਰ (ਸਰਬਜੀਤ ਗਿੱਲ): ਰੱਸਾਕਸ਼ੀ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਪਿੰਡ ਅੱਟੀ ਦੇ ਦਸਮੇਸ਼ ਕਾਨਵੈਂਟ ਹਾਈ ਸਕੂਲ ’ਚ ਕਰਵਾਏ ਗਏ। ਟੂਰਨਾਮੈਂਟ ਦਾ ਉਦਘਾਟਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਪ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕੀਤਾ। ਰਸਾਕਸ਼ੀ ਦੇ ਮੁਕਾਬਲਿਆਂ ’ਚ 14 ਅਤੇ 17 ਸਾਲ ਲੜਕੇ ਅਤੇ ਲੜਕੀਆਂ ਵਰਗ ’ਚ ਮੇਜ਼ਬਾਨ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। 14 ਅਤੇ 17 ਸਾਲ ਵਰਗ ਲੜਕੇ ’ਚ ਸਰਕਾਰੀ ਸਕੂਲ ਜੰਡਿਆਲਾ ਸਮਰਾਏ ਦੂਸਰੇ ਸਥਾਨ ਅਤੇ ਧਨੀ ਪਿੰਡ ਦਾ ਸਕੂਲ ਤੀਸਰੇ ਸਥਾਨ ’ਤੇ ਰਿਹਾ। 19 ਸਾਲ ਵਰਗ ਲੜਕੇ ’ਚ ਗੁਰੂ ਹਰਿ ਰਾਏ ਖਾਲਸਾ ਸਕੂਲ ਦੁਸਾਂਝ ਕਲਾਂ ਪਹਿਲੇ ਅਤੇ ਜੰਡਿਆਲਾ ਸਮਰਾਏ ਦੂਸਰੇ ਸਥਾਨ ’ਤੇ ਰਿਹਾ। 14 ਸਾਲ ਵਰਗ ਲੜਕੀਆਂ ’ਚ ਧਨੀਪਿੰਡ ਸਕੂਲ ਦੀ ਟੀਮ ਦੂਸਰੇ ਸਥਾਨ ’ਤੇ ਰਹੀ ਜਦਕਿ ਸਮਰਾਏ ਸਕੂਲ ਦੀ ਟੀਮ ਤੀਸਰੇ ਸਥਾਨ ’ਤੇ ਰਹੀ। 17 ਸਾਲ ਵਰਗ ਲੜਕੀਆਂ ’ਚ ਕੰਨਿਆ ਸਕੂਲ ਫਿਲੌਰ ਦੂਸਰੇ ਅਤੇ ਜੰਡਿਆਲਾ ਸਮਰਾਏ ਸਕੂਲ ਤੀਸਰੇ ਸਥਾਨ ’ਤੇ ਰਹੇ। 19 ਸਾਲ ਵਰਗ ਲੜਕੀਆਂ ’ਚ ਕੰਨਿਆ ਸਕੂਲ ਦੁਸਾਂਝ ਕਲਾਂ ਪਹਿਲੇ ਅਤੇ ਕੰਨਿਆ ਸਕੂਲ ਫਿਲੌਰ ਦੂਸਰੇ ਸਥਾਨ ’ਤੇ ਰਿਹਾ।