ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀ-20: ਸਲਾਮਤੀ ਕੌਂਸਲ ਸਣੇ ਆਲਮੀ ਸੰਸਥਾਵਾਂ ਦੇ ਵਿਸਥਾਰ ’ਤੇ ਜ਼ੋਰ

08:50 AM Sep 11, 2023 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਤੇ ਹੋਰ ਕੌਮਾਂਤਰੀ ਆਗੂ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨ ਜਾਂਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 10 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਅਤੇ ਸਾਰੀਆਂ ਆਲਮੀ ਸੰਸਥਾਵਾਂ ਦੇ ਵਿਸਥਾਰ ਦੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਨ੍ਹਾਂ ’ਚ ਦੁਨੀਆ ਦੀ ਨਵੀਂ ਹਕੀਕਤ ਝਲਕਣੀ ਚਾਹੀਦੀ ਹੈ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜੋ ਸਮੇਂ ਦੇ ਨਾਲ ਨਹੀਂ ਬਦਲਦੇ, ਉਹ ਆਪਣੀ ਪ੍ਰਸੰਗਿਕਤਾ ਗੁਆ ਬੈਠਦੇ ਹਨ। ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਮੋਦੀ ਨੇ ਨਵੰਬਰ ਦੇ ਅਖੀਰ ’ਚ ਗਰੁੱਪ ਦੇ ਵਰਚੁਅਲ ਸੈਸ਼ਨ ਦੀ ਤਜਵੀਜ਼ ਵੀ ਪੇਸ਼ ਕੀਤੀ ਤਾਂ ਜੋ ਲੀਡਰਜ਼ ਸਮਿਟ ਦੌਰਾਨ ਦਿੱਤੇ ਗਏ ਸੁਝਾਵਾਂ ਅਤੇ ਫ਼ੈਸਲਿਆਂ ’ਤੇ ਅਮਲ ਦਾ ਜਾਇਜ਼ਾ ਲਿਆ ਜਾ ਸਕੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਸਮੇਤ ਹੋਰ ਆਲਮੀ ਆਗੂਆਂ ਨੇ ਰਾਜਘਾਟ ’ਤੇ ਮਹਾਤਮਾ ਗਾਂਧੀ ਦੀ ਸਮਾਧ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਰੇ ਆਗੂਆਂ ਨੂੰ ਮੋਦੀ ਨੇ ‘ਅੰਗਵਸਤਰਮ’ ਜਾਂ ਸ਼ਾਲ ਦੇ ਕੇ ਸਨਮਾਨਿਤ ਕੀਤਾ। ਸਾਰੇ ਆਗੂਆਂ ਨੇ ‘ਅਮਨ ਕੰਧ’ ’ਤੇ ਆਪਣੇ ਦਸਤਖ਼ਤ ਵੀ ਕੀਤੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇਸ ਮਗਰੋਂ ਵੀਅਤਨਾਮ ਲਈ ਰਵਾਨਾ ਹੋ ਗਏ।

Advertisement

ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੀ-20 ਮੁਲਕਾਂ ਦੇ ਮੈਂਬਰ। -ਫੋਟੋ: ਪੀਟੀਆਈ

