ਅਕਾਲੀ-ਭਾਜਪਾ ਗੱਠਜੋੜ ਬਾਰੇ ਗਜੇਂਦਰ ਸ਼ੇਖਾਵਤ ਨੇ ਦਿੱਤਾ ਗੋਲਮੋਲ ਜਵਾਬ
ਪਵਨ ਗੋਇਲ
ਭੁੱਚੋ ਮੰਡੀ, 30 ਦਸੰਬਰ
ਭਾਜਪਾ ਆਗੂ ਅਤੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਨਾ ਕਰਨ ਸਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਹ ਅੱਜ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਭੁੱਚੋ ਕੈਂਚੀਆਂ ਨੇੜੇ ਸ੍ਰੀ ਚਿੰਤਪੁਰਨੀ ਮੰਦਰ ਵਿੱਚ ਨਤਮਸਤਕ ਹੋਣ ਪਹੁੰਚੇ ਸਨ। ਇਸ ਤੋਂ ਪਹਿਲਾਂ ਮੰਤਰੀ ਨੇ ਢਾਬੇ ’ਤੇ ਖੁੱਲ੍ਹੇ ਆਸਮਾਨ ਹੇਠ ਬੈਠ ਕੇ ਨਾਸ਼ਤਾ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ, ‘‘ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਨਾ ਕਰਨ ਸਬੰਧੀ ਦਿੱਤੇ ਜਾ ਰਹੇ ਬਿਆਨ ਸਿਆਸਤ ਤੋਂ ਪ੍ਰੇਰਿਤ ਹਨ। ਝਾਕੀਆਂ ਦੀ ਚੋਣ ਲਈ ਬਣੀ ਦਸ ਮੈਂਬਰੀ ਕਮੇਟੀ ਹਰੇਕ ਪਹਿਲੂ ਤੋਂ ਜਾਂਚ ਕਰ ਕੇ ਹੀ ਝਾਕੀ ਨੂੰ ਕੌਮੀ ਪਰੇਡ ਵਿੱਚ ਸ਼ਾਮਲ ਕਰਦੀ ਹੈ। ਇਸ ਵਿੱਚ ਕੇਂਦਰ ਸਰਕਾਰ ਦਾ ਕੋਈ ਦਖ਼ਲ ਨਹੀਂ ਹੈ।’’ ਸ਼ੇਖਾਵਤ ਨੇ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਦੇ ਸੰਮਨ ਜਾਰੀ ਹੋਣ ਬਾਰੇ ਕਿਹਾ ਕਿ ਜੇਕਰ ਕੇਜਰੀਵਾਲ ਸੱਚੇ ਹਨ ਤਾਂ ਉਨ੍ਹਾਂ ਨੂੰ ਲੁਕਣ ਦੀ ਬਜਾਏ ਈਡੀ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ।
ਉਨ੍ਹਾਂ ਅਕਾਲੀ ਦਲ-ਭਾਜਪਾ ਗੱਠਜੋੜ ਬਾਰੇ ਕਿਹਾ, ‘‘ਰਾਜਨੀਤੀ ਵਿੱਚ ਕਿਸੇ ਵੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਹਾਲੇ ਤੱਕ ਅਜਿਹੀ ਕੋਈ ਗੱਲ ਨਹੀਂ ਹੈ।’’ ਭਾਜਪਾ ਪੰਜਾਬ ਵਿੱਚ ਪੈਰ ਜਮਾਉਣ ਵਿੱਚ ਲੱਗੀ ਹੋਈ ਹੈ। ਮੰਦਰ ਦੇ ਸੰਸਥਾਪਕ ਜੋਗਿੰਦਰਪਾਲ ਕਾਕਾ ਅਤੇ ਚੇਅਰਮੈਨ ਪਵਨ ਬਾਂਸਲ ਨੇ ਕੇਂਦਰੀ ਮੰਤਰੀ ਅਤੇ ਹੋਰ ਭਾਜਪਾ ਆਗੂਆਂ ਦਾ ਸਨਮਾਨ ਕੀਤਾ। ਇਸ ਤੋਂ ਪਹਿਲਾਂ ਭਾਜਪਾ ਭੁੱਚੋ ਮੰਡਲ ਦੇ ਆਗੂਆਂ ਨੇ ਪ੍ਰਧਾਨ ਵਿਸ਼ਾਲ ਮਹੇਸ਼ਵਰੀ ਦੀ ਅਗਵਾਈ ਹੇਠ ਲਹਿਰਾ ਬੇਗਾ ਟੌਲ ਪਲਾਜ਼ਾ ਨੇੜੇ ਇੱਕ ਢਾਬੇ ’ਤੇ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਜਨਰਲ ਸਕੱਤਰ ਦਿਆਲ ਸੋਢੀ, ਸੂਬਾ ਕਮੇਟੀ ਮੈਂਬਰ ਵਿਨੋਦ ਬਿੰਟਾ, ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਨਰੇਸ਼ ਬਾਂਸਲ, ਸੰਦੀਪ ਮਹੇਸ਼ਵਰੀ, ਸੰਜੀਵ ਮਹਿਤਾ, ਰਾਜੀਵ ਟੀਨੂੰ, ਸੁਰਜੀਤ ਸਿੰਘ, ਦਰਸ਼ਨ ਰਾਮ ਤੇ ਜੋਗਿੰਦਰ ਜੌੜਾ ਆਦਿ ਹਾਜ਼ਰ ਸਨ।