ਜੀ-20 ਸੰਮੇਲਨ: ਰਾਜਧਾਨੀ ਵਿੱਚ ਨਹੀਂ ਦਿਖਣਗੇ ਆਵਾਰਾ ਕੁੱਤੇ
ਮਨਧੀਰ ਦਿਓਲ
ਨਵੀਂ ਦਿੱਲੀ, 4 ਅਗਸਤ
ਦਿੱਲੀ ਨਗਰ ਨਿਗਮ ਨੇ ਜੀ-20 ਸੰਮੇਲਨ ਦੇ ਮੱਦੇਨਜ਼ਰ ਪ੍ਰਮੁੱਖ ਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਅਤੇ ਜਾਨਵਰਾਂ ਦੇ ਜਨਮ ਕੰਟਰੋਲ (ਏਬੀਸੀ) ਕੇਂਦਰਾਂ ਵਿੱਚ ਇੱਕ ਮਹੀਨੇ ਤੱਕ ਰੱਖਣ ਦੇ ਹੁਕਮ ਦਿੱਤੇ ਹਨ। ਉਧਰ, ਐੱਮਸੀਡੀ ਦੇ ਆਦੇਸ਼ ’ਤੇ ਸਵਾਲ ਖੜ੍ਹੇ ਕਰਦਿਆਂ ਜਾਨਵਰ ਪ੍ਰੇਮੀ ਕਾਰਕੁਨਾਂ ਨੇ ਇਸ ਕਦਮ ਨੂੰ ਤਰਕਹੀਣ ਤੇ ਨਤੀਜਿਆਂ ਨੂੰ ਜਾਣੇ ਬਿਨਾਂ ਲਾਗੂ ਕਰਨ ਦੀ ਆਲੋਚਨਾ ਕੀਤੀ।
ਆਦੇਸ਼ ਵਿੱਚ ਦੱਖਣੀ ਮਿਉਂਸਿਪਲ ਜ਼ੋਨ ਵਿੱਚ 14, ਕੇਂਦਰੀ ਜ਼ੋਨ ਵਿੱਚ 13, ਕਰੋਲ ਬਾਗ਼ ਵਿੱਚ ਦੋ, ਨਜ਼ਫਗੜ੍ਹ ਵਿੱਚ ਪੰਜ ਅਤੇ ਸ਼ਾਹਦਰਾ ਦੱਖਣੀ ਜ਼ੋਨ ਵਿੱਚ ਅੱਠ ਸਥਾਨਾਂ ਨੂੰ ਇਸ ਕਾਰਵਾਈ ਲਈ ਖੇਤਰਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਥਾਨ ਪ੍ਰਮੁੱਖ ਹੋਟਲਾਂ, ਬਾਜ਼ਾਰਾਂ ਤੇ ਸਮਾਰਕਾਂ ਜਿਵੇਂ ਕਿ ਹਯਾਤ ਰੀਜੈਂਸੀ, ਗਰੈਂਡ ਹੋਟਲ, ਆਈਟੀਸੀ ਸ਼ੈਰੇਟਨ, ਪੀਵੀਆਰ ਪ੍ਰਿਆ, ਹੌਜ਼ ਖਾਸ, ਗ੍ਰੀਨ ਪਾਰਕ, ਦੱਖਣੀ ਐਕਸਟੈਂਸ਼ਨ 1 ਤੇ 2, ਹੌਜ਼ ਖਾਸ ਪਿੰਡ, ਮਾਲਵੀਆ ਨਗਰ ਦੇ ਆਸ-ਪਾਸ ਹਨ। ਹੌਜ਼ ਖਾਸ ਸਮਾਰਕ, ਪ੍ਰੈੱਸ ਐਨਕਲੇਵ ਦੇ ਮਾਲ, ਕੁਤੁਬ ਕੰਪਲੈਕਸ, ਨੈਲਸਨ ਮੰਡੇਲਾ ਮਾਰਗ ਦੇ ਮਾਲ, ਡਿਫੈਂਸ ਕਲੋਨੀ, ਲਾਜਪਤ ਨਗਰ, ਨਹਿਰੂ ਪਲੇਸ, ਬਾਂਸੇਰਾ, ਰਾਜਘਾਟ, ਸੁੰਦਰ ਨਰਸਰੀ, ਇਸਕੋਨ ਮੰਦਰ, ਪੁਰਾਣਾ ਕਿਲ੍ਹਾ, ਲੋਟਸ ਟੈਂਪਲ, ਹਮਾਯੂੰ ਦਾ ਮਕਬਰਾ, ਕਰਜ਼ਮੁੱਦੀਨ ਦਾ ਮਕਬਰਾ ਬਾਜ਼ਾਰ, ਅਕਸ਼ਰਧਾਮ ਮੰਦਰ, ਅਸਿਤਾ ਈਸਟ, ਸੂਰਜਮਲ ਵਿਹਾਰ ਬਾਜ਼ਾਰ, ਰੈਡੀਸਨ ਬਲੂ ਮਹੀਪਾਲਪੁਰ, ਤਾਜ ਵਿਵੰਤਾ ਦਵਾਰਕਾ ਹਨ।
ਨਿਯਮ 2001 ਦੇ ਅਨੁਸਾਰ ਆਵਾਰਾ ਕੁੱਤਿਆਂ ਨੂੰ ਉਸੇ ਖੇਤਰ ਵਿੱਚ ਛੱਡਿਆ ਜਾਣਾ ਚਾਹੀਦਾ ਹੈ ਜਿੱਥੋਂ ਉਨ੍ਹਾਂ ਨੂੰ ਚੁੱਕਿਆ ਗਿਆ ਸੀ। ਐੱਮਸੀਡੀ ਅਧਿਕਾਰੀਆਂ ਨੇ ਕਿਹਾ ਕਿ ਜੀ20 ਸਿਖਰ ਸੰਮੇਲਨ ਕਾਰਨ ਇਨ੍ਹਾਂ ਕੁੱਤਿਆਂ ਨੂੰ ਅਸਥਾਈ ਤੌਰ ’ਤੇ ਏਬੀਸੀ ਕੇਂਦਰਾਂ ਵਿੱਚ ਰੱਖਿਆ ਜਾਵੇਗਾ ਅਤੇ ਸਮਾਗਮ ਤੋਂ ਬਾਅਦ ਉਸੇ ਸਥਾਨਾਂ ’ਤੇ ਛੱਡ ਦਿੱਤਾ ਜਾਵੇਗਾ। ਇਸ ਆਦੇਸ਼ ’ਤੇ ਪ੍ਰਤੀਕਿਰਿਆ ਦਿੰਦਿਆਂ ਪੀਪਲ ਫਾਰ ਐਨੀਮਲਜ਼ ਦੀ ਟਰੱਸਟੀ ਅੰਬਿਕਾ ਸ਼ੁਕਲਾ ਨੇ ਦਲੀਲ ਦਿੱਤੀ ਕਿ ਏਬੀਸੀ ਕੇਂਦਰ ਤੁਰੰਤ ਰਿਹਾਈ ਦੀਆਂ ਸਹੂਲਤਾਂ ਸਨ ਅਤੇ ਉਨ੍ਹਾਂ ਕੋਲ ਕੁੱਤਿਆਂ ਨੂੰ ਇੱਕ ਮਹੀਨੇ ਲਈ ਸੁਰੱਖਿਅਤ ਰੱਖਣ ਲਈ ਜਗ੍ਹਾ, ਸਟਾਫ ਜਾਂ ਬੁਨਿਆਦੀ ਢਾਂਚਾ ਨਹੀਂ ਹੈ। ਕੁੱਤਿਆਂ ਨੂੰ ਏੜੇ ਘੜਮੱਸ ਵਿੱਚ ਅਤੇ ਲੰਬੇ ਸਮੇਂ ਤੱਕ ਰੱਖੇ ਜਾਣ ਕਾਰਨ ਉਨ੍ਹਾਂ ਵਿੱਚ ਲਾਗ ਸਬੰਧੀ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।