ਜੀ-20 ਸਿਖਰ ਸੰਮੇਲਨ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਕਈ ਖੇਤਰੀ ਗਰੁੱਪ ਉਭਰ ਕੇ ਆਏ ਹਨ ਅਤੇ ਉਹ ਕਈ ਸਾਲਾਂ ਤੋਂ ਅਸਰਦਾਰ ਸਾਬਿਤ ਹੋਏ ਹਨ। ਉਨ੍ਹਾਂ ਆਲਮੀ ਸੰਸਥਾਵਾਂ ’ਚ ਸੁਧਾਰਾਂ ਦੀ ਵਕਾਲਤ ਕਰਦਿਆਂ ਕਿਹਾ,‘‘ਅਫ਼ਰੀਕੀ ਯੂਨੀਅਨ ਨੂੰ ਜੀ-20 ਦਾ ਮੈਂਬਰ ਬਣਾ ਕੇ ਸ਼ਨਿਚਰਵਾਰ ਨੂੰ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਇਸੇ ਤਰ੍ਹਾਂ ਸਾਨੂੰ ਬਹੁਧਿਰੀ ਵਿਕਾਸ ਬੈਂਕਾਂ ਦੇ ਵਿਸਥਾਰ ਦੀ ਲੋੜ ਹੈ। ਇਸ ਦਿਸ਼ਾ ਵੱਲ ਸਾਡੇ ਫ਼ੈਸਲੇ ਫੌਰੀ ਅਤੇ ਢੁੱਕਵੇਂ ਹੋਣੇ ਚਾਹੀਦੇ ਹਨ।’’ ਉਨ੍ਹਾਂ ਨਵੰਬਰ ਦੇ ਅਖੀਰ ’ਚ ਵਰਚੁਅਲੀ ਸੈਸ਼ਨ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਇਸ ਸੰਮੇਲਨ ’ਚ ਲਏ ਗਏ ਫ਼ੈਸਲਿਆਂ ਦੀ ਉਸ ਸਮੇਂ ਸਮੀਖਿਆ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸਾਰਿਆਂ ਨਾਲ ਵੇਰਵੇ ਸਾਂਝੇ ਕਰਨਗੀਆਂ ਅਤੇ ਆਸ ਜਤਾਈ ਕਿ ਉਹ ਸਾਰੇ ਵਰਚੁਅਲੀ ਇਜਲਾਸ ’ਚ ਸ਼ਾਮਲ ਹੋਣਗੇ। ਇਸ ਮਗਰੋਂ ਮੋਦੀ ਨੇ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਦਾ ਐਲਾਨ ਕੀਤਾ। ‘ਇਕ ਭਵਿੱਖ’ ਸੈਸ਼ਨ ਦੌਰਾਨ ਮੋਦੀ ਨੇ ਸਾਈਬਰ ਸੁਰੱਖਿਆ ਅਤੇ ਕ੍ਰਿਪਟੋ ਕੰਰਸੀਆਂ ਨੂੰ ਭਖਦੇ ਮੁੱਦੇ ਦੱਸਿਆ ਜੋ ਦੁਨੀਆ ਦੇ ਮੌਜੂਦਾ ਅਤੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੇ ਹਨ। ਉਨ੍ਹਾਂ ਕ੍ਰਿਪਟੋ ਕਰੰਸੀ ਨੂੰ ਸਮਾਜ, ਮਾਲੀ ਅਤੇ ਵਿੱਤੀ ਸਥਿਰਤਾ ਲਈ ਨਵਾਂ ਵਿਸ਼ਾ ਕਰਾਰ ਦਿੱਤਾ ਅਤੇ ਇਸ ਨੂੰ ਨਿਯਮਤ ਬਣਾਉਣ ਲਈ ਆਲਮੀ ਮਾਪਦੰਡ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਈਬਰ ਸਪੇਸ ਅਤਿਵਾਦ ਦੀ ਫੰਡਿੰਗ ਦਾ ਨਵਾਂ ਸਰੋਤ ਬਣ ਗਿਆ ਹੈ ਅਤੇ ਇਸ ਦੀ ਸੁਰੱਖਿਆ ਲਈ ਆਲਮੀ ਸਹਿਯੋਗ ਅਤੇ ਢਾਂਚਾ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਮੁਲਕ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਬਹੁਤ ਅਹਿਮ ਵਿਸ਼ਾ ਹੈ। ‘ਜਦੋਂ ਅਸੀਂ ਹਰੇਕ ਮੁਲਕ ਦੀ ਸੁਰੱਖਿਆ ਅਤੇ ਸੰਵੇਦਨਸ਼ੀਲਤਾ ਦਾ ਧਿਆਨ ਰੱਖਾਂਗੇ ਤਾਂ ‘ਇਕ ਭਵਿੱਖ’ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।’ ਉਨ੍ਹਾਂ ਮਸਨੂਈ ਬੌਧਿਕਤਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਹ ਮਨੁੱਖ ਕੇਂਦਰਿਤ ਹੋਣੀ ਚਾਹੀਦੀ ਹੈ। ਮੋਦੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਜੀਡੀਪੀ ਕੇਂਦਰਿਤ ਪਹੁੰਚ ਹੁਣ ਪੁਰਾਣੀ ਹੋ ਗਈ ਹੈ ਅਤੇ ਸਮਾਂ ਆ ਗਿਆ ਹੈ ਕਿ ਤਰੱਕੀ ਲਈ ਮਨੁੱਖ ਕੇਂਦਰਿਤ ਨਜ਼ਰੀਆ ਅਪਣਾਇਆ ਜਾਵੇ। -ਪੀਟੀਆਈ

