ਗਲਵਾਨ ਹਿੰਸਾ ਨੇ ਭਾਰਤ-ਚੀਨ ਰਿਸ਼ਤਿਆਂ ਨੂੰ ਅਸਰਅੰਦਾਜ਼ ਕੀਤਾ: ਜੈਸ਼ੰਕਰ
ਜਨੇਵਾ, 12 ਸਤੰਬਰ
ਦੋ ਰੋਜ਼ਾ ਫੇਰੀ ਸਵਿਟਜ਼ਰਲੈਂਡ ਪੁੱਜੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਪੂਰਬੀ ਲੱਦਾਖ ਵਿਚ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਦਰਮਿਆਨ ‘ਸੁਰੱਖਿਆ ਬਲਾਂ ਨੂੰ ਵਿਵਾਦਿਤ ਖੇਤਰਾਂ ’ਚੋਂ ਪਿੱਛੇ ਹਟਾਉਣ ਦੀ ਸਮੱਸਿਆ’ ਦਾ ਅੰਦਾਜ਼ਨ 75 ਫੀਸਦੀ ਹੱਲ ਕੱਢ ਲਿਆ ਗਿਆ ਹੈ ਪਰ ਇਥੇ ਵੱਡਾ ਮਸਲਾ ਮੂਹਰਲੀ ਚੌਕੀਆਂ ’ਤੇ ਬੁਨਿਆਦੀ ਢਾਂਚੇ ਦੀ ਉਸਾਰੀ ਵਿਚ ਕੀਤਾ ਵਾਧਾ ਹੈ। ਜਨੇਵਾ ਵਿਚ ਥਿੰਕ-ਟੈਂਕ ਦੇ ਰੂਬਰੂ ਸੈਸ਼ਨ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਗਲਵਾਨ ਵਾਦੀ ਵਿਚ ਜੂਨ 2020 ਵਿਚ ਹੋਈਆਂ ਝੜਪਾਂ ਨੇ ਭਾਰਤ-ਚੀਨ ਰਿਸ਼ਤਿਆਂ ਦੀ ਅਖੰਡਤਾ ਨੂੰ ਅਸਰਅੰਦਾਜ਼ ਕੀਤਾ। ਜੈਸ਼ੰਕਰ ਨੇ ਕਿਹਾ ਕਿ ਸਰਹੱਦ ’ਤੇ ਹਿੰਸਾ ਹੁੰਦੀ ਹੋਵੇ ਤੇ ਇਹ ਕਹਿਣਾ ਕਿ ਬਾਕੀ ਰਿਸ਼ਤੇ ਇਸ ਤੋਂ ਬੇਲਾਗ ਹਨ, ਇਹ ਸੰਭਵ ਨਹੀਂ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਮੱਸਿਆ ਦਾ ਹੱਲ ਲੱਭਣ ਲਈ ਦੋਵਾਂ ਧਿਰਾਂ ਵਿਚ ਗੱਲਬਾਤ ਜਾਰੀ ਹੈ।
ਇਥੇ ਜਨੇਵਾ ਸੈਂਟਰ ਫਾਰ ਸਕਿਉਰਿਟੀ ਪਾਲਿਸੀ ਵਿਖੇ ਜੈਸ਼ੰਕਰ ਨੇ ਕਿਹਾ, ‘ਦੋਵਾਂ ਧਿਰਾਂ ਵਿਚ ਗੱਲਬਾਤ ਜਾਰੀ ਹੈ। ਅਸੀਂ ਇਸ ਦਿਸ਼ਾ ’ਚ ਥੋੜ੍ਹੇ ਅੱਗੇ ਵਧੇ ਹਾਂ। ਮੈਂ ਕਹਾਂਗਾ ਕਿ ਅਸੀਂ ਸੁਰੱਖਿਆ ਬਲਾਂ ਨੂੰ ਵਿਵਾਦਿਤ ਖੇਤਰਾਂ ’ਚੋਂ ਪਿੱਛੇ ਹਟਾਉਣ ਸਬੰਧੀ ਸਮੱਸਿਆ ਨੂੰ 75 ਫੀਸਦੀ ਨਜਿੱਠ ਲਿਆ ਹੈ। ਕੁਝ ਚੀਜ਼ਾਂ ਹਨ, ਜੋ ਹਾਲੇ ਕਰਨ ਵਾਲੀਆਂ ਹਨ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਪਰ ਇਥੇ ਵੱਡਾ ਮਸਲਾ ਇਹ ਹੈ ਕਿ ਦੋਵਾਂ ਧਿਰਾਂ ਦੇ ਸੁਰੱਖਿਆ ਬਲ ਇਕ ਦੂਜੇ ਦੇ ਬਹੁਤ ਨੇੜੇ ਹੋ ਗਏ ਹਨ ਤੇ ਸਰਹੱਦ ’ਤੇ ਫੌਜ ਨਾਲ ਜੁੜੇ ਬੁਨਿਆਦੀ ਢਾਂਚੇ ਦੀ ਉਸਾਰੀ ਹੋਣ ਲੱਗੀ ਹੈ। ਜੈਸ਼ੰਕਰ ਨੇ ਇਸ਼ਾਰਾ ਕੀਤਾ ਕਿ ਜੇ ਮਸਲਾ ਹੱਲ ਕਰਨ ਦੀ ਦ੍ਰਿੜਤਾ ਹੋਵੇ ਤਾਂ ਰਿਸ਼ਤਿਆਂ ’ਚ ਸੁਧਾਰ ਹੋ ਸਕਦਾ ਹੈ। ਆਪਣੀ ਤਿੰਨ ਮੁਲਕੀ ਵਿਦੇਸ਼ ਫੇਰੀ ਦੇ ਆਖਰੀ ਪੜਾਅ ਤਹਿਤ ਜਰਮਨੀ ਤੋਂ ਸਵਿਟਜ਼ਰਲੈਂਡ ਪੁੱਜੇ ਜੈਸ਼ੰਕਰ ਨੇ ਇਥੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਸ਼ਰਧਾਂਜਲੀ ਭੇਟ ਕੀਤੀ। ਜੈਸ਼ੰਕਰ ਜਰਮਨੀ ਤੋਂ ਪਹਿਲਾਂ ਸਾਊਦੀ ਅਰਬ ਵੀ ਗਏ ਸਨ। -ਪੀਟੀਆਈ