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪਿਆ ਪ੍ਰਧਾਨਗੀ ਦਾ ਚਿੰਨ੍ਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਜੀ-20 ਦਾ ਪ੍ਰਤੀਕ ਚਿੰਨ੍ਹ ਸੌਂਪਦੇ ਹੋਏ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਭਵਿੱਖ’ ਸੈਸ਼ਨ ਦੀ ਸਮਾਪਤੀ ’ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਜੀ-20 ਦੀ ਪ੍ਰਧਾਨਗੀ ਦਾ ਪ੍ਰਤੀਕ ਚਿੰਨ੍ਹ ਸੌਂਪਿਆ ਅਤੇ ਸ਼ੁੱਭ ਇਛਾਵਾਂ ਦਿੱਤੀਆਂ। ਬ੍ਰਾਜ਼ੀਲ ਇਸ ਸਾਲ ਸਰਕਾਰੀ ਤੌਰ ’ਤੇ ਪਹਿਲੀ ਦਸੰਬਰ ਨੂੰ ਵੱਕਾਰੀ ਗਰੁੱਪ ਦੀ ਪ੍ਰਧਾਨਗੀ ਸੰਭਾਲੇਗਾ। ਬਾਅਦ ’ਚ ਸਮਾਪਤੀ ਸੈਸ਼ਨ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਾਜ਼ੀਲ ਨੂੰ ਪੂਰੀ ਹਮਾਇਤ ਦਿੰਦਿਆਂ ਆਸ ਪ੍ਰਗਟਾਈ ਕਿ ਜੀ-20 ਦੀ ਬ੍ਰਾਜ਼ੀਲ ਨੂੰ ਪ੍ਰਧਾਨਗੀ ਨਾਲ ਗਰੁੱਪ ਦੇ ਸਾਂਝੇ ਨਿਸ਼ਾਨਿਆਂ ਨੂੰ ਅੱਗੇ ਵਧਾਇਆ ਜਾਵੇਗਾ। ‘ਭਾਰਤ ਪ੍ਰਧਾਨਗੀ ਦਾ ਪ੍ਰਤੀਕ ਚਿੰਨ੍ਹ ਬ੍ਰਾਜ਼ੀਲ ਨੂੰ ਸੌਂਪਦਾ ਹੈ। ਸਾਨੂੰ ਭਰੋਸਾ ਹੈ ਕਿ ਉਹ ਪੂਰੇ ਸਮਰਪਣ ਅਤੇ ਨਜ਼ਰੀਏ ਨਾਲ ਆਲਮੀ ਏਕਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣਗੇ।’

Advertisement

ਪ੍ਰਧਾਨ ਮੰਤਰੀ ਵੱਲੋਂ ਮੀਡੀਆ ਸੈਂਟਰ ਦਾ ਦੌਰਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਭਾਰਤ ਮੰਡਪਮ ਵਿੱਚ ਸਥਿਤ ਕੌਮਾਂਤਰੀ ਮੀਡੀਆ ਸੈਂਟਰ ਦਾ ਦੌਰਾ ਕੀਤਾ। ਉਹ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਉਪਰੰਤ ਵਿਸ਼ਵ ਪੱਧਰੀ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ ਮੀਡੀਆ ਸੈਂਟਰ ਪਹੁੰਚੇ ਸਨ ਜਿਥੇ ਭਾਰਤੀ ਤੇ ਵਿਦੇਸ਼ੀ ਪੱਤਰਕਾਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਫੋਟੋ ਪੱਤਰਕਾਰਾਂ ਨੇ ਸ੍ਰੀ ਮੋਦੀ ਦੀਆਂ ਤਸਵੀਰਾਂ ਵੀ ਖਿੱਚੀਆਂ। ਦੱਸਣਯੋਗ ਹੈ ਕਿ ਸਿਖਰ ਸੰਮੇਲਨ ਬਾਰੇ ਜਾਣਕਾਰੀ ਨਸ਼ਰ ਕਰਨ ਲਈ ਇਟਲੀ ਤੋਂ ਲੈ ਕੇ ਸਿੰਗਾਪੁਰ ਅਤੇ ਜਰਮਨੀ ਤੋਂ ਲੈ ਕੇ ਤੁਰਕੀ ਤਕ ਦੇ ਪੱਤਰਕਾਰ ਦਿੱਲੀ ਪਹੁੰਚੇ ਹੋਏ ਸਨ। -ਪੀਟੀਆਈ

Advertisement
Tags :
G20